ਵਿਸ਼ਵ ਪੱਧਰ ਉਤੇ ਕੁਦਰਤੀ ਆਫ਼ਤਾਂ ਨਾਲ ਉਜੜੇ ਲੋਕਾਂ ਦੀ ਔਸਤ, ਜੰਗਾਂ ਅਤੇ ਹਿੰਸਾ ਨਾਲ ਉਜਾੜੇ ਤੋਂ ਬਹੁਤ ਹੀ ਜਿਆਦਾ ਹੈ। ਸੰਯੁਕਤ ਰਾਸ਼ਟਰ ਦੀ ਵਿਸ਼ਵ ਪ੍ਰਵਾਸ ਰਿਪੋਰਟ ਵਿੱਚ 148 ਦੇਸਾਂ ਉਤੇ ਕੀਤੇ ਇੱਕ ਸਰਵੇ ਦੇ ਅੰਕੜਿਆਂ ਦੇ ਅਧਾਰ ਤੇ ਇਹ ਸਿੱਟਾ ਕੱਢਿਆ ਗਿਆ ਹੈ ਕਿ ਇਹਨਾ ਦੇਸ਼ਾਂ ਦੇ ਕੁਲ 2.8 ਕਰੋੜ ਲੋਕ ਉਜੜੇ, ਜਿਹਨਾ ਵਿੱਚੋਂ 61 ਫੀਸਦੀ (1.75 ਕਰੋੜ) ਜਲਵਾਯੂ ਤਬਦੀਲੀ ਕਾਰਨ ਉਜੜੇ, ਜਦਕਿ 39 ਫੀਸਦੀ (1.08 ਕਰੋੜ) ਲੜਾਈਆਂ ਅਤੇ ਹਿੰਸਕ ਸੰਘਰਸ਼ ਦੇ ਕਾਰਨ ਤਬਾਹ ਹੋਏ। ਜਲਵਾਯੂ ਤਬਦੀਲੀ ਉਤੇ ਇੰਟਰ ਗਵਰਨਮੈਂਟਲ ਪੈਨਲ ਆਨ ਕਲਾਈਮੇਟ ਚੇਂਜ (ਆਈ ਪੀ ਸੀ ਸੀ) ਨੇ ਵੀ ਆਪਣੀ ਇੱਕ ਰਿਪੋਰਟ ਵਿੱਚ ਚਿਤਾਵਨੀ ਦਿੱਤੀ ਹੈ ਕਿ ਜਿਵੇਂ-ਜਿਵੇਂ ਜਲਵਾਯੂ ਆਫਤਾਂ ਦੀ ਸੰਖਿਆ ਅਤੇ ਤੇਜੀ ਵਧੇਗੀ, ਅਨੇਕਾਂ ਲੋਕਾਂ ਨੂੰ ਆਪਣਾ ਘਰ ਅਤੇ ਦੇਸ਼ ਛੱਡਣ ਨੂੰ ਮਜਬੂਰ ਹੋਣਾ ਪਵੇਗਾ।
ਗਰਮੀ ਜਾਂ ਸਿਆਲ ਰੁੱਤਾਂ ਅਤੇ ਬਰਸਾਤੀਂ ਮੌਸਮ ਮਨੁੱਖੀ ਗਲਤੀਆਂ ਕਰਨ ਬਹੁਤ ਬਦਲ ਰਿਹਾ ਹੈ। ਗਰਮੀ, ਅਤਿ ਦੀ ਗਰਮੀ 'ਚ ਬਦਲ ਰਹੀ ਹੈ, ਧਰਤੀ ਉਤੇ ਤਾਪਮਾਨ ਵੱਧ ਰਿਹਾ ਹੈ, ਹਜ਼ਾਰਾਂ ਦੀ ਸੰਖਿਆ ਵਿੱਚ ਕੀੜਿਆਂ-ਮਕੌੜਿਆਂ, ਪੰਛੀਆਂ- ਜਾਨਵਰਾਂ ਦੀ ਪ੍ਰਜਾਤੀਆਂ ਖਤਮ ਹੋ ਰਹੀਆਂ ਹਨ। ਸਿਆਲੂ ਦਿਨ ਕਦੇ ਜਿਆਦਾ ਠੰਡੇ, ਜਿਆਦਾ ਠਾਰੂ ਹੋ ਰਹੇ ਹਨ। ਪ੍ਰਦੂਸ਼ਣ ਨੇ ਲੋਕਾਂ ਦੇ ਨਾਸੀਂ ਧੂੰਆਂ ਕੱਢ ਦਿੱਤਾ ਹੈ। ਦੁਨੀਆਂ ਦੇ ਕਈ ਖਿੱਤਿਆਂ 'ਚ, ਹੜ੍ਹ ਆਉਂਦੇ ਹਨ, ਤਬਾਹੀਆਂ ਹੁੰਦੀਆਂ ਹਨ ਤੇ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਸੋਕੇ ਕਾਰਨ, ਧਰਤੀ ਦਾ ਸੀਨਾ ਤਪਸ਼ ਕਾਰਨ ਸੜ ਜਾਂਦਾ ਹੈ। ਕਦੇ ਸਮੁੰਦਰੀ ਸੁਨਾਮੀ ਤਬਾਹੀ ਲਿਆਉਂਦੀ ਹੈ ਅਤੇ ਕਿਧਰੇ ਪ੍ਰਦੂਸ਼ਣ, ਧਰਤੀ ਦੀ ਕੁੱਖ ਨਾਲ ਛੇੜਛਾੜ ਕਾਰਨ ਜਾਂ ਜੰਗਲਾਂ ਦੇ ਵੱਢ-ਵਢਾਂਗੇ ਕਾਰਨ ਮਨੁੱਖ ਅਤੇ ਪ੍ਰਕ੍ਰਿਤੀ ਦੇ ਹੋਰ ਜੀਵ ਅਣਿਆਈ ਮੌਤੇ ਮਰਦੇ ਹਨ। ਭਲਾ ਕਰੋਨਾ ਵਾਇਰਸ ਕਿਥੋਂ ਆਇਆ, ਜਿਸਨੇ ਪੂਰੀ ਦੁਨੀਆਂ 'ਚ ਲੋਕਾਂ ਦੀ ਮਨਾਂ 'ਚ ਮੌਤ ਦਾ ਭੈਅ ਪੈਦਾ ਕੀਤਾ ਹੋਇਆ? ਭਾਰਤ 'ਚ ਪਲੇਗ ਫੈਲੀ। ਭਾਰਤ 'ਚ ਹੈਜਾ ਫੈਲਿਆ ਹਜ਼ਾਰਾਂ ਨਹੀਂ ਲੱਖਾਂ ਲੋਕ ਮਰ ਗਏ! ਇਹ ਮੌਤਾਂ ਪਿਛਲੀਆਂ ਦੋ ਸਦੀਆਂ 'ਚ ਹੋਈਆਂ ਜੰਗਾਂ ਅਤੇ ਦੰਗਿਆਂ 'ਚ ਮਾਰੇ ਲੋਕਾਂ ਦੀ ਗਿਣਤੀ ਨਾਲੋਂ ਕਿਤੇ ਵੱਧ ਸਨ। 2018 ਵਿੱਚ ਵਿਸ਼ਵ ਬੈਂਕ ਨੇ ਆਪਣੇ ਇੱਕ ਅੰਦਾਜੇ ਵਿੱਚ ਕਿਹਾ ਕਿ ਜੇਕਰ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ 2050 ਤੱਕ ਪ੍ਰਿਥਵੀ ਦੇ ਤਿੰਨ ਵੱਡੇ ਹਿੱਸਿਆਂ( ਉਪ-ਸਹਾਰਾ ਅਫਰੀਕਾ, ਦੱਖਣੀ ਅਫਰੀਕਾ ਅਤੇ ਲੈਟਿਕ ਅਮਰੀਕਾ) ਵਿੱਚ 14.3 ਕਰੋੜ ਤੋਂ ਜਿਆਦਾ ਲੋਕਾਂ ਨੂੰ ਜਲਵਾਯੂ ਤਬਦੀਲੀ ਕਾਰਨ ਉਜਾੜੇ ਦਾ ਸਾਹਮਣਾ ਕਰਨਾ ਪਵੇਗਾ।
