(5 March 2020)
ਕਰੋਨਾ ਵਾਇਰਸ, ਇੱਕ ਆਮ ਠੰਡ ਜ਼ੁਕਾਮ ਕਰਨ ਵਾਲੇ ਰੋਗਾਣੂਆਂ ਵਰਗਾ ਰੋਗਾਣੂੰ ਹੈ, ਜਿਹੜਾ ਤਿੰਨ ਕੁ ਮਹੀਨੇ ਪਹਿਲਾਂ, ਪਹਿਲੀ ਵਾਰ, ਚੀਨ ਦੇ ਸੂਬੇ ਵੂਹਾਨ ਦੇ ਇੱਕ ਵਿਅੱਕਤੀ ਵਿੱਚ ਵੇਖਿਆ ਗਿਆ ਸੀ। ਇਸ ਤੋਂ ਹੋਣ ਵਾਲੀ ਬਿਮਾਰੀ ਨੂੰ WHO ਵੱਲੋਂ COVID-19 ਦਾ ਨਾਂ ਦਿੱਤਾ ਗਿਆ ਹੈ।ਵਾਈਰਸ ਨੂੰ ਹੁਣ COVID-19 ਵਰਿੁਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪਹਿਲੇ ਮਰੀਜ਼ ਦੀ ਸ਼ਨਾਖਤ ਹੋਣ ਤੋਂ ਇੱਕ ਦਮ ਬਾਅਦ, ਮਰੀਜ਼ਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ। ਇਸ ਆਰਟੀਕਲ ਦੇ ਲਿਖਣ ਵੇਲੇ ਤੀਕਰ, 84 ਮੁਲਕਾਂ ਵਿੱਚ, 95,000 ਤੋਂ ਵੱਧ ਮਰੀਜ਼ਾਂ ਦੀ ਸ਼ਨਾਖਤ ਹੋ ਚੁੱਕੀ ਸੀ ਅਤੇ ਬਿਮਾਰੀ ਤੋਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ 3,300 ਦੇ ਲਾਗੇ ਪਹੁੰਚ ਗਈ ਸੀ। ਬਿਮਾਰੀ ਨੂੰ ਵਧਣ ਤੋਂ ਰੋਕਣ ਲਈ, ਚੀਨ ਸਰਕਾਰ ਵੱਲੋਂ ਬੇਹੱਦ ਸਖਤੀ ਵਾਲੇ ਕਦਮ ਚੁੱਕੇ ਗਏ ਤਾਂ ਜੋ ਬਿਮਾਰ ਵਿਅੱਕਤੀਆਂ ਨੂੰ ਤੰਦਰੁਸਤਾਂ ਤੋਂ ਲਾਂਭੇ ਰੱਖਿਆ ਜਾ ਸਕੇ। ਇਸ ਸਖਤੀ ਨੇ, ਚੀਨ ਦੇ ਪੂਰੇ ਦੇਸ਼ ਵਿੱਚ ਇੱਕ ਕਾਲੀ ਜੇਲ ਵਾਲਾ ਮਹੌਲ ਪੈਦਾ ਕਰ ਦਿੱਤਾ ਅਤੇ ਚੀਨ ਤੋਂ ਬਾਹਰ ਦੀ ਦੁਨੀਆਂ ਵੀ ਖੌਫ ਦਾ ਸ਼ਿਕਾਰ ਹੋ ਗਈ।
ਬਿਮਾਰੀ ਦੀਆਂ ਨਿਸ਼ਾਨੀਆਂ: COVID-19 ਬਿਮਾਰੀ ਦੀਆਂ ਨਿਸ਼ਾਨੀਆਂ ਹਨ, ਖੰਘ, ਬੁਖਾਰ ਅਤੇ ਸਾਹ ਦਾ ਚੜਨਾ...
