ਭਾਰਤੀ ਪਾਰਲੀਮੈਂਟ 'ਚ ਬਾਬਾ ਨਜਮੀ ਤੇ ਸੰਤ ਰਾਮ ਉਦਾਸੀ ਵੀ ਬਿਨ ਮੈਂਬਰੀ ਤੋਂ ਬੋਲ ਜਾਂਦੇ ਹਨ ਹਨ ਜਦਕਿ ਨਾ ਤਾਂ ਲਾਹੌਰ ਵਾਸੀ ਪਾਕਿਸਤਾਨੀ ਸ਼ਾਇਰ ਬਾਬਾ ਨਜਮੀ ਨੇ ਭਾਰਤੀ ਪਾਰਲੀਮੈਂਟ ਦੀ ਚੋਣ ਲੜੀ ਹੈ ਤੇ ਨਾ ਸਵਰਗੀ ਪੰਜਾਬੀ ਕਵੀ ਸੰਤ ਰਾਮ ਉਦਾਸੀ ਨੇ, ਪਰ ਉਹ ਭਾਰਤੀ ਪਾਰਲੀਮੈਂਟ ਦੀਆਂ ਬਹਿਸ ਚ ਅਕਸਰ ਹਿੱਸਾ ਲੈਂਦੇ ਵੇਖੇ ਗਏ ਹਨ।
ਪਿਛਲੇ ਦਿਨੀਂ ਉਹ ਦੋਵੇਂ ਭਗਵੰਤ ਮਾਨ ਦੇ ਮੱਥੇ 'ਚ ਜਾ ਲੁਕੇ ਤੇ ਸਮਾਜਕ ਸੁਰੱਖਿਆ ਬਾਰੇ ਬਹਿਸ ਚ ਬੋਲਣ ਲੱਗ ਪਏ।
ਬਾਕੀ ਮੈਂਬਰ ਹੈਰਾਨ ਪਰੇਸ਼ਾਨ,
ਅਖੇ ਇਹ ਕੀ?
ਪਾਕਿਸਤਾਨੀ ਕਵੀ ਕਿਵੇਂ ਬੋਲ ਸਕਦੈ ਸਾਡੀ ਪਾਰਲੀਮੈਂਟ ਚ?
ਪਰ ਉਹ ਬੋਲਦਾ ਰਿਹਾ।
ਸ਼ੀਸ਼ੇ ਉੱਤੇ ਧੂੜਾਂ ਜੰਮੀਆਂ, ਕੰਧਾਂ ਝਾੜੀ ਜਾਂਦੇ ਨੇ।
ਜਿਲਦਾਂ ਸਾਂਭੀ ਜਾਂਦੇ ਨੇ, ਪਰ ਵਰਕੇ ਪਾੜੀ ਜਾਂਦੇ ਨੇ।
ਜਿਉਂਦਿਆਂ ਦੇ ਗਲ਼ ਲੀਰਾਂ ਲਮਕਣ , ਕੋਈ ਉਨ੍ਹਾਂ ਨੂੰ ਪੁੱਛਦਾ ਨਹੀਂ,
ਮੜ੍ਹੀਆਂ ਉੱਤੇ ਤਿੱਲੇ ਜੜੀਆਂ ਚਾਦਰਾਂ ਚਾੜ੍ਹੀ ਜਾਂਦੇ ਨੇ।
ਆਪਣੀ ਗੱਲ ਮੁਕਾ ਕੇ ਬਾਬਾ ਨਜਮੀ ਹਟਿਆ ਤਾਂ ਸਵਰਗੀ ਸੰਤ ਰਾਮ ਉਦਾਸੀ ਬੋਲ ਪਿਆ।
ਮਾਂ ਧਰਤੀਏ! ਤੇਰੀ ਗੋਦ ਨੂੰ ਚੰਨ ਹੇਰ ਬਥੇਰੇ।
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ।
ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ।
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ।
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ।
ਨੱਕ ਵਗਦੇ ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ।
