ਦੇਸ਼ ਦੇ ਜ਼ਿਆਦਾਤਰ ਟੈਲੀਵਿਜ਼ਨ ਚੈਨਲਾਂ ’ਤੇ ਹੁੰਦੀਆਂ ਬਹਿਸਾਂ ਕੇਂਦਰ ਵਿਚਲੀ ਸੱਤਾਧਾਰੀ ਪਾਰਟੀ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਦੀਆਂ ਦਿਖਾਈ ਦਿੰਦੀਆਂ ਹਨ। ਮੀਡੀਆ ਦੀ ਭੂਮਿਕਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਨਿਗਾਹਬਾਨੀ ਕਰਨ ਦੀ ਹੁੰਦੀ ਹੈ, ਪਰ ਸਾਡੇ ਚੈਨਲਾਂ ’ਤੇ ਬੈਠੇ ਜ਼ਿਆਦਾ ਐਂਕਰ ਤੇ ਵਕਤੇ ਸੱਤਾ ਦੀ ਇਬਾਰਤ ਦੇ ਸੂਤਰਧਾਰ ਬਣ ਗਏ ਜਾਪਦੇ ਹਨ। ਸੰਜਮ, ਸਹਿਜ, ਗੋਸ਼ਟਿ ਕਰਨ ਦਾ ਮਿਆਰ ਤੇ ਅਦਬ ਇਨ੍ਹਾਂ ਬਹਿਸਾਂ ’ਚੋਂ ਗ਼ੈਰਹਾਜ਼ਰ ਹੈ; ਹਾਜ਼ਰ ਹਨ ਨਫ਼ਰਤ ਤੇ ਫੁੱਟਪਾਊ ਭਾਸ਼ਾ ਵਰਤਦੇ ਤੇ ਸਾਡੇ ਮਨ ਵਿਚ ਜ਼ਹਿਰ ਘੋਲਦੇ ਵੱਖ ਵੱਖ ਤਰ੍ਹਾਂ ਦੇ ਮਾਹਿਰ।
ਪਾਲੀ ਕਵੀ ਵਿਨੋਦ ਵਿਕਰਮ ਕੇਸੀ ਨੇ
ਲਿਖਿਆ ਹੈ:
ਰਾਤ ਦੇ ਅੱਠ ਜਾਂ ਨੌਂ ਵੱਜ ਚੁੱਕੇ ਨੇ
ਟੈਲੀਵਿਜ਼ਨ ਲਗਾਓ
(ਉਨ੍ਹਾਂ ਦਾ ਕਹਿਣਾ ਏ
ਨਹੀਂ ਤੇ ਤੁਸੀਂ ਇਕ ਸਦੀ ਪਿੱਛੇ ਰਹਿ ਜਾਓਗੇ…)
ਹੁਣ ਸ਼ੁਰੂ ਹੁੰਦੀ ਹੈ
ਪ੍ਰਾਈਮ ਟਾਈਮ ਦਹਿਸ਼ਤਗਰਦੀ
…
ਗ਼ੌਰ ਨਾਲ ਵੇਖੋ
ਝੂਠ ਕਿਵੇਂ ਪਹਿਨਦਾ ਏ
ਕੂੜੇ ਸ੍ਵੈ-ਵਿਸ਼ਵਾਸ ਦਾ ਮਖੌਟਾ
ਜਿਵੇਂ ਕੋਈ ਗਰਨੇਡ
ਹਸਦਿਆਂ ਹੋਇਆਂ ਬੋਲ ਰਿਹਾ ਹੋਵੇ
ਅਮਨ ਦੀ ਭਾਸ਼ਾ
…
ਟੈਲੀਵਿਜ਼ਨ ਜੱਲਾਦ ਅਤੇ ਪੂੰਜੀਵਾਦ ਦੀ
ਆਗਿਆਕਾਰੀ ਔਲਾਦ ਹੈ
…
ਹਰ ਰਾਤ ਪ੍ਰਾਈਮ ਟਾਈਮ ਆਤੰਕਵਾਦੀ
ਦੁਕਾਨ ਸਜਾ ਕੇ ਬੈਠਦਾ ਏ
ਉਹਦੇ ਸ਼ੋਅ-ਕੇਸ ਵਿਚ ਅਣਗਿਣਤ ਵਸਤਾਂ ਨੇ
ਮਜ਼ਹਬ ਹੈ, ਨਫ਼ਰਤ ਹੈ, ਰਾਸ਼ਟਰਵਾਦ ਹੈ,
ਮਿਸਾਈਲ ਨੇ, ਬੰਬ ਹੈ
ਪਤਾ ਨਹੀਂ ਕੀ ਕੀ ਹੈ
ਗ਼ੌਰ ਨਾਲ ਵੇਖੋ
ਸਫ਼ੈਦ ਕਬੂਤਰ ਵੀ ਹੈ
…
ਹੁਣ ਟੈਲੀਵਿਜ਼ਨ ਬੰਦ ਕਰ ਦਿਓ
ਤੁਹਾਡਾ ਜ਼ਹਿਰ ਦਾ ਕੋਟਾ ਪੂਰਾ ਹੋ ਚੁੱਕਾ ਹੈ।
ਸਵਰਾਜਬੀਰ