COVID-19 ਬਾਰੇ ਜਾਨਣਾਂ ਕਿਓਂ ਜ਼ਰੁਰੀ ਹੈ? ਬਿਮਾਰੀ ਨਾਲੋਂ, ਬਿਮਾਰੀ ਦਾ ਫੈਲਿਆ ਖੌਫ ਕਿਤੇ ਜ਼ਿਆਦਾ ਖਤਰਨਾਕ ਹੁੰਦਾ ਹੈ। ਆਪਣੇ ਸਾਰਿਆਂ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਇਹ COVID-19 ਕਿੰਨੀ ਕੁ ਖਤਰਨਾਕ ਬਿਮਾਰੀ ਹੈ, ਇਹ ਕਿੱਦਾਂ ਫੈਲਦੀ ਹੈ ਤੇ ਆਪਾਂ ਇਸ ਤੋਂ ਕਿਵੇਂ ਬਚਾ ਕਰ ਸਕਦੇ ਹਾਂ। ਜੇਕਰ ਕੋਈ ਮਿੱਤਰ ਪਿਆਰਾ ਇਸ ਬਿਮਾਰੀ ਨਾਲ ਪੀੜਤ ਹੋ ਜਾਵੇ ਤਾਂ ਉਹਦੀ ਮੱਦਦ ਕਿਵੇਂ ਕਰਨੀਂ ਚਾਹੀਦੀ ਹੈ।
COVID-19 ਕਿੱਦਾਂ ਫੈਲਦੀ ਹੈ? ਕਰੋਨਾ ਵਾਇਰਸ ਦਾ ਪ੍ਰਸਾਰਨ ਸਾਹ ਪ੍ਰਣਾਲੀ ਰਾਂਹੀਂ ਨਿੱਕਲੀਆਂ, ਨਿੱਕੀਆਂ ਨਿੱਕੀਆਂ, ਅਕਸਰ ਅਣਦਿਸ ਬੂੰਦਾਂ ਦੁਆਰਾ ਹੁੰਦਾ ਹੈ ਉਹ ਨਿੱਕੇ ਨਿੱਕੇ ਕਣ ਜੋ, ਜਦੋਂ ਆਪਾਂ ਖੰਘਦੇ ਹਾਂ, ਛਿੱਕ ਮਾਰਦੇ ਹਾਂ, ਜਾਂ ਗੱਲਾਂ ਕਰਦੇ ਹਾਂ ਤਾਂ ਆਪਣੇ ਮੂੰਹ ਜਾਂ ਨੱਕ ਚੋਂ ਬਾਹਰ ਨਿੱਕਲਦੇ ਹਨ। ਇਹ ਕਿਟਾਣੂੰ ਦੂਜੇ ਇਨਸਾਨ ਦੇ ਅੰਦਰ ਉਸਦੇ ਨੱਕ, ਮੂੰਹ ਜਾਂ ਅੱਖਾਂ ਰਾਂਹੀਂ ਦਾਖਲ ਹੁੰਦੇ ਹਨ ਉਦੋਂ ਜਦੋਂ ਇਹ ਬੂੰਦਾਂ ਸਿੱਧੀਆਂ ਉਸਦੇੇ ਦੇ ਚਿਹਰੇ ਤੇ ਜਾ ਡਿੱਗਣ ਅਤੇ ਜਾਂ ਫੇਰ ਕੋਈ ਦੂਸਰਾ ਰੋਗਾਣੂੰ ਪੀੜਤ ਵਿਅਕਤੀ ਉਸਦੇ ਚਿਹਰੇ ਨੂੰ ਛੂਹ ਦੇਵੇ। ਕਿਓਂਕਿ ਇਹ ਬੂੰਦਾਂ ਭਾਰੀ ਹੁੰਦੀਆਂ ਹਨ ਅਤੇ ਹਵਾ ਵਿੱਚ ਨਹੀਂ ਰਹਿ ਸਕਦੀਆਂ, ਇਸ ਬਿਮਾਰੀ ਦਾ ਸਿੱਧਾ ਇਨਸਾਨ ਤੋਂ-ਇਨਸਾਨ ਪ੍ਰਸਾਰਨ ਉਦੋਂ ਹੀ ਹੁੰਦਾ ਹੈ ਜਦੋਂ ਦੋਨੋਂ ਵਿਅਕਤੀ ਇੱਕ ਦੂਜੇ ਦੇ ਛੇ ਫੁੱਟ ਤੋਂ ਵੀ ਨੇੜੇ ਦੇ ਫਾਸਲੇ ਤੇ ਬੈਠੇ ਹੋਣ। ਹਸਪਤਾਲਾਂ ਵਿੱਚ COVID-19 ਪੀੜਤ ਰੋਗੀਆਂ ਨਾਲ ਵਾਹ ਪੈਣ ਵਾਲੇ ਕਰਮਚਾਰੀਆਂ ਨੂੰ ਬਿਮਾਰੀ ਦੀ ਸੰਭਾਵਨਾਂ ਵਧ ਜਾਂਦੀ ਹੈ। ਚੀਨ ਤੋਂ ਆ ਰਹੀਆਂ ਰਿਪੋਰਟਾਂ ਮੁਤਾਬਕ ਇਸ ਬਿਮਾਰੀ ਦਾ ਬਹੁਤਾ ਪ੍ਰਸਾਰਨ ਪ੍ਰਵਾਰਿਕ ਮੈਂਬਰ ਤੋਂ ਪ੍ਰਵਾਰਿਕ ਮੈਂਬਰਾਂ ਜਾਂ ਰੋਗੀਆਂ ਤੋਂ ਸਿਹਤ ਕਰਮਚਾਰੀਆਂ ਵਿਚਕਾਰ ਹੀ ਹੋਇਆ ਹੈ।
ਅਸਿੱਧਾ ਸੰਪ੍ਰਕ: ਸਭ ਤੋਂ ਸੁਭਾਵਿਕ ਤੇ ਕੰਟਰੋਲ-ਕਰਨਾਂ-ਮੁਸ਼ਕਲ, ਬਿਮਾਰੀ ਪ੍ਰਸਾਰਨ ਤਰੀਕਾ ਹੈ COVID-19 ਵਾਇਰਸ ਦਾ ਇੱਕ ਵਿਅੱਕਤੀ ਤੋਂ ਦੂਜੇ ਵਿਅਕਤੀ ਤੀਕਰ ਅਸਿੱਧੇ ਸੰਪ੍ਰਕ ਜ਼ਰੀਏ ਪਹੁੰਚਣਾ। ਉਦਾਹਰਣ ਦੇ ਤੌਰ ਤੇ, ਜੇਕਰ ਮੈਂ ਪੀੜਤ ਹੋਂਵਾਂ ਤੇ ਕਿਸੇ ਜਨਤਕ ਥਾਂ ਤੇ ਬੈਠ ਕੇ ਖੰਘ ਦੇਵਾਂ ਜਾਂ ਛਿੱਕ ਮਾਰ ਦੇਂਵਾਂ ਤਾਂ ਉਸ ਖੰਘ ਜਾਂ ਛਿੱਕ ਵੇਲੇ ਮੇਰੇ ਮੂੰਹ ਜਾਂ ਨੱਕ ਚੋਂ ਰੋਗਾਣੂੰ ਭਰੀਆਂ ਬੂੰਦਾਂ ਉਸ ਮੇਜ਼ ਜਾਂ ਕੁਰਸੀ ਤੇ ਡਿਗ ਜਾਂਣਗੀਆਂ। ਜੇਕਰ ਥੋੜੀ ਦੇਰ ਬਾਅਦ, ਉੱਥੇ ਕੋਈ ਹੋਰ ਇਨਸਾਨ ਆ ਬੈਠੇ ਤੇ ਆਪਣੇ ਹੱਥ ਉਸ ਰੋਗਾਣੂੰ ਡਿੱਗੀ ਥਾਂ ਤੇ ਰੱਖ ਦੇਵੇ, ਤਾਂ ਉਹ ਰੋਗਾਣੂੰ ਉਸਦੇ ਹੱਥ ਨੂੰ ਲੱਗ ਜਾਣਗੇ। ਜੇਕਰ ਉਹ ਵਿਅੱਕਤੀ ਇਸ ਤਰੀਕੇ ਪਲੀਤ ਹੋਇਆ ਹੱਥ ਆਪਣੀਆਂ, ਅੱਖਾਂ ਜਾਂ ਨੱਕ, ਕੰਨ ਨੂੰ ਲਾ ਲਵੇ ਤਾਂ ਉਹ ਵੀ ਪੀੜਤ ਹੋ ਜਾਵੇਗਾ।
ਹੁਣ ਸੁਆਲ ਇਹ ਉੱਠਦਾ ਹੈ ਕਿ ਉਸ ਮੇਜ਼ ਕੁਰਸੀ ਤੇ ਪਿਆ ਰੋਗਾਣੂੰ ਕਿੰਨੀ ਦੇਰ ਤੀਕਰ ਜੀਵਤ ਰਹਿ ਕੇ ਲੋਕਾਂ ਲਈ ਇੱਕ ਖਤਰਾ ਬਣਿਆ ਰਹਿੰਦਾ ਹੈ? ਇਸ ਨਵੇਂ ਵਾਇਰਸ ਬਾਰੇ ਹਾਲੇ ਸਾਇੰਸਦਾਨਾਂ ਦੀ ਕੋਈ ਪੱਕੀ ਰਾਇ ਨਹੀਂ ਬਣੀ, ਪਰ ਇਸ ਵਰਗੇ ਹੋਰ ਵਾਇਰਸਾਂ ਬਾਰੇ ਇਕੱਠੀ ਕੀਤੀ ਜਾਣਕਾਰੀ ਤੋਂ ਉਹਨਾਂ ਦੀ ਰਾਇ ਹੈ ਕਿ ਆਮ ਤਾਪਮਾਨ ਤੇ, COVID-19 ਨੌਂ ਦਿਨਾਂ ਤੀਕਰ ਖਤਰਾ ਬਣਿਆ ਰਹਿ ਸਕਦਾ ਹੈ। ਸਰਦੀਆਂ ਵਿੱਚ ਇਸ ਤਰਾਂ ਦੇ ਰੋਗਾਣੂੰ ਲੰਮਾਂ ਸਮਾਂ ਜੀਵਤ ਰਹਿ ਸਕਦੇ ਹਨ। ਇਸੇ ਕਰਕੇ ਆਪਾਂ ਨੂੰ ਜ਼ੁਕਾਮ ਬੁਖਾਰ ਸਰਦੀਆਂ ਵਿੱਚ ਜ਼ਿਆਦਾ ਹੁੰਦੇ ਹਨ। ਪਰ ਗਰਮੀਆਂ ਵਿੱਚ ਵਾਇਰਸਾਂ ਦੀ ਉਮਰ ਘਟ ਜਾਂਦੀ ਹੈ। ਤਾਂਬੇ ਅਤੇ ਸਟੀਲ ਦੀ ਸਤਾ ਤੇ ਤਾਂ ਇਹਨਾਂ ਦਾ ਖਤਰਾ ਦੋ ਘੰਟੇ ਤੋਂ ਵੱਧ ਨਹੀਂ ਹੁੰਦਾ। ਕਿਟਾਣੂੰ ਨਾਸ਼ਕ ਪਦਾਰਥ ((disinfectants)) ਨਾਲ ਇਸਨੂੰ ਸਫਲਤਾ ਨਾਲ ਖਤਮ ਕੀਤਾ ਜਾ ਸਕਦਾ ਹੈ।ਸਾਇੰਸਦਾਨ ਹਾਲੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ, ਖਰੀਦੀਆਂ ਚੀਜ਼ਾਂ ਦੇ ਡੱਬਿਆਂ ਅਤੇ ਪੈਕਟਾਂ ਉੱਤੇ ਟਿਕਿਆ ਵਾਇਰਸ, ਕਿੰਨੀ ਕੁ ਦੇਰ ਖਤਰਾ ਬਣਿਆ ਰਹਿ ਸਕਦਾ ਹੈ, ਪਰ ਆਮ ਰਾਇ ਮੁਤਾਬਕ ਅਜਿਹੀਆਂ ਵਸਤਾਂ ਦੁਆਰਾ COVID-19 ਦੇ ਪ੍ਰਸਾਰਨ ਦਾ ਖਤਰਾ ਬਹੁਤ ਘੱਟ ਹੁੰਦਾ ਹੈੈ।
ਨਿਸ਼ਾਂਨੀਆਂ ਰਹਿਤ COVID-19 ਪੀੜਤ ਵਿਅੱਕਤੀ: ਕੀ ਬਿਨਾਂ ਬੀਮਾਰੀ ਦੀਆਂ ਨਿਸ਼ਾਂਨੀਆਂ ਵਾਲਾ COVID-19 ਪੀੜਤ ਵਿਅਕਤੀ ਵੀ ਵਾਇਰਸ ਦਾ ਪ੍ਰਸਾਰਨ ਕਰ ਸਕਦਾ ਹੈ?
ਸ਼ੁਰੂ ਸ਼ੁਰੂ ਵਿੱਚ ਡਾਕਟਰਾਂ ਦੀ ਰਾਇ ਬਣ ਗਈ ਸੀ ਕਿ ਵਾਇਰਸ ਦੇ ਪ੍ਰਸਾਰਨ ਲਈ ਜ਼ਰੂਰੀ ਨਹੀਂ ਕਿ ਪੀੜਤ ਵਿਅਕਤੀ ਨੂੰ ਬਿਮਾਰੀ ਦੀਆਂ ਨਿਸ਼ਾਨੀਆਂ ਜ਼ਰੁਰ ਹੋਣ। ਪਰ ਹੁਣ ਹੋਰ ਖੋਜ ਵਿਚਾਰ ਤੋਂ ਬਾਅਦ ਉਹ ਨਤੀਜਾ ਗਲਤ ਨਿੱਕਲਿਆ। ਹੁਣ ਇਹ ਸਾਹਿਮਤੀ ਹੈ ਕਿ ਜਿਹੜੇ ਪੀੜਤ ਵਿਅਕਤੀ ਨੂੰ ਬੀਮਾਰੀ ਦੀਆਂ ਨਿਸ਼ਾਨੀਆਂ ਨਾ ਹੋਣ ਉਹ ਵਾਇਰਸ ਦਾ ਪ੍ਰਸਾਰਨ ਨਹੀਂ ਕਰ ਸਕਦਾ।
COVID-19 ਕਿੰਨਾਂ ਕੁ ਖਤਰਨਾਕ ਹੈ? ਕੀ COVID-19 ਦਾ ਕਿਸੇ ਵਿਅਕਤੀ ਨੂੰ ਹੋ ਜਾਣਾਂ ਮੌਤ ਦੰਡ ਦੇ ਬਰਾਬਰ ਹੈ।
ਨਹੀਂ, ਬਿਲਕੁੱਲ ਨਹੀਂ। ਜੇਕਰ ਇਹ ਵਾਇਰਸ ਦੁਨੀਆਂ ਦੇ ਹਰਇੱਕ ਇਨਸਾਨ ਨੂੰ ਪੀੜਤ ਕਰ ਦੇਵੇ ਤਾਂ ਵੀ ਦੁਨੀਆਂ ਦੇ 95% ਤੋਂ ਵੱਧ ਲੋਕੀ ਬਚ ਜਾਣਗੇ ਅਤੇ ਇਹ ਵਾਇਰਸ ਉਹਨਾਂ ਨੂੰ ਦੁਬਾਰਾ ਨਹੀਂ ਹੋਵੇਗਾ। ਪ੍ਰੰਤੂ, ਬਜ਼ੁਰਗਾਂ ਲਈ ਜਾਂ ਹੋਰ ਬਿਮਾਰੀ ਪੀੜਤ ਇਨਸਾਂਨਾ ਲਈ, ਜਿਹਨਾਂ ਦੀ ਇਮੂਨਿਟੀ ਘਟੀ ਹੋਵੇ, ਇਹ ਵਾਇਰਸ ਘਾਤਕ ਸਿੱਧ ਹੋ ਸਕਦਾ ਹੈ।
ਬਿਮਾਰੀ ਤੋਂ ਬਚਣ ਦੇ ਉਪਾਅ: ਅਮਰੀਕਾ ਦੀ ਲਾਗੇ ਵਾਲੀਆਂ ((infectious)) ਬਿਮਾਰੀਆਂ ਬਾਰੇ ਜਾਣਕਾਰੀ ਵਿਭਾਗ ਵੱਲੋਂ ਬਿਮਾਰੀ ਤੋਂ ਬਚਾ ਲਈ ਹੇਠ ਲਿਖੀ ਸਲਾਹ ਦਿੱਤੀ ਗਈ ਹੈ:
ਆਪਣੇ ਹੱਥ, ਘੱਟੋ ਘੱਟ ਵੀਹ ਸਕਿੰਟ ਲਈ, ਸਾਬਣ ਤੇ ਪਾਣੀ ਨਾਲ ਧੋਵੋ। ਜੇਕਰ ਪਾਣੀ ਉਪਲਭਧ ਨਾ ਹੋਵੇ ਤਾਂ ਹੱਥਾਂ ਤੇ ਕੋਈ ਸਪਿਰਟ ਆਧਾਰਤ ਸੈਨਿਟਾਈਜ਼ਰ ਮਲ ਲਿਆ ਜਾਵੇ।
ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ, ਅਣਧੋਤੇ ਹੱਥਾਂ ਨਾਲ, ਨਾਂ ਛੂਹੋ।
ਸਾਹ ਦੀ ਬਿਮਾਰੀ ਦੀਆਂ ਨਿਸ਼ਾਨੀਆਂ ਵਾਲੇ ਵਿਅਕਤੀ ਦੇ ਨੇੜੇ ਜਾਣ ਤੋਂ ਸੰਕੋਚ ਕਰੋ।
ਜੇਕਰ ਬਿਮਾਰ ਹੋ ਤਾਂ ਘਰ ਰਹੋ।
ਖੰਘ ਜਾਂ ਨਿੱਛ ਮਾਰਨ ਤੋਂ ਪਹਿਲਾਂ ਆਪਣੇ ਮੂੰਹ ਨੂੰ ਨੈਪਕਿਨ ਜਾਂ ਟਿਸ਼ੂ ਪੇਪਰ ਨਾਲ ਢਕ ਲਵੋ ਅਤੇ ਵਰਤੇ ਨੈਪਕਿਨ, ਟਿਸ਼ੂ ਨੂੰ ਕਿਸੇ ਢਕੇ ਕੂੜੇਦਾਨ ਵਿੱਚ ਸੁੱਟ ਦਿਓ।
ਆਮ ਛੂਹੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਲਗਾਤਾਰ ਸਫਾਈ ਅਤੇ ਰੋਗਾਣੂਨਾਸ਼ਕ ਪਦਾਰਥਾਂ ਦੀ ਵਰਤੋਂ ਨਾਲ ਰੋਗਾਣੂ ਮੁਕਤ ਰੱਖੋ।
ਕੀ ਮੂੰਹ ਤੇ ਮਾਸਕ ਪਾਉਣ ਦਾ ਕੋਈ ਫਾਇਦਾ ਹੈ? COVID-19 ਪੀੜਤ ਵਿਅੱਕਤੀਆਂ ਨੂੰ ਮੂੰਹ ਤੇ ਮਾਸਕ ਪਾਉਣੀ ਚਾਹੀਦੀ ਹੈ ਤਾਂ ਜੋ ਉਹ ਅੱਗੇ ਵਾਇਰਸ ਦਾ ਪ੍ਰਸਾਰਨ ਨਾਂ ਕਰ ਸਕਣ। ਪ੍ਰੰਤੂ ਤੁਹਾਡੇ ਆਪਣੇ ਬਚਾ ਲਈ ਇਹਦਾ ਬਹੁਤ ਜ਼ਿਆਦਾ ਫਾਇਦਾ ਨਹੀ ਆਪਣੀ ਜੋ ਬਿਨਾਂ ਸੋਚੇ ਚਿਹਰੇ ਨੂੰ ਹੱਥ ਲਾਉਣ ਦੀ ਆਦਤ ਹੁੰਦੀ ਹੈ, ਉਸਨੂੰ ਰੋਕਣ ਵਿੱਚ ਮਾਸਕ ਕੁੱਝ ਫਾਇਦਾ ਕਰਦੀ ਹੈ।
ਸਿਹਤ ਕਰਮਚਾਰੀਆਂ ਨਾਲ ਸੰਬੰਧਿਤ: ਸਿਹਤ ਕਰਮਚਾਰੀਆਂ ਨੂੰ ਉੱਤੇ ਲਿਖੇ ਸਾਰੇ ਪ੍ਰਹੇਜ਼ ਕਰਨ ਦੇ ਨਾਲ ਨਾਲ, N95 MASK ਦੀ ਵਰਤੋਂ ਕਰਨ ਦੀ ਲੋੜ ਹੁੰਦੀ ਹੈੈ। ਇਹ ਮਾਸਕ ਕਰਮਚਾਰੀ ਦੇੇ ਨਾਪ ਦੀ ਅਤੇ ਨਾਂਖਰਾਬ, ਨਾਂਪਲੀਤ ਤੇ ਨਾਂਵਰਤੀ ਹਾਲਤ ਵਿੱਚ ਹੋਣੀ ਚਾਹੀਦੀ ਹੈ। ਇਸ ਮਾਸਕ ਨੂੰ ਠੀਕ ਤਰੀਕੇ ਨਾਲ ਪਾਉਣਾ ਸਿਖਣ ਦੀ ਲੋੜ ਹੁੰਦੀ ਹੈੈ ਇਸ ਸੰਬੰਧੀ ਗੂਗਲ ਤੇ ਕਾਫੀ ਵੀਡੀਓ ਲੱਭ ਜਾਂਦੇ ਹਨ।
