ਸਿਡਨੀ, 7, ਮਾਰਚ,2020 - ਵਿਸ਼ਵ ਪੰਜਾਬੀ ਕਾਨਫਰੰਸਾਂ ਦੀ ਸਾਰਥਿਕਤਾ ਤੇ ਕੱਚ ਸੱਚ ਅੱਜਕਲ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਵਿਸ਼ਵ ਪੰਜਾਬੀ ਕਾਨਫਰੰਸਾਂ ਚ ਬੁੱਧੀਜੀਵੀ ਸਾਰਥਿਕਤਾ ਤੇ ਕੱਚ ਸੱਚ ਨੂੰ ਸੁਚੇਤਨਾ ਸੰਗ ਪਛਾਨਣ।
ਇਹ ਵਿਚਾਰ "ਵਿਸ਼ਵ ਪੰਜਾਬੀ ਸਾਹਿਤਪੀਠ" ਦੇ ਡਾਇਰੈਕਟਰ ਡਾ. ਅਮਰਜੀਤ ਟਾਂਡਾ ਨੇ ਪ੍ਰੈੱਸ ਨਾਲ ਗੱਲ ਕਰਦਿਆਂ ਕੱਲ ਸ਼ਾਮੀ ਰੋਜ਼ਹਿੱਲ ਵਿਖੇ ਸਿਡਨੀ ਆਸਟਰੇਲੀਆ ਵਿਖੇ ਪ੍ਰੈੱਸ ਨਾਲ ਸਾਂਝੇ ਕੀਤੇ।
ਡਾ. ਟਾਂਡਾ ਨੇ ਕਿਹਾ ਕਿ ਪੰਜਾਬ ਵਿਚ ਹੀ ਨਹੀਂ ਸਗੋਂ ਦੁਨੀਆਂ ਦੇ ਹਰ ਦੇਸ਼ ਵਿੱਚ ਧੜਾਧੜ ਬਿਨ ਅੱਛੇ ਨਤੀਜੇ ਪੰਜਾਬੀ ਕਾਨਫਰੰਸਾਂ ਹੋ ਰਹੀਆਂ ਹਨ। ਇਨ੍ਹਾਂ ਕਾਨਫਰੰਸਾਂ ਵਿਚ ਬੁਲਾਰੇ ਵੀ ਉਹੀ ਹੁੰਦੇ ਹਨ ਅਤੇ ਸਰੋਤੇ ਵੀ ਜਿਵੇਂ ਕੈਨੇਡਾ ਅਮਰੀਕਾ ਵਿੱਚ ਕੁੜੀ ਵਾਲੇ ਵੀ ਉਹੀ ਤੇ ਮੁੰਡੇ ਵਾਲੇ ਵੀ ਉਹੀ ਹੁੰਦੇ ਨੇ ਹਰ ਵਿਆਹ ਚ। ਕਈ ਕਾਨਫਰੰਸਾਂ ਵਿਚ ਉੱਚੇ ਪੱਧਰ ਦਾ ਵਿਚਾਰ ਵਟਾਂਦਰਾ ਵਿਸ਼ੇ ਤਾਂ ਰੱਖੇ ਜਾਂਦੇ ਹਨ ਪਰ ਬਹੁਤੀਆਂ ਮਹਿਜ਼ ਦਿਖਾਵਾ ਤੇ ਖਾਨਾਪੂਰਤੀ ਹੀ ਸਿੱਧ ਹੋ ਕੇ ਰਹਿ ਜਾਂਦੀਆਂ ਹਨ। ਬਹੁਤੀਆਂ ਅੰਤਰਰਾਸ਼ਟਰੀ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਤਾਂ ਅਸਾਹਿਤਕ ਬੰਦਿਆਂ ਜਾਂ ਅਲੇਖਕਾਂ ਦੇ ਹੱਥਾਂ 'ਚ ਖੇਡ ਰਹੀਆਂ ਹਨ ਜਿਹਨਾ ਦਾ ਸਾਹਿਤ ਨਾਲ ਕੋਈ ਨੇੜੇ ਤੇੜੇ ਦਾ ਵੀ ਰਿਸ਼ਤਾ ਨਹੀਂ ਹੈ।