ਭਾਰਤੀ ਉਪਮਹਾਂਦੀਪ ਵਿੱਚ ਜਲਵਾਯੂ ਤਬਦੀਲੀ ਸਬੰਧੀ ਵੱਡੀਆਂ ਚਿੰਤਾਵਾਂ ਹਨ। ਭਾਰਤ, ਭੂਗੋਲਿਕ ਤੌਰ ਤੇ ਵਿਸ਼ਾਲ ਤੱਟ ਉਤੇ ਸਥਿਤ ਹੈ। ਇਥੇ ਪਿਛਲੇ ਦੋ ਸਾਲਾਂ ਵਿੱਚ ਹਰ ਮਹੀਨੇ ਕੁਦਰਤੀ ਆਫਤਾਂ ਨੇ ਪ੍ਰਕੋਪ ਦਿਖਾਇਆ ਹੈ। ਸੁੰਦਰਵਨ ਵਿੱਚ ਸਮੁੰਦਰ ਦੇ ਜਲ ਸਤਰ 'ਚ ਵਾਧਾ ਹੋਇਆ ਹੈ, ਜਿਸ ਨਾਲ ਕਈ ਸ਼ਹਿਰਾਂ ਦੇ ਸਮੁੰਦਰ ਵਿੱਚ ਧੱਸ ਜਾਣ ਦਾ ਖਤਰਾ ਵਧਿਆ ਹੈ। ਉਤਰੀ ਭਾਰਤ ਵਿੱਚ ਪਹਾੜੀ ਹੜ੍ਹ ਆਏ ਹਨ। ਬੱਦਲ ਫੱਟਣ ਦੀਆਂ ਘਟਨਾਵਾਂ ਵਧੀਆਂ ਹਨ ਅਤੇ ਭੁਚਾਲ ਦੀਆਂ ਘਟਨਾਵਾਂ 'ਚ ਵਾਧਾ ਵੀ ਨੋਟ ਕੀਤਾ ਗਿਆ ਹੈ। ਬੰਗਾਲ ਦੀ ਖਾੜੀ ਵਿੱਚ 2019 ਦਾ "ਆਇਲਾ ਚੱਕਰਵਾਤ" ਜਾਂ ਉਤਰਾਖੰਡ ਵਿੱਚ 2013 ਵਿੱਚ ਕੇਦਾਰਨਾਥ ਦਾ ਦੁਖਾਂਤ ਇਸੇ ਤੱਥ ਦੇ ਸਬੂਤ ਹਨ। ਪਿਛਲੇ ਸਾਲ ਏਸ਼ੀਆ ਵਿੱਚ ਹੋਈਆਂ 93ਫੀਸਦੀ ਆਫਤਾਂ ਵਿੱਚੋਂ 9 ਇੱਕਲੀਆਂ ਭਾਰਤ ਵਿੱਚ ਹੋਈਆਂ। ਇਹਨਾ ਆਫਤਾਂ ਵਿੱਚ ਪ੍ਰਿਥਵੀ ਉਤੇ ਜੋ ਮੌਤਾਂ ਹੋਈਆਂ, ਉਹਨਾ ਵਿੱਚੋਂ 48 ਫੀਸਦੀ ਭਾਰਤ ਵਿੱਚ ਹੀ ਹੋਈਆਂ। ਪਰ ਇੱਕ ਰਿਪੋਰਟ ਇਹ ਦੱਸਦੀ ਹੈ ਕਿ 2018 ਦੀ ਤੁਲਨਾ 2019 'ਚ ਭਾਵੇਂ ਕੁਦਰਤੀ ਆਫਤਾਂ ਦੀ ਗਿਣਤੀ ਤਾਂ ਘਟੀ, ਪਰ 2019 ਵਿੱਚ ਕੁਦਰਤੀ ਆਫਤਾਂ ਕਾਰਨ 45 ਫੀਸਦੀ ਵੱਧ ਮੌਤਾਂ ਹੋਈਆਂ।
ਜਲਵਾਯੂ ਦਾ ਅਧਿਐਨ ਕਰਨ ਵਾਲੇ ਵਿਗਿਆਨੀ ਹਾਲੇ ਵੀ ਇਸ ਦਲੀਲ-ਬ-ਦਲੀਲ 'ਚ ਉਲਝੇ ਹੋਏ ਹਨ ਕਿ ਪ੍ਰਿਥਵੀ ਕਿਸ ਦਰ ਨਾਲ ਗਰਮ ਹੋ ਰਹੀ ਹੇ ਜਾਂ ਇਹ ਕਿੰਨੀ ਗਰਮ ਹੋਏਗੀ? ਪਰ ਉਹ ਇਸ ਗੱਲ ਲਈ ਸਹਿਮਤ ਹਨ ਕਿ ਅਸਲ ਵਿੱਚ ਪ੍ਰਿਥਵੀ ਗਰਮ ਹੋ ਰਹੀ ਹੈ। ਉਹਨਾ ਨੇ ਇਸ ਗੱਲ ਦੀ ਵੀ ਪੁਸਟੀ ਕੀਤੀ ਹੈ ਕਿ ਪਿਛਲੇ 2000 ਸਾਲਾਂ ਦੇ ਕਿਸੇ ਵੀ ਸਮੇਂ ਦੀ ਨਿਸਬਤ ਪ੍ਰਿਥਵੀ ਜਿਆਦਾ ਗਰਮ ਹੈ। 20ਵੀ ਸ਼ਤਾਬਾਦੀ 'ਚ ਵਿਸ਼ਵ ਪੱਧਰ ਤੇ ਤਾਪਮਾਨ 0.6 ਡਿਗਰੀ ਸੈਲਸੀਅਸ ਤੱਕ ਵਧਿਆ ਹੈ। ਜਲਵਾਯੂ 'ਚ ਤਬਦੀਲੀ ਬਿਨ੍ਹਾਂ ਸ਼ੱਕ ਕੁਦਰਤੀ ਹੈ, ਪਰ ਮਨੁੱਖ ਨੇ ਆਪਣੀਆਂ ਸੁੱਖ ਸੁਵਿਧਾਵਾਂ ਲਈ ਜਿਹਨਾ ਸਾਧਨਾਂ ਦੀ ਵਰਤੋਂ ਕੀਤੀ ਹੈ, ਉਸ ਨਾਲ ਮੌਸਮ ਉਤੇ ਪ੍ਰਤੀਕੂਲ ਅਸਰ ਹੋ ਰਿਹਾ ਹੈ। ਧਰਤੀ ਉਤੇ ਤੂਫਾਨ, ਹੜ੍ਹ, ਸੋਕਾ ਵਧਿਆ ਹੈ। ਬਰਫ ਦੀਆਂ ਚੋਟੀਆਂ ਘਟੀਆਂ ਹਨ ਭਾਵ ਬਰਫ ਦੇ ਪਹਾੜ ਘਟੇ ਹਨ, ਸਮੁੰਦਰੀ ਜਲ ਸਤਰ 'ਚ ਵਾਧਾ ਹੋਇਆ ਹੈ। ਕਈ ਪੌਦੇ-ਦਰਖਤਾਂ, ਜੀਵ ਜੰਤੂ ਧਰਤੀ ਤੋਂ ਲੁਪਤ ਹੋ ਰਹੇ ਹਨ। ਵਿਸ਼ਵ ਦੇ ਉਹ ਖੇਤਰ ਜਿਹੜੇ ਕਣਕ, ਚਾਵਲ ਅਤੇ ਹੋਰ ਅਨਾਜ ਪੈਦਾ ਕਰਦੇ ਹਨ, ਉਹ ਗਲੋਬਲ ਵਾਰਮਿੰਗ ਦੇ ਕਾਰਨ ਇਹ ਅਨਾਜ ਪੈਦਾ ਕਰਨ ਤੋਂ ਅਸਮਰਥ ਹੋ ਸਕਦੇ ਹਨ। ਜਲਵਾਯੂ ਤਬਦੀਲੀ ਦਾ ਮਨੁੱਖ ਦੀ ਸਿਹਤ ਉਤੇ ਬੁਰਾ ਪ੍ਰਭਾਵ ਪਵੇਗਾ। ਪਰ ਇਸ ਜਲਵਾਯੂ ਤਬਦੀਲੀ ਦੇ ਪ੍ਰਭਾਵ ਨੂੰ ਤੁਰੰਤ ਰੋਕਣਾ ਸੰਭਵ ਨਹੀਂ। ਗਲੋਬਲ ਵਾਰਮਿੰਗ ਦਾ ਪ੍ਰਭਾਵ 100 ਸਾਲ ਤੱਕ ਨਿਰੰਤਰ ਰਹਿੰਦਾ ਹੈ। ਜਿਸ ਕਾਰਨ ਮੀਥੇਨ ਗੈਸ ਦਹਾਕਿਆਂ ਤੱਕ ਅਤੇ ਕਾਰਬਨ ਡਾਈਔਕਸਾਈਡ ਸਦੀਆਂ ਤੱਕ ਵਾਯੂਮੰਡਲ ਵਿੱਚ ਰਹੇਗੀ। ਗਰੀਨ ਹਾਊਸ ਗੈਸਾਂ, ਟੀ.ਵੀ., ਵੀਡੀਓ ਗੇਮ, ਮਿਊਜਲ ਸਿਸਟਮ, ਵਾਸ਼ਿੰਗ ਮਸ਼ੀਨ, ਮਾਈਕਰੋਵੇਵ ਓਵਨ, ਏਅਰ ਕੰਡੀਸ਼ਨਰ ਦੀ ਵਰਤੋਂ ਨਾਲ ਪੈਦਾ ਹੁੰਦੀਆਂ ਹਨ। ਇਸੇ ਤਰ੍ਹਾਂ ਕੋਲੇ ਅਤੇ ਤੇਲ ਦੇ ਜਲਾਉਣ ਨਾਲ ਕਾਰਬਨਡਾਈਔਕਸਾਈਡ ਵੱਡੀ ਮਾਤਰਾ 'ਚ ਵਾਯੂਮੰਡਲ 'ਚ ਫੈਲਦੀ ਹੈ। ਵਾਯੂਮੰਡਲ ਵਿੱਚ ਗਰੀਨ ਹਾਊਸ ਗੈਸਾਂ ਦੇ ਇੱਕਠੇ ਹੋਣ ਨੂੰ ਗਲੋਬਲ ਵਾਰਮਿੰਗ ਕਿਹਾ ਜਾਂਦਾ ਹੈ। ਇਸਦੇ ਪ੍ਰਭਾਵ ਨਾਲ ਮੌਸਮ ਅਤੇ ਤਾਪਮਾਨ ਵਿੱਚ ਤਬਦੀਲੀ ਵੇਖਣ ਨੂੰ ਮਿਲਦੀ ਹੈ। 20 ਵੀ ਸਦੀਂ ਵਿੱਚ 1990 ਦਾ ਦਹਾਕਾ ਸਭ ਤੋਂ ਜਿਆਦਾ ਗਰਮ ਸੀ। 1998 ਸਭ ਤੋਂ ਗਰਮ ਸਾਲ ਸੀ । 2002 ਦੂਸਰਾ ਸਭ ਤੋਂ ਗਰਮ ਸਾਲ ਬਣਿਆ। ਜਲਵਾਯੂ ਤਬਦੀਲੀ ਕਾਰਨ ਜੁਲਾਈ 2005 ਵਿੱਚ ਮੁੰਬਈ ਸ਼ਹਿਰ 'ਚ 24 ਘੰਟਿਆਂ 'ਚ 944 ਮਿਲੀਮੀਟਰ ਮੀਂਹ ਪਿਆ। ਸਾਲ 2005 ਵਿੱਚ ਹੀ ਯੂਰਪ 'ਚ ਚੱਲੀ ਲੂ ਕਾਰਨ 20,000 ਤੋਂ ਵੱਧ ਲੋਕਾਂ ਦੀ ਮੌਤ ਹੋਈ ਅਤੇ ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਮਲੇਰੀਆ, ਡੇਂਗੂ ਜਿਹੀਆਂ ਬੀਮਾਰੀਆਂ ਤੋਂ ਪ੍ਰਭਾਵਤ ਹੋਣਾ ਪਿਆ। ਕਰੋਨਾ ਵਾਇਰਸ ਵੀ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਦਾ ਸਿੱਟਾ ਹੈ।
ਵਿਗਿਆਨਕਾਂ ਦਾ ਮੰਨਣਾ ਹੈ ਕਿ ਜੇਕਰ ਪ੍ਰਿਥਵੀ ਉਤੇ ਇਸੇ ਢੰਗ ਨਾਲ ਗਲੋਬਲ ਵਾਰਮਿੰਗ ਹੁੰਦੀ ਰਹੀ, ਗਰੀਨ ਹਾਊਸ ਗੈਸਾਂ ਦੀ ਪੈਦਾਇਸ਼ ਵਾਯੂਮੰਡਲ ਵਿੱਚ ਇਸੇ ਦਰ ਉਤੇ ਹੁੰਦੀ ਰਹੀ ਤਾਂ 2050 ਤੱਕ ਪ੍ਰਿਥਵੀ ਉਤੇ ਔਸਤ ਤਾਪਮਾਨ 5.8 ਡਿਗਰੀ ਸੈਲਸੀਅਸ ਵੱਧ ਜਾਏਗਾ ਅਤੇ ਮਨੁੱਖ ਜੀਵਾਂ ਅਤੇ ਬਨਸਪਤੀ ਦਾ ਇਸ ਧਰਤੀ ਉਤੇ ਰਹਿਣਾ ਮੁਹਾਲ ਹੋ ਜਾਏਗਾ। ਪਿਛਲੀ ਦਿਨੀਂ ਦੁਨੀਆ ਭਰ ਦੇ 130 ਦੇਸ਼ਾਂ ਦੇ ਮੁਖੀਆਂ ਨੇ ਆਉਣ ਵਾਲੇ ਸਮੇਂ 'ਚ ਇਸ ਵਾਧੇ ਨੂੰ ਰੋਕਣ ਲਈ ਯੋਜਨਾਵਾਂ ਤਿਆਰ ਕੀਤੀਆਂ ਹਨ ਅਤੇ ਅਹਿਦ ਲਿਆ ਹੈ ਕਿ ਇਹ ਵਾਧਾ ਕਿਸੇ ਵੀ ਹਾਲਤ ਵਿੱਚ 1.5 ਡਿਗਰੀ ਸੈਲਸੀਅਸ ਤੋਂ ਵੱਧ ਨਾ ਹੋਵੇ। ਇਹਨਾ ਦੇਸ਼ਾਂ ਦੇ ਮੁਖੀਆਂ ਨੇ ਗਰੀਨ ਹਾਊਸ ਗੈਸ ਪੈਦਾ ਕਰਨ ਵਾਲੇ ਸਾਧਨਾਂ ਦੇ ਬਦਲ ਲੱਭਣ ਲਈ ਸਾਂਝੇ ਯਤਨ ਕਰਨ ਦਾ ਫੈਸਲਾ ਲਿਆ ਹੈ।
ਪਰ ਸਰਕਾਰੀ ਯਤਨ ਹੀ ਜਲਵਾਯੂ ਪਰਿਵਰਤਨ ਦੇ ਬੁਰੇ ਪ੍ਰਭਾਵਾਂ ਨੂੰ ਰੋਕਣ ਲਈ ਸਹਾਈ ਨਹੀਂ ਹੋਣਗੇ। ਧਰਤੀ ਤੇ ਰਹਿੰਦੇ ਮਨੁੱਖਾਂ ਨੂੰ ਆਪਣੀਆਂ ਵਧੀਆਂ ਲੋੜਾਂ ਉਤੇ ਰੋਕ ਲਗਾਉਣੀ ਪਵੇਗੀ। ਦਰਖਤਾਂ ਦੀ ਕਟਾਈ ਰੋਕਣੀ ਪਵੇਗੀ, ਨਵੇਂ ਦਰਖਤ ਲਗਾਉਣੇ ਹੋਣਗੇ। ਵਹੀਕਲਾਂ ਦੀ ਵਰਤੋਂ ਛੱਡ ਪੈਦਲ ਤੁਰਨ ਨੂੰ ਤਰਜੀਹ ਦੇਣੀ ਹੋਵੇਗੀ। ਇਸਤੇਮਾਲ ਕਰਨ ਬਾਅਦ ਸੁੱਟੀਆਂ ਵਸਤਾਂ ਨੂੰ ਮੁੜ ਪ੍ਰਯੋਗ ਵਿੱਚ ਲਿਆਉਣਾ ਹੋਵੇਗਾ। ਬਿਜਲੀ ਦੀ ਵੱਧ ਵਰਤੋਂ ਦੀ ਆਦਤ ਛੱਡਕੇ, ਕੁਦਰਤੀ ਰੌਸ਼ਨੀ ਦਾ ਪ੍ਰਯੋਗ ਕਰਨਾ ਹੋਵੇਗਾ। ਕੂੜਾ ਜਲਾਉਣ ਤੋਂ ਰੋਕਣਾ ਹੋਵੇਗਾ ਅਤੇ ਪਲਾਸਟਿਕ ਦੀ ਵਰਤੋਂ ਬੰਦ ਕਰਕੇ, ਕੱਪੜੇ ਦੇ ਥੈਲਿਆਂ ਦਾ ਪ੍ਰਯੋਗ ਕਰਨਾ ਹੋਵੇਗਾ।
ਜਲਵਾਯੂ ਤਬਦੀਲੀ ਦਾ ਨਜ਼ਦੀਕੀ ਸਬੰਧ ਉਪਭੋਗ ਨਾਲ ਹੈ। ਉਪਭੋਗ ਦੇ ਅੰਤਰਗਤ ਚੀਜ਼ਾਂ ਅਤੇ ਊਰਜਾ ਦਾ ਇਸਤੇਮਾਲ ਵੱਧ ਤੋਂ ਵੱਧ ਹੋਣਾ ਸ਼ਾਮਲ ਹੈ। ਇਹ ਸਾਡੀ ਜੀਵਨ ਸ਼ੈਲੀ ਨਾਲ ਸਬੰਧਿਤ ਹੈ, ਅਸੀਂ ਕੀ ਖਰੀਦਦੇ ਹਾਂ? ਅਸੀਂ ਕਿਹੋ ਜਿਹਾ ਜੀਵਨ ਜੀਊਂਦੇ ਹਾਂ? ਅਸੀਂ ਜਲਵਾਯੂ ਤਬਦੀਲੀ ਨਾਲ ਹੋਈ ਤਬਾਹੀ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈਂਦੇ। ਕੋਈ ਆਫਤ ਆਉਂਦੀ ਹੈ, ਅਸੀਂ ਉਸਨੂੰ ਜਲਦੀ ਭੁੱਲ ਜਾਂਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਕਿ ਜਿਹਨਾ ਥਾਵਾਂ ਉਤੇ ਆਫਤਾਂ ਆਈਆਂ, ਉਹਨਾਂ ਥਾਵਾਂ ਤੋਂ ਲੋਕਾਂ ਨੂੰ ਘਰ-ਬਾਰ ਛੱਡਣੇ ਪਏ, ਉਹ ਸ਼ਰਨਾਰਥੀ ਬਣੇ ਅਤੇ ਉਹਨਾ ਨੂੰ ਜੀਵਨ ਵਿੱਚ ਜੰਗ ਨਾਲੋਂ ਵੀ ਵੱਧ ਤਬਾਹੀ ਦੇ ਹਾਲਾਤਾਂ 'ਚੋਂ ਗੁਜ਼ਰਨਾ ਪਿਆ।
ਉਂਜ ਵੀ ਜਲਵਾਯੂ ਤਬਦੀਲੀ ਦਾ ਭੈੜਾ ਪ੍ਰਭਾਵ ਗਰੀਬ ਲੋਕਾਂ ਨੂੰ ਹੀ ਹੰਢਾਉਣਾ ਪੈਂਦਾ ਹੈ। ਜਦੋਂ ਵੀ ਕੋਈ ਆਫਤ ਆਉਂਦੀ ਹੈ ਤਾਂ ਉਹ ਬੇਘਰ ਹੋ ਜਾਂਦੇ ਹਨ। ਭੁਚਾਲ ਆਉਂਦਾ ਹੈ ਤਾਂ ਉਹਨਾ ਦੇ ਘਰ ਤਬਾਹ ਹੋ ਜਾਂਦੇ ਹਨ।
ਭਾਰਤ ਵਿੱਚ ਹੀ ਨਹੀਂ ਪੂਰੇ ਸੰਸਾਰ ਵਿੱਚ ਜਲਵਾਯੂ ਤਬਦੀਲੀ ਇੱਕ ਗੰਭੀਰ ਮੁੱਦਾ ਹੈ। ਗਰੀਬ ਤੋਂ ਲੈਕੇ ਅਮੀਰ ਦੇਸ਼ ਸਭ ਇਸਦੀ ਲਪੇਟ ਵਿੱਚ ਹਨ। ਅੱਜ ਇਹ ਸਵੀਕਾਰਨ ਦਾ ਸਮਾਂ ਹੈ ਕਿ ਜਲਵਾਯੂ ਤਬਦੀਲੀ ਨਾਲ ਹੋ ਰਹੀ ਤਬਾਹੀ ਇੱਕ ਗੰਭੀਰ ਸਮੱਸਿਆ ਹੈ ਅਤੇ ਮਨੁੱਖ ਨੂੰ ਇਸ ਤਬਾਹੀ ਤੋਂ ਛੁਟਕਾਰਾ ਪਾਉਣ ਲਈ ਆਪਣੀ ਜੀਵਨ ਸ਼ੈਲੀ 'ਚ ਤਬਦੀਲੀ ਲਿਆਉਣੀ ਹੀ ਪਵੇਗੀ।
-ਗੁਰਮੀਤ ਸਿੰਘ ਪਲਾਹੀ
-9815802070
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.