ਭਾਰਤੀ ਸੰਵਿਧਾਨ ਦੀ ਧਾਰਾ 19 (1) (ਏ) ਭਾਰਤ ਦੇ ਹਰ ਨਾਗਰਿਕ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੰਦਾ ਹੈ। ਪਰ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਨੂੰ ਅਗਵਾਈ ਵਾਲੀ ਕਾਂਗਰਸ ਸਰਕਾਰ ਰਾਜ ਅੰਦਰ ਹਰ ਵਰਗ ਦੇ ਸ਼ਾਂਤਮਈ ਮੁਜ਼ਾਹਿਰਾਕਾਰੀਆਂ ਨੂੰ ਬਰਬਰਤਾਪੂਰ ਦਬਾਉਣ ਲਈ ਹਮੇਸ਼ਾ ਪੁਲਸ ਅਤੇ ਹੋਰ ਸਹਾਇਕ ਬਲਾਂ ਦਾ ਸਹਾਰਾ ਲੈਂਦੀ ਹੈ। ਆਪਣੇ ਇਸ ਕਾਰਜਕਾਲ ਵਿਚ ਹੀ ਨਹੀਂ ਬਲਕਿ ਪਿੱਛਲੇ 2002-07 ਦੇ ਕਾਰਜਕਾਲ ਦੌਰਾਨ ਵੀ ਇਹ ਐਸੇ ਹੀ ਅਣਮਨੁੱਖੀ ਕਾਰਜ ਕਰਨ ਲਈ ਬਦਨਾਮ ਹੈ। ਉਸ ਕਾਰਜਕਾਲ ਵੇਲੇ ਇਸਦੀ ਐਸੀ ਅਣਮਨੁੱਖੀ ਬਰਬਰਤਾ ਦਾ ਕੇਂਦਰ ਚੰਡੀਗੜ੍ਹ ਅੰਦਰ ਮਟਕਾ ਚੌਕ ਸੀ ਜਿਸ ਨੂੰ ਉਸ ਸਮੇਂ ਲੋਕ 'ਕੁਟਾਪਾ ਚੌਂਕ' ਵਜੋਂ ਗਰਦਾਨ ਦੇ ਹੁੰਦੇ ਸਲ।
8 ਮਾਰਚ, 2020 ਨੂੰ ਕੈਪਟਨ ਅਮਰਿੰਦਰ ਸਰਕਾਰ ਦੇ ਨਾਦਰਸ਼ਾਹੀ ਹੁਕਮਾਂ ਅਨੁਸਾਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਜਿਸ ਵਿਚ ਬੁੱਚੜ ਕਿਸਮ ਦਾ ਪੁਲਸ ਕਪਤਾਨ (ਸਿਟੀ) ਵਰੁਣ ਸ਼ਰਮਾ ਵੀ ਸ਼ਾਮਲ ਸੀ ਨੇ ਸ਼ਾਂਤਮਈ ਢੰਗ ਨਾਲ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਬੇਰੋਜ਼ਗਾਰ ਟੈਟ ਪਾਸ ਈ.ਟੀ.