ਪੰਜਾਬੀ ਇੱਕ ਮਾਰਸ਼ਲ ਕੌਮ ਹਨ। ਮਿਹਨਤੀ, ਇਮਾਨਦਾਰ, ਦੂਜਿਆਂ ਦੇ ਦੁੱਖ-ਸੁੱਖ ’ਚ ਭਾਈਵਾਲ, ਨਿਤਾਣਿਆਂ ਨਿਮਾਣਿਆਂ ਦੀ ਬਾਂਹ ਫੜਨ ਵਾਲੇ, ਸਵੈ-ਮਾਨੀ, ਅਣਖੀਲੇ ਅਤੇ ਬਹਾਦਰ ਚੰਗੀ ਸਾਫ-ਸੁਥਰੀ ਸੋਚ ਨੂੰ ਪ੍ਰਣਾਏ।
ਕਿਸੇ ਖਿੱਤੇ ਦੇ ਲੋਕਾਂ ਦੀ ਸੋਚ ਉੱਪਰ ਉਥੋਂ ਦੀਆਂ ਭੂਗੋਲਿਕ, ਰਾਜਸੀ, ਆਰਥਿਕ ਅਤੇ ਸਮਾਜਿਕ ਹਾਲਤਾਂ ਦਾ ਬਹੁਤ ਅਸਰ ਹੁੰਦਾ ਹੈ। ਹਾਲਤਾਂ ’ਚ ਤਬਦੀਲੀ ਨਾਲ ਲੋਕਾਂ ਦੀ ਸੋਚ ਵੀ ਬਦਲਦੀ ਹੈ। ਪੰਜਾਬ ਦੀ ਭੂਗੋਲਿਕ ਸਥਿਤੀ ਅਤੇ ਸਿਆਸੀ ਹਾਲਤ ਨੇ ਇਥੋਂ ਦੇ ਵਸਨੀਕਾਂ ਨੂੰ ਲਗਾਤਾਰ ਜੰਗਾਂ ਵਿੱਚ ਧੱਕੀ ਰੱਖਿਆ, ਜਿਸ ਕਰਕੇ ਪੰਜਾਬੀਆਂ ਵਿੱਚ ਲੜਨ ਮਰਨ ਦੀ ਭਾਵਨਾ ਘਰ ਕਰ ਗਈ ਅਤੇ ਉਹ ਬਹਾਦਰ ਅਤੇ ਅਣਖੀਲੇ ਮੰਨੇ ਜਾਣ ਲੱਗੇ। ਪਰ ਇਸ ਸਭ ਕੁਝ ਦੇ ਵਿਚਕਾਰ ਇਥੋਂ ਦੇ ਸੁਚੇਤ ਲੋਕਾਂ ਨੇ ਕਲਮ ਨਾਲ ਸਾਂਝ ਪਾਈ ਰੱਖੀ। ਇਸ ਉਪਜਾਊ ਧਰਤੀ ਉੱਤੇ ਬੇਅੰਤ ਉਪਜਾਊ ਕਲਮਾਂ ਪੈਦਾ ਹੋਈਆਂ, ਜਿਸ ਨਾਲ ਇਹ ਧਰਤੀ ਸਭਿਆਚਾਰਕ ਤੌਰ ’ਤੇ ਅਮੀਰ ਹੋਈ ਅਤੇ ਇਥੋਂ ਦੇ ਲੋਕਾਂ ਦੀ ਸੋਚ, ਲੋਕ ਹਿਤੈਸ਼ੀ, ਬਣੀ ਤੇ ਲੋਕ-ਸੇਵਾ ਵੱਲ ਵਧੇਰੇ ਰੁਚਿਤ ਹੋਏ। ਜ਼ਰੂਰੀ ਸੀ ਲੇਖਕਾਂ, ਬੁਧੀਜੀਵੀਆਂ ਦੇ ਨਾਲ-ਨਾਲ ਖੋਜ ਕਰਨ ਵਾਲਿਆਂ ਦੀ ਵੀ ਲੋਕਾਂ ਨਾਲ ਸਾਂਝ ਪੈਂਦੀ। ਬਾਬਾ ਗੁਰੂ ਨਾਨਕ ਦੇਵ ਜੀ ਜਿਨਾਂ ਦੁਨੀਆਂ ਭਰ ਵਿੱਚ ਚਾਰ ਉਦਾਸੀਆਂ ਕੀਤੀਆਂ, ਲੋਕਾਂ ਨਾਲ ਸੰਵਾਦ ਰਚਾਇਆ, ਆਪਣਾ ਗਿਆਨ ਉਨਾਂ ਨਾਲ ਵੰਡਿਆ। ਗੁਰੂ ਨਾਨਕ ਦੇਵ ਜੀ ਦੇ ਕਦਮ ਚਿੰਨਾ ’ਤੇ ਸਿੱਖਿਆ ਦੇ ਚਲਦਿਆਂ ਕੁਝ ਸੁਚੇਤ ਪੰਜਾਬੀਆਂ ਭਰਮਣ ਦਾ ਰਾਹ ਫੜਿਆ। ਆਪਣਿਆਂ ਅਤੇ ਹੋਰਨਾਂ ਦੇ ਗਿਆਨ ਦੇ ਭੰਡਾਰ ਉਨਾਂ ਦੀਆਂ ਬਰੂਹਾਂ ’ਤੇ ਜਾ ਕੇ ਖੰਗਾਲੇ।
ਇਹ ਵਿਲੱਖਣ ਸਖਸ਼ੀਅਤ ਅੰਤਰਰਾਸ਼ਟਰੀ ਪੱਤਰਕਾਰ, ਨਰਪਾਲ ਸਿੰਘ ਸ਼ੇਰਗਿੱਲ ਇਹੋ ਜਿਹੇ ਪੰਜਾਬ ਦੀ ਤਰਜਮਾਨੀ ਕਰਨ ਵਾਲਾ ਪੰਜਾਬੀ ਹਿਤੈਸ਼ੀ ਸਿਰਮੌਰ ਖੋਜੀ ਪੱਤਰਕਾਰ ਹੈ, ਜਿਸ ਨੇ ਪੰਜਾਬੀਆਂ ਨੂੰ ਆਪਣੀ ਲਿਖਤਾਂ ਅਤੇ ਖੋਜਾਂ ਵਿੱਚ ਉਹ ਕੁਝ ਦਿੱਤਾ ਹੈ, ਜੋ ਸ਼ਾਇਦ ਬਹੁਤ ਘੱਟ ਲੇਖਕਾਂ, ਪੱਤਰਕਾਰਾਂ, ਖੋਜੀ ਪੱਤਰਕਾਰਾਂ ਦੇ ਹਿੱਸੇ ਆਇਆ ਹੈ।ਪੰਜਾਬੀ ਸੱਭਿਆਚਾਰ ਦੇ 550 ਸਾਲਾਂ ਦੀਆਂ ਪੱਤਰੀਆਂ ਖੋਲਦਿਆਂ ਉਸ ‘‘ਪੰਜਾਬੀ ਹੈਰੀਟੇਜ ਆਫ 550 ਯੀਅਰਜ’’ ਆਪਣੀ ਲਗਭਗ ਸਾਲਾਨਾ ਲਿਖੀ ਜਾ ਰਹੀ ਖੋਜ ਪੁਸਤਕ ਦਾ 22ਵਾਂ ਅੰਕ ਇੰਡੀਅਨਜ਼ ਐਬਰੋਡ 2020 (ਹੈਰੀਟੇਜ ਐਡੀਸ਼ਨ) ਲੋਕ ਅਰਪਿਤ ਕੀਤਾ ਹੈ। ਜਿਸ ਦਾ ਅੰਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਹੜੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬੀ.ਐਸ. ਘੁੰਮਣ ਨੇ ਜਾਰੀ ਕੀਤਾ।
ਇਸ ਅੰਕ ਵਿੱਚ ਬਹੁਤ ਕੁਝ ਹੈ। ਆਉ ਆਪਾ ਹੀ ਇੱਕ ਝਾਤੀ ਮਾਰਦੇ ਹਾਂ-
1. ਏ ਫੋਰ ਮਾਪ ਦੇ ਵੰਨੇ-ਸੁਵੰਨੇ ਰੰਗਾਂ ਵਾਲੇ ਆਰਟ ਪੇਪਰ ਤੇ ਛਪੇ 388 ਸਫਿਆਂ ਨਾਲ ਇਹ ਅੰਕ ਸ਼ਿੰਗਾਰਿਆ ਗਿਆ ਹੈ।
2. ਇਸ ਵਡਮੁੱਲੇ ਅੰਕ ਵਿੱਚ ਗਿਣਤੀ ਦੀਆਂ 8 ਅੰਤਰਰਾਸ਼ਟਰੀ ਡਾਇਰੈਕਟਰੀਆਂ ਹਨ, ਜਿਨਾਂ ਵਿੱਚ 52 ਦੇਸ਼ਾਂ ਦੇ ਪੰਜਾਬੀਆਂ ਦੇ ਥਹੁ-ਪਤੇ ਹਨ ਜੋ ਵਿਦੇਸ਼ਾਂ ’ਚ ਨਿਵਾਸ ਕਰਦੇ ਹਨ ਅਤੇ ਲਗਭਗ 114 ਦੇਸ਼ਾਂ ’ਚ ਭਾਰਤੀ ਡਿਪਲੋਮੈਟਿਕ ਮਿਸ਼ਨਾਂ ਅਤੇ 150 ਕਨਸੂਲੇਟਾਂ ਦੀ ਜਾਣਕਾਰੀ ਹੈ।
3. ਭਾਰਤ ਤੋਂ ਬਾਹਰ ਵਿਦੇਸ਼ਾਂ ਵਿੱਚ ਛਪਦੇ ਗਲੋਬਲ ਮੀਡੀਆ ਅਤੇ ਭਾਰਤੀ ਅਖਬਾਰਾਂ ਦਾ ਵੇਰਵਾ ਇਸ ਵਿੱਚ ਸ਼ਾਮਿਲ ਹੈ।
4. ਭਾਰਤ ਤੋਂ ਬਾਹਰ ਸਥਾਪਿਤ ਭਾਰਤੀ ਲੋਕਾਂ ਦੀਆਂ ਸੰਸਥਾਵਾਂ ਦੇ ਪਤੇ, ਵੇਰਵੇ ਇਸ ’ਚ ਅੰਕਿਤ ਹਨ।
5. ਪੰਜਾਬੀ ਪ੍ਰਵਾਸੀਆਂ ਦੀ ਅੰਤਰ ਰਾਸ਼ਟਰੀ ਡਾਇਰੈਕਟਰੀ ਇਸ ਅੰਕ ਦਾ ਸ਼ਿੰਗਾਰ ਹੈ।
6. ਪ੍ਰਵਾਸੀਆਂ ਦੀ ਕਾਰੋਬਾਰੀ ਡਾਇਰੈਕਟਰੀ ਨੇ ਇਸ ਅੰਕ ਦਾ ਮੂੰਹ ਮੱਥਾ ਸ਼ਿੰਗਾਰਿਆ ਹੈ।
7. ਸਿੱਖ ਜਗਤ ਦੀ ਏ ਟੂ ਜ਼ੈਡ (ਅਫਗਾਨਿਸਤਾਨ ਤੋਂ ਜ਼ਾਬੀਆ ਅਤੇ ਅਨੰਦਪੁਰ ਸਾਹਿਬ ਤੋਂ ਜ਼ਫਰਨਾਮਾ ਸਾਹਿਬ) ਤੱਕ ਦੇ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਦੇ ਬਾਰੇ ਖੋਜ ਭਰਪੂਰ ਜਾਣਕਾਰੀ ਇਸ ਅੰਕ ਤੋਂ ਮਿਲ ਸਕਦੀ ਹੈ।
8. ਵੱਖੋ-ਵੱਖਰੇ ਖੇਤਰਾਂ ਭਾਰਤੀ, ਪੰਜਾਬੀਆਂ, ਸਿੱਖਾਂ ਦੀਆਂ ਪ੍ਰਾਪਤੀਆਂ ‘ਦੀ ਕਲਾਸ ਆਫ ਫਸਟਜ’ ਵਿੱਚ ਸ਼ਾਮਿਲ ਹਨ।
9. ਭਾਰਤੀ ਕਲਾ ਅਤੇ ਚਿੱਤਰਕਾਰੀ, ਵਿਸ਼ਵ ਭਰ ਦੇ ਪੰਜਾਬੀ ਲੇਖਕ, ਵਿਸ਼ਵ ਪੰਜਾਬੀ ਕਬੱਡੀ, ਸਿੱਖਾਂ ਦੇ ਵਿਸ਼ਵ ਭਰ ’ਚ ਸਬੰਧਾਂ ਦੇ ਪਸਾਰ ਅਤੇ 114 ਸਾਲਾਂ ’ਚ ਵਿਸ਼ਵ ਭਰ ’ਚ ਸਿੱਖ ਵਿਰੋਧੀ ਸੰਪਰਦਾਇਕ ਵਿਤਕਰਿਆਂ ਦੀ ਦਾਸਤਾਨ ਦੇ ਖੋਜ ਭਰਪੂਰ ਲੇਖ ਅਤੇ ਸਪਲੀਮੈਂਟ ਇਸ ਪੁਸਤਕ ਦਾ ਸ਼ਿੰਗਾਰ ਹਨ।
ਇਸ ਆਪਣੀ ਕਿਸਮ ਦੀ ਪੁਸਤਕ ਵਿੱਚ ਵਿਸ਼ਵ ਪ੍ਰਸਿੱਧੀ ਪ੍ਰਾਪਤ ਲੇਖਕਾਂ ਅਤੇ ਪੱਤਰਕਾਰਾਂ, ਵਿਦੇਸ਼ ਵਸਦੇ ਲੇਖਕਾਂ, ਪੱਤਰਕਾਰਾਂ ਜਿਨਾਂ ਵਿੱਚ ਗੁਰਮੀਤ ਸਿੰਘ ਪਲਾਹੀ, ਉਜਾਗਰ ਸਿੰਘ, ਅਵਤਾਰ ਸਿੰਘ, ਸੰਤੋਖ ਲਾਲ ਵਿਰਦੀ, ਡਾ. ਸੁਜਿੰਦਰ ਸਿੰਘ ਸੰਘਾ, ਯੂ.ਕੇ., ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ ਯੂ.ਕੇ., ਭੁਪਿੰਦਰ ਸਿੰਘ ਹੌਲੈਂਡ, ਐਸ. ਬਲਵੰਤ ਯੂ.ਕੇ., ਬਲਵਿੰਦਰ ਸਿੰਘ ਚਾਹਲ ਯੂ.ਕੇ., ਸੰਤੋਖ ਸਿੰਘ ਭੁੱਲਰ ਯੂ.ਕੇ., ਸਿਰਮਜੀਤ ਸਿੰਘ ਕੰਗ, ਪ੍ਰੋ. ਹਰਬੰਸ ਸਿੰਘ ਬੋਲੀਨਾ, ਪ੍ਰੋ. ਰਣਜੀਤ ਸਿੰਘ ਧਨੋਆ, ਡਾ. ਪਰਮਜੀਤ ਸਿੰਘ ਮਾਨਸਾ, ਡਾ. ਤਾਰਾ ਸਿੰਘ ਆਲਮ ਯੂ.ਕੇ., ਜਰਨੈਲ ਸਿੰਘ ਆਰਟਿਸਟ ਕੈਨੇਡਾ, ਜਗਮੋਹਨ ਸਿੰਘ ਗਿੱਲ ਕਲਕੱਤਾ, ਜਸਵਿੰਦਰ ਸਿੰਘ ਦਾਖਾ, ਸਾਬਕਾ ਡਿਪਟੀ ਕਮਿਸ਼ਨਰ ਜੀ.ਕੇ. ਸਿੰਘ, ਹਰਪ੍ਰੀਤ ਔਲਖ ਅਤੇ ਸੰਪਾਦਕ ਨਰਪਾਲ ਸਿੰਘ ਸ਼ੇਰਗਿੱਲ ਅਤੇ ਹੋਰਨਾਂ ਦੇ ਖੋਜ ਭਰਪੂਰ ਅਤੇ ਅਮੀਰ ਪੰਜਾਬੀ ਵਿਰਸੇ ’ਚ ਵਾਧਾ ਕਰਨ ਵਾਲੇ ਵੱਖੋ-ਵੱਖਰੇ ਵਿਸ਼ਿਆਂ ਤੇ ਲੇਖ ਸ਼ਾਮਲ ਕੀਤੇ ਗਏ ਹਨ। ਕਮਾਲ ਦੀ ਗੱਲ ਤਾਂ ਇਹ ਹੈ ਕਿ ਇਹ ਪੁਸਤਕ ਇਕ ਇਹੋ ਜਿਹੇ ਸਖਸ਼ ਵੱਲੋਂ ਘਰ ਬੈਠ ਕੇ, ਇੰਟਰਨੈੱਟ ਦੀ ਸਹਾਇਤਾ ਲੈ ਕੇ ਹੀ ਤਿਆਰ ਨਹੀਂ ਕੀਤੀ ਗਈ, ਜਿਵੇਂ ਕਿ ਅੱਜਕੱਲ ਦੇ ਕਥਿਤ ਵਿਦਵਾਨ ਕਰਦੇ ਹਨ, ਸਗੋਂ ਦੁਨੀਆਂ ਦੇ ਵੱਖੋ-ਵੱਖਰੇ ਦੇਸ਼ਾਂ ਵਿੱਚ ਆਪ ਜਾ ਕੇ, ਨਿੱਜੀ ਜਾਣਕਾਰੀ ਲੈ ਕੇ, ਉਨਾਂ ਥਾਵਾਂ, ਗੁਰਦੁਆਰਿਆਂ ਦਾ ਇਤਿਹਾਸ ਫਰੋਲ ਕੇ, ਮਾਣ-ਮੱਤੀਆਂ ਉਨਾਂ ਪੰਜਾਬੀ ਭਾਰਤੀ ਸਖ਼ਸ਼ੀਅਤ ਨਾਲ ਮਿਲ ਬੈਠ ਕੇ ਤਿਆਰ ਕੀਤੀ ਗਈ ਹੈ। ਇਹ ਕਾਰਜ ਬਹੁਤ ਹੀ ਸੂਰਮਤਾਈ ਦਾ ਪਵਿੱਤਰ ਕਾਰਜ ਸੀ। ਜੋ ਲੇਖਕ ਨੇ ਭਰਪੂਰ ਨਿਭਾਇਆ ਹੈ ਅਤੇ ਵੱਡੀਆਂ ਸਿੱਖ ਸੰਸਥਾਵਾਂ, ਸਰਕਾਰੀ ਮਹਿਕਮਿਆਂ ਯੂਨੀਵਰਸਿਟੀਆਂ ਨੂੰ ਮਾਤ ਪਾਇਆ ਹੈ, ਜਿਨਾਂ ਦਾ ਕੰਮ ਸਿੱਖ ਇਤਿਹਾਸ, ਪੰਜਾਬ ਦੇ ਇਤਿਹਾਸ, ਪ੍ਰਵਾਸੀ ਭਾਰਤੀਆਂ ਬਾਰੇ ਜਾਣਕਾਰੀ ਤੇ ਖੋਜ ਕਰਨਾ ਹੈ। ਨਰਪਾਲ ਸਿੰਘ ਸ਼ੇਰਗਿੱਲ ਇਸ ਗੱਲੋਂ ਸ਼ਲਾਘਾ ਦਾ ਪਾਤਰ ਹੈ ਕਿ ਉਸ ਆਪਣੀ ਇਸ ਪੁਸਤਕ ਜਾਂ ਪਹਿਲਾਂ ਛਪੇ 21 ਐਡੀਸ਼ਨਾਂ ਵਿੱਚ ਸਰਕਾਰੀ ਇਸ਼ਤਿਹਾਰਾਂ ਦੀ ਝਾਕ ਨਹੀਂ ਰੱਖੀ ਅਤੇ ਨਾ ਹੀ ਕਦੇ ਸਰਕਾਰੀ ਮਾਣ-ਸਨਮਾਨ ਦੀ ਤਵੱਕੋ ਕੀਤੀ ਹੈ, ਵਿਸ਼ਵ ਪੱਧਰ ਦੀਆਂ ਲੇਖਕਾਂ, ਪੱਤਰਕਾਰਾਂ, ਸਭਿਾਚਾਰਕ ਸੰਸਥਾਵਾਂ, ਧਾਰਮਿਕ ਸੰਸਥਾਵਾਂ ਨੇ ਉਹਨਾ ਦੇ ਕੰਮ ਦੀ ਸਦਾ ਕਦਰ ਕੀਤੀ ਹੈ ਅਤੇ ਉਹਨਾ ਦੇ 55 ਵਰਿਆਂ ਦੇ ਖੋਜੀ ਪੱਤਰਕਾਰੀ ਸਫਰ ਨੂੰ ਸਦਾ ਸਨਮਾਨਿਆ ਹੈ।
ਸਾਲ 1982 ਵਿੱਚ ਦਿੱਲੀ ਵਿੱਚ ਹੋਈ ਕਾਮਨਵੈਲਥ ਕਾਨਫਰੰਸ ਵਿੱਚ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੇ ਉਨਾਂ ਦੀਆਂ ਅੰਤਰਰਾਸ਼ਟਰੀ ਪੱਤਰਕਾਰੀ ਦੀਆਂ ਵਿਲੱਖਣ ਪ੍ਰਾਪਤੀਆਂ ਕਾਰਨ ਉਹਨਾ ਨੂੰ ਸਨਮਾਨਿਆ। 