ਕੋਸੇ ਪਾਣੀਆਂ ਤੇ ਤਪਦੇ ਪਰਬਤਾਂ ਦੀ ਇਹ ਡਾਇਰੀ। ਸੁਨੱਖੇ ਘਰਾਂ ਦੇ ਬੰਦ ਬੂਹਿਆਂ ਤੇ ਭੈਅ ਨਾਲ ਭਰੇ ਮਨਾਂ ਨਾਲ ਭਰੀ ਪਈ ਹੈ ਇਹ ਡਾਇਰੀ। ਕਿਤੇ ਹਾਸਾ ਉਦਾਸੀ ’ਚ ਲਿੱਬੜਿਆ ਹੈ ਤੇ ਕਿਤੇ ਉਦਾਸੀ ਹੂਕ ਨਾਲ ਲਿਪਤੀ ਹੋਈ ਹੈ। ਕਿਤੇ ਰੁੱਤ ਫਿਰ ਰਹੀ ਹੈ, ਵਣ ਕੰਬ ਰਿਹੈ, ਮਨ ਦੀ ਬੰਸਰੀ ਵੱਜੀ ਤੇ ਪੰਛੀ ਚਹਿਕ ਪਿਐ। ਕਿਤੇ ਬੱਦਲ ਬੂ-ਬੂ ਕਰਦੈ ਤੇ ਕਿਤੇ ਖਾਮੋਸ਼ ਕਿਣਮਿਣ ਕੁਛ ਕਹਿੰਦੀ ਲੱਗਦੀ ਹੈ। ਕਿਤੇ ਸੂਰਜ ਸਹਿਮਿਆ ਹੈ, ਕਿਰਨਾਂ ਰਾਹੀਂ ਕੁਛ ਦੱਸਣਾ ਚਾਹੁੰਦਾ ਸੀ, ਪਰ ਦੱਸ ਨਹੀਂ ਹੁੰਦਾ। ਦੇਸ ਪਰਦੇਸ ਫਿਰਦਿਆਂ, ਸੁੰਨੀਆਂ ਸੜਕਾਂ ’ਤੇ ਟਹਿਲਦਿਆਂ, ਖਾਲੀ ਘਰਾਂ ’ਚ ਮੇਲ੍ਹਦਿਆਂ ਲਿਖੇ ਗਏ ਸਨ ਇਸ ਡਾਇਰੀ ਦੇ ਪੰਨੇ।
***********************
ਨਦੀਆਂ ਤੇ ਪਰਬਤਾਂ ਦੇ ਅੰਗ-ਸੰਗ...
2005 ਦੀਆਂ ਗਰਮੀਆਂ। ਲੰਡਨ ਦਾ ਇੱਕ ਜੰਗਲ। ਇੱਕ ਨੁੱਕਰੇ ਨੀਰ ਵਹਾਉਂਦੀ ਦੇਖੀ ਉਦਾਸੀ ਲੱਦੀ ਇੱਕ ਨਦੀ।
ਜਦ ਉਸ ਨਿੱਕੀ ਨਦੀਓਂ ਨੀਰ ਵਿਛੜਨ ਲੱਗਿਆ ਤਾਂ ਆਥਣ ਵੀ ਉਦਾਸ ਹੋ ਗਈ। ਇਹ ਨਦੀ ਜਿੰਨੀਓ ਨਿੱਕੀ, ਓਨੀਓਂ ਤਿੱਖੀ। ਭਰ-ਭਰ ਵਗਦੀ ਹੈ। ਡੁੱਲ੍ਹਦੀ ਹੈ। ਉਛਲਦੀ ਹੈ ਤੇ ਨਿੱਕੀਆਂ ਚੋਆਂ ਨੂੰ ਵਗਣਾ ਸਿਖਾਉਂਦੀ ਹੈ। ਕਦੇ-ਕਦੇ ਸੋਗੀ ਨਗਮੇਂ ਗਾਉਂਦੀ ਹੈ। ਨੀਲੱਤਣ ਰੰਗਿਆ ਪਾਣੀ ਇਹਦਾ ਕਦੇ ਚਾਂਦੀ ਭਾਅ ਮਾਰਦਾ ਹੈ। ਨਦੀ ਨੇ ਨੰਗੀ ਹੋ ਨਾਚ ਨੱਚਣਾ ਚਾਹਿਐ ਅੱਜ। ਵੰਨ-ਸੁਵੰਨੜੇ ਤੇ ਰੰਗ ਰੰਗੀਲੜੇ ਗਾਉਂਦੇ ਤੇ ਚਹਿਚਹਾਉਂਦੇ ਪੰਛੀਆਂ ਦੀ ਇੱਕ ਲੰਬੀ ਉਡਾਰ ਇਹਦੀਆਂ ਲਹਿਰਾਂ ਤੇ ਝੱਗਾਂ ਉੱਤੋਂ ਦੀ ਉੱਡੀ ਹੈ। ਨਦੀ ਨੇ ਨਿਹੋਰਾ ਦਿੱਤੈ, “ਨਿਰਮੋਹੇ ਪੰਛੀਓ, ਕੁਵੇਲੇ ਆਏ ਓ, ਕੀ ਨਗਮੇਂ ਗਾਓਗੇ ਨਿਖੱਟੁਓ! ਮੁੜ ਜਾਓ ਆਪਣੇ ਰੁੱਖਾਂ ਤੇ ਆਲ੍ਹਣਿਆਂ ਨੂੰ, ਜਿੱਥੋਂ ਭਰੀਆਂ ਉਡਾਰੀਆਂ ਵਿੱਤੋਂ ਬਾਹਰੀਆਂ! ਨਦੀ ਦੇ ਨੈਣ ਤਿ੍ਰਹਾਏ ਨੇ। ਬੱਦਲੀ ਦਾ ਕੋਈ ਟੁੱਟਿਆ ਟੋਟਾ ਲੱਭਦੀ ਹੈ। ਨਾ ਡੁਬਦੇ ਸੂਰਜ ਦੀ ਲਾਲੀ ਹੈ। ਨਾ ਬੱਦਲੀਆਂ ਦੀ ਆਹਟ ਹੈ। ਨਿਰੰਤਰ ਵਗਦੀ ਰਹੀ ਕਰਮਾਂ ਮਾਰੀ ਪਰ ਸ਼ਾਂਤ ਹੁੰਦੀ ਜਾਂਦੀ ਨਦੀ ਨੰ ਥਕਾਵਟ ਹੈ। ਕਿਨਾਰਿਆਂ ਨੂੰ ਸਲਾਮ ਕਰਦੀ ਵਿਸ਼ਰਾਮ ਕਰਨ ਜਾ ਰਹੀ ਹੈ ਨਦੀ! ਕੈਸਾ ਹੈ ਵਹਿੰਦੀ ਨਦੀ ਦਾ ਵਿਯੋਗ...।”
***********************
2011, ਆਸਟਰੇਲੀਆ ਦਾ ਵਲਗੂਲਗਾ ਪਿੰਡ। ਨਿੱਘੀ ਦੁਪਹਿਰ ਹੈ। ਮੈਂ ਪਹਾੜੀ ਚੜ੍ਹਿਆ।
ਕਾਲ਼ੇ ਭਾਰੀ ਪ੍ਰਬਤ ਉੱਤੇ ਕੈਮਰਾ ਗਲ ਪਾਈ ਫਿਰਦਾ ਸਾਂ। ਕੋਸੇ ਪਾਣੀ ਦੀ ਥਰਮਸ ਹੱਥ ਵਿੱਚ ਹੈ। ਪੱਥਰੀਲੀ ਇੱਕ ਤਰੇੜ ’ਚੋਂ ਹਰੀ ਕਰੂੰਬਲ ਨੇ ਹਾਕ ਮਾਰੀ, “ਵੇ ਪਰਦੇਸੀਆ, ਦੇਖ ਮੇਰਾ ਜੇਰਾ ਮੇਰੀ ਹਿੰਮਤ... ਤੇ ਮੇਰੀ ਜੁਅੱਰਤ ਦੇਖ, ਫੁੱਟ ਆਈ ਆਂ ਕਾਲ਼ੇ ਤੇ ਖ਼ਾਰੇ ਪਰਬਤ ਦੀ ਹਿੱਕ ਵਿੱਚੋਂ ਦੀ... ਮਸਾਂ ਫੁੱਟੀ ਆਂ, ਆਪਣੀ ਬਲਬੂਤੇ ਅੱਗੇ ਵਧਾਂਗੀ, ਬਹੁਤ ਅੱਗੇ ਵਧਾਂਗੀ ਮੈਂ। ਮੈਂ ਜਾਣਦੀ ਆਂ, ਮੀਂਹ ਆਵਣਗੇ ਜ਼ੋਰੀਂ-ਸ਼ੋਰੀਂ, ਹਨ੍ਹੇਰ ਝੁੱਲਣਗੇ, ਤਪਦੀਆਂ ਧੁੱਪਾਂ ਤੇ ਅੰਨ੍ਹੀਆਂ ਧੁੰਦਾਂ ਪੈਣਗੀਆਂ ਪਰ ਮੈਂ ਵਧਾਂਗੀ, ਬਹੁਤ ਅੱਗੇ ਵਧਾਂਗੀ। ਸਾਰਾ ਪਰਬਤ ਮੇਰੀ ਹਰਿਆਵਲ ਨਾਲ ਲੱਦਿਆ ਹਰਿਆ-ਭਰਿਆ ਦਿਸੇਗਾ, ਤੂੰ ਮੇਰੀ ਫੋਟੋ ਖਿੱਚ੍ਹ ਲੈ... ਜਦੋਂ ਉਦਾਸ ਹੋਇਆ ਕਰੇਂ ਆਪਣੇ ਹੱਥੀਂ ਖਿੱਚ੍ਹੀ ਮੇਰੀ ਫੋਟੋ ਦੇਖ ਲਿਆ ਕਰੀਂ... ਢੇਰੀ ਨਾ ਢਾਹਵੀਂ ਕਦੇ ਵੀ, ਜਦੋਂ ਉਦਾਸੀ ਆਵੇ, ਤਾਂ ਬੰਦਾ ਮਨੁੱਖਾਂ ਤੋਂ ਨਹੀਂ ਤਾਂ ਰੁੱਖਾਂ, ਵੇਲਾਂ, ਬੂਟਿਆਂ ਤੇ ਮੇਰੇ ਜਿਹੀਆਂ ਪੁੰਗਰਦੀਆਂ ਕਰੂੰਬਲਾਂ ਤੋਂ ਹੀ ਕੁਝ ਨਾ ਕੁਝ ਸਿੱਖ ਲਵੇ, ਏਨਾ ਈ ਬੜਾ ਹੈ। ਹਰੀ ਕਰੂੰਬਲ ਨੇ ਮੇਰਾ ਮਨ ਖੇੜੇ ਵਿੱਚ ਲੈ ਆਂਦਾ ਹੈ। ਫੋਟੋ ਖਿੱਚ੍ਹ ਮੈਂ ਅਗਾਂਹ ਤੁਰਿਆ, ਮੇਰਾ ਮਨ ਹਰਿਆ-ਹਰਿਆ ਤੇ ਭਰਿਆ-ਭਰਿਆ ਹੈ। ਮੈਨੂੰ ਇਸ ਕਰੂੰਬਲ ਤੋਂ ਪ੍ਰੇਰਨਾ ਮਿਲੀ ਏ, ਜੋ ਅਭੁੱਲ ਹੈ।” (ਕੋਸੇ ਪਾਣੀਆਂ ਤੇ ਤਪਦੇ ਪਰਬਤਾਂ ਦੀ ਇਹ ਡਾਇਰੀ। ਸੁਨੱਖੇ ਘਰਾਂ ਦੇ ਬੰਦ ਬੂਹਿਆਂ ਤੇ ਭੈਅ ਨਾਲ ਭਰੇ ਮਨਾਂ ਨਾਲ ਭਰੀ ਪਈ ਹੈ ਇਹ ਡਾਇਰੀ। ਕਿਤੇ ਹਾਸਾ ਉਦਾਸੀ ’ਚ ਲਿੱਬੜਿਆ ਹੈ ਤੇ ਕਿਤੇ ਉਦਾਸੀ ਹੂਕ ਨਾਲ ਲਿਪਤੀ ਹੋਈ ਹੈ। ਕਿਤੇ ਰੁੱਤ ਫਿਰ ਰਹੀ ਹੈ, ਵਣ ਕੰਬ ਰਿਹੈ, ਮਨ ਦੀ ਬੰਸਰੀ ਵੱਜੀ ਤੇ ਪੰਛੀ ਚਹਿਕ ਪਿਐ। ਕਿਤੇ ਬੱਦਲ ਬੂ-ਬੂ ਕਰਦੈ ਤੇ ਕਿਤੇ ਖਾਮੋਸ਼ ਕਿਣਮਿਣ ਕੁਛ ਕਹਿੰਦੀ ਲੱਗਦੀ ਹੈ। ਕਿਤੇ ਸੂਰਜ ਸਹਿਮਿਆ ਹੈ, ਕਿਰਨਾਂ ਰਾਹੀਂ ਕੁਛ ਦੱਸਣਾ ਚਾਹੁੰਦਾ ਸੀ, ਪਰ ਦੱਸ ਨਹੀਂ ਹੁੰਦਾ। ਦੇਸ ਪਰਦੇਸ ਫਿਰਦਿਆਂ, ਸੁੰਨੀਆਂ ਸੜਕਾਂ ’ਤੇ ਟਹਿਲਦਿਆਂ, ਖਾਲੀ ਘਰਾਂ ’ਚ ਮੇਲ੍ਹਦਿਆਂ ਲਿਖੇ ਗਏ ਸਨ ਇਸ
ਡਾਇਰੀ ਦੇ ਪੰਨੇ।)
ਹੁਣ ਤੀਕ ਮੈਂ ਦੇਖਦਾ ਆਇਆ ਸਾਂ ਕਿ ਮੀਂਹ ਹਮੇਸ਼ਾਂ ਲਾਹੌਰ ਵਾਲੇ ਪਾਸਿਓਂ ਹੀ ਚੜ੍ਹਦਾ ਸੀ, ਚਮਕਦਾ ਸੀ। ਗਰਜਦਾ ਸੀ ਤੇ ਭਰ-ਭਰ ਬਰਸਦਾ ਸੀ। ਅੱਜ ਪੂਰਬੋਂ ਚੜ੍ਹਿਆ ਐ। ਪਹਿਲੀ ਵਾਰ ਦੇਖਿਆ। ਜਦ ਲਾਹੌਰੋਂ ਲਿਸ਼ਕਣਾ ਤਾਂ ਦਾਦੇ ਨੇ ਆਖਣਾ, “ਭਾਈ, ਸਾਂਭ ਲਓ ਭਾਂਡੇ-ਟੀਂਡੇ ਏਹ ਨਾ ਸੁੱਕਾ ਨੀ ਜਾਂਦਾ...।” ਅੱਜ ਆਥਣੇ ਲਾਹੌਰੋਂ ਖ਼ੁਸ਼ਕੀ ਭਰੀ ਹਵਾ ਆਈ ਹੈ। ਸ਼ਾਇਦ ਹਵਾ ਨੇ ਵਗਣ ਤੋਂ ਪਹਿਲਾਂ ਜੰਮੂ-ਕਸ਼ਮੀਰ ਵਾਲੇ ਪਾਸਿਓਂ ਕਿਸੇ ਨੂੰ ਕੁਝ ਪੁੱਛ ਲਿਆ ਹੋਵੇ। (10 ਅਗਸਤ 2019 ਦੀ ਆਥਣ)
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.