ਉਹ ਸੀ ਇੱਕ ਦਰਿਆ।
ਨਿਰਮਲ ਨੀਰ ਸਦੀ ਭਰ ਵਗਿਆ,
ਕੰਢਿਆਂ ਤੱਕ ਭਰਿਆ।
ਦੋਧੇ ਚਿੱਟੇ ਵਸਤਰਧਾਰਾ।
ਸੁਰ ਤੇ ਸ਼ਬਦ ਸੰਵਾਰਨਹਾਰਾ।
ਤਪੀ ਤਪੀਸ਼ਰ ਅਪਰਮਪਾਰਾ,
ਰੂਹ ਦੇ ਕਸ਼ਟ ਨਿਵਾਰਨਹਾਰਾ।
ਜਿਸ ਦੀ ਕਰਮ ਦ੍ਰਿਸ਼ਟੀ ਸਦਕਾ,
ਕਣ ਕਣ ਸੁਰ ਭਰਿਆ।
ਉਹ ਸੀ ਇੱਕ ਦਰਿਆ।
ਮੋਰ ਮਟਕਦੇ ਆਉਂਦੇ ਕੋਲ।
ਤਲੀਉਂ ਚੋਗਾ ਚੁਗਣ ਅਬੋਲ।
ਰੂਹ ਅੰਦਰ ਵਿਸਮਾਦ ਅਤੋਲ।
ਸੁਣਦੇ ਬਹਿ ਕੇ ਬਚਨ ਅਮੋਲ।
ਪੈਲਾਂ ਪਾਉਣ ਵਜਦ ਵਿੱਚ ਆ ਕੇ,
ਨੈਣੀਂ ਜਲ ਭਰਿਆ।
ਉਹ ਸੀ ਇੱਕ ਦਰਿਆ।
ਖੇਡ ਮੈਦਾਨੇ ਦੇ ਦਿਲਬਰੀਆਂ।
ਮਿਹਰਵੰਤ ਨੇ ਮਿਹਰਾਂ ਕਰੀਆਂ।
ਨਾਲ ਮੈਡਲਾਂ ਝੋਲੀਆਂ ਭਰੀਆਂ।
ਖ਼ੁਸ਼ਕ ਉਮੀਦਾਂ ਹੋਈਆਂ ਹਰੀਆਂ।
ਸ਼ੁਭਕਰਮਨ ਦਾ ਪੰਥ ਦਿਸੇਰਾ,
ਕਦੇ ਵੀ ਨਾ ਟਰਿਆ।
ਉਹ ਸੀ ਇੱਕ ਦਰਿਆ।
ਗਊਸ਼ਾਲਾ ਵਿੱਚ ਆਪ ਗੋਪਾਲਾ।
ਨਾਮ ਪੁਕਾਰ ਧੀਆਂ ਪੁੱਤ ਵਾਲਾ।
ਕੰਡ ਤੇ ਥਾਪੜਾ ਬਾਬਲ ਵਾਲਾ।
ਵੰਡਿਆ ਸਭ ਨੂੰ ਪਿਆਰ ਪਿਆਲਾ।
ਕਥਨੀ ਤੋਂ ਵੀ ਬਹੁਤ ਅਗੇਰੇ,
ਵਾਹ ਓ ਸਰਵਰਿਆ।
ਉਹ ਸੀ ਇੱਕ ਦਰਿਆ।
ਸ਼ਬਦ ਸਾਧਕਾਂ ਦਾ ਦੁੱਖਹੰਤਾ।
ਸੁਰ ਦਾ ਭੇਤੀ, ਖ਼ੁਦ ਸੁਰਵੰਤਾ।
ਸਿਮਰਨ ਸੇਵਾ ਜਾਪ ਜਪੰਤਾ।
ਰਸਨਾ ਤੋਂ ਰੱਜ ਕੇ ਰਸਵੰਤਾ।
ਰਾਮ , ਹਰੀ, ਪਰਤਾਪੀ ਸੂਰਜ,
ਉਦੈ ਹੋਣ ਤੋਂ ਅਸਤਣ ਤੀਕਰ,
ਚਾਨਣ ਹੀ ਝਰਿਆ।
ਉਹ ਸੀ ਇੱਕ ਦਰਿਆ।
ਹਿੰਮਤ ਨਾਲ ਹਨ੍ਹੇਰੇ ਪੂੰਝੇ।
ਰਾਗ ਨਾਦ ਸੰਗ ਦੁਰਮਤਿ ਹੂੰਝੇ।
ਸਾਜ਼ ਆਵਾਜ਼ ਜਦੋਂ ਵੀ ਗੂੰਜੇ।
ਅਨਹਦ ਨਾਦ ਸੁਣੇ ਹਰ ਖੂੰਜੇ।
ਕਲਾ ਦ੍ਰਿਸ਼ਟੀਵੇਤਾ ਰਾਹਬਰ,
ਜਿਸ ਥਾਂ ਹੱਥ ਧਰਿਆ।
ਉਹ ਸੀ ਇੱਕ ਦਰਿਆ।
ਭੁੱਲਦੀ ਨਾ ਮੈਨੂੰ ਛੋਹ ਵਿਸਮਾਦੀ।
ਪਿਆਰ ਪਿਆਲਾ ਆਦਿ ਜੁਗਾਦੀ।
ਪੀਤਾ ਰੱਜ ਰੱਜ ਨੂਰ ਸਵਾਦੀ।
ਦਰਸ ਪਿਆਸੇ ਹੋ ਗਏ ਆਦੀ।
ਸ਼ਬਦਾਂ ਦੀ ਅੰਜੁਲੀ ਹੈ ਭੇਟਾ,
ਮੈਥੋਂ ਜੋ ਸਰਿਆ।
ਉਹ ਸੀ ਇੱਕ ਦਰਿਆ।
ਨਿਰਮਲ ਨੀਰ ਸਦੀ ਭਰ ਵਗਿਆ,
ਕੰਢਿਆਂ ਤੱਕ ਭਰਿਆ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.