ਇਸ ਤੋਂ ਬਾਅਦ ਲਿਖਣ ਦੀ ਜ਼ਿਆਦਾ ਗੁੰਜਾਇਸ਼ ਨਹੀਂ ਬਚਦੀ। ਸਪੱਸ਼ਟ ਤੌਰ ’ਤੇ ਕਵਿਤਾ ਸਿਆਸੀ ਹੈ, ਬੜਬੋਲੀ ਤੇ ਉੱਚੇ ਸੁਰ ਵਾਲੀ ਹੈ। ਕਵਿਤਾ ਵਿਚਲੀ ਬੋਲੀ ਖਿੰਗਰਾਂ ਤੇ ਰੋੜਿਆਂ ਵਾਲੀ ਊਬੜ-ਖਾਬੜਤਾ ਹੈ। ਊਬੜ-ਖਾਬੜ ਸਮਿਆਂ ਵਿਚ ਇਹੋ ਜਿਹੀ ਕਵਿਤਾ ਦੀ ਲੋੜ ਹੁੰਦੀ ਹੈ।
ਕਵੀ ਆਪਣੇ ਦੇਸ਼ ਦਾ ਦ੍ਰਿਸ਼ ਬਿਆਨ ਕਰ ਰਿਹਾ ਹੈ ਜਾਂ ਸਾਡੇ ਦੇਸ਼ ਦਾ ਜਾਂ ਸਾਰੀ ਦੁਨੀਆਂ ਦੇ ਦੇਸ਼ਾਂ ਦਾ। ਸਾਡੇ ਦੇਸ਼ ’ਤੇ ਇਹ ਕਵਿਤਾ ਜ਼ਿਆਦਾ ਢੁਕਦੀ ਹੈ ਕਿਉਂਕਿ ਟੀਵੀ/ਇਲੈਕਟ੍ਰਾਨਿਕ ਮੀਡੀਆ ਦੇ ਵੱਡੇ ਹਿੱਸੇ ‘ਗੋਦੀ ਮੀਡੀਆ’ ਬਣ ਚੁੱਕੇ ਹਨ। ਉਹ ਸਰਕਾਰ ਤੇ ਬਹੁਗਿਣਤੀਵਾਦ ਦੀ ਮਾਨਸਿਕਤਾ ਦੀ ਭਾਸ਼ਾ ਬੋਲਦੇ ਹਨ। ਤੁਸੀਂ ਕੋਈ ਵੀ ਚੈਨਲ ਲਗਾਓ, ਉਸ ਉੱਤੇ ਬੇਰੁਜ਼ਗਾਰੀ, ਕਿਸਾਨੀ ਸੰਕਟ, ਮਜ਼ਦੂਰਾਂ ਤੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਨਸ਼ਿਆਂ ਦਾ ਫੈਲਾਓ, ਅਮੀਰਾਂ ਤੇ ਗ਼ਰੀਬਾਂ ਵਿਚਕਾਰ ਵਧਦਾ ਹੋਇਆ ਆਰਥਿਕ ਪਾੜਾ ਅਤੇ ਅਜਿਹੇ ਹੋਰ ਲੋਕ-ਮੁੱਦਿਆਂ ’ਤੇ ਬਹਿਸ ਤਾਂ ਬਹੁਤ ਘੱਟ ਹੁੰਦੀ ਹੈ ਪਰ ਰੋਜ਼ ਹੀ ਕੋਈ ਜਜ਼ਬਾਤੀ ਮੁੱਦਾ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਜਿਸ ਵਿਚ ਐਂਕਰ ਵਿਚਾਰ-ਵਟਾਂਦਰਾ ਕਰਨ ਲਈ ਸੱਦੇ ਹੋਏ ਮਾਹਿਰਾਂ ਅਤੇ ਸਿਆਸੀ ਨੁਮਾਇੰਦਿਆਂ ਨੂੰ ਉਤੇਜਿਤ ਕਰਨ ਦੀ ਭੂਮਿਕਾ ਅਦਾ ਕਰਦਾ ਹੈ। ਆਪਣੇ ਆਪ ਨੂੰ ਧਾਰਮਿਕ ਤੇ ਸਿਆਸੀ ਮਾਹਿਰ ਅਖਵਾਉਣ ਵਾਲੇ ਸੱਜਣ ਉੱਚੀ ਉੱਚੀ ਚੀਕਦੇ ਹਨ ਜਿਵੇਂ ਹੁਣੇ ਹੀ ਵਿਰੋਧੀ ਨੂੰ ਵਾਲ਼ਾਂ ਤੋਂ ਫੜ ਕੇ ਥੱਲੇ ਸੁੱਟ ਦੇਣਾ ਹੋਵੇ। ਇਕ-ਦੂਸਰੇ ਦੇ ਵਿਰੁੱਧ ਜ਼ਹਿਰ ਉਗਲਿਆ ਜਾਂਦਾ ਹੈ, ਲੋਕਾਂ ਦੀ ਦੇਸ਼ ਭਗਤੀ ’ਤੇ ਸ਼ੱਕ ਕੀਤਾ ਜਾਂਦਾ ਹੈ ਅਤੇ ਦੇਸ਼ ਦੀ ਹਰ ਸਮੱਸਿਆ ਲਈ ਗੁਆਂਢੀ ਦੇਸ਼ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਇਸ ਵਰਤਾਰੇ ਦੇ ਕਈ ਪੱਖ ਹਨ:
ਸੂਖ਼ਮਤਾ ਦਾ ਖ਼ਾਤਮਾ
