ਉਹ ਅਕਸਰ ਹੀ ਇਸ ਜਹਾਨ ਤੋਂ ਤੁਰ ਜਾਣ ਦੀਆਂ ਗੱਲਾਂ ਕਰਦਾ ਸੀ। ਉਹ ਭਰ ਜਵਾਨੀ ਵਿਚ ਮਰਨ ਦਾ ਇਛੁੱਕ ਸੀ, ਇਸੇ ਲਈ ਹੀ ਉਹ ਕਹਿੰਦਾ ਸੀ ਕਿ...
ਅਸਾਂ ਤਾਂ ਜੋਬਨ ਰੁੱਤੇ ਮਰਨਾ
ਤੁਰ ਜਾਣਾ ਅਸਾਂ ਭਰੇ ਭਰਾਏ
ਹਿਜ਼ਰ ਤੇਰੇ ਦੀ ਕਰ ਪਰਿਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ...
ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਕ ਮਰਦੇ
ਜਾਂ ਕੋਈ ਕਰਮਾਂ ਵਾਲਾ ...
'ਸ਼ਿਵ' ਦੇ ਇਹਨਾਂ ਸ਼ਬਦਾਂ ਨੂੰ ਦੇਖਦਿਆਂ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ 'ਸ਼ਿਵ' ਫੁੱਲ ਬਣਿਆ ਜਾਂ ਤਾਰਾ ਬਣਿਆ ਪਰ 'ਸ਼ਿਵ' ਵਾਕਿਆ ਹੀ ਕਰਮਾਂ ਵਾਲਾ ਸੀ।ਇਕ ਸੱਚਾ-ਸੁੱਚਾ ਆਸ਼ਿਕ ਸੀ 'ਬਿਰਹਾ ਦਾ ਆਸ਼ਿਕ'।ਜਿਸਨੇ 'ਬਿਰਹਾ' ਦੀ ਰੱਬ ਵਾਂਗ ਪੂਜਾ ਕੀਤੀ।
'ਬਿਰਹਾ' 'ਸ਼ਿਵ' ਦੀ ਧਰੋਹਰ ਸੀ ਜੋ ਉਸਨੇ ਆਪਣੀ ਰਹਿੰਦੀ ਦੁਨੀਆਂ 'ਚੋਂ ਕਮਾਈ ਸੀ।'ਬਿਰਹਾ' ਤੋਂ ਬਿਨਾਂ 'ਸ਼ਿਵ' ਨੂੰ ਇਹ ਜੀਵਨ ਵਿਅਰਥ ਜਾਪਦਾ ਹੈ ਤੇ ਸ਼ਾਇਦ 'ਬਿਰਹਾ' ਤੋਂ ਬਿਨਾਂ 'ਸ਼ਿਵ' ਦਾ ਜੀਵਨ ਵੀ ਕਿਸੇ ਠੀਕਰੀ ਵਾਂਗ ਹੀ ਹੋ ਨਿਬੜਦਾ ਕਿਸੇ ਉਜੜੇ ਕਬਰਿਸਤਾਨ ਦੀ ਠੀਕਰੀ ਵਰਗਾ ਜੀਹਦੀ ਕਬਰਾਂ 'ਚ ਪਈ ਦੀ ਕੋਈ ਸਾਰ ਨਹੀਂ ਲੈਂਦਾ। ਇਸੇ ਲਈ ਹੀ 'ਸ਼ਿਵ' 'ਬਿਰਹਾ' ਨੂੰ ਗਲ ਲਾ ਕੇ ਵਡਭਾਗੀ ਹੋਣ ਦਾ ਦਾਅਵਾ ਕਰਦਾ ਏ।
ਮੈਂ ਵਡਭਾਗੀ ਤੇਰਾ ਬਿਰਹੜਾ
ਗਲ ਲੱਗਾ ਮੇਰੇ ਆਣ,
ਬਿਨ ਬਿਰਹਾ ਥੀਂਦੀ ਠੀਕਰੀ
ਕਿਸੇ ਉਜੜੇ ਕਬਰਿਸਤਾਨ ।।
ਇਸੇ ਬਿਰਹਾ ਸਦਕਾ ਹੀ 'ਸ਼ਿਵ' ਨੂੰ ''ਬਿਰਹਾ ਦਾ ਸੁਲਤਾਨ'' ਦੀ ਉਪਾਧੀ ਪ੍ਰਾਪਤ ਹੋਈ ਹੈ।ਜਿੱਥੇ 'ਸ਼ਿਵ' ਕਾਰਨ 'ਬਿਰਹਾ' ਨੂੰ ਇਸ ਮਾਤ ਲੋਕ ਵਿਚ ਸਨਮਾਨ ਮਿਲਿਆ, ਉੱਥੇ 'ਬਿਰਹਾ' ਨੇ ਵੀ 'ਸ਼ਿਵ ਕੁਮਾਰ ਬਟਾਲਵੀ' ਨੂੰ ਇਸ ਸੰਸਾਰ ਵਿਚ ਸਦਾ-ਸਦਾ ਲਈ ਅਮਰ ਕਰ ਦਿੱਤਾ।
ਰਾਜਬੀਰ ਸਿੰਘ ਮੱਤਾ ...
ਸੰਪਰਕ - 84376 - 01702
-
ਰਾਜਬੀਰ ਸਿੰਘ ਮੱਤਾ, ਲੇਖਕ
**********
84376 - 01702
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.