ਦਿੱਲੀ ਭਾਰਤ ਦੀ ਰਾਜਧਾਨੀ, ਵਿੱਚਲੀ ਹਿੰਸਾ ਅੱਜ ਸਿਰਫ ਭਾਰਤ ਵਿੱਚ ਬਹਿਸ ਦਾ ਵਿਸ਼ਾ ਨਹੀਂ ਬਣੀ ਹੋਈ ਬਲਕਿ ਕੌਮਾਂਤਰੀ ਪੱਧਰ ਉਤੇ ਇਹ ਮੀਡੀਏ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦਾ ਕਾਰਨ ਸਾਡੀ ਸਿਆਸਤ ਤਾਂ ਹੈ ਹੀ, ਪਰ ਨਾਲ-ਨਾਲ ਉਥੋਂ ਦੀ ਪੁਲਿਸ ਦੀ ਕਾਰਗੁਜ਼ਾਰੀ ਵੀ ਹੈ ਜਿਹੜੀ 36 ਸਾਲ ਪਹਿਲਾਂ ਵੀ ਸਿੱਖਾਂ ਦੇ ਕਤਲੇਆਮ ਦੌਰਾਨ ਨਿਕੰਮੀ ਸੀ ਅਤੇ ਅੱਜ ਵੀ ਨਿਕੰਮੀ ਹੈ ਤੇ ਉਸੇ ਪ੍ਰਕਾਰ ਨਿਪੁੰਸਕ ਅਧਿਕਾਰੀ ਮੂਕ ਦਰਸ਼ਕ ਹਨ। ਇਸ ਸਾਰੇ ਘਟਨਾਕ੍ਰਮ ਨੇ ਇਹ ਵੀ ਦੱਸਿਆ ਹੈ ਕਿ ਘੱਟ ਗਿਣਤੀਆਂ ਖਿਲਾਫ ਸਮੇਂ-ਸਮੇਂ ਉਤੇ ਦਬੀ ਹੋਈ ਨਫਰਤ ਜਦੋਂ ਵੀ ਕਿਸੇ ਕਾਰਨ ਚੰਗਿਆੜੀ ਬਣਦੀ ਹੈ ਤਾਂ ਹੌਲੀ-ਹੌਲੀ ਉਹ ਲਾਵਾ ਬਣ ਜਾਂਦੀ ਹੈ ਤੇ ਭੀੜਤੰਤਰ ਦਹਾਕਿਆਂ ਪੁਰਾਣੇ ਆਪਣੇ ਰਿਸ਼ਤਿਆਂ ਨੂੰ ਭੁੱਲ ਕੇ ਗੁਆਂਢੀਆਂ ਨੂੰ ਮਾਰਨ-ਮਰਾਉਣ ਲਈ ਤਿਆਰ ਹੋ ਜਾਂਦਾ ਹੈ। ਦਿੱਲੀ ਵਿੱਚ ਜਿਹੜਾ ਤਾਂਡਵ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ ਉਸ ਤੋਂ ਨਿਆਂ ਪਾਲਿਕਾ ਵੀ ਬੇਚੈਨ ਹੋ ਗਈ ਅਤੇ ਇਸ ਲਈ ਉਸ ਨੂੰ ਇਥੋਂ ਤੱਕ ਕਹਿਣਾ ਪਿਆ ਕਿ ਦਿੱਲੀ ਨੂੰ ਫਿਰ ਤੋਂ 1984 ਨੂੰ ਨਹੀਂ ਬਣਨ ਦਿੱਤਾ ਜਾ ਸਕਦਾ। ਇਹ ਗੱਲ ਵੱਖਰੀ ਹੈ ਕਿ ਅਜਿਹੀ ਜੁਅਰਤ ਕਰਨ ਵਾਲੇ ਨਿਰਪੱਖ ਜੱਜ ਨੂੰ ਰਾਤੋ-ਰਾਤ ਬਦਲ ਕੇ ਚੰਡੀਗੜ੍ਹ ਭੇਜ ਦਿੱਤਾ ਜਾਂਦਾ ਹੈ। ਇਹ ਠੀਕ ਹੈ ਕਿ ਦਿੱਲੀ ੧੯੮੪ ਵਾਲੇ ਦੌਰ ਵਿੱਚ ਤਾਂ ਨਹੀਂ ਪਹੁੰਚੀ ਪਰ ਇਸ ਸਾਰੀ ਹਿੰਸਾ ਨੇ ਇਹ ਤਾਂ ਦਿਖਾ ਦਿੱਤਾ ਹੈ ਕਿ ਜਦੋਂ ਹੰਕਾਰੀ ਹੋਈ ਸੱਤਾ ਇਹ ਧਾਰ ਲੈਂਦੀ ਹੈ ਕਿ ਕਿਸੇ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਸਬਕ ਸਿਖਾਉਣਾ ਹੈ ਤਾਂ ਸੰਵਿਧਾਨ-ਵਿਧਾਨ ਨੂੰ ਛਿੱਕੇ ਟੰਗ ਦਿੱਤਾ ਜਾਂਦਾ ਹੈ, ਕਰਤੱਵ ਤੇ ਡਿਊਟੀਆਂ ਨਿਭਾਉਣ ਵਾਲੇ, ਦੇਸ਼ ਨੂੰ ਬਚਾਉਣ ਵਾਲੇ ਲੰਮੀਆਂ ਤਾਣ ਕੇ ਸੌਂ ਜਾਂਦਾ ਹਨ। ਬੱਚਦੀ ਹੈ ਤਾਂ ਸਿਰਫ ਤੇ ਸਿਰਫ ਹਥਿਆਰਾਂ ਵਾਲੀ ਭੀੜ ਜਿਸ ਨੂੰ ਸਿਆਸਤਦਾਨ ਆਪਣੀਆਂ ਵੋਟਾਂ ਦੀ ਖਾਤਰ 'ਜੈ ਸ੍ਰੀਰਾਮ' ਜਾਂ 'ਨਾਹਰਾ ਏ ਤਕਵੀ' ਦੀਆਂ ਪੱਟੀਆਂ ਅੱਖਾਂ 'ਤੇ ਬੰਨ੍ਹ ਕੇ ਹਿੱਕ ਦਿੰਦੇ ਹਨ ਤੇ ਹਰ ਪਾਸੇ ਉਹ ਅੰਨ੍ਹੇ ਹੋਏ ਲਾਸ਼ਾਂ ਵਿਛਾ ਦਿੰਦੇ ਹਨ ਤੇ ਅੱਗਾਂ ਲਗਾਉਂਦੇ ਹੋਏ ਨਫਰਤ ਦਾ ਅਜਿਹਾ ਧੂੰਆਂ ਉਡਾਉਂੇਦੇ ਹਨ ਜਿਹੜਾ ਆਉਣ ਵਾਲੀ ਪੀੜ੍ਹੀ ਦੀਆਂ ਅੱਖਾਂ ਵਿੱਚ ਦਹਾਕਿਆਂ ਤੱਕ ਰੜਕਦਾ ਰਹਿੰਦਾ ਹੈ। ਇਸੇ ਲਈ ਤਾਂ ਭਾਜਪਾ ਦੇ ਸਭ ਤੋਂ ਪੁਰਾਣੇ ਭਾਈਵਾਲ ਦੇ ਬਜ਼ੁਰਗ ਆਗੂ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਲੀ ਹਿੰਸਾ ਉਤੇ ਕਹਿਣਾ ਪਿਆ ਹੈ ਕਿ ਦੇਸ਼ ਵਿੱਚ ਨਾ ਤਾਂ ਧਰਮ ਨਿਰਪਖਤਾ ਬਚੀ ਹੈ ਤੇ ਨਾ ਸਮਾਜਵਾਦ ਤੇ ਨਾ ਹੀ ਲੋਕਤੰਤਰ ਹੈ। ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਜੋ ਕਿ ਅਕਾਲੀ ਦਲ ਦੇ ਲੀਡਰ ਵੀ ਹਨ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਦੇ ਬੇਟੇ ਵੀ ਹਨ, ਨੇ ਦਿੱਲੀ ਦੀ ਪੁਲਿਸ ਕਮਿਸ਼ਨਰ, ਉਪ ਰਾਜਪਾਲ ਅਨਿਲ ਬੈਜਲ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਜਿਸ ਵਿੱਚ ਉਨ੍ਹਾਂ ਨੇ ਇਨ੍ਹਾਂ ਦੰਗਿਆ ਦਾ ਦਰਦ ਬਿਆਨ ਕੀਤਾ ਹੈ ਕਿ ਉਨ੍ਹਾਂ ਨੇ ਆਪਣੇ ਜਾਣਕਾਰ ਕੁੱਝ ਮੁਸਲਮਾਨਾਂ ਨੂੰ ਭੀੜ ਤੋਂ ਬਚਾਉਣ ਲਈ ਪੁਲਿਸ ਨੂੰ ਫੋਨ ਕੀਤੇ ਪਰ ਕੋਈ ਵੀ ਸਹਾਇਤਾ ਲਈ ਨਹੀਂ ਬਹੁੜਿਆ। ਉਨ੍ਹਾਂ ਕਿਹਾ ਕਿ ਜੇਕਰ ਇਕ ਮੈਂਬਰ ਪਾਰਲੀਮੈਂਟ ਦੇ ਫੋਨ ਉਤੇ ਪੁਲਿਸ ਟਸ ਤੋਂ ਮਸ ਨਹੀਂ ਹੋਈ ਤਾਂ ਆਮ ਬੰਦੇ ਦਾ ਕੀ ਹਾਲ ਹੋਇਆ ਹੋਵੇਗਾ? ਨਿਸ਼ਚਿਤ ਹੀ ਭਾਜਪਾ ਦੀ ਲੀਡਰਸ਼ਿਪ ਨੂੰ ਸ੍ਰ. ਬਾਦਲ ਅਤੇ ਸ੍ਰੀ ਗੁਜਰਾਲ ਦਾ ਬਿਆਨ ਪਚਿਆ ਨਹੀਂ ਹੋਵੇਗਾ ਕਿਉਂਕਿ ਭਾਜਪਾ ਨੂੰ ਇਹ ਲੱਗਦਾ ਹੋਵੇਗਾ ਕਿ ਭਾਈਵਾਲ ਉਸ ਦੀਆਂ ਕਾਰਵਾਈਆਂ ਨੂੰ ਅੱਖਾਂ ਮੀਟ ਕੇ ਸਹਿਣ ਕਰਦੇ ਰਹਿਣਗੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਆਦੇਸ਼ ਜਾਰੀ ਕੀਤੇ ਹਨ ਕਿ ਜਿਹੜੇ ਵੀ ਦੰਗਾਂ ਪੀੜਤ ਹਨ ਦਿੱਲੀ ਦੀ ਸਿੱਖ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ। ਉਨ੍ਹਾਂ ਨੇ ਇੱਕ ਕਮੇਟੀ ਦਾ ਵੀ ਗਠਨ ਕੀਤਾ ਹੈ ਜੋ ਉਥੇ ਹੋਏ ਸਿੱਖਾਂ ਦੇ ਨੁਕਸਾਨ ਦਾ ਵੀ ਜਾਇਜ਼ਾ ਲਵੇਗਾ। ਸਿੰਘ ਸਾਹਿਬ ਨੇ ਦਿੱਲੀ ਵਿੱਚ ਹੋਏ ਦੰਗਿਆਂ ਦੀ ਵੀ ਤਿੱਖੀ ਆਲੋਚਨਾ ਕੀਤੀ ਹੈ। ਸਿੱਖਾਂ ਦਾ ਵਿਸ਼ਵਾਸ ਹੈ ਕਿ ਜਦੋਂ ਕੋਈ ਸੰਕਟ ਹੋਵੇ ਤਾਂ ਧਰਮ ਕੋਈ ਵੀ ਹੋਵੇ ਤਾਂ ਮਜ਼ਲੁਮਾਂ ਦੀ ਮਦਦ ਕਰਨੀ ਹੀ ਹੈ। ਇਤਿਹਾਸ ਵਿੱਚ ਵੀ ਅਜਿਹਾ ਹੋਇਆ ਹੈ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਦੇ ਜੇਨਊ ਦੀ ਰੱਖਿਆ ਕੀਤੀ ਸੀ ਤੇ ਜੇਕਰ ਅੱਜ ਮੁਸਲਿਮ ਸੰਕਟ ਵਿੱਚ ਹੈ ਤਾਂ ਉਸ ਦੀ ਬਾਂਹ ਵੀ ਫੜਨੀ ਚਾਹੀਦੀ ਹੈ।
ਉਂਝ ਤਾਂ ਭਾਰਤੀ ਜਨਤਾ ਪਾਰਟੀ ਦੇ ਮਨਸੂਬਿਆਂ ਨੂੰ ਭਾਰਤ ਦੀ ਜਨਤਾ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਜੇਕਰ ਉਹ ਸੱਤਾ ਵਿੱਚ ਆਵੇਗੀ ਤਾਂ ਉਹ ਆਪਣਾ ਹਿੰਦੂਤਵ ਦਾ ਏਜੰਡਾ ਲਾਗੂ ਕਰਨ ਦੀ ਕੋਸ਼ਿਸ਼ ਕਰੇਗੀ। ਪਰ ਫਿਰ ਜਿਸ ਪ੍ਰਕਾਰ ਧਰਮ ਨਿਰਪੱਖ ਕਹਾਉਣ ਵਾਲੀਆਂ ਸਿਆਸੀ ਪਾਰਟੀ ਜਿਨ੍ਹਾਂ ਵਿਚੋਂ ਕਾਂਗਰਸ ਪ੍ਰਮੁੱਖ ਹੈ, ਨੇ ਪਿਛਲੇ ਦਹਾਕਿਆਂ ਦੌਰਾਨ ਦੇਸ਼ ਅੰਦਰ ਜਿਹੜੇ ਢੰਗ ਦਾ ਲਚਰ ਪ੍ਰਸ਼ਾਸਨ ਦਿੱਤਾ, ਲੋਕਾਂ ਨਾਲ ਠੱਗੀਆਂ ਮਾਰੀਆਂ, ਭ੍ਰਿਸ਼ਟਾਚਾਰ ਨੂੰ ਹਵਾ ਦਿੱਤੀ, ਲੀਡਰਾਂ ਨੇ ਸਿਰਫ ਤੇ ਸਿਰਫ ਆਪਣੇ ਹੀ ਢਿੱਡ ਭਰੇ, ਉਸ ਤੋਂ ਲੋਕ ਅੱਕ ਗਏ ਸਨ, ਇਸ ਲਈ ਉਨ੍ਹਾਂ ਨੇ ਇਕ ਭਾਜਪਾ ਨੂੰ ਮੌਕਾ ਦਿੱਤਾ ਕਿ ਸ਼ਾਇਦ ਸੱਤਾ ਵਿੱਚ ਆ ਕੇ ਉਹ ਆਪਣੇ ਏਜੰਡੇ ਨੂੰ ਲਾਗੂ ਕਰਨ ਤੋਂ ਸੰਕੋਚ ਕਰੇ। ਪਰ ਅਜਿਹਾ ਹੋਇਆ ਨਹੀਂ। ਮੋਦੀ ਨੇ ਆਪਣੀ ਦੂਜੀ ਪਾਰੀ ਦੌਰਾਨ ਜਿਸ ਤਰ੍ਹਾਂ ਲਗਾਤਾਰ ਆਰ.ਆਰ. ਐਸ. ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਨੇ ਘਟ ਗਿਣਤੀਆਂ ਅੰਦਰ ਭੈਅ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਭਾਜਪਾ ਨੂੰ ਵੀ ਇਹ ਲੱਗਿਆ ਕਿ ਜਿਸ ਪ੍ਰਕਾਰ ਉਸ ਕੋਲ ਸੰਸਦ ਵਿੱਚ ਬਹੁਮਤ ਹੈ, ਉਸ ਨਾਲ ਉਹ ਦੇਸ਼ ਅੰਦਰ ਕੁਝ ਵੀ ਕਰਨ ਦੇ ਸਮਰਥ ਹੈ। ਪਹਿਲਾਂ ਉਸ ਨੇ ਕਸ਼ਮੀਰ ਅੰਦਰ ਧਾਰਾ 370 ਖਤਮ ਕੀਤੀ। ਦੇਸ਼ ਚੁੱਪ ਰਿਹਾ। ਸੱਤਾਧਾਰੀ ਧਿਰ ਨੂੰ ਅਜਿਹਾ ਲੱਗਿਆ ਕਿ ਹੁਣ ਦੇਸ਼ ਦੇ ਲੋਕ ਗੂੰਗੇ ਹੋ ਗਏ ਹਨ। ਫਿਰ ਨਾਗਰਿਕ ਕਾਨੂੰਨ ਨੂੰ ਲਾਗੂ ਕਰਨ ਲਈ ਬਿਲ ਪਾਸ ਕੀਤਾ। ਪਹਿਲਾਂ ਥੋੜ੍ਹਾ ਵਿਰੋਧ ਹੋਇਆ ਅਤੇ ਫਿਰ ਸ਼ਾਹੀਨ ਬਾਗ। ਪਰ ਮੋਦੀ ਸਰਕਾਰ ਚੁੱਪ ਰਹੀ। ਫਿਰ ਦੇਸ਼ ਅੰਦਰ ਥਾਂ-ਥਾਂ ਸ਼ਾਹੀਨ ਬਾਗ ਬਣਨ ਲੱਗੇ। ਦਿੱਲੀ ਵਿੱਚ ਵੀ ਮਾਹੌਲ ਗਰਮਾਉਣ ਲੱਗਾ। ਅਜਿਹਾ ਨਹੀਂ ਹੈ ਕਿ ਇਸ ਮਾਹੌਲ ਨੂੰ ਤਿਆਰ ਕਰਨ ਲਈ ਭਾਜਪਾ ਜਾਂ ਹਿੰਦੂਵਾਦੀ ਕੱਟੜਪੰਥੀ ਹੀ ਜ਼ਿੰਮੇਵਾਰ ਹਨ, ਉਸ ਦੇ ਲਈ ਮੁਸਲਿਮ ਭਾਈਚਾਰੇ ਦੇ ਕੱਟੜਪੰਥੀ ਵੀ ਪੂਰੀ ਤਿਆਰੀ ਵਿੱਚ ਨਜ਼ਰ ਆਏ। ਪਰ ਮੁਸਲਿਮ ਭਾਈਚਾਰੇ ਨੇ ਇਹ ਤਿਆਰੀ ਸਿੱਖਾਂ ਖਿਲਾਫ ੧੯੮੪ ਵਿੱਚ ਹੋਏ ਕਤਲੇਆਮ ਨੂੰ ਦੇਖਦੇ ਹੋਏ ਆਪਣੇ ਆਪ ਨੂੰ ਲਾਮਬੰਦ ਕੀਤਾ ਪਰ ਹਿੰਦੂ ਕੱਟੜਪੰਥੀਆਂ ਨੇ ਇਸ ਸਾਜ਼ਿਸ਼ ਅਧੀਨ ਮੁਸਲਮਾਨਾਂ ਨੂੰ ਸਬਕ ਸਿਖਾਉਣ ਲਈ ਹਥਿਆਰਬੰਦ ਹਜ਼ੂਮ ਤਿਆਰ ਕੀਤਾ। ਇਸ ਤਾਕਤ ਅਜ਼ਮਾਈ ਦਾ ਸਿੱਟਾ ਇਹ ਨਿਕਲਿਆ ਕਿ ਦਿੱਲੀ ਧੂ-ਧੂ ਕੇ ਜਲ ਉਠੀ। ਬਹੁਤ ਸਾਰੀਆਂ ਜਾਨਾਂ ਅਜ਼ਾਈਂ ਚੱਲੀਆਂ ਗਈਆਂ। ਕੌਮਾਂਤਰੀ ਪੱਧਰ ਉਤੇ ਸੰਦੇਸ਼ ਇਹ ਗਿਆ ਕਿ ਭਾਰਤ ਦੀ ਰਾਜਧਾਨੀ ਵੀ ਕਿਸੇ ਲਈ ਸੁਰੱਖਿਅਤ ਨਹੀਂ ਹੈ। ਕੀ ਮੋਦੀ ਅਜਿਹੇ ਭਾਰਤ ਦਾ ਨਿਰਮਾਣ ਕਰਨਾ ਚਾਹ ਰਹੇ ਹਨ? ਕੀ ਅਸੀਂ ਭਾਰਤ ਨੂੰ ਸੀਰੀਆ ਜਾਂ ਇਰਾਕ ਬਣਾਉਣਾ ਚਾਹ ਰਹੇ ਹਾਂ। ਇਨ੍ਹਾਂ ਦੇਸ਼ਾਂ ਨੂੰ ਇਸਲਾਮਿਕ ਸਟੇਟ ਨੇ ਤਬਾਹ ਕਰ ਦਿੱਤਾ ਹੈ ਤੇ ਭਾਰਤ ਨੂੰ ਹਿੰਦੂ ਕੱਟੜਵਾਦ ਤਬਾਹ ਕਰਨਾ ਲਈ ਤਿਆਰੀਆਂ ਕਰ ਰਿਹਾ ਹੈ। ਅਸੀਂ ਰੋਜ਼ ਪਾਕਿਸਤਾਨ ਨੂੰ ਇਸ ਲਈ ਭੰਡਦੇ ਹਾਂ ਕਿ ਉਥੇ ਘਟ ਗਿਣਤੀਆਂ ਸੁਰੱਖਿਅਤ ਨਹੀਂ ਹੈ। ਅਸੀਂ ਕਿਵੇਂ ਮਾਣ ਨਾਲ ਕਹਿ ਸਕਦੇ ਹਾਂ ਕਿ ਇਥੇ ਘੱਟ ਗਿਣਤੀਆਂ ਆਪਣੇ ਆਪ ਨੂੰ ਮਹਿਫੂਜ਼ ਸਮਝ ਸਕਦੀਆਂ ਹਨ। ਕਾਂਗਰਸ ਅਤੇ ਭਾਜਪਾ ਵਿੱਚ ਕੀ ਫਰਕ ਹੈ? ਕਾਂਗਰਸ ਨੇ 1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ, ਅੱਜ ਭਾਜਪਾ ਕਦੇ ਗੁਜਰਾਤ ਵਿੱਚ, ਕਦੇ ਯੂ. ਪੀ. ਵਿੱਚ ਤੇ ਕਦੇ ਦਿੱਲੀ ਵਿੱਚ ਮੁਸਲਮਾਨਾਂ ਤੋਂ ਬਾਬਰ ਤੇ ਔਰੰਗਜ਼ੇਬ ਜਾਂ ਹੋਰ ਮੁਸਲਿਮ ਹਾਕਮਾਂ ਦਾ ਬਦਲਾ ਲੈ ਰਹੀ ਹੈ।
ਅੱਜ ਉਰਦੂ ਦੇ ਮਸ਼ਹੂਰ ਸ਼ਾਇਰ ਬਸ਼ੀਰ ਬਦਰ ਦੀਆਂ ਉਹ ਸਤਰਾਂ ਮੈਂ ਸਾਂਝੀਆਂ ਕਰਦਾ ਹਾਂ
੨ਲੋਗ ਟੂਟ ਜਾਤੇ ਹੈ ਏਕ ਘਰ ਬਨਾਨੇ ਮੇਂ
ਤੁੰਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇਂ
98555-08918
-
ਦਰਸ਼ਨ ਸਿੰਘ ਦਰਸ਼ਕ, ਲੇਖਕ
darshandarshak@gmail.com
98555-08918
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.