ਟੈਲੀਵਿਜ਼ਨ ’ਤੇ ਹੋ ਰਹੀਆਂ ਬਹਿਸਾਂ ਵਿਚ ਵੱਖ ਵੱਖ ਜਟਿਲ ਮਾਮਲਿਆਂ ਵਿਚਲੇ ਸੂਖ਼ਮ ਨੁਕਤਿਆਂ ਨੂੰ ਅੱਖੋਂ ਓਹਲੇ ਕਰਕੇ ਇਕ ਇਹੋ ਜਿਹੀ ਬਿਆਨਬਾਜ਼ੀ (ਬਿਰਤਾਂਤ) ਬਣਾਈ ਜਾਂਦੀ ਹੈ ਜਿਸ ਵਿਚ ਕਿਸੇ ਮਸਲੇ ਦੀ ਸੂਖ਼ਮਤਾ ਅਤੇ ਜਟਿਲਤਾ ਜਾਨਣ-ਪਛਾਨਣ ਦੀ ਕੋਸ਼ਿਸ਼ ਦੀ ਬਜਾਏ ਉਸ ਨੂੰ ਇਕ ਸਾਧਾਰਨ ਤਰੀਕੇ ਦੀ ‘‘ਹਾਂ ਜਾਂ ਨਾਂਹ’’ ਦੀ ਬਹਿਸ ਵਿਚ ਤਬਦੀਲ ਕਰ ਦਿੱਤਾ ਜਾਂਦਾ ਹੈ। ਉਦਾਹਰਣ ਦੇ ਤੌਰ ’ਤੇ ਨਾਗਰਿਕਤਾ ਸੋਧ ਕਾਨੂੰਨ ਵਿਚ ਬਹਿਸ ਦੌਰਾਨ ਇਸ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਦੇਸ਼ ਵਿਰੋਧੀ ਅਤੇ ਦੇਸ਼ਧ੍ਰੋਹੀ ਗਰਦਾਨਿਆ ਜਾਂਦਾ ਹੈ ਅਤੇ ਇਸ ਦੀ ਹਮਾਇਤ ਕਰਨ ਵਾਲਿਆਂ ਨੂੰ ਦੇਸ਼ ਭਗਤ। ਜੇ ਕੋਈ ਵਕਤਾ ਇਸ ਕਾਨੂੰਨ ਵਿਚਲੀਆਂ ਪੇਚੀਦਗੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਐਂਕਰ ਜਾਂ ਇਸ ਕਾਨੂੰਨ ਦੀ ਹਮਾਇਤ ਕਰਨ ਵਾਲੇ ਵਕਤਾ ਉਸ ਨੂੰ ਰੌਲਾ ਪਾ ਕੇ ਚੁੱਪ ਕਰਾ ਦਿੰਦੇ ਹਨ।
ਮੁੱਦਿਆਂ ਨੂੰ ਤੁੱਛ ਬਣਾਉਣਾ
ਗੰਭੀਰ ਮੁੱਦਿਆਂ ਨੂੰ ਤੁੱਛ ਬਣਾ ਦਿੱਤਾ ਜਾਂਦਾ ਹੈ। ਉਦਾਹਰਣ ਦੇ ਤੌਰ ’ਤੇ ਨਿਰਭਯਾ ਕਾਂਡ ਵਿਚਲੇ ਦੋਸ਼ੀਆਂ ਨੂੰ ਫਾਂਸੀ ਲਗਾਉਣ ਦੇ ਮਾਮਲੇ ’ਤੇ ਹੋ ਰਹੀ ਦੇਰੀ ਨੂੰ ਜਿਸ ਤਰ੍ਹਾਂ ਪੇਸ਼ ਕੀਤਾ ਗਿਆ, ਉਹ ਮੀਡੀਆ ਦੇ ਦੀਵਾਲੀਏਪਣ ਦੀ ਨਿਸ਼ਾਨਦੇਹੀ ਕਰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡੀ ਨਿਆਂ ਪ੍ਰਣਾਲੀ ਵਿਚ ਨਿਆਂ ਮਿਲਣ ਵਿਚ ਦੇਰ ਹੁੰਦੀ ਹੈ ਪਰ ਇਸ ਦੇ ਨਾਲ ਨਾਲ ਨਿਆਂ ਪ੍ਰਣਾਲੀ ਦੀਆਂ ਕਈ ਕਾਰਵਾਈਆਂ ਖ਼ਾਸ ਕਰਕੇ ਫਾਂਸੀ ਦੇਣ ਵਾਲੀ ਕਾਰਵਾਈ ਵਿਚ ਕਾਨੂੰਨੀ ਪ੍ਰਕਿਰਿਆ ਅਨੁਸਾਰ ਹੀ ਸਜ਼ਾ ਦਿੱਤੀ ਜਾ ਸਕਦੀ ਹੈ। ਟੈਲੀਵਿਜ਼ਨ ਮੀਡੀਆ ਦੇ ਵੱਡੇ ਹਿੱਸੇ ਨੇ ਇਸ ਉੱਤੇ ਗੰਭੀਰ ਬਹਿਸ ਕਰਨ ਦੀ ਬਜਾਏ ਇਸ ਨੂੰ ਲੋਕਾਂ ਦੇ ਜਜ਼ਬਾਤ ਭੜਕਾਉਣ ਅਤੇ ਆਪਣੀ ਟੀਆਰਪੀ ਵਧਾਉਣ ਲਈ ਵਰਤਿਆ ਹੈ। ਰੋਜ਼ ਦੁਖਿਆਰੀ ਮਾਂ ਦੇ ਸਾਹਮਣੇ ਮਾਈਕ ਰੱਖ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਨਿਆਂਪਾਲਿਕਾ ਤੇ ਵਕੀਲਾਂ ’ਤੇ ਬੇ-ਸਿਰ ਪੈਰ ਸਵਾਲ ਉਠਾਏ ਜਾਂਦੇ ਹਨ ਕਿ ਫਾਂਸੀ ਜਲਦੀ ਕਿਉਂ ਨਹੀਂ ਦਿੱਤੀ ਜਾ ਰਹੀ। ਕੁਝ ਕਾਨੂੰਨੀ ਮਾਹਿਰ ਤੇ ਸਮਾਜ ਵਿਗਿਆਨੀ ਮੌਤ ਦੀ ਸਜ਼ਾ ਦੇਣ ਦਾ ਵਿਰੋਧ ਕਰਦੇ ਆਏ ਹਨ। ਅਜਿਹੇ ਮਾਹਿਰਾਂ ਤੇ ਸਮਾਜ ਸ਼ਾਸਤਰੀਆਂ ਨੂੰ ਅੱਜਕੱਲ੍ਹ ਹੋ ਰਹੀਆਂ ਬਹਿਸਾਂ ਵਿਚ ਕੋਈ ਥਾਂ ਨਹੀਂ ਦਿੱਤੀ ਜਾਂਦੀ।
ਲੋਕ ਚੇਤਨਤਾ ਅਤੇ ਆਲੋਚਨਾਤਮਕ ਬਿਰਤੀ ਨੂੰ ਖ਼ਤਮ ਕਰਨ ਦਾ ਯਤਨ
ਹਰ ਦੇਸ਼ ਵਿਚ ਚੰਗੇ ਵਿੱਦਿਅਕ ਅਦਾਰੇ ਅਜਿਹੇ ਸਥਾਨ ਹੁੰਦੇ ਹਨ ਜਿੱਥੇ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੱਖ ਵੱਖ ਤਰ੍ਹਾਂ ਦੇ ਵਿਚਾਰ ਪੇਸ਼ ਕੀਤੇ ਜਾਂਦੇ ਹਨ। ਨੌਜਵਾਨ ਸੋਚ ਅੰਗੜਾਈਆਂ ਲੈਂਦੀ ਹੈ ਅਤੇ ਵਿਚਾਰਧਾਰਾਵਾਂ ਦਾ ਟਕਰਾਉ ਹੁੰਦਾ ਹੈ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦਿੱਲੀ, ਜਾਮੀਆ ਮਿਲੀਆ ਇਸਲਾਮੀਆ ਨਵੀਂ ਦਿੱਲੀ, ਸੈਂਟਰਲ ਯੂਨੀਵਰਸਿਟੀ ਹੈਦਰਾਬਾਦ, ਜਾਦਵਪੁਰ ਯੂਨੀਵਰਸਿਟੀ, ਸ਼ਾਂਤੀ ਨਿਕੇਤਨ ਆਦਿ ਉਚੇਰੀ ਵਿੱਦਿਆ ਦੇ ਕੇਂਦਰ ਹਮੇਸ਼ਾ ਨੌਜਵਾਨ ਸੋਚ ਵਿਚ ਨਵੀਂ ਲਰਜ਼ਿਸ਼ ਲਿਆਉਣ ਵਾਲੇ ਕੇਂਦਰ ਰਹੇ ਹਨ। ਇੱਥੋਂ ਦੇ ਵਿਦਿਆਰਥੀ ਹਮੇਸ਼ਾਂ ਵੇਲੇ ਦੀ ਹਕੂਮਤ ਤੇ ਸਥਾਪਤੀ ਦੇ ਵਿਰੁੱਧ ਖੜ੍ਹੇ ਹੁੰਦੇ ਰਹੇ ਹਨ। ਹੁਣ ਇਸ ਅਸਹਿਮਤੀ ਨੂੰ ਗੁਨਾਹ ਦੱਸਿਆ ਜਾ ਰਿਹਾ ਹੈ। ਸਿਆਸੀ ਆਗੂ ਹੀ ਨਹੀਂ, ਮੀਡੀਆ ਤੇ ਕੱਦਾਵਰ ਐਂਕਰ ਇਨ੍ਹਾਂ ਯੂਨੀਵਰਸਿਟੀਆਂ ਵਿਚਲੇ ਅਸਹਿਮਤੀ ਦੇ ਸਭਿਆਚਾਰ ਨੂੰ ਕੋਸਦੇ ਨਜ਼ਰ ਆਉਂਦੇ ਹਨ। ਗੱਲ ਸਿਰਫ਼ ਜਵਾਹਰਲਾਲ ਯੂਨੀਵਰਸਿਟੀ ਜਾਂ ਹੋਰ ਵਿੱਦਿਅਕ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀ ਨਹੀਂ ਹੈ ਸਗੋਂ ਲੋਕਾਂ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਅਸਹਿਮਤੀ ਦੇ ਸੱਭਿਆਚਾਰ ਨੂੰ ਸਹਿਣ ਨਹੀਂ ਕੀਤਾ ਜਾਏਗਾ।
