ਲੁਧਿਆਣਾ 11 ਮਾਰਚ 2020 - ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਅੱਜ 78 ਵੇੰ ਜਨਮ ਦੀ ਅਹਿਮੀਅਤ ਇਹ ਹੈ ਕਿ ਪਟਿਆਲਾ ਰਾਜ ਘਰਾਣੇ ਦੇ ਹੁਣ ਤੱਕ ਹੋਏ ਜੇਠੇ ਪੁੱਤਰਾਂ ਚੋਂ ਉਹਨਾਂ ਨੂੰ ਹੀ ਸਭ ਤੋ ਲੰਮੀ ਉਮਰ ਭੋਗਣ ਦੀ ਖੁਸ਼ਕਿਸਮਤੀ ਮਿਲੀ ਹੈ।ਹਾਲਾਂਕਿ ਬਾਬਾ ਆਲਾ ਸਿੰਘ ਦੀ ਉਮਰ ਦੀ ਬਰਾਬਰੀ ਕਰਨ ਦਾ ਸੁਭਾਗ ਤਾਂ ਉਹਨਾ ਨੂੰ ਚਾਰ ਸਾਲ ਪਹਿਲਾਂ ਹੀ ਹਾਸਲ ਹੋ ਗਿਆ ਸੀ ਤੇ ਐਤਕੀਂ ਉਨ੍ਹਾਂ ਨੇ ਇਸ ਰਿਕਾਰਡ ਵਿੱਚ ਚਾਰ ਸਾਲਾਂ ਹੋਰ ਇਜ਼ਾਫਾ ਕਰ ਲਿਆ ਹੈ
ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਤੋਂ ਲੈ ਕੇ ਲੰਘੀਆਂ 11 ਪੁਸ਼ਤਾਂ ਮਗਰੋਂ ਸਿਰਫ ਅਮਰਿੰਦਰ ਸਿੰਘ ਹੀ ਹਨ ਜਿੰਨਾ ਨੂੰ 78 ਦੀਵਾਲੀਆਂ ਦੇਖਣੀਆਂ ਨਸੀਬ ਹੋਈਆਂ ਹਨ । ਬਾਬਾ ਆਲਾ ਸਿੰਘ ਤਾਂ 74 ਵਰੇ ਦੀ ਉਮਰ ਭੋਗ ਗਏ ਪਰ ਉਨਾਂ ਤੋਂ ਮਗਰੋਂ ਰਿਆਸਤ ਦੇ ਮੁੱਖੀ ਛੋਟੀਆਂ-ਛੋਟੀਆਂ ਉਮਰਾਂ ਵਿੱਚ ਹੀ ਰੱਬ ਨੂੰ ਪਿਆਰੇ ਹੁੰਦੇ ਗਏ । ਰਿਆਸਤੀ ਪਰਿਵਾਰ ਦੇ ਵੱਡੇ ਪੁੱਤਰਾਂ ਦੀ ਔਸਤ ਉਮਰ ਮਸਾਂ 44 ਸਾਲ ਬਣਦੀ ਹੈ ਇਸ ਮਾਮਲੇ ਵਿੱਚ ਰਿਆਸਤ ਦਾ ਲਗਭਗ 3 ਸਦੀਆਂ ਦਾ ਇਤਿਹਾਸ ਕੁੱਝ ਇਸ ਤਰਾਂ ਹੈ ।
1691 ਨੂੰ ਜਨਮੇਂ ਤੇ ਪਟਿਆਲਾ ਰਿਆਸਤ ਦਾ ਮੁੱਢ ਬਨੱਣ ਵਾਲੇ ਬਾਬਾ ਆਲਾ ਸਿੰਘ 74 ਵਰੇ ਦੀ ਉਮਰ ਭੋਗ ਕੇ 1765 ਨੂੰ ਫੌਤ ਹੋਏ । 1711 ਵਿੱਚ ਜਨਮਿਆ ਉਨਾਂ ਦਾ ਪੁੱਤਰ ਟਿੱਕਾ ਸਰਦੂਲ ਸਿੰਘ ਆਪਣੇ ਪਿਤਾ ਦੇ ਜਿਉਂਦੇ ਜੀ ਹੀ 42 ਸਾਲ ਦੀ ਉਮਰ ਵਿੱਚ 1753 ਨੂੰ ਝੜਾਈ ਕਰ ਗਿਆ । ਸਰਦੂਲ ਸਿੰਘ ਦਾ ਪੁੱਤਰ ਰਾਜਾ ਅਮਰ ਸਿੰਘ ਰਿਆਸਤ ਦਾ ਦੂਜਾ ਮੁੱਖੀ ਬਣਿਆ ਉਸ ਦਾ ਜਨਮ 1748 ਨੂੰ ਹੋਇਆ ਅਤੇ ਆਪਣੀ ਉਮਰ ਦੇ 33 ਵੇਂ ਸਾਲ 1781 ਚ ਉਹਨੂੰ ਕਾਲ ਨੇ ਆ ਘੇਰਿਆ ।
ਰਿਆਸਤ ਦਾ ਤੀਜਾ ਮੁੱਖੀ ਰਾਜਾ ਸਾਹਿਬ ਸਿੰਘ ( 1773-1813 ) 40 ਸਾਲਾਂ ਦੀ ਉਮਰ ਵਿੱਚ ਇਸ ਜਹਾਨੋਂ ਕੂਚ ਕਰ ਗਿਆ । ਚੌਥੇ ਰਾਜਾ ਮਹਾਰਾਜਾ ਕਰਮ ਸਿੰਘ ਨੇ (1789- 1845 ) 56 ਸਾਲਾਂ ਦੀ ਉਮਰ ਵਿੱਚ ਹੀ ਇਸ ਆਲਮ ਨੂੰ ਅਲਵਿਦਾ ਕਹਿ ਦਿੱਤੀ 1823 ਵਿੱਚ ਪੈਦਾ ਹੋਏ ਮਹਾਰਾਜਾ ਨਰਿਦਰ ਸਿੰਘ ਰਿਆਸਤ ਦੇ ਅਗਲੇ ਮਹਾਰਾਜਾ ਬਣੇ ਜਿੰਦਗੀ ਦੇ 45 ਵਰੇ ਭੋਗਣ ਮਗਰੋਂ ਹੀ ਉਹ 1862 ਨੂੰ ਉਹ ਹੋਣੀ ਦੇ ਗੇੜ ਵਿੱਚ ਆ ਗਏ।
ਰਿਆਸਤ ਦੇ ਛੇਵੇ ਮੁੱਖੀ ਮਹਾਰਾਜਾ ਮਹਿੰਦਰ ਸਿੰਘ ਨੂੰ ਭਰ ਜਵਾਨੀ ਵਿੱਚ ਹੀ ਮੌਤ ਨੇ ਆ ਦਬੋਚਿਆ । 1852 ਵਿੱਚ ਜਨਮੇਂ ਮਹਿੰਦਰ ਸਿੰਘ ਦੀ ਮੌਤ 24 ਵੇਂ ਸਾਲ ਵਿੱਚ 1876 ਨੂੰ ਹੋਈ । ਸੱਤਵੇਂ ਮਹਾਰਾਜੇ ਰਜਿੰਦਰ ਸਿੰਘ ਵੀ ਆਪਣੇ ਪਿਤਾ ਨਾਲੋਂ ਕੋਈ ਬਹੁਤੀ ਉਮਰ ਨਾ ਭੋਗ ਸਕੇ । 1872 ਵਿੱਚ ਜਨਮੇਂ ਰਜਿੰਦਰ ਸਿੰਘ ਜਿੰਦਗੀ ਦੇ 28 ਵੇਂ ਵਰੇ ਵਿੱਚ ਹੀ ਸਨ 1900 ਨੂੰ ੳਹਨਾ ਸਿਰ ਮੌਤ ਦਾ ਕਹਿਰ ਟੁੱਟ ਪਿਆ । ਅੱਠਵੇਂ ਮਹਾਰਜੇ ਭੁਪਿੰਦਰ ਸਿੰਘ (1891- 1938) ਨੂੰ ਵੀ ਸਿਰਫ 39 ਵਰੇ ਜਿਉਣਾ ਨਸੀਬ ਹੋਈਆ । ਉਨਹਨਾ ਦਾ ਪੁੱਤਰ ਯਾਦਵਿੰਦਰ ਸਿੰਘ ਪਟਿਆਲਾ ਰਿਆਸਤ ਦਾ ਨੌਵਾਂ ਮਹਾਰਾਜਾ ਬਣਿਆ । 