ਖ਼ਬਰ ਹੈ ਕਿ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਨਾਥ ਰਾਜਨ ਨੇ ਕਿਹਾ ਹੈ ਕਿ ਮੌਜੂਦਾ ਸਰਕਾਰ ਹਾਲੇ ਆਰਥਿਕ ਵਿਵਸਥਾ ਉਤੇ ਧਿਆਨ ਦੇਣ ਦੀ ਥਾਂ ਆਪਣੇ ਸਿਆਸੀ ਅਤੇ ਸਮਾਜਿਕ ਏਜੰਡਿਆਂ ਨੂੰ ਪੂਰਾ ਕਰਨ 'ਤੇ ਜ਼ੋਰ ਦੇ ਰਹੀ ਹੈ। ਆਰਥਿਕ ਅੰਕੜਿਆਂ ਮੁਤਾਬਕ ਭਾਰਤ ਦੀ ਆਰਥਿਕ ਵਾਧਾ ਦਰ ਸਾਲ 2019-20 ਦੀ ਅਕਤੂਬਰ-ਦਸੰਬਰ ਤਿਮਾਹੀ 'ਚ 4.1 ਰਹੀ ਹੈ। ਰਾਜਨ ਦਾ ਕਹਿਣਾ ਹੈ ਕਿ ਆਰਥਿਕ ਵਾਧੇ 'ਚ ਆ ਰਹੀ ਗਿਰਾਵਟ ਦਾ ਕਾਰਨ ਰਾਜਨੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਆਮ ਚੋਣਾਂ 'ਚ ਵੱਡੀ ਜਿੱਤ ਤੋਂ ਬਾਅਦ ਆਰਥਿਕ ਵਾਧੇ ਤੇ ਧਿਆਨ ਨਹੀਂ ਦਿੱਤਾ।
ਤੇਤੀ ਕਰੋੜ ਦੇਵੀ-ਦੇਵਤਿਆਂ ਦਾ ਦੇਸ਼ ਭਾਰਤ ਹੁਣ ਵੱਧ-ਫੁਲ ਕੇ 135 ਕਰੋੜ ਦੇਵਤਿਆਂ ਦਾ ਭਾਰਤ ਬਣ ਚੁੱਕਾ ਹੈ। ਵੇਖੋ ਨਾ ਜੀ, ਕਿਥੇ 66 ਕਰੋੜ ਹੱਥ, ਕਿਥੇ 270 ਕਰੋੜ ਹੱਥ, ਮਿਹਨਤ ਕਰਨ ਤਾਂ ਕੀ ਨਹੀਂ ਹੋ ਸਕਦਾ, ਪਰ ਹਾਕਮਾਂ ਹੱਥ, ਹੱਥਲ ਕਰ ਦਿੱਤੇ ਹੋਏ ਆ,ਨੀਲੇ-ਪੀਲੇ-ਹਰੇ ਕਾਰਡ ਹੱਥ ਫੜਾਕੇ, ਜਾਂ ਫਿਰ ਨੌਕਰੀਆਂ ਦੀ ਥਾਂ ਰੁਪੱਈਏ ਕਿਲੋ ਕਣਕ, ਚਾਵਲ ਦਾ ਹੱਥ ਚੂਪਾ ਫੜਾਕੇ। ਰੋਟੀ ਖਾਓ, ਭਜਨ ਗਾਓ, ਰੱਬ-ਰੱਬ, ਅੱਲਾ-ਅੱਲਾ ਕਰੋ ਤੇ ਫਿਰ ਹਾਕਮਾਂ ਦੇ ਗੁਣ ਗਾਓ। ਹੱਥ 'ਚ ਕਿਰਚ ਫੜੋ ਜਾਂ ਤ੍ਰਿਸ਼ੂਲ, ਹੱਥ 'ਚ ਬਰਛਾ ਫੜੋ ਜਾਂ ਦੇਸੀ ਕੱਟਾ, ਹਾਕਮਾਂ ਨੂੰ ਨਹੀਂਓ ਕੋਈ ਮਤਲਬ। ਮਤਲਬ ਤਾਂ ਬੱਸ ਇੰਨਾ ਆ, ਮੂੰਹ ਨਾ ਖੋਲੋ, ਕੁਝ ਨਾ ਬੋਲੋ, ਭੋਜਨ ਛਕੇ ਤੇ ਬਸ ਕੁੰਭਕਰਨ ਦੀ ਨੀਂਦੇ ਸੌ ਜਾਓ। ਜਦੋਂ ਨੀਂਦ ਖੁਲ੍ਹੇ ਵੋਟ ਪਾਓ ਤੇ ਮੁੜ ਲੰਮੀਆਂ ਤਾਣ ਕੇ ਸੌਂ ਜਾਓ! ਦੇਸ਼ ਟੁੱਟੇ। ਦੇਸ਼ ਭੱਜੇ। ਦੇਸ਼ ਤਬਾਹ ਹੋਏ। ਦੇਸ਼ ਦੀ ਆਰਥਿਕਤਾ ਡੁੱਬੇ। ਦੇਸ਼ ਬਦਨਾਮ ਹੋਵੇ। ਦੇਸ਼ ਜੰਗ 'ਚ ਝੁਲਸਿਆ ਜਾਏ, ਨੇਤਾ ਦੀਆਂ ਟਾਹਰਾਂ ਵੱਜਣੀਆਂ ਚਾਹੀਦੀਆਂ। ਉੱਚੇ-ਸੁੱਚੇ ਨਾਹਰੇ ਅਕਾਸ਼ 'ਚ ਗੂੰਜਣੇ ਚਾਹੀਦੇ ਆ ਅਤੇ ਨਾਹਰੇ ਲਾਉਣ ਵਾਲੇ ਵੀ ਆਪਣੇ ਚਾਹੀਦੇ ਆ। ਉਂਜ ਭਾਈ ਜਦ ਚੋਣ ਕਮਿਸ਼ਨ ਜੇਬ 'ਚ ਆ। ਸੀ.ਬੀ.ਆਈ. ਬੋਝੇ 'ਚ ਆ। ਜੁਡੀਸ਼ਰੀ ਕਾਬੂ ਕਰਨ ਦੇ ਕੰਢੇ ਆ ਤਾਂ ਫਿਰ ਹਾਕਮ ਕਿਸ ਲਈ ਦੇ ਆ? ਦੇਸ਼ ਲੁੱਟਿਆ ਜਾ ਰਿਹਾ, ਇਸਦੇ ਸਰੋਤ ਖੋਹੇ ਜਾ ਰਹੇ ਆ ਤਾਂ ਕੀ ਹੋਇਅ। ਹਾਕਮ ਤਾਂ ਰਾਜ ਕਰੀ ਜਾਂਦੇ ਆ। ਲੋਕ ਭੁੱਖੇ ਮਰੀ ਜਾਂਦੇ ਆ, ਤਓ ਕੀ ਹੋਇਆ, ਹਾਕਮ ਤਾਂ ਰਾਜ ਕਰੀ ਜਾ ਰਹੇ ਆ ਆਪਣਾ ਢਿੱਡ ਭਰੀ ਜਾ ਰਹੇ ਆ। ਉਂਜ ਦੇਸ਼ ਦਾ ਹਾਲ ਕਵੀ ਇੰਜ ਬਿਆਨ ਦਾ ਆ, "ਖੰਭ ਟੁੱਟਣ ਜੇ, ਪੰਛੀ ਨਹੀਂ ਉਡ ਸਕਦਾ, ਟੁੱਟੀ ਤੱਕੜੀ ਕੁਝ ਨਹੀਂ ਤੋਲ ਸਕਦੀ"।
ਖੀਸੇ ਖਾਲੀ, ਢਿੱਡ ਭੁੱਖੇ ਅਤੇ ਤਨ ਉੱਤੇ ਲੀਰਾਂ
ਖ਼ਬਰ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ, ਪੰਜਾਬੀ ਭਾਸ਼ਾ ਨੂੰ ਦਫ਼ਤਰੀ ਅਤੇ ਅਦਾਲਤੀ ਕੰਮਕਾਜ 'ਚ ਲਾਜ਼ਮੀ ਬਣਾਏ ਜਾਣ ਅਤੇ ਨਿੱਜੀ ਸਕੂਲਾਂ ਵਿੱਚ ਵੀ ਦਸਵੀਂ ਤੱਕ ਪੰਜਾਬੀ ਜ਼ਰੂਰੀ ਵਿਸ਼ਾ ਐਲਾਨੇ ਜਾਣ ਅਤੇ ਵਿਧਾਨ ਸਭਾ ਸਮੇਤ ਰਾਜ ਸਰਕਾਰ ਦੇ ਸਾਰੇ ਅਦਾਰਿਆਂ ਵਿੱਚ ਕੰਮਕਾਜ ਪੰਜਾਬੀ 'ਚ ਕੀਤੇ ਜਾਣ ਨੂੰ ਲਾਜ਼ਮੀ ਬਨਾਉਣ ਤੋਂ ਇਲਾਵਾ ਪੰਜਾਬੀ ਭਾਸ਼ਾ ਲਾਗੂ ਕਰਨ ਲਈ ਇੱਕ ਕਮਿਸ਼ਨ ਦਾ ਗਠਨ ਕੀਤੇ ਜਾਣ ਸਬੰਧੀ ਮਤਾ ਪਾਸ ਕੀਤਾ ਗਿਆ ਜਿਸ ਵਿੱਚ ਪੰਜਾਬੀ ਭਾਸ਼ਾ ਵਿੱਚ ਕੰਮ ਕਰਨ ਦੇ ਆਦੇਸ਼ਾਂ ਨੂੰ ਨਾ ਮੰਨਣ ਵਾਲਿਆਂ ਨੂੰ ਸਜ਼ਾਵਾਂ ਦੇਣ ਦੀ ਮੱਦ ਸ਼ਾਮਲ ਹੈ। ਵਿਧਾਨ ਸਭਾ ਵਿੱਚ ਕਿਹਾ ਗਿਆ ਪੰਜਾਬੀ ਤਾਂ ਹੀ ਜ਼ਿੰਦਾ ਰਹਿਣਗੇ ਜੇ ਉਹਨਾ ਦੀ ਭਾਸ਼ਾ ਜ਼ਿੰਦਾ ਰਹੇਗੀ।
ਵੀਚਾਰੀਰੇ ਪੰਜਾਬੀਏ! ਤੇਰਾ ਕੌਣ ਰਖਵਾਲਾ? ਕੋਈ ਨਾ। ਰਿਵਾਜ ਤਾਂ ਹੋ ਗਿਆ ਆ ਸਾਂਝੇ ਪਰਿਵਾਰ ਛੱਡਕੇ ਇੱਕਲੇ ਇਕਹਿਰੇ ਰਹਿਣ ਦਾ, ਮਾਂ ਨੂੰ ਛੱਡਕੇ ਬੱਸ ਸਿਰਫ਼ ਬੱਚਿਆਂ ਨਾਲ ਰਹਿਣ ਦਾ। ਤਦੇ ਭਾਈ ਲੋਰੀਆਂ ਵੀ ਭੁੱਲ ਗਈਆਂ ਤੇ ਲੋਰੀਆਂ ਦੇਣ ਵਾਲੀਆਂ ਬੁਢਾਪਾ ਘਰਾਂ 'ਚ ਆਰਾਮ ਕਰ ਰਹੀਆਂ ਆ। ਕਦੇ ਪੰਜਾਬੀ ਲਹਿੰਦੇ ਵੀ ਬੋਲੀ ਜਾਂਦੀ ਸੀ, ਚੜ੍ਹਦੇ 'ਚ ਵੀ। ਹਿੰਦੂ ਵੀ ਬੋਲਦਾ ਸੀ, ਸਿੱਖ ਵੀ, ਈਸਾਈ ਵੀ ਬੋਲਦਾ ਸੀ, ਮੁਸਲਮਾਨ ਵੀ ਬੋਲਦਾ ਸੀ ਮਾਖਿਓ ਮਿੱਠੀ ਪੰਜਾਬੀ! ਹੁਣ ਜਦ ਮਾਖਿਓ ਹੀ ਬਨਾਉਟੀ ਹੋ ਗਿਆ ਤਾਂ ਭਲਾ ਦੱਸੋ ਲਹਿੰਦਿਓ ਵੀ ਪੰਜਾਬੀ ਲਹਿ ਗਈ, ਚੜ੍ਹਦਿਓ ਪੰਜਾਬੀ ਇਹਦੇ ਸਪੂਤਾਂ, ਕਪੂਤ ਬਣ ਗਲਿਓਂ ਲਾਹ ਦਿੱਤੀ! ਹਮਕੋ-ਤੁਮਕੋ, ਗੁਡ, ਬੈਡ, ਨਾਈਸ, ਬੱਚਿਆਂ ਨੂੰ ਪੜ੍ਹਾਕੇ, ੳ ਅ ਉਹਨਾ ਦੇ ਮਨੋਂ ਮਾਪਿਆਂ ਨਸਾ ਦਿੱਤੇ। ਸਰਕਾਰ ਨੇ ਦਫ਼ਤਰੋਂ ਦੂਰ ਭਜਾ ਦਿੱਤੇ, ਕਾਰੋਬਾਰੀਆਂ ਵਾਹੀਆਂ, ਖਾਤਿਆਂ 'ਚੋਂ ਭਜਾ ਦਿੱਤੇ ਤੇ ਹੁਣ 53 ਸਾਲਾਂ ਬਾਅਦ ਆਹ ਆਪਣੀ ਸਰਕਾਰ ਨੇ ਮਤੇ ਪੁਆਤੇ ਵੀਚਾਰੀਏ ਪੰਜਾਬੀਏ! ਤੇਰਾ ਕੌਣ ਰਖਵਾਲਾ?