ਤੂੰ ਮਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵਿਹੜੇ।
ਬਾਕੀ ਮੈਂਬਰ ਪਾਰਲੀਮੈਂਟ ਹੈਰਾਨ ਹੋ ਰਹੇ ਸਨ ਕਿ ਸੰਗਰੂਰ ਵਾਲਿਆਂ ਨੇ ਮੈਂਬਰ ਪਾਰਲੀਮੈਂਟ ਤਾਂ ਇੱਕ ਚੁਣ ਕੇ ਘੱਲਿਆ ਸੀ, ਇੱਥੇ ਕਈ ਕਈ ਜਣੇ ਬੋਲੀ ਜਾਂਦੇ ਨੇ।
ਕਦੇ ਬਾਬਾ ਨਜਮੀ, ਕਦੇ ਸੰਤ ਰਾਮ ਉਦਾਸੀ, ਕਦੇ ਸੁਰਜੀਤ ਪਾਤਰ ਕਦੇ ਜਗਤਾਰ ਕਦੇ ਕੋਈ ਹੋਰ।
ਕੋਈ ਪਤਾ ਨਹੀਂ ਕਦੋਂ ਕੋਈ ਭਗਵੰਤ ਮਾਨ ਦੀ ਸ਼ਿਕਾਇਤ ਕਰ ਦੇਵੇ ਕਿ ਇਹ ਮੱਥੇ ਚ ਏਨੇ ਓਪਰੇ ਬੰਦੇ ਕਿਉਂ ਲੈ ਕੇ ਆਉਂਦਾ ਹੈ ਜੋ ਬਹਿਸ ਚ ਵੀ ਹਿੱਸਾ ਲੈ ਜਾਂਦੇ ਨੇ।
ਦੇਸ਼ ਦੀ ਸੁਰੱਖਿਆ ਵਾਲਾ ਕਾਨੂੰਨ ਦਾ ਹਵਾਲਾ ਦੇ ਕੇ ਭਗਵੰਤ ਦੇ ਮੱਥੇ ਦੀ ਵੀ ਤਲਾਸ਼ੀ ਲਈ ਜਾ ਸਕਦੀ ਹੈ ਕਿਸੇ ਦਿਨ।
ਇਸ ਪ੍ਰਸੰਗ ਚ ਸੁਰਜੀਤ ਪਾਤਰ ਜੀ ਦੀ ਇੱਕ ਬਹੁਤ ਪਹਿਲਾਂ ਲਿਖੀ ਨਮ ਜਸ਼ਨ ਚੇਤੇ ਆ ਰਹੀ ਹੈ।
ਜਿਸ ਚ ਉਹ ਆਖਦੇ ਹਨ।
ਮੇਰੇ ਨਾਲ ਹਰ ਜਸ਼ਨ ਵਿੱਚ ਏਦਾਂ ਹੀ ਹੋਇਆ।
ਉਹ ਸਾਰੇ ਆ ਗਏ ਮੌਕੇ ਮੁਤਾਬਕ ਰੰਗ ਕੇ ਚਿਹਰੇ,
ਤੇ ਮੈਂ ਨੰਗੇ ਹੀ ਮੂੰਹ ਸਾਂ ਜਾ ਖਲੋਇਆ।
ਬੜੀ ਵਾਰੀ ਮੈਂ ਆਪਣੀ
ਮੋਈ ਮਾਂ ਨੂੰ ਆਖਿਆ ਹੈ
ਤੂੰ ਜਸ਼ਨਾਂ ਚ ਮੇਰੇ ਨਾਲ ਨਾ ਜਾਇਆ ਕਰ।
ਤੇਰੀ ਹਾਜ਼ਰੀ ਚ ਮੈਥੋਂ ਹੱਸ ਨਹੀਂ ਹੁੰਦਾ।
ਭਗਵੰਤ ਮਾਨ ਨੂੰ ਵੀ ਹੁਣ ਚੌਕਸ ਹੋਣਾ ਪਵੇਗਾ, ਆਪਣੇ ਲੋਕਾਂ ਦੇ ਫ਼ਿਕਰਾਂ ਸਮੇਤ ਪਾਰਲੀਮੈਂਟ ਵਿੱਚ ਬਾਬਾ ਨਜਮੀ ਤੇ ਸੰਤ ਰਾਮ ਉਦਾਸੀ ਨੂੰ ਨਾਲ ਲੈ ਕੇ ਨਹੀਂ ਜਾਣਾ ਚਾਹੀਦਾ। ਬਾਕੀ ਮੈਂਬਰ ਬੁਰਾ ਮਨਾ ਸਕਦੇ ਹਨ।
ਉਸ ਤੇ ਬੜੇ ਆਰਾਮ ਨਾਲ ਕਾਰਵਾਈ ਹੋ ਸਕਦੀ ਹੈ।
ਸਾਵਧਾਨ!
ਭਗਵੰਤ ਮਾਨ!
ਗੁਰਭਜਨ ਗਿੱਲ.....
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.