ਡਾ. ਟਾਂਡਾ ਨੇ ਕਿਹਾ ਕਿ ਪੰਜਾਬੀ ਸਾਹਿਤ ਦੇ ਉੱਚ ਪੱਧਰੀ ਤੇ ਵਿਸ਼ੇਸ਼ ਵਿਸ਼ੇ ਛੋਹੇ ਵੀ ਨਹੀਂ ਜਾਂਦੇ ਅਤੇ ਨਾ ਹੀ ਉਨ੍ਹਾਂ ਦੀਆਂ ਕੋਈ ਸਿਫ਼ਾਰਸ਼ਾਂ ਅਤੇ ਮਤੇ ਸਾਹਮਣੇ ਆਉਂਦੇ ਹਨ।
ਡਾ. ਟਾਂਡਾ ਨੇ ਕਿਹਾ ਕਿ ਇਨ੍ਹਾਂ ਕਾਨਫਰੰਸਾਂ ਦੀ ਸਭ ਤੋਂ ਵੱਡੀ ਦੇਣ ਤੇ ਚੰਗੀ ਗੱਲ ਇਹ ਹੈ ਕਿ ਪੜ੍ਹੇ ਲਿਖੇ ਲੋਕ ਤੇ ਵਿਦਵਾਨ ਹੀ ਜੁੜ ਬੈਠਦੇ ਹਨ ਤੇ ਉਹੀ 10-12 ਬੰਦੇ ਹਰ ਸ਼ਹਿਰ ਵਿੱਚ ਪਰਧਾਨਗੀ ਮੰਡਲਾਂ ਵਿੱਚ ਬੈਠੇ ਸਜੇ ਮਿਲਣਗੇ ।
ਡਾ. ਟਾਂਡਾ ਨੇ ਕਿਹਾ ਕਿ ਸੰਮੇਲਨਾਂ ਵਿੱਚ ਸਿਵਾਏ ਮਾਨ-ਸਨਮਾਨ ਦੀਆਂ ਤਖਤੀਆਂ ਵੰਡਣ ਦੇ ਕੋਈ ਵੀ ਭਖਦਾ ਵਿਸ਼ਾ ਭੱਖਵੀਂ ਬਹਿਸ ਨਹੀਂ ਚਿੱਤਰਦਾ ਨਾ ਹੀ ਕੋਈ ਅਤਿ ਵਿਸ਼ੇਸ਼ ਵਿਸ਼ਾ ਚੁੱਕਿਆ ਜਾਂਦਾ ਹੈ। ਇੰਜ ਕਾਨਫ਼ਰੰਸਾਂ ਪੰਜਾਬੀ ਦਾ ਕੁਝ ਵੀ ਨਹੀਂ ਸੁਧਾਰ ਰਹੀਆਂ ਮਹਿਜ਼ ਮਿਲਨ ਪ੍ਰਾਹੁਣਾਚਾਰੀ ਭੋਜ ਸੰਮੇਲਨ ਹੀ ਬਣ ਕੇ ਰਹਿ ਗਈਆਂ ਹਨ। ਵਿਦਵਾਨ ਤੇ ਬੁੱਧੀਜੀਵੀ ਅਜੋਕੇ ਮਸਲਿਆਂ ਤੇ ਚੁੱਪ ਨੇ ਆਲੋਚਨਾ ਤਾਂ ਕੀ ਕਰਨੀ।
ਡਾ. ਟਾਂਡਾ ਨੇ ਕਿਹਾ ਕਿ ਇਨ੍ਹਾਂ ਕਾਨਫਰੰਸਾਂ ਸੰਮੇਲਨਾਂ ਵਿੱਚ ਕੁੱਝ ਅਲੇਖਕ ਤੇ ਅਸਾਹਿਤਕ ਚੌਧਰੀਆਂ ਨੇ ਕਬਜ਼ਾ ਕੀਤਾ ਹੋਇਆ ਹੈ ਜੋ ਕੁਰਸੀਆਂ ਡਾਉਣ ਦਾ ਹੀ ਕੰਮ ਕਰਨ ਜੋਗੇ ਹਨ ਜਿਨ੍ਹਾਂ ਤੇ ਇਹ ਬੁੱਧੀ ਜੀਵ ਜਾ ਬੈਠਦੇ ਹਨ।