ਉਂਜ ਬਾਬਿਓ ਪੰਜਾਬੀ ਦਾ ਤਾਂ ਛੱਡੋ ਪੰਜਾਬ ਦਾ ਖੀਸਾ ਖਾਲੀ ਹੋ ਗਿਆ। ਪੰਜਾਬੀ ਦਾ ਕੀ ਪੰਜਾਬ ਦਾ ਢਿੱਡ ਭੁੱਖਾ ਹੋ ਗਿਆ। ਪੰਜਾਬ ਜਿਹੜਾ ਕਦੇ ਬੜਕਾਂ ਮਾਰਦਾ ਸੀ ਉਹਦਾ ਤਨ ਲੀਰੋ-ਲੀਰ ਹੋ ਰਿਹਾ, ਜੁਆਨ ਪੰਜਾਬ ਛੱਡ ਰਿਹੈ, ਕਿਸਾਨ ਧਰਤੀ ਛੱਡ ਰਿਹਾ ਤੇ ਪੰਜਾਬੀ ਨੂੰ ਸਕੂਲਾਂ, ਕਾਲਜਾਂ, ਘਰਾਂ, ਕਾਰੋਬਾਰਾਂ 'ਚੋਂ ਦੇਸ਼ ਨਿਕਾਲਾ ਦਿੱਤਾ ਜਾ ਰਿਹੈ! ਤਦੇ ਤਾਂ ਪੰਜਾਬੀ ਤੇ ਪੰਜਾਬ ਬਾਰੇ ਇੱਕ ਅਰਥ ਸ਼ਾਸ਼ਤਰੀ ਡਾ: ਗਿਆਨ ਸਿੰਘ ਲਿਖਦਾ, "ਖੀਸੇ ਖਾਲੀ, ਢਿੱਡ ਭੁੱਖੇ ਅਤੇ ਤਨ ਉਤੇ ਲੀਰਾਂ"। ਹੈ ਕਿ ਨਹੀਂ ਸੱਚ!!
ਲਾਅਨਤ 'ਕਵੀਆ' ਉਸ ਜ਼ੁਬਾਨ ਉੱਤੇ
ਜਿਹੜੀ ਸਮੇਂ ਸਿਰ ਸੱਚ ਨਹੀਂ ਬੋਲ ਸਕਦੀ।
ਖ਼ਬਰ ਹੈ ਕਿ ਹਰਿਆਣਾ ਦੇ ਬਿਜਲੀ ਮੰਤਰੀ ਅਤੇ ਮਰਹੂਮ ਚੌਧਰੀ ਦੇਵੀ ਲਾਲ ਦੇ ਬੇਟੇ ਰਣਜੀਤ ਸਿੰਘ ਨੇ ਦਿੱਲੀ ਦੀ ਹਿੰਸਾ ਨੂੰ ਲੈ ਕੇ ਕਿਹਾ ਕਿ ਦੰਗੇ ਹੁੰਦੇ ਰਹਿੰਦੇ ਹਨ। ਬੀਤੇ ਦਿਨੀਂ ਵਿੱਛ ਵੀ ਦੰਗੇ ਹੋਏ ਹਨ। ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ, ਸਾਰੀ ਦਿੱਲੀ ਸੜੀ ਸੀ। ਦੰਗੇ ਜ਼ਿੰਦਗੀ ਦਾ ਹਿੱਸਾ ਹਨ ਅਤੇ ਹੁੰਦੇ ਰਹਿੰਦੇ ਹਨ। ਯਾਦ ਰਹੇ ਦਿੱਲੀ ਦੰਗਿਆਂ 'ਚ 40 ਲੋਕ ਮਾਰੇ ਗਏ ਅਤੇ ਸੈਂਕੜੈ ਲੋਕ ਜ਼ਖਮੀ ਹੋਏ ਅਤੇ ਕਰੋੜਾਂ ਰੁਪਏ ਦੇ ਮੁੱਲ ਦੀਆਂ ਜਾਇਦਾਦਾਂ ਅਗਨ ਭੈਂਟ ਕਰ ਦਿੱਤਅਂ ਗਈਆਂ, ਦੁਕਾਨਾਂ, ਘਰਾਂ ਨੂੰ ਤਬਾਹ ਕਰ ਦਿੱਤਾ ਗਿਆ। ਟਿਪੱਣੀਆਂ ਕਰਨ ਤੇ ਦਿੱਲੀ ਹਾਈ ਕੋਰਟ ਦੇ ਜੱਜ ਐਸ.ਮੁਰਲੀਧਰ ਦਾ ਅੱਧੀ ਰਾਤ ਨੂੰ ਚੰਡੀਗੜ੍ਹ ਤਬਾਦਲਾ ਕਰ ਦਿੱਤਾ ਗਿਆ ਸੀ। ਪਰ ਪੰਜਾਬ ਦੇ ਪੰਜ ਵੇਰ ਮੁੱਖਮੰਤਰੀ ਰਹੇ ਅਤੇ ਭਾਜਪਾ ਦੇ ਆੜੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਹਿੰਸਾ ਦੀ ਤੁਲਨਾ ਦਿੱਲੀ ਸਿੱਖ ਕਤਲੇਆਮ 84 ਨਾਲ ਕੀਤੀ ਹੈ।
ਰਾਜਨੀਤਕ ਲੋਕ ਵਾਧੂ ਚਤਰ ਆ! ਇਹਨਾ ਦਾ ਕੰਮ ਸ਼ੈਤਾਨੀ ਬੋਲ ਬੋਲਣਾ ਅਤੇ ਬੁਰੀਆਂ ਸੋਚਾਂ ਦੇ ਗਧੇ ਖੋਲ੍ਹਣਾ ਆ। ਕਦੇ ਜਾਤਾਂ ਦੇ, ਕਦੇ ਧਰਮਾਂ ਦੇ, ਕਦੇ ਭਾਸ਼ਾ ਤੇ ਕਦੇ ਸੂਬਿਆਂ ਦੇ। ਆਮ ਲੋਕ ਜਦੋਂ ਸਿਆਸੀ ਲੋਕਾਂ ਵੱਲੋਂ ਛੱਡੇ ਗਧੇ ਕਾਬੂ ਨਹੀਂ ਕਰ ਪਾਉਂਦੇ, ਆਪਣੇ ਮਨ-ਸ਼ੈਤਾਨ ਉਤੇ ਕਾਬੂ ਨਹੀਂ ਪਾ ਸਕਦੇ, ਉਦੋਂ ਘਟਨਾਵਾਂ ਵਾਪਰਦੀਆਂ ਹਨ, ਅੱਗਜਨੀ ਹੁੰਦੀ ਹੈ, ਦੰਗੇ ਹੁੰਦੇ ਹਨ, ਕਤਲੇਆਮ ਹੁੰਦੇ ਹਨ, ਤਬਾਹੀ ਹੁੰਦੀ ਹੈ। ਹੈ ਕਿ ਨਾ?