ਟੀ. ਅਧਿਆਪਕ ਅਤੇ ਅਧਿਆਪਕਾਵਾਂ ਜਦੋਂ ਪਟਿਆਲਾ ਅੰਦਰ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਮਹੱਲ ਵੱਲ ਵੱਧ ਰਹੇ ਸਨ ਤਾਂ ਉਨ੍ਹਾਂ ਤੇ ਬਰਬਰਤਾ ਪੂਰਵਕ ਲਾਠੀਆਂ ਵਰਾਉਣੀਆਂ ਸ਼ੁਰੂ ਕਰ ਦਿਤੀਆਂ। ਪੁਲਸ ਕਪਤਾਨ ਖ਼ੁਦ ਇਸ ਅਣਮਨੁੱਖੀ ਕਾਰਵਾਈ ਵਿਚ ਸ਼ਾਮਲ ਸੀ। ਦੇਸ਼ ਦੇ ਭਵਿੱਖ ਨੂੰ ਘੜਨ ਵਾਲੇ ਅਧਿਆਪਕਾਂ ਨੂੰ ਦੌੜਾ-ਦੁੜਾ ਕੇ ਮਾਰਿਆ ਗਿਆ। ਸਿੱਖ ਭਾਈਚਾਰੇ ਨਾਲ ਸਬੰਧਿਤ ਸਿੱਖ ਨੌਜਵਾਨ ਅਧਿਆਪਕਾਂ ਦੀਆਂ ਪੱਗੜੀਆਂ ਲਤਾੜੀਆਂ ਗਈਆਂ। ਔਰਤ ਵਰਗ ਦੀਆਂ ਚੁਨੀਆਂ-ਦੁਪੱਟੇ ਲਾਹ ਕੇ ਪਲੀਤ ਕੀਤੇ, ਕੱਪੜੇ ਖਿੱਚ-ਧੂਹ ਕੇ ਪਾੜੇ। ਲੱਤਾਂ-ਬਾਹਾਂ ਅਤੇ ਸਰੀਰ ਦੇ ਕਈ ਅੰਗ ਭੰਨ ਸੁੱਟੇ। ਠੁੱਡਿਆਂ ਅਤੇ ਲਾਠੀਆਂ ਦਾ ਪ੍ਰਯੋਗ ਕੀਤਾ। ਰਾਹਗੀਰ ਵੇਖ-ਵੇਖ ਕੇ ਦੰਗ ਰਹੇ ਸਨ। ਇਸ ਕਾਰਵਾਈ ਵਿਚ ਪੰਜ ਅਧਿਆਪਕ ਬੁਰੀ ਤਰ੍ਹਾਂ ਜਖ਼ਮੀ ਹੋਏ। ਔਰਤਾਂ ਬੇਇਜ਼ਤ ਹੋਈਆਂ। ਇਹ ਉਸ ਪਾਰਟੀ ਦੀ ਸਰਕਾਰ ਹੈ ਜਿਸ ਨੇ ਚੋਣਾਂ ਤੋਂ ਪਹਿਲਾਂ ਆਪਣੇ ਮੈਨੀਫੈਸਟੋ ਵਿਚ ਪੰਜਾਬ ਦੇ ਨੌਜਵਾਨਾਂ ਨੂੰ ਘਰ-ਘਰ ਨੌਕਰੀ ਦੇਣ ਲਈ ਫਾਰਮ ਭਰਵਾਏ ਸਨ। ਜਦ ਕਿ ਸਰਕਾਰ ਬਣਨ ਤੋਂ ਪਹਿਲਾਂ ਇਸ ਨੂੰ ਐਸੇ ਐਲਾਨ ਕਰਨ ਅਤੇ ਫਾਰਮ ਭਰਨ ਦਾ ਕੋਈ ਅਧਿਕਾਰ ਨਹੀਂ ਸੀ। ਅਜੇ ਆਪਣੇ ਚੌਥੇ ਬਜਟ ਸੈਸ਼ਨ ਵਿਚ ਬਜਟ ਪੇਸ ਕਰਦਿਆਂ ਕੈਪਟਨ ਅਮਰਿੰਦਰ ਸਰਕਾਰ ਨੇ ਰਾਜ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਪਰ ਪਟਿਆਲਾ ਵਿਖੇ ਉਸ ਵਾਅਦੇ ਅਨੁਸਾਰ ਕੈਪਟਨ ਸਰਕਾਰ ਤੋਂ ਰੋਜ਼ਗਾਰ ਮੰਗਣ ਲਈ ਗਏ ਅਧਿਆਪਕਾਂ ਨਾਲ ਬੁਚੜਾਨਾ ਵਿਵਹਾਰ ਕੀਤਾ ਗਿਆ।