1913 ਵਿੱਚ ਜਨਮੇਂ ਯਾਦਵਿੰਦਰ ਸਿੰਘ 61 ਵਰਿਆਂ ਦੀ ਉਮਰ ਵਿੱਚ 1974 ਨੂੰ ਵਫਾਤ ਪਾ ਗਏ । ਰਾਜ ਗੱਦੀ ਦੇ ਹਿਸਾਬ ਨਾਲ ਤਾਂ ਉਨਾਂ ਦਾ ਨੰਬਰ ਨੌਵਾਂ ਸੀ ਪਰ ਬਾਬਾ ਆਲਾ ਸਿੰਘ ਦਾ ਪੁੱਤਰ ਟਿੱਕਾ ਸਰਦੂਲ ਸਿੰਘ ਰਾਜ ਗੱਦੀ ਤੇ ਬੈਠਣ ਤੋਂ ਪਹਿਲਾਂ ਹੀ ਫੌਤ ਹੋ ਗਿਆ ਸੀ ਜਿਸ ਕਰਕੇ ਪੁਸ਼ਤ ਦੇ ਹਿਸਾਬ ਨਾਲ ਪਟਿਆਲਾ ਰਾਜ ਘਰਾਣੇ ਵਿੱਚ ਉਨਾਂ ਦੀ ਪੁਸ਼ਤ ਦਸਵੀਂ ਬਣਦੀ ਹੈ ।
ਮਹਾਰਾਜਾ ਯਾਦਵਿੰਦਰ ਸਿੰਘ ਦੇ ਵੱਡੇ ਪੁੱਤਰ ਮਹਾਰਾਜਾ ਅਮਰਿੰਦਰ ਸਿੰਘ ਨੂੰ ਬਾਬਾ ਆਲਾ ਸਿੰਘ ਮਗਰੋਂ 11 ਵੀਂ ਪੁਸ਼ਤ ਵਿੱਚ ਜਾਕੇ ਰਾਜ ਘਰਾਣੇ ਦੇ ਕਿਸੇ ਵੱਡੇ ਫਰਜੰਦ ਵਲੋਂ ਸੱਭ ਤੋਂ ਵੱਡੀ ਉਮਰ ਭੋਗਣ ਦਾ ਸੁਭਾਗ ਪ੍ਰਾਪਤ ਹੋਇਆ ਹੈ । ਸੋ ਰਾਜ ਘਰਾਣੇ ਲਈ ਇਸ ਦਿਨ ਦੀ ਖਾਸ ਅਹਿਮੀਅਤ ਹੈ ।ਭਾਵੇਂ ਸਰਕਾਰ ਨੇ ਮਹਾਂਰਾਜਿਆਂ ਦੇ ਖਿਤਾਬ ਦਾ ਤਾਂ 1971 ਚ ਹੀ ਖਤਮ ਕਰ ਦਿੱਤੇ ਸਨ ਪਰ ਮਹਾਂਰਾਜਿਆਂ ਦੇ ਵੱਡੇ ਪੁੱਤਰਾਂ ਦੀ ਬਤੌਰ ਮਹਾਂਰਾਜਾ ਤਾਜਪੋਸ਼ੀ ਦੀ ਰਸਮ ਬਕਾਇਦਾ ਤੌਰ ਤੇ ਅਜੇ ਤੱਕ ਕੀਤੀ ਜਾਂਦੀ । ਪਟਿਆਲਾ ਰਿਆਸਤ ਦੇ ਮਹਾਂਰਾਜਾ ਯਾਦਵਿੰਦਰ ਸਿੰਘ ਦੀ 1974 ਚ ਹੋਈ ਮੌਤ ਮਗਰੋਂ ਉਹਨਾ ਦੇ ਜੇਠੇ ਪੁੱਤਰ ਅਮਰਿੰਦਰ ਸਿੰਘ ਦੀ ਰਸਮ ਤਾਜਪੋਸ਼ੀ ਉਸ ਮੌਕੇ ਦੇ ਪ੍ਰੈਜ਼ੀਡੈਂਟ ਐਸ ਜੀ ਪੀ ਸੀ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਨਿਭਾਈ ਸੀ
ਗੁਰਪ੍ਰੀਤ ਸਿੰਘ ਮੰਡਿਆਣੀ
8872664000
-
ਗੁਰਪ੍ਰੀਤ ਸਿੰਘ ਮੰਡਿਆਣੀ, ਖੋਜੀ ਪੱਤਰਕਾਰ ਤੇ ਲੇਖਕ
gurpreetmandiani@gmail.com
88726-64000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.