ਦਿੱਲੀ, ਕਿਧਰੇ ਇੱਕ ਵੇਰ ਜਲੀ ਆ? ਦਿੱਲੀ ਵਾਰ-ਵਾਰ ਜਲੀ ਆ। ਹਮਲਾਵਰਾਂ ਇਹਦੀ ਧੌਣ 'ਤੇ ਗੋਡਾ ਰੱਖਿਆ। ਇਹਦੇ ਆਪਣੇ ਇਹਦਾ ਨਾਸ ਮਾਰਿਆ। ਦਿੱਲੀ, ਦਿਲ ਵਾਲਿਆਂ ਦੀ ਸਕੀ ਕਦੇ ਵੀ ਨਾ ਰਹੀ, ਇਹ ਸਿਆਸਤ ਦੀ ਮਾਰ ਝਲਦੀ ਰਹੀ ਅਤੇ ਲਗਾਤਾਰ ਝਲਦੀ ਆ। 84 ਵਾਪਰਿਆ, ਟਾਇਰ ਗਲਾਂ 'ਚ ਪਾਏ ਗਏ! 20 ਵਾਪਰਿਆ ਲਾਸ਼ਾਂ ਦੇ ਢੇਰ ਵਿਛਾਏ ਗਏ। ਇਨਸਾਨੀਅਤ ਦੇ ਦੁਸ਼ਮਣ ਦੰਗਿਆਂ ਕਤਲੇਆਮ ਨੂੰ "ਰੋਟੀ, ਬਰੈਡ" ਖਾਣ ਦੇ ਤੁਲ ਮੰਨਦੇ, ਕੁਦਰਤੀ ਵਰਤਾਰਾ ਸਮਝਦੇ, ਆਪਣੀਆਂ ਸਿਆਸਤ ਦੀਆਂ ਰੋਟੀਆਂ ਸੇਕਦੇ ਆ। ਹਾਕਮ, ਅਸਹਿਨਸ਼ੀਲ ਹੋਏ, ਵਿਰੋਧੀ ਸੁਰ ਨੂੰ ਲੰਮਿਆ ਪਾ ਰਹੇ ਆ। ਆਪਣਿਆਂ ਦੇ ਰਾਹੀਂ ਦੂਜਿਆਂ ਦੇ ਮੋਢੇ ਲਾ ਰਹੇ ਆ, ਉਹਨਾ ਨੂੰ ਸਿੱਧਾ ਨਰਕ-ਸਵਰਗ ਦੇ ਰਾਹ ਪਾ ਰਹੇ ਆ। ਹੈ ਕਿ ਨਾ?
ਉਂਜ ਭਾਈ ਧਿਰਕਾਰ ਉਸ ਜ਼ੁਬਾਨ ਦੇ, ਲਾਅਨਤਾਂ ਉਸ ਬੋਲਾਂ ਨੂੰ ਜਿਹੜੀ ਸੱਚ ਕਹਿਣ ਤੋਂ ਡਰਦੀ ਆ। ਜਿਹੜੀ ਇਹ ਮੰਨਦੀ ਹੀ ਨਹੀਂ ਕਿ ਵੱਡੀ ਗਿਣਤੀ, ਛੋਟੀ ਦੀ ਤਬਾਹੀ ਕਰਨ ਤੇ ਤੁਲੀ ਹੋਈ ਆ। ਤਕੜਾ, ਮਾੜੇ ਨੂੰ ਘੜੀਸੀ ਫਿਰ ਰਿਹਾ ਹੈ, ਹਾਕਮ ਚੰਮ ਦੀਆਂ ਚਲਾ ਰਿਹਾ ਹੈ, ਤਦੇ ਤਾਂ ਕਵੀ ਆਂਹਦਾ ਆ, "ਲਾਅਨਤ ਕਵੀਆ ਉਸ ਜ਼ੁਬਾਨ ਉਤੇ, ਜਿਹੜੀ ਸਮੇਂ ਸਿਰ ਸੱਚ ਨਹੀਂ ਬੋਲ ਸਕਦੀ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤ 'ਚ ਬੇਰੁਜ਼ਗਾਰੀ ਦਰ ਫਰਵਰੀ 'ਚ ਵਧਕੇ 7.78 ਫ਼ੀਸਦੀ ਹੋ ਗਈ ਹੈ ਜੋ ਕਿ ਅਕਤੂਬਰ 2019 ਤੋਂ ਬਾਅਦ ਸਭ ਤੋਂ ਜਿਆਦਾ ਹੈ। ਜਨਵਰੀ 'ਚ ਬੇਰੁਜ਼ਗਾਰੀ ਦੀ ਦਰ 7.16 ਫ਼ੀਸਦੀ ਸੀ। ਏਸ਼ੀਆ ਦੇ ਇਸ ਤੀਸਰੇ ਸਭ ਤੋਂ ਵੱਡੇ ਅਰਥਚਾਰੇ 'ਚ ਭਵਿੱਖ 'ਚ ਸੁਸਤੀ ਦੇਖੀ ਜਾ ਸਕਦੀ ਹੈ।
ਇੱਕ ਵਿਚਾਰ
ਜਦ ਤੱਕ ਦੋਨੋ ਪੱਖ ਜਿੱਤ ਮਹਿਸੂਸ ਨਹੀਂ ਕਰਦੇ, ਕੋਈ ਵੀ ਸਮਝੋਤਾ ਸਥਾਈ ਨਹੀਂ ਹੋ ਸਕਦਾ।
.............ਜਿੰਮੀ ਕਾਰਟਰ
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.