ਜੇਕਰ ਪ੍ਰੀਵਾਰ ਦਾ ਕੋਈ ਮੈਂਬਰ ਪੀੜਤ ਹੋ ਜਾਵੇ: ਜੇਕਰ ਤੁਹਾਡੇ ਪ੍ਰੀਵਾਰ ਦਾ ਕੋਈ ਮੈਂਬਰ ਬਿਮਾਰ ਹੋ ਜਾਵੇ ਤਾਂ ਉਸਨੂੰ ਕਿਸੇ ਯੋਗ ਹਸਪਾਲ (ਜਿੱਥੇ ਮਰੀਜ਼ ਨੂੰ quarantine ਵਿੱਚ ਸਾਂਭਣ ਦੀ ਸਮਰੱਥਾ ਹੋਵੇ) ਲਿਜਾਇਆ ਜਾਵੇ ਤਾਂ ਜੋ ਹਾਲਤ ਜ਼ਿਆਦਾ ਖਰਾਬ ਹੋਣ ਤੇ ਉਸਦੀ ਮਦਦ ਹੋ ਸਕੇ। ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਹਸਪਤਾਲ ਨਾਲ ਪਹਿਲਾਂ ਗੱਲ ਕਰਕੇ ਮਰੀਜ਼ ਨੂੰ ਲਿਜਾਣਾ ਚਾਹੀਦਾ ਹੈ ਤਾਂ ਜੋ ਮਰੀਜ਼ ਦੀ ਹੋਰ ਲੋਕਾਂ, ਖਾਸ ਕਰਕੇੇ ਮਰੀਜ਼ਾਂ ਨਾਲ ਸੰਪ੍ਰਕ ਤੋਂ ਪ੍ਰਹੇਜ਼ ਹੋ ਸਕੇ।
ਕਿਸੇ ਯੋਗ ਹਸਪਤਾਲ ਲਿਜਾਣਾ ਸੰਭਵ ਨਾਂ ਹੋਣ ਦੀ ਹਾਲਤ ਵਿੱਚ ਮਰੀਜ਼ ਨੂੰੰ ਘਰ ਤੋ ਬਾਹਰ ਬਿਲਕੁਲ ਨਹੀਂ ਜਾਣਾ ਚਾਹੀਦਾ। ਘਰ ਵਿੱਚ ਵੀ ਉਹ ਘਰ ਦੇ ਉਸ ਹਿੱਸੇ ਤੀਕਰ ਹੀ ਸੀਮਤ ਰਹੇ, ਜਿੱਥੇ ਹੋਰ ਕੋਈ ਨਾਂ ਜਾਵੇ, ਜਾਂ ਜਾ ਸਕੇ। ਅਸਿੱਧੇ ਸੰਪ੍ਰਕ ਜ਼ਰੀਏ ਪ੍ਰਸਾਰਨ ਰੋਕਣ ਲਈ ਮਰੀਜ਼ ਨੂੰ ਬਾਕੀ ਪ੍ਰੀਵਾਰ ਨਾਲ ਬਾਥਰੂਮ ਸਾਂਝਾ ਨਹੀਂ ਕਰਨਾਂ ਚਾਹੀਦਾ।ਜੋ ਵਿਅੱਕਤੀ ਉਹਨੂੰ ਖਾਣਾ, ਪੀਣਾਂ ਜਾਂ ਦਵਾਈ ਬੂਟੀ ਦੇਣ ਦੀ ਸੇਵਾ ਕਰਦਾ ਹੋਵੇ ਉਹ ਜੇ ਸੰਭਵ ਹੋਵੇ ਤਾਂ ਪੀੜਤ ਵਿਅਕਤੀ ਦੀ ਮਿਥੀ ਜਗਾ ਦੇ ਅੰਦਰ ਨਾਂ ਜਾਵੇ ਅਤੇ (ਜੇ ਸੰਭਵ ਹੋਵੇ) ਤਾਂ ਇੱਕ ਵਾਰ ਵਰਤਕੇ ਸੁੱਟੇ ਜਾਣ ਵਾਲੇ ਦਸਤਨਿਆਂ ਦੀ ਵਰਤੋਂ ਕਰੇੇ।ਪੀੜਤ ਵਿਅੱਕਤੀ ਦੇ ਨੇੜੇ ਜਾਣ ਦੀ ਲੋੜ ਹੋਵੇ ਤਾਂ ਉਹ ਸੰਪ੍ਰਕ ਘੱਟੋ ਘੱਟ ਸਮੇਂ ਦਾ ਹੋਣਾਂ ਚਾਹੀਦਾ ਹੈ ਅਤੇ ਸੇਵਾ ਕਰਨ ਵਾਲੇ ਵਿਅੱਕਤੀ ਨੂੰ ਜੇਕਰ N95 MASK ਉਪਲੱਬਧ ਹੋਵੇ ਤਾਂ ਉਸ ਦੀ ਵਰਤੋਂ ਕਰਨੀ ਚਾਹੀਦੀ ਹੈ। ਸੰਪ੍ਰਕ ਦੇ ਦੌਰਾਨ ਮਰੀਜ਼ ਦੇ ਮਾਸਕ ਪਾਈ ਹੋਣ ਦਾ ਬਹੁਤ ਲਾਭ ਹੋਵੇਗਾ। ਮਰੀਜ਼ ਦੇ ਕਮਰੇ ਵਿਚੋਂ ਨਿੱਕਲੀ ਹਰ ਚੀਜ਼ ਭਾਂਡੇ, ਕੁਪੜੇ ਜਾਂ ਕੁੱਝ ਵੀ ਹੋਰ, ਨੂੰ ਸਾਵਧਾਨੀ ਨਾਲ ਸਮੇਟਣਾ ਚਾਹੀਦਾ ਹੈ ਅਤੇ ਘਰ ਦੀਆਂ ਹੋਰ ਚੀਜ਼ਾਂ ਤੋਂ ਪਰੇ ਰੱਖਣਾ ਚਾਹੀਦਾ ਹੈ। ਮਰੀਜ਼ ਨਾਲ ਸੰਪ੍ਰਕ ਤੋਂ ਫੌਰਨ ਬਾਅਦ ਵਿਅੱਕਤੀ ਨੂੰ ਅਪਣੇ ਹੱਥਾਂ ਅਤੇ ਚਿਹਰੇ ਦੀ ਸਾਬਣ ਤੇ ਪਾਣੀ ਨਾਲ ਸਫਾਈ ਕਰਨੀ ਚਾਹੀਦੀ ਹੈ। ਮਰੀਜ਼ ਦੇ ਤੰਦਰੁਸਤ ਹੋਕੇ ਬਾਹਰ ਆਉਣ ਤੋਂ ਕੁੱਝ ਦਿਨ ਬਾਅਦ ਤੀਕਰ ਉਸ ਕਮਰੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਉਪਰੰਤ ਕਮਰੇ ਅਤੇ ਵਿਚਲੇ ਸਾਮਾਨ ਦੀ ਪੂਰੀ ਸਫਾਈ ਕੀਤੇ ਬਗੈਰ ਨਹੀਂ ਵਰਤਿਆ ਜਾਣਾ ਚਾਹੀਦਾ।
-
ਰਛਪਾਲ ਸਹੋਤਾ, Former Scientist Procter and Gamble, USA
rachhpalsahota@hotmail.com
+1 (513) 288-9513
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.