ਡਾ. ਟਾਂਡਾ ਨੇ ਕਿਹਾ ਕਿ ਪੰਜਾਬੀ ਸਾਹਿਤ ਉਮਦਾ ਸ਼ਾਇਰੀ ਅਤੇ ਹੋਰ ਸਾਹਿਤਕ ਵੰਨਗੀਆਂ ਦਾ ਮੁਹਾਂਦਰਾ ਵਿਗੜਦਾ ਜਾ ਰਿਹਾ ਹੈ ਤੇ ਸਾਹਿਤ ਪ੍ਰੇਮੀਆਂ ਅਤੇ ਬੁੱਧੀਜੀਵੀਆਂ ਨੂੰ ਇਸ ਦਾ ਕੋਈ ਵੀ ਫਿਕਰ ਨਹੀਂ ਜਾਪ ਰਿਹਾ। ਆਪਣੀਆਂ ਹੀ ਜੇਬਾਂ ਚੋਂ ਕਿਤਾਬਾਂ ਧੜਾਧੜ ਛਪ ਰਹੀਆਂ ਨੇ ਪਰ ਪੜ੍ਹਨ ਵਿਕਣ ਵਾਲੀ ਵਿਰਲੀ ਹੀ ਦਿੱਸਦੀ ਹੈ।
ਡਾ. ਟਾਂਡਾ ਨੇ ਕਿਹਾ ਕਿ ਸਾਨੂੰ ਇਸ ਵੇਲੇ ਸੁਚੇਤ ਹੋ ਪੰਜਾਬੀ ਸਾਹਿਤਕ ਪੈੜਾਂ ਚ ਨਵੀਂਨ ਸਾਰਥਿਕਤਾ ਚਿੱਤਰਨ ਦੀ ਜਰੂਰਤ ਹੈ। ਚੰਗਾ ਤਾਂ ਹੈ ਸੈਰ ਸਪਾਟੇ ਦੇ ਨਾਲ ਚੋਣਵੇਂ ਭੱਖਵੇਂ ਵਿਸ਼ਿਆਂ ਤੇ ਪਰਚੇ ਪੜ੍ਹੇ ਜਾਣ ਤੇ ਨਰੋਈ ਬਹਿਸ ਵੀ ਹੋਵੇ। ਕਾਨਫਰੰਸਾਂ ਸਿਰਫ ਖਾਨਾਪੂਰਤੀ ਹੀ ਨਾ ਨਾ ਬਣ ਕੇ ਰਹਿ ਜਾਣ। ਸੰਵਾਦ ਸ਼ੁਰੂ ਹੋਣ, ਸਮਕਾਲੀ ਭੱਖਦੇ ਮਸਲੇ ਵਿਚਾਰੇ ਜਾਣ ਡਾ. ਟਾਂਡਾ ਨੇ ਨਿਮਰਤਾ ਸਾਹਿਤ ਕਿਹਾ।
ਡਾ. ਟਾਂਡਾ ਨੇ ਕਿਹਾ ਕਿ ਵਿਸ਼ਵ ਪੰਜਾਬੀ ਕਾਨਫਰੰਸਾਂ ਦੀ ਸਾਰਥਿਕਤਾ ਚ ਹੀ ਵਿਉਂਤ ਬੰਦੀ ਹੋਣੀ ਚਾਹੀਦੀ ਹੈ। ਕੱਚ ਸੱਚ ਦੇ ਨੇੜੇ ਰਹਿ ਕੇ ਚਿੰਤਾ ਦੇ ਵਿਸ਼ੇਸ਼ ਵਿਸ਼ੇ ਵਿਚਾਰਨੇ ਤੇ ਸੰਵਾਦ ਚ ਸਜਾਉਣੇ ਚਾਹੀਦੇ ਹਨ। ਜੇ ਵਿਸ਼ਵ ਪੰਜਾਬੀ ਕਾਨਫਰੰਸਾਂ ਚ ਬੁੱਧੀਜੀਵੀ ਹੋਰ ਮਿਹਨਤ ਤੇ ਸਾਰਥਕਤਾ ਦੀ ਤਸਵੀਰ ਪੇਸ਼ ਕਰਨ ਤਾਂ ਹਰ ਸੰਮੇਲਨ ਸਫਲਤਾ ਦੀਆਂ ਪੈੜਾਂ ਫ਼ੜ ਸਕਦਾ ਹੈ।
-
ਡਾ. ਅਮਰਜੀਤ ਟਾਂਡਾ, ਚੇਅਰਮੈਨ
drtanda101@gmail.com
******
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.