25 ਸਤੰਬਰ 1995 ਨੂੰ ਸ੍ਰੀ ਅਕਾਲ ਤਖਤ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨੇ ਉਹਨਾ ਨੂੰ ਸਿੱਖ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਦੀ ਪਹਿਲੀ ਅੰਤਰਰਾਸ਼ਟਰੀ ਡਾਇਰੈਕਟਰੀ ਛਾਪਣ ਲਈ ਸਨਮਾਨਿਆ। 25 ਦਸੰਬਰ 2004 ਨੂੰ ਮੌਕੇ ਦੇ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਅਤੇ ਪ੍ਰਧਾਨ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾ ਦੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਸਨਮਾਨਤ ਕੀਤਾ। ਜਨਵਰੀ 2013 ਵਿੱਚ ਅੰਤਰਰਾਸ਼ਟਰੀ ਪੰਜਾਬੀ ਪ੍ਰਵਾਸੀ ਕਾਨਫਰੰਸ ਜੋ ਮੈਰੀਅਟ ਹੋਟਲ ਚੰਡੀਗੜ ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਈ ਗਈ ਦੇ ਮੌਕੇ ’ਤੇ ਪਹਿਲਾਂ ਐਨ.ਆਰ.ਆਈ. ਮੀਡੀਆ ਕਾਰਡ, ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾ ਨੂੰ ਪ੍ਰਦਾਨ ਕੀਤਾ। ਸਾਲ 2015 ਵਿੱਚ ਪੰਜਾਬ ਮੀਡੀਆ ਅਕੈਡਮੀ ਜਲੰਧਰ ਨੇ ਉਹਨਾ ਨੂੰ ਵਿਸ਼ੇਸ਼ ਤੌਰ 'ਤੇ ਦੂਰਦਰਸ਼ਨ ਜਲੰਧਰ ਵਿਖੇ ਸਨਮਾਨਿਤ ਕੀਤਾ ਅਤੇ ਇਸ ਸਮੇਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਹੱਥੋਂ ਉਹਨਾ ਨੂੰ ਸ਼ੀਲਡ ਅਤੇ ਲੋਈ ਭੇਟ ਕੀਤੀ। ਸਾਲ 2016 ਵਿੱਚ ਪੰਜਾਬੀ ਵਿਰਸਾ ਟਰੱਸਟ ਵੱਲੋਂ ਪਹਿਲਾ ਅੰਤਰਰਾਸ਼ਟਰੀ ਮਾਣ ਮੱਤਾ ਪੰਜਾਬੀ ਕਾਲਮਨਵੀਸ ਪੱਤਰਕਾਰ ਸਨਮਾਨ ਫਗਵਾੜਾ ਵਿਖੇ ਉਨਾਂ ਦੀਆਂ ਕਾਲਮਨਵੀਸ ਵਜੋਂ ਵਿਸ਼ੇਸ਼ ਪ੍ਰਾਪਤੀਆਂ ਵਜੋਂ ਦਿੱਤਾ ਗਿਆ। 