ਫ਼ਿਲਮ ਰੀਵਿਊ: 5-6 ਸਾਲ ਤੱਕ ਦੇ ਵਿਆਹਿਆਂ ਜੋੜਿਆਂ ਨੂੰ ਲਾਜ਼ਮੀ ਦੇਖਣੀ ਬਣਦੀ ਹੈ ਸਰਤਾਜ ਦੀ ਫ਼ਿਲਮ ਇੱਕੋ-ਮਿੱਕੇ
ਮੈਂ ਤਾਂ ਦੇਖ ਲਈ ਆਈ ਸਤਿੰਦਰ ਸਰਤਾਜ ਦੀ ਤਾਜ਼ਾ ਫ਼ਿਲਮ ਇੱਕੋ-ਮਿੱਕੇ 12 ਮਾਰਚ ਨੂੰ ਹੀ। ਬਾਕੀ ਸਭ ਨੂੰ ਤੇ ਖ਼ਾਸ ਕਰਕੇ ਨਵੇਂ ਵਿਆਹੇ ਜੋੜਿਆਂ ਅਤੇ ਉਹ ਜੋੜੇ ਜਿਨ੍ਹਾਂ ਦੇ ਵਿਆਹ ਨੂੰ 5-6 ਸਾਲ ਤੱਕ ਵੀ ਹੋ ਗਏ ਨੇ, ਉਨ੍ਹਾਂ ਨੂੰ ਇਹ ਫ਼ਿਲਮ ਹਰ ਹਾਲ ਵਿਚ ਦੇਖਣੀ ਚਾਹੀਦੀ ਹੈ। ਮੈਨੂੰ ਇਹ ਲਗਦੈ ਕਿ ਜੇਕਰ ਨੇਕ ਦਿਲੀ ਨਾਲ ਫ਼ਿਲਮ ਦੇਖੀ ਜਾਵੇ ਤਾਂ ਸ਼ਾਇਦ ਇਹ ਫ਼ਿਲਮ ਦੇਖ ਕੇ ਕੁਝ ਫ਼ੀਸਦੀ ਉਨ੍ਹਾਂ ਕੁਝ ਜੋੜਿਆਂ ਦੇ ਤਲਾਕ ਰੁਕ ਸਕਦੇ ਨੇ, ਉਨ੍ਹਾਂ ਮੀਆਂ -ਬੀਵੀ 'ਚ ਰੋਜ਼ਾਨਾ ਦੀਆਂ ਤਲਖ਼ੀਆਂ ਘਟਣ 'ਚ ਮਦਦ ਹੋ ਸਕਦੀ ਹੈ ਤੇ ਘਰੇਲੂ ਕਲੇਸ਼ ਘਟ ਸਕਦੈ ਜਿੱਥੇ ਰੇੜਕਾ ਸਿਰਫ਼ ਹਉਮੈ ( ਈਗੋ ) ਤੇ ਬੰਦੇ ਜਾਂ ਔਰਤ ਦੀ "ਮੈਂ " ਦਾ ਹੁੰਦੈ।
ਇਹ ਫ਼ਿਲਮ ਕਮੇਟੀ-ਨੁਮਾ ਬਹੁਤੀਆਂ ਪੰਜਾਬੀ ਫ਼ਿਲਮਾਂ ਨਾਲੋਂ ਹਟਵੀਂ ਹੈ। ਸਾਰਾ ਥੀਮ ਹੈ ਇਸ ਧੁਰੀ ਦੁਆਲੇ ਘੁੰਮਦਾ ਹੈ ਕਿ ਸ਼ਾਦੀ -ਸ਼ੁਦਾ ਅਤੇ ਪਰਿਵਾਰਕ ਜੀਵਨ ਵਿਚ ਬੰਦੇ -ਜਾਂ ਔਰਤ ਦੀ ਨਿੱਜੀ ਹੈਂਕੜ ( ਈਗੋ ) ਹੀ ਅਜਿਹੀ ਬੇ-ਸਿਰ-ਪੈਰ ਤੂੰ -ਤੂੰ -ਮੈਂ -ਮੈਂ ਜਾਂ ਅਜਿਹੇ ਕਲੇਸ਼ ਅਤੇ ਘਰੇਲੂ ਝਗੜੇ ਦਾ ਕਾਰਨ ਬਣਦੀ ਹੈ ਜਿਨ੍ਹਾਂ ਦਾ ਹੋਰ ਕੋਈ ਠੋਸ ਆਧਾਰ ਨਹੀਂ ਹੁੰਦਾ।
ਜੋ ਕੁੱਝ ਇਸ ਫ਼ਿਲਮ 'ਚ ਪੁਰਾਣੀ ਅਤੇ ਨਵੀਂ ਪੀੜ੍ਹੀ ਦੇ ਜੋੜਿਆਂ ਦਾ ਹਾਲ ਦਿਖਾਇਆ ਗਿਆ ਹੈ ਇਹ ਸਾਡੇ ਸਮਾਜ ਦਾ ਇੱਕ ਆਮ ਵਰਤਾਰਾ ਬਣਦਾ ਜਾ ਰਿਹੈ। ਇਸ ਦਾ ਇੱਕ ਕਾਰਨ ਮਰਦਾਵੀਂ ਚੌਧਰ ਵਾਲੀਆਂ ਜਾਗੀਰੂ ਕਦਰਾਂ ਕੀਮਤਾਂ ਦੀ ਟੁੱਟ -ਭੱਜ ਅਤੇ ਔਰਤਾਂ ਦਾ ਘਰ ਦੀ ਚਾਰ ਦੀਵਾਰੀ 'ਚੋਂ ਬਾਹਰ ਨਿਕਲ ਕੇ ਸਵੈ -ਮਾਣ ਨਾਲ ਵਿਚਰਨ ਦੀ ਨਿਕਲੇ ਵੀ ਹੁੰਦੈ। ਵੈਸੇ ਜਿਹੜੇ ਜਵਾਨ ਮੁੰਡੇ ਕੁੜੀਆਂ -ਵਿਆਹ ਦੀਆਂ ਤਿਆਰੀਆਂ 'ਚ ਨੇ ਉਨ੍ਹਾਂ ਨੂੰ ਵੀ ਜ਼ਰੂਰ ਇਹ ਫ਼ਿਲਮ ਦੇਖਣ ਦੀ ਸਿਫ਼ਾਰਿਸ਼ ਕਰ ਰਿਹਾ ਹਾਂ।
ਫ਼ਿਲਮ ਦੇ ਸਾਰੇ ਐਕਟਰਾਂ ਦੇ ਰੋਲ ਚੰਗੇ ਨੇ ਪਰ ਇਸ ਫ਼ਿਲਮ ਨੇ ਸਰਤਾਜ ਅੰਦਰਲਾ ਐਕਟਰ ਬਾਹਰ ਲੈ ਆਂਦਾ ਹੈ। ਬਲੈਕ ਪ੍ਰਿੰਸ ਵਿਚਲੇ ਆਪਣੇ ਰੋਲ ਨਾਲੋਂ ਕਈ ਗੁਣਾ ਵਧੀਆ ਕਲਾਕਾਰੀ ਇਸ ਵਿਚ ਦਿਖਾਈ ਹੈ ਉਸ ਨੇ, ਉਸੇ ਉਜਲੇ ਐਕਟਰ ਭਵਿੱਖ ਲਈ ਸ਼ੁੱਭ ਇੱਛਾਵਾਂ।
ਬਾਕੀ ਰਹੀ ਗੱਲ ਫ਼ਿਲਮ ਚੱਲਣ ਦੀ, ਮੇਰੇ ਅਜ਼ੀਜ਼ ਵਿਜੇ ਪਾਲ ਬਰਾੜ ਨੇ ਮੈਨੂੰ ਪੁੱਛਿਆ ਸੀ ਕਿਵੇਂ ਲੱਗੀ। ਮੇਰਾ ਜਵਾਬ ਸੀ " ਵਧੀਆ ਐ , ਹਟਵੀਂ ਹੈ , ਪੰਜਾਬੀ ਸਿਨਮਾ 'ਚ ਸ਼ੁਰੂ ਹੋਏ ਚੰਗੇ ਰੁਝਾਨ ਦਾ ਨਵਾਂ ਹਿੱਸਾ ਹੈ ਪਰ ਬਹੁਤੀ ਚੱਲੇਗੀ ਇਸ ਬਾਰੇ ਸ਼ੱਕ ਹੈ ਕਿਉਂਕਿ ਫ਼ਿਲਮ 'ਚ ਉਹ ਮਨ-ਪਰਚਾਵਾ ਨਹੀਂ ਜੋ ਫ਼ਿਲਮਾਂ 'ਚ ਹੁੰਦੈ - ਇਹ ਭਾਵੇਂ ਕਾਮੇਡੀ ਦੇ ਰੂਪ 'ਚ ਹੋਵੇ ਜਾਂ ਗੀਤ ਸੰਗੀਤ ਦੇ ਕਮੇਟੀ। ਬੇਸ਼ੱਕ ਬੰਦੇ ਤੇ ਔਰਤ ਦੀਆਂ ਰੂਹਾਂ ਦੇ ਤਬਾਦਲੇ ਨੇ ਫ਼ਿਲਮ 'ਚ ਉਤਸੁਕਤਾ ਤੇ ਸੁਆਦ ਵੀ ਭਰਿਆ ਪਰ ਦਰਸ਼ਕਾਂ ਦੀਆਂ ਅੱਜ ਕੱਲ੍ਹ ਦੀਆਂ ਉਮੀਦਾਂ ਮੁਤਾਬਿਕ ਇਹ ਮਨੋਰੰਜਨ-ਭਰਪੂਰ ਨਹੀਂ ਹੈ। ਸਾਡੀ ਕਾਮਨਾ ਹੈ ਕਿ ਕਰੋਨਾਵਾਇਰਸ ਦੀ ਮਾਰ ਤੋਂ ਵੀ ਬਚੀ ਰਹੇ ਤਾਂ ਚੰਗਾ ਹੈ।
ਬਲਜੀਤ ਬੱਲੀ
ਸੰਪਾਦਕ ਬਾਬੂਸ਼ਾਹੀ ਡਾਟ ਕਾਮ
13 ਮਾਰਚ , 2020
-
ਬਲਜੀਤ ਬੱਲੀ, ਸੰਪਾਦਕ
tirshinazar@gmail.com
99151-77722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.