ਖੱਟੜਾ ਕਬੱਡੀ ਕੱਪ ਤੇ ਪੁਰੇਵਾਲ ਖੇਡਾਂ ਦੀ ਗਰਾਊਂਡ ਜ਼ੀਰੋ ਰਿਪੋਰਟ
ਸਤਲੁਜ ਦੇ ਆਰ-ਪਾਰ ਪੇਂਡੂ ਖੇਡ ਮੇਲਿਆਂ ਦੇ ਅੰਗ-ਸੰਗ ਲੰਘਿਆ ਦਿਨ -ਨਵਦੀਪ ਸਿੰਘ ਗਿੱਲ
ਅੱਜ ਦੋ ਖੇਡ ਮੇਲੇ ਵੇਖਣ ਦਾ ਸਬੱਬ ਬਣਿਆ। ਪਹਿਲਾ ਸਤਲੁਜ ਦਰਿਆ ਦੇ ਏਧਰਲੇ ਪਾਸੇ ਖੰਨਾ ਨੇੜੇ ਖੱਟੜਾ ਪਿੰਡ ਵਿਖੇ 9ਵਾਂ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਤੇ ਦੂਜਾ ਸਤਲੁਜ ਦੇ ਉਪਰਲੇ ਪਾਸੇ ਨਵਾਂਸ਼ਹਿਰ ਜਿਲੇ ਵਿੱਚ ਹਕੀਮਪੁਰ ਵਿਖੇ 25ਵੀਆਂ ਪੁਰੇਵਾਲ ਖੇਡਾਂ। ਇਕ ਮਾਲਵੇ ਦਾ ਸਿਰਕੱਢਵਾਂ ਅਨੁਸ਼ਾਸਨਬੱਧ ਖੇਡਿਆਂ ਜਾਣ ਵਾਲਾ ਕਬੱਡੀ ਕੱਪ ਤੇ ਦੂਜੀਆਂ ਵਿਰਾਸਤੀ ਤੇ ਰਵਾਇਤੀ ਖੇਡਾਂ ਦੇ ਕੁੰਭ ਵਜੋਂ ਜਾਣੀਆਂ ਜਾਂਦੀਅਾ ਦੋਆਬੇ ਦੀਆਂ ਮਿੰਨੀ ਓਲੰਪਿਕਸ।
ਦੋਵਾਂ ਨਾਲ ਦਹਾਕਿਅਂ ਦੀ ਸਾਂਝ ਹੈ। ਖੱਟੜਾ ਕਬੱਡੀ ਕੱਪ ਨਾਲ ਪਹਿਲੇ ਟੂਰਨਾਮੈਂਟ ਤੋੰ ਹੀ ਜੁੜਿਅ ਹੋੲਿਾ ਜਦੋਂ ਕਿ ਪੁਰੇਵਾਲ ਖੇਡਾਂ ਨਾਲ 2005-06 ਤੋਂ। ਇਧਰ ਦੇ ਪ੍ਰਬੰਧਕ ਦਲਮੇਘ ਸਿੰਘ ਖੱਟੜਾ ਤੇ ਉਧਰ ਗੁਰਜੀਤ ਸਿੰਘ ਪੁਰੇਵਾਲ। ਦੋਵਾਂ ਨਾਲ ਮਿੱਤਰਤਾ ਹੋਣ ਕਰ ਕੇ ਮੇਰੀ ਦੋਵੇਂ ਖੇਡ ਮੇਲਿਆਂ ਨਾਲ ਹੀ ਸਾਂਝ ਗੂੜ•ੀ ਹੈ। ਇਕ ਹੋਰ ਵੀ ਵੱਡਾ ਕਾਰਨ ਹੈ। ਇਧਰ ਮੇਰੇ ਸੀਨੀਅਰ ਸਾਥੀ ਰਣਦੀਪ ਸਿੰਘ ਆਹਲੂਵਾਲੀਆ ਤੇ ਉਧਰ ਮੇਰੇ ਗੁਰੂ ਜੀ ਪ੍ਰਿੰਸੀਪਲ ਸਰਵਣ ਸਿੰਘ ਖੇਡਾਂ ਦੇ ਮੁੱਖ ਸਲਾਹਕਾਰ ਹੁੰਦੇ ਹਨ। ਦਲਮੇਘ ਸਿੰਘ ਜਿੱਥੇ ਆਪਣੇ ਵਿਛੜੇ ਭਰਾ ਸਵ. ਬਲਦੇਵ ਸਿੰਘ ਦੀ ਯਾਦ ਵਿੱਚ ਇਹ ਕਬੱਡੀ ਕੱਪ ਕਰਵਾਉਂਦੇ ਹਨ ਉਥੇ ਗੁਰਜੀਤ ਸਿੰਘ ਆਪਣੇ ਮਾਤਾ-ਪਿਤਾ ਹਰਬੰਸ ਸਿੰਘ ਪੁਰੇਵਾਲ ਤੇ ਸੁਰਜੀਤ ਕੌਰ ਦੀ ਯਾਦ ਵਿੱਚ ਖੇਡਾਂ ਕਰਵਾਉਂਦੇ ਹਨ। ਦਲਮੇਘ ਸਿੰਘ ਸਿਰ ਸਾਬਤ ਸੂਰਤ ਖਿਡਾਰੀਆਂ ਦੀ ਕਬੱਡੀ ਟੀਮ ਖੜ ਕਰਨ ਦਾ ਸਿਹਰਾ ਜਾਂਦਾ ਹੈ ਜੋ ਕਬੱਡੀ ਨੂੰ ਜਾਨੂੰਨ ਦੀ ਹੱਦ ਤੱਕ ਪਿਆਰ ਕਰਦੇ ਹਨ ਉਧਰ ਗੁਰਜੀਤ ਸਿੰਘ ਅਤੇ ਉਸ ਦੇ ਦੋਵੇਂ ਵੱਡੇ ਭਰਾ ਚਰਨ ਸਿੰਘ ਤੇ ਮਲਕੀਤ ਸਿੰਘ ਆਪਣੇ ਸਮੇਂ ਦੇ ਕਬੱਡੀ ਖਿਡਾਰੀ ਰਹੇ। ਪਿਤਾ ਹਰਬੰਸ ਸਿੰਘ ਤੇ ਦਾਦਾ ਊਧਮ ਸਿੰਘ ਚੰਗੇ ਖਿਡਾਰੀ ਰਹੀ। ਚੌਥੀ ਪੀੜ•ੀ ਵਿੱਚ ਟੈਰੀ ਪੁਰੇਵਾਲ ਨੇ ਕੈਨੇਡੀ ਦੀ ਟੀਮ ਦੀ ਨੁਮਾਇੰਦਗੀ ਕੀਤੀ। ਕੁਸ਼ਤੀ ਤੇ ਕਬੱਡੀ ਨੂੰ ਬਰਾਬਰ ਪਿਆਰ ਕਰਦੇ ਹਨ।
ਗੱਲ ਕਰਦੇ ਆ ਅੱਜ ਦੇ ਪਹਿਲੇ ਖੇਡ ਮੇਲੇ ਦੀ। ਖੱਟੜਾ ਕਬੱਡੀ ਕੱਪ ਸਖਤ ਅਨੁਸ਼ਾਸਨ ਵਜੋਂ ਜਾਣਿਆ ਜਾਂਦਾ ਹੈ। ਦਾਇਰੇ ਵਿੱਚ ਖਿਡਾਰੀਆਂ ਤੇ ਰੈਫਰੀ ਤੋਂ ਬਿਨਾਂ ਕਿਸੇ ਨੂੰ ਫਟਕਣ ਨਹੀਂ ਦਿੱਤਾ ਜਾਂਦਾ। 'ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ' ਸ਼ਬਦ ਤੋਂ ਬਾਅਦ ਅਰਦਾਸ ਨਾਲ ਸ਼ੁਰੂ ਹੋਏ ਇਸ ਕੱਪ ਦੀ ਉਦਘਾਟਨੀ ਰਸਮ ਤੋਂ ਬਾਅਦ ਖਾਲਸੇ ਦੀਆਂ ਲਾਡਲੀਆਂ ਫੌਜਾਂ ਨੇ ਗੱਤਕਾ ਖੇਡਿਆ। ਕਬੱਡੀ ਕੱਪ ਦਾ ਫਾਈਨਲ ਸ਼੍ਰੋਮਣੀ ਕਮੇਟੀ ਦੀ ਬਾਬਾ ਜ਼ੋਰਾਵਾਰ ਸਿੰਘ ਬਾਬਾ ਫਤਹਿ ਸਿੰਘ ਕਬੱਡੀ ਅਕੈਡਮੀ ਨੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਕਬੱਡੀ ਕਲੱਬ ਫਗਵਾੜਾ ਨੂੰ ਫਸਵੇਂ ਮੁਕਾਬਲੇ ਵਿੱਚ 32-28 ਨਾਲ ਹਰਾ ਕੇ ਜਿੱਤਿਆ। ਜੇਤੂ ਟੀਮ ਨੇ ਸਵਾ ਲੱਖ ਤੇ ਉਪ ਜੇਤੂ ਨੇ ਇਕ ਲੱਖ ਰੁਪਏ ਦਾ ਇਨਾਮ ਜਿੱਤਿਆ।ਜਾ ਖੇਡ ਮੇਲਾ ਐਤਕੀਂ ਚਾਰ ਵਰਿਆਂ ਦੇ ਫਾਸਲੇ ਬਾਅਦ ਕਰਵਾਇਆ ਗਿਆ। ਇਸ ਵਾਰ ਪੁਰੇਵਾਲ ਖੇਡਾਂ ਦੀ ਸਿਲਵਰ ਜੁਬਲੀ ਸੀ। ਨਾਰਥ ਫੈਡਰੇਸ਼ਨ ਦੀਆਂ ਕਬੱਡੀ ਅਕੈਡਮੀਆਂ ਦੇ ਭੇੜ ਹੋਏ। ਅੰਡਰ-21 ਚੋਬਰਾਂ ਦੀ ਕਬੱਡੀ ਖਿੱਚ ਦਾ ਕੇਂਦਰ ਰਹੀ। ਕੁਸ਼ਤੀ ਵਿੱਚ ਇਰਾਨੀ ਪਹਿਲਵਾਨ ਅਤੇ ਮਹਿਲਾ ਵਰਗ ਵਿੱਚ ਗੁਰਸ਼ਰਨਪ੍ਰੀਤ ਕੌਰ ਪ੍ਰਮੁੱਖ ਸਨ। ਅਥਲੈਟਿਕਸ ਦੇ ਈਵੈਂਟਾਂ ਤੋਂ ਇਲਾਵਾ ਹਲਟ ਦੌੜਾਂ, ਘੋੜਿਆਂ ਦੀਆਂ ਦੌੜਾਂ, ਬੈਲ ਗੱਡੀ ਦੌੜਾਂ, ਨੇਜ਼ੇਬਾਜੀ, ਕੁੱਤਿਆਂ ਦੀਆਂ ਦੌੜਾਂ ਦੇ ਮੁਕਾਬਲੇ ਕਰਵਾਏ ਗਏ। ਨਿਹੰਗ ਸਿੰਘਾਂ ਵੱਲੋਂ ਘੋੜਿਆਂ 'ਤੇ ਸਵਾਰ ਹੋ ਕੇ ਦਿਖਾਏ ਗਏ ਜੰਗਜੂ ਕਰਤੱਬ ਹੈਰਤਅੰਗੇਜ਼ ਸਨ। ਲੱਖਾਂ ਦੇ ਇਨਾਮ ਵਾਲੀਆਂ ਪੁਰੇਵਾਲ ਖੇਡਾਂ ਵਿੱਚ ਭੀੜ ਵੀ ਬਹੁਤ ਜੁੜੀ। ਖਿਡਾਰੀ ਵੀ ਚੋਟੀ ਦੇ ਪੁੱਜੇ ਹੋਏ ਸਨ। ਪਾਲਾ ਜਲਾਲਪੁਰੀਆ, ਦੁੱਲਾ, ਸੰਦੀਪ ਸੁਰਖਪੁਰ ਆਦਿ। ਮੈਚ ਦੇਖਣ ਵਾਲਿਆਂ ਵਿੱਚ ਦੁਨੀਆਂ ਦਾ ਮੰਨਿਆ ਪ੍ਰਮੰਨਿਆ ਅਰਥ ਸਾਸ਼ਤਰੀ ਸਰਦਾਰਾ ਸਿੰਘ ਜੌਹਲ ਵੀ ਸੀ ਤੇ ਗੀਤਕਾਰ ਸ਼ਮਸ਼ੇਰ ਸੰਧੂ ਵੀ। ਪੂਰੇ ਖੇਡ ਮੇਲੇ ਨੂੰ ਕੈਮਰੇ ਦੀ ਅੱਖ ਵਿੱਚ ਕੈਦ ਰਹੇ ਸੰਤੋਖ ਸਿੰਘ ਮੰਡੇਰ ਦੇ ਪੱਬ ਵੀ ਧਰਤੀ 'ਤੇ ਲੱਗ ਨਹੀਂ ਰਹੇ ਸਨ। ਕਬੱਡੀ ਦੀ ਖੇਡ ਦਾ ਸਿਖਰਲਾ ਕੁਮੈਂਟੇਟਰ ਪ੍ਰੋ. ਮੱਖਣ ਸਿੰਘ ਵੀ ਇਸੇ ਹਕੀਮਪੁਰ ਪਿੰਡ ਦਾ ਹੋਣ ਕਰ ਕੇ ਨਵੀਂ ਪੀੜੀਂ ਦੇ ਰੁਪਿੰਦਰ ਹੁਰੀਂ ਕੁਮੈਂਟੇਟਰ ਵੀ ਵਾਰ-ਵਾਰ ਆਪਣੇ ਉਸਤਾਦ ਨੂੰ ਯਾਦ ਕਰ ਰਹੇ ਸਨ। ਮੱਖਣ ਸਿੰਘ ਨੇ ਵੀ ਪੂਰਾ ਰੰਗ ਬੰਨਿਆ। ਜੰਗਜੂ ਕਰਤੱਬਾਂ ਅਤੇ ਕਬੱਡੀ ਫਾਈਨਲ ਦੌਰਾਨ ਮੱਖਣ ਨੇ ਮਾਹੌਲ ਜੋਸ਼ੀਲਾ ਬਣਾ ਦਿੱਤਾ। ਖੇਡ ਮੇਲੇ ਵਿੱਚ ਦੋ ਕਮੀਆਂ ਵੀ ਰੜਕੀਆਂ। ਪਹਿਲੇ ਦਿਨ ਮੀਂਹ ਪੈਣ ਕਾਰਨ ਅੱਜ ਬਹੁਤੇ ਮੁਕਾਬਲੇ ਇਕੱਠੇ ਹੋਏ ਜਿਸ ਕਾਰਨ ਖੇਡ ਮੇਲੇ ਵਿੱਚ ਘੁੰਮਦਿਆਂ ਇਕੋ ਵੇਲੇ ਕਬੱਡੀ, ਕੁਸ਼ਤੀ ਤੇ ਨੇਜ਼ੇਬਾਜ਼ੀਆਂ ਵਾਲੇ ਦੇ ਕੁਮੈਂਟੇਟਰਾਂ ਦੀਆਂ ਆਵਾਜ਼ਾਂ ਵੀ ਭਿੜਦੀਆਂ ਸੁਣਨ ਨੂੰ ਮਿਲੀਆਂ। ਦੂਜਾ ਕਬੱਡੀ ਮੈਚਾਂ ਵਿੱਚ ਖਿਡਾਰੀਆਂ ਦੇ ਅਨੁਸ਼ਾਸਨ ਦੀ ਕਮੀ ਕਾਰਨ ਮੈਚ ਪਿਛੜ ਕੇ ਸ਼ੁਰੂ ਹੁੰਦੇ ਰਹੇ ਜਿਸ ਕਾਰਨ ਫਾਈਨਲ ਨੂੰ ਪੂਰਾ ਸਮਾਂ ਨਹੀਂ ਮਿਲਿਆ। ਫਾਈਨਲ ਦੀਆਂ ਟੀਮਾਂ ਸਰਹਾਲਾ ਤੇ ਸੁਰਖਪੁਰ ਸਾਂਝੀਆਂ ਜੇਤੂ ਰਹੀਆਂ। ਜੇਤੂ ਤੇ ਉਪ ਜੇਤੂ ਨੂੰ ਦਿੱਤੇ ਜਾਣ ਵਾਲੇ ਤਿੰਨ ਲੱਖ ਤੇ ਦੋ ਲੱਖ ਰੁਪਏ ਦੇ ਇਨਾਮ ਵੰਡ ਕੇ ਸਾਂਝੀਆਂ ਜੇਤੂ ਐਲਾਨੀਆਂ ਦੋਵੇਂ ਟੀਮਾਂ ਨੂੰ ਢਾਈ-ਢਾਈ ਲੱਖ ਰੁਪਏ ਦੇ ਇਨਾਮ ਦਿੱਤੇ ਗਏ। ਕਬੱਡੀ ਗਰਾਊਂਡ ਵਿੱਚ ਹਾਲੇ ਵੀ ਅਨੁਸ਼ਾਸਨ ਦੀ ਲੋੜ ਹੈ ਜਿੱਥੇ ਸਿਰਫ ਖਿਡਾਰੀ ਤੇ ਰੈਫਰੀ ਹੋਣੇ ਚਾਹੀਦੇ ਹਨ।
ਕੁੱਲ ਮਿਲਾ ਕੇ ਅੱਜ ਦਾ ਦਿਨ ਖੇਡਾਂ ਦੇ ਅੰਗ-ਸੰਗ ਵਿਚਰਿਆ। ਸੱਚ ਇਕ ਗੱਲ ਹੋਰ ਅੱਜ ਸੀਨੀਅਰ ਸਾਥੀ ਰਣਦੀਪ ਸਿੰਘ ਆਹਲੂਵਾਲੀਆ ਨੇ ਉਮਰ ਦਾ ਅਰਧ ਸੈਂਕੜਾ ਮਾਰ ਦਿੱਤਾ ਅਤੇ ਉਨਾਂ ਨੂੰ 50ਵੇਂ ਜਨਮ ਦਿਨ ਦੀ ਵਧਾਈ ਸਾਥੀ ਬਲਜਿੰਦਰ ਸਿੰਘ ਸੈਣੀ ਦੇ ਸੰਗ ਖੱਟੜਾ ਦੇ ਗਰਾਊਂਡ ਵਿੱਚ ਹੀ ਦਿੱਤੀ। ਦੂਜੇ ਪਾਸੇ ਪੁਰੇਵਾਲ ਖੇਡਾਂ ਦੇਖਦਿਆਂ ਪ੍ਰਿੰਸੀਪਲ ਸਰਵਣ ਸਿੰਘ, ਸ਼ਮਸ਼ੇਰ ਸੰਧੂ, ਮਾਸਟਰ ਜੋਗਾ ਸਿੰਘ, ਜਗਵਿੰਦਰ ਸਿੰਘ ਦੀ ਸੰਗਤ ਮਾਣਨ ਦਾ ਮੌਕਾ ਵੀ ਮਿਲਿਆ। ਗੁਰਜੀਤ ਸਿੰਘ ਪੁਰੇਵਾਲ ਨੇ ਓਲੰਪਿਕ ਖੇਡਾਂ ਵਾਂਗ ਦੋਆਬੇ ਦੀ ਇਸ ਮਿੰਨੀ ਓਲੰਪਿਕਸ ਦਾ ਵੀ ਚਾਰ ਵਰਿਆਂ ਬਾਅਦ ਪਿੜ ਬੰਨਿਆ।
-
ਨਵਦੀਪ ਸਿੰਘ ਗਿੱਲ, ਖੇਡ ਕਾਲਮਨਵੀਸ
navdeepsinghgill82@gmail.com
97800-36216
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.