13 ਫਰਵਰੀ ਨੂੰ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਰਾਜਾਸਾਂਸੀ ਵਿਖੇ ਪੰਜਾਬ ਅੰਦਰ ਚਲ ਰਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀ ਗਈ ਵਿਸ਼ਾਲ ਰੋਸ ਰੈਲੀ ਵਿਚ ਰਾਜ ਵਿਚ ਰਹੇ ਪੰਜ ਵਾਰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਲੰਬੇ ਹੁਕਮਰਾਨ ਤਜ਼ਰਬੇ ਦੇ ਅਧਾਰ ਤੇ ਕਿਸੇ ਦਾ ਵੀ ਨਾਂਅ ਲਏ ਬਗੈਰ ਦੇਸ਼ ਦੇ ਮੌਜੂਦਾ ਹੁਕਮਰਾਨਾ ਨੂੰ ਤੰਬੀਹ ਕੀਤੀ ਕਿ ਉਹ ਇਸ ਦੇਸ਼ ਅੰਦਰ ਫਿਰਕੂ ਨਫ਼ਰਤ ਅਤੇ ਈਰਖਾ ਦੇ ਬੀਜ ਨਾ ਬੀਜਣ। ਧਰਮ ਨਿਰੱਪਖਤਾ ਦਾ ਸੰਵਿਧਾਨਿਕ ਸਿਧਾਂਤ ਕਾਇਮ ਰੱਖਣ। ਇਸ ਬਗੈਰ ਦੇਸ਼ ਵਿਚ ਅਮਨ-ਸ਼ਾਤੀ ਅਤੇ ਇਕਜੁੱਟਤਾ ਸੰਭਵ ਨਹੀਂ।
ਇਤਿਹਾਸਿਕ ਮਿਸਾਲ ਦਿੰਦੇ ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਇਕ ਧਰਮ ਨਿਰਪੱਖ ਸਰਕਾਰ ਸੀ। ਉਸ ਤੋਂ ਸਬਕ ਸਿੱਖਣ ਦੀ ਲੋੜ ਹੈ। ਉਸ ਸਮੇਂ ਕੋਈ ਵੋਟਾਂ ਦਾ ਰਾਜ ਨਹੀਂ ਸੀ ਕਿ ਮਹਾਰਾਜ ਨੇ ਵੋਟਾਂ ਲੈਣੀਆਂ ਸਨ। ਉਨ੍ਹਾਂ ਨੇ ਆਪਣੀ ਦੂਰਦਰਸ਼ਤਾ ਅਨੁਸਾਰ ਸਭ ਧਰਮਾਂ, ਜ਼ਾਤਾਂ ਅਤੇ ਇਲਾਕਿਆਂ ਦੇ ਲੋਕਾਂ ਨੂੰ ਵਧੀਆ ਸਰਕਾਰ ਦੇਣ ਲਈ ਸਰਕਾਰ ਦੇ ਪੰਜੇ ਵੱਡੇ ਵਜ਼ੀਰਾਂ ਵਿਚ ਇਕ ਮੁਸਲਮਾਨ, ਦੋ ਹਿੰਦੂ ਅਤੇ ਇਕ ਸਿੱਖ ਨੂੰ ਸ਼ਾਮਲ ਕੀਤਾ। ਇਸ ਨੂੰ ਧਰਮ ਨਿਰਪੱਖ ਸਰਕਾਰ ਕਿਹਾ ਜਾਂਦਾ ਹੈ। ਜੇ ਸਰਕਾਰਾਂ ਅੱਜ ਵੀ ਭਾਰਤ ਅੰਦਰ ਕਾਮਯਾਬ ਹੋਣਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਪਵੇਗਾ, ਘੱਟ ਗਿਣਤੀਆਂ ਨੂੰ ਨਾਲ ਲੈ ਕੇ ਚਲਣਾ ਪਵੇਗਾ, ਆਪਣੇ ਸਾਥੀਆਂ ਨੂੰ ਨਾਲ ਲੈ ਕੇ ਚਲਣਾ ਪਵੇਗਾ ਸਾਡੇ ਗੁਰੂ ਸਾਹਿਬ ਨੇ ਪ੍ਰਸਿੱਧ ਮੁਸਲਮਾਨ ਫਕੀਰ ਮੀਆਂ ਮੀਰ ਤੋਂ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਸੀ। ਇਹ ਹੈ ਸਭ ਧਰਮਾਂ ਦੇ ਸਤਿਕਾਰ ਅਤੇ ਬਰਾਬਰੀ ਦਾ ਸਬੂਤ। ਸਾਡੇ ਗੁਰੂ ਸਾਹਿਬਾਨਾਂ ਅਤੇ ਸੰਤਾਂ-ਮਹਾਤਮਾਵਾਂ ਨੇ ਸਰਬੱਤ ਦੇ ਭਲੇ ਅਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿਤਾ ਹੈ। ਇਸ ਸੰਦਰਭ ਵਿਚ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਸ ਵਿਚ ਨਫ਼ਰਤ ਅਤੇ ਈਰਖਾ ਦੀ ਭਾਵਨਾ ਤਿਆਗ ਕੇ ਹਿੰਦੂ, ਮੁਸਲਿਮ ਅਤੇ ਹੋਰ ਧਰਮਾਂ ਦੇ ਲੋਕਾਂ ਦੇ ਕਲਿਆਣ ਲਈ ਕੰਮ ਕਰਨ, ਨਾ ਕਿ ਧਰਮ ਦੇ ਨਾਮ ਤੇ ਵੰਡੀਆਂ ਪਾਉਣ ਦੀਆਂ ਕੋਸ਼ਿਸ਼ਾਂ ਵੱਲ ਰੁਚਿਤ ਰਹਿਣ। ਉਨ੍ਹਾਂ ਨੇ ਦੇਸ਼ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਅੰਕਿਤ ਧਰਮ ਨਿਰਪੱਖਤਾ ਦੇ ਸਿਧਾਂਤ ਨਾਲ ਛੇੜ-ਛਾੜ ਨੂੰ ਦੇਸ ਦੀ ਅਮਨ-ਸ਼ਾਂਤੀ ਅਤੇ ਅਫਿਰਕੂ ਭਾਈਚਾਰੇ ਦੀ ਮਜ਼ਬੂਤੀ ਲਈ ਘਾਤਿਕ ਕਰਾਰ ਦਿਤਾ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਦੇਸ਼ ਕਮਜ਼ੋਰ ਹੁੰਦਾ ਹੈ।
ਦੇਸ਼ ਦੇ ਸਮੂਹ ਰਾਜਨੀਤਕ ਦਲਾਂ ਨੂੰ ਸੁਚੇਤ ਕੀਤਾ ਕਿ ਉਹ ਭਾਰਤ ਦੇ ਭਾਵੇਂ ਕਿਸੇ ਇਲਾਕੇ ਨਾਲ, ਰਾਜ ਨਾਲ ਸਬੰਧਿਤ ਹੋਣ ਉਨ੍ਹਾਂ ਨੂੰ ਸਿੱਖ ਗੁਰੂ ਸਹਿਬਾਨਾਂ ਦੇ ਦਰਸਾਏ ਮਾਰਗ ਤੇ ਚਲਣ ਅਤੇ ਸਭ ਦੇਸ਼ ਦੇ ਸਾਰੇ ਧਰਮਾਂ ਨੂੰ ਇੱਕ ਮਾਲਾ ਵਿਚ ਪਰੋ ਕੇ ਰਖਦਿਆਂ ਭਵਿੱਖੀ ਪੀੜੀਆਂ ਲਈ ਮਿਸਾਲ ਪੈਦਾ ਕਰਨ। ਉਨ੍ਹਾਂ ਬੜੀ ਪ੍ਰੋਢ ਸੋਚ ਅਤੇ ਤਜ਼ਰਬੇ ਦੇ ਅਧਾਰ ਤੇ ਹੁਕਮਰਾਨਾਂ ਅਤੇ ਬਹੁਗਿਣਤੀ ਭਾਈਚਾਰੇ ਨੂੰ ਹਲੂਣਾ ਦਿੰਦੇ ਕਿਹਾ ਕਿ ਦੇਸ਼ ਅੰਦਰ ਐਸਾ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਪ੍ਰਸਾਸ਼ਨਿਕ ਮਾਹੌਲ ਹੋਣਾ ਚਾਹੀਦਾ ਹੈ ਜਿਸ ਵਿਚ ਘੱਟ ਗਿਣਤੀਆਂ ਨਾਲ ਸਬੰਧਿਤ ਭਾਈਚਾਰੇ ਸਨਮਾਨਿਤ ਅਤੇ ਸੁਰੱਖਿਅਤ ਮਹਿਸੂਸ ਕਰਨ। ਦੂਸਰੇ ਪਾਸੇ ਘੱਟ-ਗਿਣਤੀਆਂ ਨਾਲ ਸਬੰਧਿਤ ਭਾਈਚਾਰੇ ਸਨਮਾਨਿਤ ਅਤੇ ਸੁਰਖਿਅਤ ਮਹਿਸੂਸ ਕਰਨ। ਦੂਸਰੇ ਪਾਸੇ ਘੱਟ-ਗਿਣਤੀਆਂ ਭਾਈਚਾਰਿਆਂ ਨੂੰ ਦੇਸ਼ ਅੰਦਰ ਸਮਾਜਿਕ ਅਤੇ ਧਾਰਮਿਕ ਮਹਿਸੂਸ ਕਰਨ। ਦੂਸਰੇ ਪਾਸੇ ਘੱਟ-ਗਿਣਤੀਆਂ ਭਾਈਚਾਰਿਆਂ ਨੂੰ ਦੇਸ਼ ਅੰਦਰ ਸਮਾਜਿਕ ਅਤੇ ਧਾਰਮਿਕ ਸ਼ਾਂਤੀ, ਸਦਭਾਵ, ਰਾਸ਼ਟਰੀ ਨਿਰਮਾਣ ਵਿਚ ਆਪਣੀ ਭੂਮਿਕਾ ਬਰਾਬਰ ਜੁਮੇਂਵਾਰੀ ਸਮਝਦਿਆਂ ਨਿਭਾਉਣ।
ਇਸ ਮੌਕੇ ਉਨ੍ਹਾਂ ਨੇ ਆਪਣੀ ਪਾਰਟੀ ਦੇ ਆਦੇਸ਼ 'ਤੇ 80ਵੇਂ ਦਹਾਕੇ ਵਿਚ ਦਿੱਲੀ ਵਿਖੇ ਸੰਵਿਧਾਨ ਦੇ ਆਰਟੀਕਲ 25 ਦੀਆਂ ਕਾਪੀਆਂ ਪਾੜਨ ਤੇ ਵੀ ਦੁੱਖ ਪ੍ਰਗਟ ਕੀਤਾ। ਉਨ੍ਹਾਂ ਦੱਸਿਆ ਕਿ ਉਹ ਨਿੱਜੀ ਤੌਰ 'ਤੇ ਸੰਵਿਧਾਨ ਦੇ ਨਿਰਾਦਰ ਕਰਨ ਖਿਲਾਫ ਸਨ। ਇਹ ਧਾਰਾ ਸਿੱਖਾਂ ਨੂੰ ਬੁੱਧ ਅਤੇ ਜੈਨ ਧਰਮਾਂ ਦੇ ਅਨਯਾਈਆਂ ਸਮੇਤ ਹਿੰਦੂ ਧਰਮ ਦਾ ਹਿੱਸਾ ਸਮਝਦੀ ਹੈ। ਸ਼੍ਰੋਮਣੀ ਅਕਾਲੀ ਦਲ ਧਰਮ ਯੁੱਧ ਮੋਰਚੇ ਅਧੀਨ ਆਪਣੀ ਵੱਖਰੀ ਅਜ਼ਾਦ ਧਾਰਮਿਕ ਹੋਂਦ ਲਈ ਮੰਗ ਕਰਦਿਆਂ ਸੰਵਿਧਾਨ ਵਿਚ ਸੋਧ ਲਈ ਵਿਰੋਧ ਕਰ ਰਿਹਾ ਸੀ। ਉਨ੍ਹਾਂ ਦਿੱਲੀ ਜਾ ਕੇ ਇਸ ਧਾਰਾ ਨੂੰ ਜਲਾਉਣ ਦਾ ਐਲਾਨ ਕੀਤਾ ਸੀ।
ਸ਼੍ਰੀਮਤੀ ਇੰਦਰਾ ਗਾਂਧੀ ਸਰਕਾਰ ਨੇ ਅਤੇ ਹਰਿਆਣਾ ਸਰਕਾਰ ਨੇ ਬਹੁਤ ਸਾਰੇ ਆਗੂ ਹਿਰਾਸਤ ਵਿਚ ਲੈ ਲਏ। ਪਰ ਸਰਕਾਰ ਬਾਦਲ ਟਰੱਕ ਡਰਾਈਵਰ ਦਾ ਭੇਸ ਵਟਾ ਕੇ ਪੰਜਾਬ, ਹਰਿਆਣਾ, ਦਿੱਲੀ ਅਤੇ ਕੇਂਦਰਾਂ ਸਰਕਾਰਾਂ ਨੂੰ ਚਕਮਾ ਦੇ ਕੇ ਦਿੱਲੀ ਪਹੁੰਚੇ ਸਨ ਜਿਥੇ ਉਨ੍ਹਾਂ ਇੰਨਾਂ ਕਾਪੀਆਂ ਨੂੰ ਗੁਰਦਵਾਰਾ ਬੰਗਲਾ ਸਾਹਿਬ ਦਿੱਲੀ ਵਿਖੇ ਪਾੜਿਆ ਅਤੇ ਗ੍ਰਿਫਤਾਰੀ ਦਿੱਤੀ। ਸ: ਬਾਦਲ ਸਾਰੀ ਉਮਰ ਭਾਰਤ ਦੇ ਫੈਡਰਲ ਢਾਂਚੇ ਦਾ ਅਲੰਬਰਦਾਰ ਰਿਹਾ ਹੈ। ਉਹ ਭਾਰਤੀ ਪ੍ਰਾਂਤਾਂ ਲਈ ਵੱਧ ਅਧਿਕਾਰਾਂ ਅਤੇ ਖ਼ੁਦ ਮੁਖਤਾਰੀ ਦਾ ਸਮਰਥ ਰਿਹਾ ਹੈ। ਉਹ ਹਮੇਸ਼ਾ ਕੇਂਦਰ ਵਲੋਂ ਜਦੋਂ-ਜਦੋਂ ਵੀ ਪ੍ਰਾਂਤਾਂ ਦੇ ਅਧਿਕਾਰਾਂ ਤੇ ਕੈਂਚੀ ਚਲਾਈ ਜਾਂਦੀ ਉਹ ਉਸਦਾ ਵਿਰੋਧ ਕਰਦੇ ਰਹੇ। ਉਹ ਸੱਤਾ ਦੇ ਕੇਂਦਰੀਕਰਨ ਨੂੰ ਫੈਡਰਲ ਅਤੇ ਮਨੁੱਖੀ ਅਧਿਕਾਰਾਂ ਲਈ ਅਤਿ ਘਾਤਿਕ ਸਮਝਦੇ ਰਹੇ ਹਨ। ਉਹ ਸਮਝਦੇ ਹਨ ਜੇ ਰਾਜ ਤੱਕੜੇ ਹੋਣਗੇ ਡਾਂ ਕੇਂਦਰ ਵੀ ਤੱਕੜਾ ਹੋਵੇਗਾ। ਪਰ ਰਾਜਾਂ ਨੂੰ ਕਮਜ਼ੋਰ ਕਰਕੇ, ਰਾਜ ਸੂਚੀ ਦੇ ਵਿਸ਼ੇ ਕੇਂਦਰ ਵਲੋਂ ਹੜੱਪ ਕੇ ਉਨ੍ਹਾਂ ਦੇ ਅਧਿਕਾਰ ਖੋਹ ਕੇ ਕੇਂਦਰ ਕਦੇ ਮਜ਼ਬੂਤ ਹੋ ਸਕਦਾ।
ਇੰਨ੍ਹੀ ਦਿਨੀਂ ਸੀ.ਏ.ਏ. ਅਤੇ ਐਨ.ਆਰ.ਸੀ. ਨੂੰ ਲੈ ਕੇ ਪੂਰੇ ਦੇਸ਼ ਅੰਦਰ ਨਫ਼ਰਤ ਅਤੇ ਈਰਖਾ ਦੀ ਰਾਜਨੀਤੀ ਚਲ ਰਹੀ ਹੈ। ਜਾਮੀਆ ਮਿਲੀਆ, ਜਵਾਹਰ ਲਾਲ ਨਹਿਰੂ ਯੂਨੀਵਰਸਟੀਆਂ ਵਿਚ ਹਿੰਸਾ ਦੇ ਡਰਾਉਣੇ ਦ੍ਰਿਸ਼ ਵੇਖਣ ਨੂੰ ਮਿਲੇ। ਸ਼ਹੀਨ ਬਾਗ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਅਤਿ ਨਫ਼ਰਤ ਅਤੇ ਹਿੰਸਾ ਉਕਸਾਊ ਗਤੀਵਿਧੀਆਂ ਵੇਖਣ ਨੂੰ ਮਿਲੀਆਂ। ਦਿੱਲੀ ਵਿਧਾਨ ਸਭਾ ਚੋਣ ਤਾਂ ਨਫਰਤ, ਹਿੰਸਾ, ਵੈਰ-ਵਿਰੋਧ ਉਕਸਾਉਣ ਦਾ ਅਖਾੜਾ ਬਣ ਗਿਆ। ਭਾਜਪਾ ਦੇ ਆਗੂਆਂ ਅਤੇ ਵਿਰੋਧੀਆਂ ਖਾਸ ਕਰਕੇ ਕਾਂਗਰਸ ਆਗੂਆਂ ਨੇ ਨਫ਼ਰਤੀ ਅੱਗ ਦੇ ਭਾਂਬੜ ਮਚਾਉਣ ਸ਼ੁਰੂ ਕਰ ਦਿਤੇ ਸਿਵਾਏ। ਐਨ.ਡੀ.ਟੀ.ਵੀ. ਅਤੇ ਇੱਕ ਅੱਧ ਹੋਰ ਦੀ ਥਾਂ ਪੂਰਾ ਟੀ.ਵੀ. ਜਗਤ ਸੱਤਾਧਾਰੀਆਂ ਦੀ ਬੋਲੀ ਬੋਲ-ਬੋਲ ਕੇ ਦੇਸ਼ ਦੀ ਬਚੀ-ਖੁਚੀ ਧਰਮ ਨਿਰਪਖਤਾ ਭਰੀ ਹਵਾ ਨੂੰ ਬੁਰੀ ਤਰ੍ਹਾਂ ਵਿਸ਼ੈਲਾ ਕਰਦਾ ਵੇਖਿਆ ਗਿਆ। ਕੇਂਦਰੀ ਮੰਤਰੀ ਅਨੁਰਾਗ ਠਾਕੁਰ 'ਦੇਸ਼ ਕੇ ਗਦਾਰੋ ਕੋ ਗੋਲੀ ਮਾਰੋ' ਦੇ ਨਾਅਰੇ ਰਾਜਨੀਤਕ ਜਲਸਿਆਂ ਵਿਚ ਲਗਾਉਦਾ ਵੇਖਿਆ ਗਿਆ। ਸਾਂਸਦ ਪ੍ਰਵੇਸ਼ ਵਰਗਾ ਸ਼ਹੀਨ ਬਾਗ ਨੂੰ ਲੈ ਕੇ ਅੱਗ ਉਗਲਣ ਲਗਾ। ਖ਼ੁਦ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਿਹਾ ਗਿਆ ਕਿ ਬਟਨ ਐਨੀ ਜ਼ੋਰ ਨਾਲ ਦਬਾਉਣਾ ਕਿ ਕਰੰਟ ਸ਼ਹੀਨ ਬਾਗ ਵਿਚ ਲਗੇ।
ਸੀ.ਈ.ਏ. ਨੂੰ ਲੈ ਕੇ ਸਾਡੇ ਗੁਆਢੀ ਦੇਸ਼ ਨਰਾਜ਼ ਹੋਣ ਲੱਗੇ। ਬੰਗਲਾਦੇਸ਼ ਨੇ ਵੀ ਇਸ ਕਾਨੂੰਨ ਤੇ ਚਿੰਤਾ ਜਿਤਾਈ। ਨਰਾਜ਼ਗੀ ਦਰਸਾਉਂਦੇ ਉਸਦੇ ਚਾਰ ਮੰਤਰੀਆਂ ਨੇ ਆਪਣੇ ਭਾਰਤੀ ਦੌਰਿਆਂ ਨੂੰ ਮਨਸੂਖ ਕਰ ਦਿੱਤਾ। ਸੱਤਾਧਾਰੀ ਐਨ.ਡੀ.ਏ. ਦੇ ਹਮਜੋਲੀਆਂ ਨੇ ਇਸ ਤੇ ਨਰਾਜ਼ਗੀ ਪ੍ਰਗਟਾਈ ਇੰਨ੍ਹਾਂ ਵਿਚ ਜਨਤਾਦਲ (ਯੂ), ਲੋਜਪਾ ਅਤੇ ਅਕਾਲੀ ਦਲ ਆਦਿ ਸ਼ਾਮਲ ਸਨ। ਅਕਾਲੀ ਦਲ ਦੀ ਮੰਗ ਸੀ ਕਿ ਹਿੰਦੂ, ਸਿੱਖਾਂ, ਬੋਧੀਆਂ, ਜੈਨੀਆਂ ਦੇ ਨਾਲ-ਨਾਲ ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼ ਤੋਂ ਹਿਜਰਤ ਕਰਨ ਵਾਲਿਆਂ ਵਿਚ ਭਾਰਤ ਅੰਦਰ ਆਉਣ ਵਾਲੇ ਮੁਸਲਮਾਨਾਂ ਨੂੰ ਵੀ ਸ਼ਾਮਲ ਕੀਤਾ ਜਾਏ।
ਬਾਦਲ ਨੇ ਵੀ ਸੀ.ਏ.ਏ. ਦਾ ਵਿਰੋਧ ਨਹੀਂ ਕੀਤਾ ਪਰ ਉਨ੍ਹਾਂ ਦਾ ਵੀ ਕਹਿਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੰਗ ਹੈ ਹਿਜਰਤ ਕਰਨ ਵਾਲੇ ਮੁਸਲਮਾਨਾਂ ਨੂੰ ਇਸ ਸੂਚੀ ਵਿਚ ਸ਼ਾਮਲ ਕੀਤਾ ਜਾਵੇ। ਦਰਅਸਲ ਇੰਨਾਂ ਮੁੱਦਿਆਂ ਨੂੰ ਲੈ ਕੇ ਦੇਸ਼ ਦੇ ਧਰਮ ਨਿਰਪੱਖ, ਸ਼ਾਤੀ, ਅਹਿੰਸਾ ਅਤੇ ਆਪਸੀ ਭਾਈਚਾਰਕ ਸਾਂਝ ਦੇ ਹਾਮੀ ਬੁੱਧੀਜੀਵੀ, ਪ੍ਰਬੁੱਧ ਅਤੇ ਪ੍ਰੌਢ ਲੋਕਾਂ ਦੀ ਆਤਮਾ ਬਹੁਤ ਦੁਖੀ ਅਤੇ ਚਿਤੰਤ ਹੋਈ ਵੇਖੀ ਗਈ। ਕੁੱਝ ਸਮਾਜਿਕ ਸੇਵੀ ਸ਼ਖਸ਼ੀਅਤਾਂ ਅਤੇ ਤਨਜ਼ੀਮਾਂ ਨੇ ਵੱਖ ਰਾਜਾਂ ਵਿਚ ਦੇਸ਼ ਦੇ ਸੰਵਿਧਾਨ ਦੀ ਰਾਖੀ ਲਈ, ਨਫ਼ਰਤ ਅਤੇ ਹਿੰਸਾ ਵਿਰੁੱਧ ਵੱਖ-ਵੱਖ ਰਾਜਾਂ ਵਿਚ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਨੌਜਵਾਨ ਵਿਦਿਆਰਥੀਆਂ ਨਾਲ ਸੰਪਰਕ ਕਰਨਾ ਅਰੰਭ ਦਿਤਾ। ਮਿਸਾਲ ਵਜੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਓਦਵ ਠਾਕਰੇ ਦੀ ਇਜ਼ਾਜ਼ਤ ਨਾਲ ਹਰ ਸਕੂਲ ਚ ਇਹ ਸਹੁੰ ਵਿਦਿਆਰਥੀਆਂ ਨੂੰ ਚੁਕਾਈ ਕਿ 'ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਪ੍ਰਭੂਸਤਾ ਸਪੰਨ, ਪੰਥ ਨਿਰਪੇਖ, ਧਰਮ ਨਿਰਪੇਖ ਰਾਸ਼ਟਰ ਬਣਾਉਣਾ ਚਾਹੁੰਦੇ ਹਾਂ। ਏਕਤਾ ਦੇ ਸੂਤਰ ਵਿਚ ਬੰਨਣਾ ਚਾਹੁੰਦੇ ਹਾਂ।' ਪ੍ਰਧਾਨ ਮੰਤਰੀ ਮੋਦੀ ਨੇ ਜੋ ਨਾਅਰਾ ਦਿਤਾ ਸੀ 'ਸਭ ਕਾ ਸਾਥ, ਸਭ ਕਾ ਵਿਕਾਸ, ਸਭ ਦਾ ਵਿਸ਼ਵਾਸ਼' ਇਸ ਵਿਚੋਂ ਸਭ ਕਾ ਵਿਸ਼ਵਾਸ਼' ਗਾਇਬ ਹੋ ਰਿਹਾ ਹੈ। ਇਸ ਤੇ ਗੌਰ ਕਰਨਾ ਚਾਹੀਦਾ ਹੈ। ਪ੍ਰਬੁੱਧ ਸਮਾਜ ਸੇਵਕਾਂ, ਰਾਸ਼ਟਰ ਭਗਤਾਂ ਦਾ ਨਾਅਰਾ ਹੈ 'ਨਾ ਹਿੰਦੂ ਬਨੋ, ਨਾ ਮੁਸਲਮਾਨ ਬਨੋ। ਮੈਂ ਇਨਸਾਨ ਬਨੂੰ, ਤੁਮ ਭੀ ਇਨਸਾਨ ਬਨੋ।' ਦੇਸ਼ ਦੇ ਰਾਸ਼ਟਰੀ ਪਿਤਾ ਵਜੋਂ ਜਾਣੇ ਜਾਂਦੇ ਮਹਾਤਮਾ ਗਾਂਧੀ ਜੀ ਨੇ ਭਾਰਤੀਆਂ ਨੂੰ ਸੱਤ ਅਤੇ ਅਹਿੰਸਾ ਦਾ ਪਾਠ ਪੜਾਇਆ ਸੀ, ਇਸੇ ਕਰਕੇ ਉਨ੍ਹਾਂ ਅਤੇ ਉਨ੍ਹਾਂ ਦੇ ਇਸ ਵਿਚਾਰ ਨੂੰ ਪੂਰੇ ਵਿਸ਼ਵ ਨੇ ਅਪਣਾਇਆ ਗਿਆ ਕਿਉਂਕਿ ਹਿੰਸਾ, ਈਰਖਾ, ਨਫ਼ਰਤ ਕਿਸੇ ਵੀ ਸਭਯ ਸਮਾਜ ਦਾ ਅਧਾਰ ਨਹੀਂ ਹੋ ਸਕਦੀ। ਸੰਵਿਧਾਨ ਸਾਨੂੰ ਧਾਰਾ 19 (1) ਅਨੁਸਾਰ ਵਿਚਾਰ ਪ੍ਰਗਟ ਕਰਨ ਦਾ ਮੌਲਿਕ ਅਧਿਕਾਰ ਦਿੰਦੀ ਹੈ। ਇਸ ਤੇ ਚੱਲ ਕੇ ਹੀ ਅਸੀਂ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਅਤੇ ਸ਼ਕਤੀਸਾਲੀ ਬਣਾ ਸਕਦੇ ਹਾਂ।
ਦੇਸ਼ ਦੇ ਸਾਸ਼ਕਾਂ ਨੂੰ ਪੰਜਾਬ ਦੇ 5 ਵਾਰ ਰਹੇ ਮੁੱਖ ਮੰਤਰੀ ਅਤੇ ਭਾਜਪਾ (ਜਨਸੰਘ) ਨਾਲ ਸਫਲਤਾਪੂਰਵਕ ਸਰਕਾਰਾਂ ਚਲਾਉਣ ਦਾ ਭਰਭੂਰ ਤਜ਼ਰਬਾ ਰਖਣ ਵਾਲੇ ਸ: ਪ੍ਰਕਾਸ਼ ਸਿੰਘ ਬਾਦਲ ਨੇ ਇਹ ਵੀ ਸਬਕ ਦਿਤਾ ਕਿ ਜੇਕਰ ਸਰਕਾਰ ਚਲਾਉਣ ਵਿਚ ਸਫ਼ਲ ਹੋਣਾ ਹੈ ਤਾਂ ਆਪਣੇ ਸਹਿਯੋਗੀਆਂ ਅਤੇ ਘੱਟ-ਗਿਣਤੀਆਂ ਨੂੰ ਨਾਲ ਲੈ ਕੇ ਚਲਣਾ ਹੋਵੇਗਾ ਅਤੇ ਸਾਰੇ ਧਰਮਾਂ ਦਾ ਸਨਮਾਨ ਕਰਨਾ ਹੋਵੇਗਾ ਕਿਉਂਕਿ ਸਾਰੇ ਦੇਸ਼ ਵਾਸੀ ਖ਼ੁਦ ਨੂੰ ਇੱਕ ਪਰਿਵਾਰ ਦਾ ਹਿੱਸਾ ਮੰਨਦੇ ਹਨ। ਉਨ੍ਹਾਂ ਦੇ ਵਿਚਾਰਾਂ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਭਾਰਤ ਵਰਗੇ ਮਹਾਨ ਦੇਸ਼ ਵਿਚ ਧਰਮ ਨਿਰਪੱਖਤਾ ਅਤੇ ਘੱਟ ਗਿਣਤੀਆਂ ਦੀ ਰਾਖੀ ਬਗੈਰ ਰਾਸ਼ਟਰਵਾਦ ਦਾ ਮਜ਼ਬੂਤ ਹੋਣਾ ਸੰਭਵ ਨਹੀਂ ਸਮਝਦੇ।
ਦੇਸ਼ ਦੇ ਸਾਸ਼ਕਾਂ ਨੂੰ ਆਪਣੇ ਰਾਜਨੀਤਕ ਗਠਜੋੜ ਵਿਚ ਸ਼ਾਮਲ ਸਾਰੇ ਛੋਟੇ ਦਲਾਂ ਦਾ ਆਦਰ, ਸਨਮਾਨ ਅਤੇ ਬਰਾਬਰੀ ਦਾ ਵਿਵਹਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨਾਲ ਸਮੇਂ-ਸਮੇਂ ਗਲਬਾਤ ਰਾਹੀਂ ਸ਼ੰਕੇ ਦੂਰੇ ਕਰਨ ਦੀ ਪ੍ਰਕ੍ਰਿਆ ਜਾਰੀ ਰਖਣੀ ਚਾਹੀਦੀ ਹੈ। ਸਾਥੀਆਂ ਨੂੰ ਜੇਕਰ ਕਿਸੇ ਵੀ ਕਦਮ ਨੂੰ ਪੁੱਟਣ ਤੋਂ ਪਹਿਲਾਂ ਭਰੋਸੇ ਵਿਚ ਲਿਆ ਹੋਵੇ ਤਾਂ ਫਿਰ ਜੋ ਸਥਿੱਤੀ ਅੱਜ ਦੇਸ਼ ਵਿਚ ਹੈ ਉਹ ਇਸ ਕਦਰ ਸ਼ਿਦਤ ਭਰਭੂਰ ਪੈਦਾ ਨਾ ਹੁੰਦੀ।