ਕੈਪਟਨ ਅਮਰਿੰਦਰ ਦੀ ਇਸ ਪਾਰੀ ਦੀ ਸਰਕਾਰ ਨਿਰੋਲ ਝੂਠ ਦੇ ਸਹਾਰੇ ਚਲ ਰਹੀ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਉਹ ਤਿੰਨ ਰੋਜ਼ਾ ਚੋਣ ਮੁਹਿੰਮ ਤੇ ਆਪਣੀ ਪੂਰੀ ਕੈਬਨਿਟ ਅਤੇ ਕਾਂਗਰਸ ਵਿਧਾਇਕ ਨੂੰ ਨਾਲ ਲੈ ਕੇ ਗਏ। ਪਹਿਲੇ ਦਿਨ ਹੀ ਉਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਮੂੰਹ ਨਹੀਂ ਲਾਇਆ। ਉਨ੍ਹਾਂ ਦੇ ਤਕਬੱਰ ਤੇ ਕਿਸੇ ਨੇ ਵਿਸ਼ਵਾਸ਼ ਨਹੀਂ ਕੀਤਾ। ਕਹਿੰਦੇ ਅਸੀਂ 11 ਲੱਖ ਬੇਰੋਜ਼ਗਾਰ ਨੌਜਵਾਨਾਂ ਨੂੰ ਪਿੱਛਲੇ ਤਿੰਨ ਸਾਲ ਵਿਚ ਨੌਕਰੀ ਦਿਤੀ ਹੈ। 5500 ਸਮਾਰਟ ਸਕੂਲ ਬਣਾਏ ਹਨ। 4 ਤੋਂ 6 ਰੁਪਏ ਪ੍ਰਤੀ ਯੂਨਿਟ ਬਿਜਲੀ ਸਪਲਾਈ ਕਰ ਰਹੇ ਹਾਂ। ਕਿਸਾਨੀ ਦਾ ਕਰਜ਼ ਮੁਆਫ਼ ਕੀਤਾ ਹੈ। ਨਤੀਜੇ ਵਜੋਂ ਪਹਿਲੇ ਦਿਨ ਹੀ ਜਨਤਕ ਬੇਧਿਆਨੀ ਕਰਕੇ ਵਾਪਸ ਪੰਜਾਬ ਪਰਤ ਆਏ।
ਮੱਖ ਮੰਤਰੀ ਨੇ ਬੇਰੋਜ਼ਗਾਰ ਅਧਿਆਪਕਾਂ ਦੇ ਨੁਮਾਇੰਦਿਆਂ ਨੂੰ ਮਿਲਣ ਦਾ ਸਮਾਂ ਪਹਿਲਾਂ ਤਾਂ ਬੜੀ ਦੇਰ ਬਾਅਦ ਅਨੇਕ ਕੁਟਾਪਿਆਂ ਅਤੇ ਸਿਆਪਿਆਂ ਬਾਅਦ ਦਿਤਾ। ਉਨ੍ਹਾਂ ਨੂੰ ਵਚਨ ਦਿਤਾ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਨੂੰ ਨੌਕਰੀਆਂ ਦੇਣ ਲਈ ਛੇਤੀ ਪੋਸਟਾਂ ਸਬੰਧੀ ਵਿਗਿਆਪਨ ਦੇ ਕੇ ਕਾਰਵਾਈ ਕਰੇਗੀ। ਰਾਜ ਵਿਚ 12000 ਅਧਿਆਪਕਾਂ ਦੇ ਪਦ ਖਾਲੀ ਹਨ। ਜਦਕਿ ਟੈੱਟ ਪਾਸ ਅਧਿਆਪਕਾਂ ਦੀ ਗਿਣਤੀ 14136 ਹੈ। ਕੈਪਟਨ ਸਰਕਾਰ ਨੇ ਬੇਰੋਜ਼ਗਾਰ ਅਧਿਆਪਕਾਂ ਦੇ ਜਖ਼ਮਾਂ ਤੇ ਲੂਣ ਬਰੂਰਦਿਆਂ ਸਿਰਫ਼ 1664 ਪੋਸਟਾਂ ਲਈ ਵਿਗਿਆਪਨ ਜਾਰੀ ਕੀਤਾ। ਸੜੇ-ਬਲੇ ਅਧਿਆਪਕਾਂ ਨੇ ਆਪਣੇ ਵਾਅਦਿਆਂ ਤੋਂ ਹਮੇਸ਼ਾ ਨੱਠਣ ਵਾਲੀ ਕੈਪਟਨ ਸਰਕਾਰ ਵਿਰੁੱਧ ਰੋਸ ਧਰਨਿਆਂ ਅਜੇ ਮੁਜ਼ਾਹਿਰਿਆਂ ਦਾ ਸਹਾਰਾ ਲਿਆ।
ਜਿਸ ਨੂੰ ਰੋਕਣ ਅਤੇ ਦਬਾਉਣ ਲਈ ਕੈਪਟਨ ਸਰਕਾਰ ਨੇ ਪੁਲਸ ਬਲਾਂ ਦੁਆਰਾ ਅਣਮਨੁੱਖੀ ਤਸ਼ਦੱਦ ਦਾ ਸਹਾਰਾ ਲਿਆ। ਇਹ ਕੁਟਾਪੇ ਅਤੇ ਤਸ਼ਦਦ ਕੋਈ ਪਹਿਲੀ ਵਾਰ ਨਹੀਂ, ਕੈਪਟਨ ਸਰਕਾਰ ਦੇ ਗਠਨ ਤੋਂ ਬਾਅਦ ਲਗਾਤਾਰ ਚਲ ਰਹੇ ਹਨ। ਅਕਸਰ ਇਹ ਨੌਜਵਾਨ ਬੇਰੋਜ਼ਗਾਰ ਅਧਿਆਪਕ ਅਤੇ ਅਧਿਆਪਕਾਵਾਂ ਪਾਣੀ ਦੀਆਂ ਟੈਂਕੀਆਂ ਤੇ ਚੜਨ, ਆਤਮ ਹੱਤਿਆ ਲਈ ਹੱਥਾਂ ਵਿਚ ਪੈਟਰੌਲ ਅਤੇ ਥੱਲੇ ਕੁੱਦਣ ਦਾ ਸਹਾਰਾ ਲੈਂਦੇ ਆਮ ਵੇਖੇ ਗਏ ਹਨ। ਇਸ ਵਾਰ ਪੁਲਸ ਕੁਟਾਪੇ ਹੱਥੋਂ ਮਰਨ ਅਤੇ ਜ਼ਲੀਲ ਹੋਣ ਦੀ ਥਾਂ ਉਨ੍ਹਾਂ ਭਾਖੜਾ ਨਹਿਰ ਵਿਚ ਕੁੱਦਣ ਅਤੇ ਵਾਹਨਾਂ ਦੇ ਟਾਇਰਾਂ ਹੇਠ ਆ ਕੇ ਮਰਨ ਦਾ ਸਹਾਰਾ ਲਿਆ। ਪੁਲਸ ਨੇ ਉਨ੍ਹਾਂ ਨੂੰ ਬਚਾਉਣ ਲਈ ਗੋਤਾਖੋਰਾਂ ਦੀ ਮਦਦ ਲਈ।
ਬੇਰੋਜ਼ਗਾਰ ਅਧਿਆਪਕ ਹੀ ਨਹੀਂ ਹੋਰ ਅਨੇਕ ਵਰਗਾਂ ਦੇ ਬੇਰੋਜ਼ਗਾਰ, ਕੱਚੇ, ਐਡਹਾਕ ਕਿਸਾਨਾਂ, ਖੇਤ ਮਜ਼ਦੂਰਾਂ, ਸਿਹਤ ਕਰਮਚਾਰੀਆਂ ਆਪਣੀਆਂ ਮੰਗਾਂ ਦੀਆਂ ਪੂਰਤੀਆਂ ਲਈ ਵੱਖ-ਵੱਖ ਯੂਨੀਅਨਾਂ ਆਦਿ ਨੇ ਜਦੋਂ ਵੀ ਸ਼ਾਂਤਮਈ ਢੰਗ ਨਾਲ ਰੋਸ ਮੁਜਾਹਿਰਿਆਂ ਅਤੇ ਧਰਨਿਆਂ ਦਾ ਸਹਾਰਾ ਲਿਆ, ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਰਕਾਰ ਦੀ ਰਾਜਾਸ਼ਾਹੀ ਦੇ ਅਣਮਨੁੱਖੀ ਵਿਵਹਾਰ ਦਾ ਨਿਸ਼ਾਨਾਂ ਬਣਨਾ ਪਿਆ। ਇਸ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਜਿਸ ਦੀਆਂ ਲੋਕ ਵਿਰੋਧੀ, ਮੁਲਾਜ਼ਮ ਵਿਰੋਧੀ ਨੀਤੀਆਂ, ਸਰਕਾਰੀ ਖਜ਼ਾਨਾ ਖਾਲੀ ਹੋਣ ਦੀ ਰੱਟ ਬਾਜ਼ੀ, ਅਤਿ ਦੀ ਹਾਉ ਮੈਂ ਬਾਜ਼ੀ ਨੇ ਕੈਪਟਨ ਸਾਸ਼ਨ ਲਈ ਵੱਡੀਆਂ ਸੂਲਾਂ ਖਿਲਾਰੀਆਂ ਨੇ ਜਿਸ ਦਿਨ ਬਜਟ ਪੇਸ਼ ਕਰਨਾ ਸੀ ਉਸ ਦਿਨ ਜਿੰਨਾਂ ਪਰਿਵਾਰਾਂ ਦੇ ਇੱਕ ਮੈਂਬਰ ਨੂੰ ਨੌਕਰੀ ਅਤੇ 10,00000 (ਦੱਸ ਲੱਖ) ਰੁਪਏ ਸਹਾਇਤਾ ਦੇਣ ਦਾ ਵਾਅਦਾ ਵਫ਼ਾ ਨਾ ਹੋਇਆ ਤਾਂ ਉਨ੍ਹਾਂ ਇਸ ਦਿਨ ਵਿੱਤ ਮੰਤਰੀ ਦੀ ਕੋਠੀ ਸਾਹਮਣੇ ਧਰਨਾ ਲਗਾਇਆ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਉਨ੍ਹਾਂ ਦੀ ਹਮਾਇਤ ਲਈ ਉੱਥੇ ਪੁੱਜੇ।
ਵਿੱਤ ਮੰਤਰੀ ਦੇ ਹੁਕਮਾਂ ਤੇ ਸਭ ਨੂੰ ਪੁਲਸ ਮਾਰਦੀ ਕੁੱਟਦੀ ਥਾਣੇ ਲੈ ਗਈ ਸਮੇਤ ਅਕਾਲੀ ਵਿਧਾਇਕਾਂ ਦੇ। ਉਨ੍ਹਾਂ ਨੂੰ ਸਲਾਖਾ ਪਿਛੇ ਬੰਦ ਕਰ ਦਿਤਾ ਗਿਆ। ਇਸ ਅਣਮਨੁੱਖੀ ਤਸ਼ਦਦ ਤੋਂ ਆਹਤ ਸਾਬਕਾ ਮੁੱਖ ਮੰਤਰੀ ਸ : ਬਾਦਲ ਥਾਣੇ ਪਹੁੰਚੇ ਅਤੇ ਪੁਲਸ ਅਧਿਕਾਰੀਆਂ ਨੂੰ ਖੂਬ ਲਤਾੜ ਲਗਾਈ। ਉਨ੍ਹਾਂ ਵਿੱਤ ਮੰਤਰੀ ਦੇ ਗੈਰ-ਲੋਕਤੰਤਰੀ ਅਤੇ ਹੰਕਾਰੀ ਵਤੀਰੇ ਦੀ ਨਿੰਦਾ ਕੀਤੀ। ਜਿੱਥੇ ਉਹ ਆਪ ਸੰਗਤ ਦਰਸ਼ਨ ਪ੍ਰੋਗਰਾਮਾਂ ਵਿਚ ਲੋਕਾਂ ਦੀਆਂ ਦੁੱਖ-ਤਕਲੀਫਾਂ, ਮੰਗਾਂ ਅਤੇ ਵਿਕਾਸ ਸਬੰਧੀ ਲੋੜਾਂ ਜਿੰਨਾਂ ਵਿਚ ਰੋਸੇ ਵੀ ਸ਼ਾਮਲ ਹੁੰਦੇ ਬਗੈਰ ਭੇਦ-ਭਾਵ ਦੇ ਘੰਟਿਆਂ ਬੱਧੀ ਸਾਰਾ ਦਿਨ ਸੁਣਦੇ ਉੱਥੇ ਵਿੱਤ ਮੰਤਰੀ ਬਾਹਰ ਬੈਠੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਸੁਣਨ ਲਈ ਬਾਹਰ ਨਾ ਲਿਕਲੇ ਉਲਟਾ ਪੁਲਸ ਸੱਦ ਕੇ ਉਨ੍ਹਾਂ ਅਤੇ ਅਕਾਲੀ ਵਿਧਾਇਕਾਂ ਤੇ ਤਸ਼ਦਦ ਕਰਵਾਈ।
ਸ਼ਾਂਤਮਈ ਢੰਗ ਨਾਲ ਰੋਸ ਮੁਜਾਹਿਰਾ ਕਰਨ ਵਾਲੇ ਅਧਿਆਪਕਾਂ ਅਤੇ ਹੋਰ ਵਰਗਾਂ ਦੇ ਲੋਕਾਂ ਤੇ ਅਣਮਨੁੱਖੀ ਕਾਰਵਾਈ ਕਤਈ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਹੈ। ਇਸ ਪ੍ਰਕ੍ਰਿਆ ਵਿਰੁੱਧ ਅਵਾਜ਼ ਉਠਾਉਣਾ, ਇਸ ਦੀ ਨਿੰਦਾ ਕਰਨਾ ਅਤੇ ਐਸੀਆਂ ਗੈਰ-ਲੋਕਤੰਤਰੀ ਅਤੇ ਅਣਮਨੁੱਖੀ ਕਾਰਵਾਈਆਂ ਕਰਨ ਵਿਰੁੱਧ ਅਦਾਲਤਾਂ ਵਿਚ ਇਸ ਤਗਾਮੇ ਕਰਨਾ, ਸਬੰਧਿਤ ਰਾਜਨੀਤਕ ਅਤੇ ਪੁਲਸ ਅਧਿਕਾਰੀਆਂ ਵਿਰੁੱਧ ਅਦਾਲਤਾਂ ਵਿਚ ਕੇਸ ਚਲਾਉਣੇ ਪੀੜਤਾਂ ਦੇ ਅਧਿਕਾਰ ਹਨ। ਇਹ ਤਸ਼ਦਦ ਗੈਰ- ਸੰਵਿਧਾਨਿਕ ਅਤੇ ਜਨਤਕ ਅਤੇ ਵਿਅਕਤੀਗਤ ਅਧਿਕਾਰਾਂ ਦੀ ਕ੍ਰਿਮੀ ਨਾਲ ਉਲੰਘਣਾ ਅਖਵਾਉਂਦੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਰਾਜਨੀਤਕ, ਪ੍ਰਸਾਸ਼ਨਿਕ ਅਤੇ ਰਾਜਕੀ ਸ਼ੈਲੀ ਕਦੇ ਵੀ ਮਾਨਵਵਾਦੀ, ਜਨਤਕਪੱਖੀ ਅਤੇ ਲੋਕਤੰਤਰਵਾਦੀ ਨਹੀਂ ਸੀ ਅਤੇ ਨਾ ਹੀ ਹੈ। ਨਾ ਹੀ ਉਸਦੀ ਪਹੁੰਚ ਲੋਕਾਂ ਵਿਚ ਵਿਚਰਣ ਅਨੁਕੂਲ ਰਹੀ ਹੈ। ਉਹ ਤਾਂ ਆਪਣੇ ਕੈਬਨਿਟ ਸਹਿਯੋਗੀਆਂ ਅਤੇ ਵਿਧਾਨਕਾਰਾਂ ਅਤੇ ਪਾਰਟੀ ਅਹੁੱਦੇਦਾਰਾਂ ਨੂੰ ਨਹੀਂ ਮਿਲਦਾ। ਇਸੇ ਕਰਕੇ ਪਿੱਛਲੇ 2002-07 ਦੇ ਕਾਰਜਕਾਲ ਸਮੇਂ ਬੀਬੀ ਰਾਜਿੰਦਰ ਕੌਰ ਭੱਠਲ ਦੀ ਅਗਵਾਈ ਵਿਚ ਬਹੁਗਿਣਤੀ ਵਿਧਾਨਕਾਰ ਉਸ ਦਾ ਤਖ਼ਤਾ ਪਲਟਣਾ ਚਾਹੁੰਦੇ ਸਨ।
ਇਸ ਵਾਰੀ ਜੇਕਰ ਕਾਂਗਰਸ ਹਾਈਕਮਾਂਡ ਕਮਜ਼ੋਰ ਨਾ ਹੁੰਦਾ ਤੇ ਕੈਪਟਨ ਦਾ ਮੁੱਖ ਮੰਤਰੀ ਦਾ ਤਾਜ ਕਦੇ ਦਾ ਖੁੱਸਿਆ ਹੁੰਦਾ। ਰਾਜਾਸ਼ਾਹ ਕੈਪਟਨ ਆਪਣੀ ਪਾਰਟੀ ਦੇ ਕਾਰਕੁਨਾਂ ਨੂੰ ਮਿਲਣ ਲਈ ਸਮਾਂ ਨਹੀਂ ਦਿੰਦਾ। ਇਥੋਂ ਤੱਕ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੂੰ ਮਿਲਣ ਦਾ ਸਮਾਂ ਨਹੀਂ ਦਿੰਦਾ। ਇਸੇ ਕਰਕੇ ਮੁੜ ਉਸਦੀ ਸਰਕਾਰ ਵਿਰੁੱਧ ਪਾਰਟੀ ਵਿਧਾਇਕ ਖੁੱਲ੍ਹ ਕੇ ਵਿਰੋਧ ਵਿਚ ਆ ਗਏ ਹਨ। ਸਾਬਕਾ ਪ੍ਰਧਾਨ ਅਤੇ ਐਮ.ਪੀ. ਸ : ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋਂ, ਰਵਨੀਤ ਸਿੰਘ ਬਿੱਟੂ ਉਸ ਵਿਰੁੱਧ ਬੋਲਦੇ ਰਹੇ ਹਨ। ਰਾਜਾਸ਼ਾਹ ਕੈਪਟਨ ਵਲੋਂ ਸਰਕਾਰ ਵਿਚੋਂ ਅਸਤੀਫ਼ਾ ਦੇ ਕੇ ਲਾਂਬੇ ਹੋਇਆ ਸ: ਨਵਜੋਤ ਸਿੰਘ ਸਿੰਧੂ ਇਸ ਵਿਰੁੱਧ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਨੇੜਤਾ ਬਣਾ ਰਿਹਾ ਹੈ। ਵਿਧਾਇਕ ਪ੍ਰਗਟ ਸਿੰਘ, ਨਿਰਮਲ ਸਿੰਘ, ਰਾਜ ਬੜਿੰਗ, ਸੁਰਜੀਤ ਸਿੰਘ ਧੀਮਾਨ, ਕਾਕਾ ਰਣਦੀਪ ਸਿੰਘ, ਹਰਿਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਰਾਜਿੰਦਰ ਸਿੰਘ ਆਦਿ ਕੈਪਟਨ ਦੀ ਰਾਜਾਸ਼ਾਹ ਸ਼ੈਲੀ ਵਿਰੁੱਧ ਅਵਾਜ਼ ਉਠਾ ਰਹੇ ਹਨ। ਉਸਦੀ ਸਰਕਾਰ ਵਲੋਂ ਮੈਨੀਫੈਸਟੋ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਜਦੋਂ ਉਨ੍ਹਾਂ ਨੂੰ ਹੱਲਕੇ ਦੇ ਲੋਕ ਸਵਾਲ ਪੁੱਛਦੇ ਹਨ ਤਾਂ ਉਨ੍ਹਾਂ ਨੂੰ ਅਤਿ ਦੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਜ ਨੂੰ ਢਾਈ ਲੱਖ ਕਰੋੜ ਰੁਪਏ ਦੇ ਵਿਆਜ ਦੀ ਕਿਸ਼ਤ ਲਈ ਮੁੜ ਬਜ਼ਾਰ ਵਿਚੋਂ ਉਧਾਰ ਚੁਕਣਾ ਪੈਂਦਾ ਹੈ।
ਵਿਕਾਸ ਕਾਰਜ ਠੱਪ ਹਨ। ਕਰਮਚਾਰੀਆਂ ਦੀਆਂ ਤਨਖਾਹਾਂ ਦਾ ਭੁਗਤਾਨ ਸਮੇਂ ਸਿਰ ਨਹੀਂ ਕੀਤਾ ਜਾਂਦਾ। ਉਨ੍ਹਾਂ ਦਾ 16 ਪ੍ਰਤੀਸ਼ਤ ਡੀ.ਏ. ਅਤੇ ਬਕਾਇਆ ਡੁਬਿਆ ਪਿਆ ਹੈ ਕਿਸਾਨੀ ਦੇ ਗੰਨੇ ਦਾ ਭੁਗਤਾਨ ਸਾਲਾਂ ਬੱਧੀ ਨਹੀਂ ਕੀਤਾ ਜਾਂਦਾ। ਰਾਜ ਅੰਦਰ ਭ੍ਰਿਸ਼ਟਾਚਾਰ, ਨਸ਼ਿਆ ਦਾ ਕਾਰੋਬਾਰ, ਰੇਤ, ਬੱਜਰੀ, ਕੇਬਲ, ਟਰਾਂਸਪੋਰਟ, ਸ਼ਰਾਬ ਮਾਫੀਏ ਅਤੇ ਕ੍ਰਿਮੀਨਲ ਨਸ਼ਿਆ ਦੇ ਗੈਂਗਸਟਰ ਬਾਦਸਤੂਰ ਜਾਰੀ ਹਨ। ਸਨਅਤੀ ਖੇਤਰ ਵਿਚ ਕੋਈ ਨਿਵੇਸ਼ ਨਹੀਂ ਕਰਨਾ ਚਾਹੁੰਦਾ। ਭਾਵ ਰੋਮ ਜਲ ਰਿਹਾ ਅਤੇ ਨੀਰੂ ਬੰਸੀ ਵਜਾ ਰਿਹਾ ਹੈ। ਐਸੇ ਰਾਜਾਸ਼ਾਹ ਨੂੰ ਲੋਕਸ਼ਾਹੀ ਦਸਤੂਰ ਨਾਲ ਕੋਈ ਸਰੋਕਾਰ ਨਹੀਂ ਹੁੰਦਾ।
-
ਦਰਬਾਰਾ ਸਿੰਘ ਕਾਹਲੋਂ, ਲੇਖਕ
kahlondarbarasingh@gmail.com
******
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.