ਜ਼ਹਿਰੀਲੀ ਭਾਸ਼ਾ, ਜ਼ਹਿਰੀਲੇ ਬਿਰਤਾਂਤ
ਟੀਵੀ ਬਹਿਸਾਂ ਦੇ ਵੱਡੇ ਹਿੱਸਿਆਂ ਵਿਚ ਅਜਿਹੀ ਭਾਸ਼ਾ ਵਰਤੀ ਜਾਂਦੀ ਹੈ ਜੋ ਲੋਕਾਂ ਦੇ ਮਨ ਵਿਚ ਜ਼ਹਿਰ ਭਰ ਸਕਦੀ ਹੈ। ਉਦਾਹਰਣ ਦੇ ਤੌਰ ’ਤੇ ਸ਼ਾਹੀਨ ਬਾਗ਼ ਅਤੇ ਹੋਰ ਥਾਵਾਂ ’ਤੇ ਵਿਰੋਧ ਕਰ ਰਹੇ ਲੋਕਾਂ ਬਾਰੇ ਬਹੁਤ ਸਾਰੇ ਟੀਵੀ ਚੈਨਲਾਂ ’ਤੇ ਇਹ ਪੁੱਛਿਆ ਗਿਆ ਕਿ ਗਲੀਆਂ, ਬਜ਼ਾਰਾਂ ਤੇ ਸੜਕਾਂ ਵਿਚ ਉਤਰੇ/ਬੈਠੇ ਹੋਏ ਲੋਕ ਕੀ ਕਰ ਰਹੇ ਹਨ। ਉਨ੍ਹਾਂ ਦੀਆਂ ਗੱਲਾਂ ਹਮਦਰਦੀ ਨਾਲ ਸੁਣਨ ਦੀ ਥਾਂ ’ਤੇ ਉਨ੍ਹਾਂ ਦਾ ਅਜਿਹਾ ਬਿੰਬ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਲੋਕ ਦੂਸਰੇ ਲੋਕਾਂ ਲਈ ਮੁਸ਼ਕਿਲ ਪੈਦਾ ਕਰ ਰਹੇ ਹਨ। ਦਿੱਲੀ ਦੇ ਸਾਬਕਾ ਲੈਫ਼ਟੀਨੈਂਟ ਗਵਰਨਰ ਨਜੀਬ ਜੰਗ ਨੇ ਜਦ ਇਕ ਹਿੰਦੀ ਚੈਨਲ ’ਤੇ ਕਿਹਾ ਕਿ ਇਹ ਲੋਕ ਰਾਸ਼ਟਰ-ਗਾਣ ਗਾਉਂਦੇ ਜਮਹੂਰੀ ਢੰਗ ਨਾਲ ਵਿਰੋਧ ਕਰ ਰਹੇ ਹਨ ਤਾਂ ਐਂਕਰ ਕਹਿੰਦਾ ਹੈ ਕਿ ਕੀ ਸਾਰੇ ਚੌਕਾਂ ਵਿਚ ਲੋਕਾਂ ਨੂੰ ਏਦਾਂ ਰਾਸ਼ਟਰ ਗਾਣ ਲਈ ਇਕੱਠੇ ਹੋਣ ਦੀ ਇਜਾਜ਼ਤ ਦੇ ਦਿੱਤੀ ਜਾਵੇ। ਇਸ ਤਰ੍ਹਾਂ ਦੀ ਬਹਿਸ ਝੋਨੇ ਦੀਆਂ ਵਾਢੀਆਂ ਦੌਰਾਨ ਪ੍ਰਦੂਸ਼ਣ ਦੇ ਮੁੱਦੇ ’ਤੇ ਵੀ ਦੇਖੀ ਗਈ। ਸਮੱਸਿਆ ਨੂੰ ਸਮਝਣ ਦੀ ਥਾਂ ’ਤੇ ਕਿਸਾਨਾਂ ਨੂੰ ਪਰਾਲੀ ਅਤੇ ਝੋਨੇ ਦੇ ਮੁੱਢ ਸਾੜਨ ਲਈ ਅਤੇ ਪ੍ਰਦੂਸ਼ਣ ਫੈਲਾਉਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਅੰਕੜਿਆਂ ਤੇ ਇਕਪਾਸੜ ਬਿਆਨਬਾਜ਼ੀ ਦਾ ਮਿਸ਼ਰਣ ਕਿਸਾਨਾਂ ਨੂੰ ਅਗਿਆਨੀ ਤੇ ਸਵਾਰਥੀ ਦੱਸ ਰਿਹਾ ਸੀ ਜਿਹੜੇ ਦੂਸਰੇ ਲੋਕਾਂ ਦੀ ਸਾਹ ਲੈਣ ਵਾਲੀ ਹਵਾ ਨੂੰ ਜ਼ਹਿਰੀਲਾ ਬਣਾ ਰਹੇ ਹਨ। ਇਸ ਤਰ੍ਹਾਂ ਮਹੱਤਵਪੂਰਨ ਮੁੱਦਿਆਂ ਨੂੰ ਉਠਾਉਣ ਵਾਲਿਆਂ ਤੇ ਪੀੜਤਾਂ ਨੂੰ ਖਲਨਾਇਕ ਬਣਾ ਦਿੱਤਾ ਜਾਂਦਾ ਹੈ।
ਕੀ ਇਹ ਐਂਕਰ ਦਾ ਯੁੱਗ ਹੈ?
ਇਨ੍ਹਾਂ ਵਿਚਾਰ-ਵਟਾਂਦਰਿਆਂ ਤੇ ਬਹਿਸਾਂ ਦੀ ਨੁਹਾਰ ਅਜਿਹੀ ਹੈ ਜਿਸ ਨੂੰ ਟੀਵੀ ’ਤੇ ਹੁੰਦੀਆਂ ਬਹਿਸਾਂ ਨਾਲ ਇਸ ਨਵੇਂ ਯੁੱਗ ਨੂੰ ਐਂਕਰ ਦਾ ਯੁੱਗ ਕਿਹਾ ਜਾ ਰਿਹਾ ਹੈ। ਹੁਣ ਪ੍ਰਾਈਮ-ਟਾਈਮ ’ਤੇ ਆਉਣ ਵਾਲੀਆਂ ਖ਼ਬਰਾਂ ਤੇ ਬਹਿਸ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਪੱਤਰਕਾਰਾਂ ਵੱਲੋਂ ਭੇਜੀਆਂ ਰਿਪੋਰਟਾਂ ਤੈਅ ਨਹੀਂ ਕਰਦੀਆਂ ਸਗੋਂ ਐਂਕਰ ਤੈਅ ਕਰਦਾ ਹੈ ਕਿ ਕਿਸ ਮੁੱਦੇ ’ਤੇ ਬਹਿਸ ਕਰਾਈ ਜਾਣੀ ਹੈ, ਕਿਹੜੇ ਮਾਹਿਰਾਂ ਨੂੰ ਬੁਲਾਇਆ ਜਾਏਗਾ, ਕਿਨ੍ਹਾਂ ਨੂੰ ਬੋਲਣ ਦਾ ਜ਼ਿਆਦਾ ਮੌਕਾ ਦਿੱਤਾ ਜਾਏ ਅਤੇ ਕਿਨ੍ਹਾਂ ਨੂੰ ਚੁੱਪ ਕਰਾਇਆ ਜਾਏਗਾ। ਇਕ ਅੰਗਰੇਜ਼ੀ ਚੈਨਲ ਦਾ ਐਂਕਰ ਚੀਖ ਚੀਖ ਕੇ ਸਵਾਲ ਪੁੱਛਦਾ ਹੈ, ‘‘ਨੇਸ਼ਨ ਵਾਂਟਸ ਟੂ ਨੋ (ਰਾਸ਼ਟਰ/ਦੇਸ਼ ਜਾਣਨਾ ਚਾਹੁੰਦਾ ਹੈ।’’ ਤੇ ਇਸ ਤਰ੍ਹਾਂ ਉਹ ਖ਼ੁਦ ਦੇਸ਼, ਰਾਸ਼ਟਰ, ਕੌਮ ਆਦਿ ਦਾ ਪ੍ਰਤੀਨਿਧ ਬਣ ਜਾਂਦਾ ਹੈ। ਉਹੀ ਤੈਅ ਕਰਦਾ ਹੈ ਕਿ ਬਹਿਸ ਦਾ ਰੁਖ਼ ਕਦੋਂ ਕਿਹੜੇ ਪਾਸੇ ਨੂੰ ਮੋੜਿਆ ਜਾਏਗਾ, ਪਰ ਇਸ ਨੂੰ ਐਂਕਰ ਦਾ ਯੁੱਗ ਕਹਿਣਾ ਮੁੱਦੇ ਦਾ ਸਾਧਾਰਨੀਕਰਨ ਕਰਨਾ ਹੋਵੇਗਾ। ਐਂਕਰ ਤਾਂ ਸਿਰਫ਼ ਮਖੌਟਾ ਹੈ। ਉਸ ਦੇ ਪਿੱਛੇ ਹੋਰ ਤਾਕਤਾਂ ਬੈਠੀਆਂ ਹਨ ਜਿਹੜੀਆਂ ਸਭ ਮੁੱਦਿਆਂ ’ਤੇ ਮਹੱਤਵਪੂਰਨ ਫ਼ੈਸਲੇ ਲੈਂਦੀਆਂ ਹਨ। ਬਹੁਤ ਸਾਰੇ ਮੀਡੀਆ ਹਾਊਸਾਂ ’ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੈ ਅਤੇ ਦੋ-ਤਿੰਨ ਟੀਵੀ ਚੈਨਲਾਂ ਨੂੰ ਛੱਡ ਕੇ ਬਾਕੀ ਦੇ ਚੈਨਲ ਕੇਂਦਰ ਵਿਚ ਸੱਤਾਧਾਰੀ ਪਾਰਟੀ ਦੀ ਵਿਚਾਰਧਾਰਾ ਦੀ ਪ੍ਰੋੜ੍ਹਤਾ ਕਰਦੇ ਹਨ।
ਅਖ਼ਬਾਰਾਂ ਅਤੇ ਇਲੈਕਟ੍ਰੌਨਿਕ ਮੀਡੀਆ ਦਾ ਕੰਮ ਸਰਕਾਰ ਦੇ ਕੰਮਾਂ ਦੀ ਨਿਰਖ-ਪਰਖ ਕਰਕੇ ਉਸ ਵਿਚਲੀ ਢਿੱਲ-ਮੱਠ ਦੀ ਨਿਸ਼ਾਨਦੇਹੀ ਤੇ ਆਲੋਚਨਾ ਕਰਨਾ ਹੁੰਦਾ ਹੈ। ਸਰਕਾਰ ਦੀਆਂ ਗ਼ਲਤ ਨੀਤੀਆਂ ’ਤੇ ਸਵਾਲ ਉਠਾਉਣੇ ਮੀਡੀਆ ਦੀ ਮੁੱਖ ਭੂਮਿਕਾ ਹੈ, ਪਰ ਇਸ ਸਮੇਂ ਇਹ ਭੂਮਿਕਾ ਬਦਲ ਗਈ ਹੈ। ਟੀਵੀ ਚੈਨਲ ਸਰਕਾਰ ਦੇ ਕੰਮਾਂ ਦੀ ਆਲੋਚਨਾ ਕਰਨ ਦੀ ਥਾਂ ਸਰਕਾਰ ਦੀ ਤਾਰੀਫ਼ ਕਰਦੇ ਹਨ ਅਤੇ ਵਿਰੋਧੀ ਪਾਰਟੀਆਂ ਦੀ ਆਲੋਚਨਾ। ਮੀਡੀਆ ਨੂੰ ਜਮਹੂਰੀਅਤ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ ਅਤੇ ਇਸ ਲਈ ਇਸ ਦੀ ਸਰਕਾਰ ਨਾਲ ਸਫ਼ਬੰਦੀ ਨਹੀਂ ਹੋਣੀ ਚਾਹੀਦੀ। ਪਹਿਲਾਂ ਕੋਈ ਵੀ ਅਖ਼ਬਾਰ ਜਾਂ ਟੀਵੀ ਚੈਨਲ ਇਸ ਗੱਲ ’ਤੇ ਮਾਣ ਮਹਿਸੂਸ ਨਹੀਂ ਸੀ ਕਰਦਾ ਕਿ ਉਸ ਨੂੰ ਸਰਕਾਰ ਨਾਲ ਸਹਿਮਤ ਹੋਣ ਵਾਲੀ ਸੰਸਥਾ ਵਜੋਂ ਦੇਖਿਆ ਜਾਏ; ਪਰ ਹੁਣ ਮੀਡੀਆ ਦੀ ਨੁਹਾਰ ਬਦਲ ਗਈ ਹੈ। ਮੀਡੀਆ ਹਾਊਸ ਸਰਕਾਰ ਨਾਲ ਤਰਫ਼ਦਾਰੀ ਕਰਨ ਨੂੰ ਰਾਸ਼ਟਰਵਾਦ ਦੀ ਚਾਸ਼ਣੀ ਵਿਚ ਭਿਉਂ ਕੇ ਪੇਸ਼ ਕਰਦੇ ਹਨ। ਇਸ ਲਈ ਹੁਣ ਕਿਸੇ ਨੂੰ ਵੀ ਹੈਰਾਨੀ ਨਹੀਂ ਹੁੰਦੀ ਕਿ ਟੀਵੀ ਚੈਨਲਾਂ ’ਤੇ ਲੋਕ ਹਿੱਤਾਂ ਦੀ ਗੱਲ ਕਿਉਂ ਨਹੀਂ ਹੁੰਦੀ। ਕਿਉਂ ਗ਼ਰੀਬੀ, ਬੇਰੁਜ਼ਗਾਰੀ, ਰਿਸ਼ਵਤਖ਼ੋਰੀ, ਨਸ਼ਿਆਂ ਦਾ ਫੈਲਾਉ, ਪਬਲਿਕ ਸੈਕਟਰ ਦੇ ਅਦਾਰੇ ਵੇਚ ਜਾਣਾ, ਫ਼ਿਰਕਾਪ੍ਰਸਤ ਤਾਕਤਾਂ ਨੂੰ ਨੰਗੇ ਕਰਨ ਵਰਗੇ ਮੁੱਦਿਆਂ ਬਾਰੇ ਖ਼ਬਰਾਂ ਇਲੈਕਟ੍ਰੌਨਿਕ ਮੀਡੀਆ ਤੋਂ ਗਾਇਬ ਹਨ। ਇਲੈਕਟ੍ਰੌਨਿਕ ਮੀਡੀਆ ਦੀ ਆਮਦ ਤੋਂ ਪਹਿਲਾਂ ਅਖ਼ਬਾਰਾਂ ਨੇ ਐਮਰਜੈਂਸੀ ਵਰਗੇ ਔਖੇ ਦਿਨ ਦੇਖੇ ਅਤੇ ਕਈ ਅਖ਼ਬਾਰਾਂ ਨੇ ਉਸ ਸਮੇਂ ਜਮਹੂਰੀਅਤ ਦੇ ਪੱਖ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਬਾਅਦ ਵਿਚ ਵੀ ਕਈ ਟੀਵੀ ਚੈਨਲਾਂ ਨੇ ਗੁਜਰਾਤ ਦੰਗਿਆਂ ਅਤੇ ਕਈ ਹੋਰ ਮਹੱਤਵਪੂਰਨ ਮੁੱਦਿਆਂ ’ਤੇ ਜ਼ਿੰਮੇਵਾਰੀ ਨਾਲ ਰਿਪੋਰਟਿੰਗ ਕੀਤੀ, ਪਰ ਚਾਰ-ਪੰਜ ਵਰ੍ਹਿਆਂ ਤੋਂ ਸਾਰੇ ਮਾਹੌਲ ਵਿਚ ਵੱਡੀ ਤਬਦੀਲੀ ਆਈ ਹੈ।
ਅਜਿਹੇ ਵਿਚਾਰ-ਵਟਾਂਦਰੇ ਵਿਚ ਹਿੱਸਾ ਲੈਣ ਵਾਲੇ ਆਪਣੇ ਆਪ ਨੂੰ ਦੂਸਰੇ ਨਾਲੋਂ ਜ਼ਿਆਦਾ ਦੇਸ਼ ਭਗਤ ਤੇ ਰਾਸ਼ਟਰਵਾਦੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਦਾਰਵਾਦੀਆਂ, ਖੱਬੇ-ਪੱਖੀਆਂ ਅਤੇ ਧਰਮ-ਨਿਰਪੱਖਤਾ ਦੇ ਹੱਕ ਵਿਚ ਬੋਲਣ ਵਾਲਿਆਂ ਨੂੰ ਖ਼ਾਸ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ‘ਟੁਕੜੇ ਟੁਕੜੇ ਗੈਂਗ’, ‘ਦੇਸ਼ ਦਾ ਨੁਕਸਾਨ ਕਰਨ ਵਾਲੇ’ ‘ਦੇਸ਼ ਧ੍ਰੋਹੀ’ ਅਤੇ ਹੋਰ ਅਜਿਹੇ ਵਿਸ਼ੇਸ਼ਣਾਂ ਨਾਲ ਨਿਵਾਜਿਆ ਜਾਂਦਾ ਹੈ। ਪਿਛਲੇ ਦਿਨੀਂ ਸੁਨੀਲ ਗੁਪਤਾ ਯਾਦਗਾਰੀ ਭਾਸ਼ਨ ਦਿੰਦਿਆਂ ਮਸ਼ਹੂਰ ਖ਼ਬਰਨਵੀਸ ਰਵੀਸ਼ ਕੁਮਾਰ ਨੇ ਕਿਹਾ ਕਿ ਆਉਣ ਵਾਲੇ ਸਮਿਆਂ ਵਿਚ ਇਸ ਸਮੇਂ ਦੇ ਇਲੈਕਟ੍ਰਾਨਿਕ ਮੀਡੀਆ ਅਤੇ ਦੂਸਰੇ ਪੱਤਰਕਾਰਾਂ ਨੂੰ ਇਸ ਕਰਕੇ ਯਾਦ ਕੀਤਾ ਜਾਏਗਾ ਕਿ ਲੋਕਾਂ ਦਾ ਪੱਖ ਲੈਣ ਦੀ ਥਾਂ ਉਹ ਸਰਕਾਰ ਕੋਲ ਵਿਕ ਗਏ।
ਪੰਜਾਬੀ ਟ੍ਰਿਬਿਊਨ ਦੇ ਧੰਨਵਾਦ ਸਾਹਿਤ
1ਮਾਰਚ 2020
-
ਸਵਰਾਜਬੀਰ, ਐਡੀਟਰ, ਪੰਜਾਬੀ ਟ੍ਰਿਬਿਊਨ
******
******
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.