ਸਰਦਾਰ ਬਾਦਲ ਵੱਲੋਂ ਉਠਾਏ ਮੁੱਦੇ ਅਤੇ ਉਨ੍ਹਾਂ ਵੱਲੋਂ ਸਾਸ਼ਕਾਂ ਅਤੇ ਭਾਈਵਾਲਾਂ ਨੂੰ ਦਿਤੇ ਸਬਕ ਏਨੇ ਸਟੀਕ ਅਤੇ ਦੁਰਸਤ ਸਾਬਤ ਹੋਏ ਕਿ ਉਨ੍ਹਾਂ ਤੇ ਦੇਸ਼ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਸ਼੍ਰੀ ਅਮਿਤ ਸ਼ਾਹ ਨੇ ਉਨ੍ਹਾਂ ਦੀ ਪਾਰਟੀ ਦੀ ਦਿੱਲੀ ਅੰਦਰ ਹੋਈ ਕਰਾਰੀ ਹਾਰ ਦੀ ਸਮੀਖਿਆ ਕਰਦੇ ਮੰਨਿਆ ਕਿ ਕੁੱਝ ਪਾਰਟੀ ਨੇਤਾਵਾਂ ਵੱਲੋਂ ਵਰਤੀ ਗਈ ਨਫ਼ਰਤ ਦੀ ਭਾਸ਼ਾ ਦੀ ਪਾਰਟੀ ਨੂੰ ਵੱਡੀ ਕੀਮਤ ਚੁਕਾਉਣੀ ਪਈ। ਉਨ੍ਹਾਂ ਕਿਹਾ ਕਿ ਪ੍ਰਚਾਰ ਦੌਰਾਨ ਭਾਜਪਾ ਆਗੂਆਂ ਵਲੋਂ 'ਦੇਸ਼ ਦੇ ਗਦਾਰੋਂ ਕੋ ਗੋਲੀ ਮਾਰੋ', 'ਭਾਰਤ-ਪਾਕਿਸਤਾਨ ਮੈਚ ਵਰਗੇ ਨਫਰਤ ਭਰੇ ਭਾਸ਼ਣ ਨਹੀਂ ਸਨ ਦੇਣੇ ਚਾਹੀਦੇ।
'ਸੌ ਹੱਥ ਰਸਾ ਸਿਰੇ ਤੇ ਗੰਢ' ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਭਾਰਤੀ ਕੇਂਦਰ ਅਤੇ ਰਾਜਾਂ ਅੰਦਰ ਸੱਤਾਧਾਰੀ ਸਾਸ਼ਕਾਂ ਨੂੰ ਨਫ਼ਰਤ ਅਤੇ ਈਰਖਾ ਭਰੀ ਰਾਜਨੀਤੀ ਤੋਂ ਕਿਨਾਰਾ ਕਰਨਾ ਚਾਹੀਦਾ ਹੈ, ਧਰਮ ਨਿਰਪਖਤਾ ਅਤੇ ਘੱਟ ਗਿਣਤੀਆਂ ਦੀ ਸੁਰਖਿਆ ਅਤੇ ਸਨਮਾਨਿਤ ਭਾਈਵਾਲੀ ਨੂੰ ਸੁਨਿਸਚਤ ਕਰਨਾ ਚਾਹੀਦਾ ਹੈ, ਆਪਣੇ ਸਹਿਯੋਗੀਆਂ ਅਤੇ ਮੱਤਦਾਤਾਵਾਂ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਹੈ ਜੇਕਰ ਉਹ ਸਫ਼ਲ ਸਰਕਾਰਾਂ ਲੋਚਦੇ ਹਨ।
-
ਦਰਬਾਰਾ ਸਿੰਘ ਕਾਹਲੋਂ, ਲੇਖਕ
kahlondarbarasingh@gmail.com
94170 94034
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.