15 ਫਰਵਰੀ 2020 ਨੂੰ ਗਲੋਬਲ ਪੰਜਾਬ ਫਾਊਂਡੇਸ਼ਨ ਪਟਿਆਲਾ ਅਤੇ ਪੰਜਾਬੀ ਰਾਈਟਰਜ਼ ਕਲੱਬ ਚੰਡੀਗੜ ਵਿਖੇ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵਲੋਂ 22 ਫਰਵਰੀ 2020 ਨੂੰ ਪਟਿਆਲਾ ਵਿਖੇ ਮਾਂ ਬੋਲੀ ਦਿਵਸ ਸਮੇਂ ਉਨਾਂ ਦਾ ਸਨਮਾਨ ਕੀਤਾ ਗਿਆ।
ਨਰਪਾਲ ਸਿੰਘ ਸ਼ੇਰਗਿੱਲ ਦੀਆਂ ਇਨਾਂ ਪ੍ਰਾਪਤੀਆਂ ਉੱਤੇ ਪੰਜਾਬੀਆਂ ਨੂੰ ਮਾਣ ਹੈ, ਜਿਹੜੇ ਉਨਾਂ ਦੀਆਂ ਸੇਵਾਵਾਂ ਦੀ ਦਿਲੋਂ ਕਦਰ ਕਰਦੇ ਹਨ।
ਸ਼ਾਲਾ! ਸ਼ੇਰਗਿੱਲ ਭਵਿੱਖ ਵਿੱਚ ਇਸ ਤੋਂ ਵੀ ਵੱਡੀ ਪੁਲਾਘਾਂ ਪੁੱਟੇ ਅਤੇ ਪੰਜਾਬੀ ਸੱਭਿਆਚਾਰ ਸਾਹਿਤ, ਅਤੇ ਪੰਜਾਬੀ ਬੋਲੀ ਦੇ ਖਜ਼ਾਨੇ ਭਰਪੂਰ ਕਰੇ ਅਤੇ ਪੰਜਾਬੀਆਂ ਦੀਆਂ ਅਸੀਸਾਂ ਨਾਲ ਲੰਮੀ ਉਮਰ ਭੋਗੇ। ਅਸਲ ਵਿੱਚ ਤਾਂ ਨਰਪਾਲ ਸਿੰਘ ਸ਼ੇਰਗਿੱਲ ਦੇਸ਼-ਵਿਦੇਸ਼ ’ਚ ਨੰਗੇ ਪੈਰੀਂ ਤੁਰਦਾ, ਅਕਾਸ਼ਾਂ ’ਚ ਤਾਰੀਆਂ ਲਾਉਂਦਾ, ਇੱਕ ਧੁੰਨ ਵਿੱਚ ਸਵਾਰ, ਪੰਜਾਬ, ਪੰਜਾਬੀ, ਪੰਜਾਬੀਅਤ ਦਾ ਅਲੰਬਰਦਾਰ ਬਣਿਆ ਦਿਸਦਾ ਹੈ। ਨਰਪਾਲ ਸਿੰਘ ਸ਼ੇਰਗਿੱਲ ਆਪਣੇ ਸ਼ਬਦਾਂ ਵਿੱਚ ‘‘ਪੱਤਰਾ-ਪੱਤਰਾ ਖੋਜ ਦਾ ਬਣਿਆ ਇਕ ਕਿਤਾਬ, ਵਿਸ਼ਵ ’ਤੇ ਵਸਦਾ ਵੇਖ ਲਓ ਇਹ ਮੇਰਾ ਪੰਜਾਬ ।’’ ਨੂੰ ਸਾਰਥਕ ਕਰਦਾ ਆਪੂੰ ਪੰਜਾਬ ਬਨਣ ਦਾ ਮਾਣ ਹਾਸਲ ਕਰ ਚੁੱਕਾ ਹੈ।
ਈਮੇਲ: gurmitpalahi@yahoo.com
ਗੁਰਮੀਤ ਸਿੰਘ ਪਲਾਹੀ
98158-02070
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.