ਕਾਂਗਰਸ ਪਾਰਟੀ ਦੀ ਹਾਈ ਕਮਾਨ ਨੇ ਜੇਕਰ ਪੰਜਾਬ ਅੰਦਰ ਆਪਣੀ ਸਾਖ਼ ਦਾ ਨੱਕ ਬਚਾਉਣਾ ਹੈ ਤਾਂ ਉਸ ਨੂੰ ਤੁਰੰਤ ਮਜ਼ਬੂਤ ਰਾਜਨੀਤਕ ਇੱਛਾ ਸ਼ਕਤੀ ਦਾ ਮੁਜ਼ਾਹਿਰਾ ਕਰਦਿਆਂ ਪੰਜਾਬ ਅੰਦਰ ਆਪਣੀ ਸਰਕਾਰ ਦੀ ਲੀਡਰਸ਼ਿਪ ਨੂੰ ਬਦਲਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਮੰਤਰੀਆਂ ਨੂੰ ਵੀ ਚਲਦਾ ਕਰਨਾ ਚਾਹੀਦਾ ਹੈ ਜੋ ਆਪਣੇ ਵਿਭਾਗ ਜਨਤਕ ਹਿੱਤ ਵਿਚ ਵਧੀਆ ਢੰਗ ਨਾ ਚਲਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੇ ਹਨ। ਜੇ ਉਹ ਅਜਿਹਾ ਕਰਨ ਤੋਂ ਹਿਚਕਚਾਹਟ ਵਿਖਾਉਂਦੀ ਹੈ ਤਾਂ ਉਸ ਨੂੰ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਬੁਰੀ ਤਰ੍ਹਾਂ ਖੁਰਦੀ ਸਾਖ ਸਬੰਧੀ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ।
ਸੰਨ 2017 ਵਿਚ ਪੰਜਾਬ ਦੇ ਲੋਕਾਂ ਨਾਲ ਜੋ ਵੱਡੇ-ਵੱਡੇ ਵਾਅਦੇ ਕਰਕੇ ਕਾਂਗਰਸ ਪਾਰਟੀ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੂੰਝਾ ਫੇਰੂ ਜਿੱਤ ਨਾਲ ਸੱਤਾ ਵਿਚ ਆਈ ਸੀ, ਉਹ ਵਾਅਦੇ ਵਫ਼ਾ ਨਾ ਹੋਣ ਕਰਕੇ ਉਸਦਾ ਵੀ ਉਹੀ ਹਾਲ ਹੋਵੇਗਾ ਜੋ ਦਿੱਲੀ ਅੰਦਰ ਕਾਂਗਰਸ ਪਾਰਟੀ ਦਾ ਸ਼ੀਲਾ ਦੀਕਸ਼ਤ ਸਰਕਾਰ ਦੇ ਰੁਕਸਤ ਹੋਣ ਬਾਅਦ ਲਗਾਤਾਰ ਹੋ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੰਨਾਂ ਨੂੰ ਰਾਜ ਦੇ ਲੋਕਾਂ ਵੱਲੋਂ ਦਿੱਤੀ ਵੱਡੀ ਹਮਾਇਤ ਅਤੇ ਕਾਂਗਰਸ ਦੇ ਵਰਕਰਾਂ ਦੀ ਮਿਹਨਤ ਕਰਕੇ ਸੱਤਾ ਵਿਚ ਲਿਆਂਦਾ ਸੀ ਉਨ੍ਹਾਂ ਕੁਰਸੀ ਤੇ ਬੈਠਦੇ ਹੀ ਉਨ੍ਹਾਂ ਲੋਕਾਂ ਅਤੇ ਪਾਰਟੀ ਵਰਕਰਾਂ ਨੂੰ ਵਿਸਾਰ ਦਿੱਤਾ। ਲੋਕ ਵਿਖਾਵੇ ਅਤੇ ਸੰਵਿਧਾਨਿਕ ਮਜਬੂਰੀ ਕਰਕੇ ਉਨ੍ਹਾਂ ਆਪਣੀ ਕੈਬਨਿਟ ਦਾ ਗਠਨ ਕੀਤਾ, ਉਸ ਦੀਆਂ ਮੀਟਿੰਗਾਂ ਵੀ ਅਕਸਰ ਕਰਦੇ ਹਨ ਪਰ ਅਸਲ ਕੈਬਨਿਟ ਉਨ੍ਹਾਂ ਦੇ 20-22 ਨਿੱਜੀ ਸਲਾਹਕਾਰਾਂ, ਸਪੈਸ਼ਲ ਕਾਰਜਕਾਰੀ ਅਫਸਰਾਂ, ਚੀਫ ਪ੍ਰਿੰਸੀਪਲ ਸਕੱਤਰ ਅਤੇ ਕੁੱਝ ਇੱਕ ਪ੍ਰਿੰਸੀਪਲ ਸਕੱਤਰਾਂ ਤੇ ਅਧਾਰਤ ਹੈ। ਉਨ੍ਹਾਂ ਇੰਨਾਂ ਵਿਅਕਤੀਆਂ ਨੂੰ ਵਿਭਾਗ ਵੰਡੇ ਹੋਏ ਹਨ ਜੋ ਇੰਨਾਂ ਨੂੰ ਚਲਾਉਂਦੇ ਅਤੇ ਇੰਨਾਂ ਸਬੰਧੀ ਮੁੱਖ ਮੰਤਰੀ ਨੂੰ ਸੂਚਨਾ ਦਿੰਦੇ ਹਨ। ਆਖਰ ਰਾਜਾਸ਼ਾਹੀ ਦਾ ਇਹੀ ਤਾਂ ਤਰੀਕਾ ਹੁੰਦਾ ਹੈ। ਰਸਮੀ ਕੈਬਨਿਟ ਮੀਟਿੰਗ ਉਪਰੰਤ ਕੁੱਝ ਵਿਸ਼ੇਸ਼ ਵਿਭਾਗੀ ਕੰਮਾਂ ਲਈ ਮੰਤਰੀ ਅਕਸਰ ਮੁੱਖ ਮੰਤਰੀ ਨਾਲ ਮੀਟਿੰਗ ਲਈ ਤਰਸਦੇ ਰਹਿੰਦੇ ਹਨ। ਵਿਧਾਇਕਾਂ ਜਾਂ ਹੋਰ ਆਗੂਆਂ ਦੀ ਤਾਂ ਗੱਲ ਹੀ ਛੱਡੋ। ਫਿਰ ਸਚਮੁੱਚ ਉਹ ਆਮ ਆਦਮੀ ਅਤੇ ਹੇਠਲੇ ਪੱਧਰ ਦੇ ਕਾਂਗਰਸ ਪਾਰਟੀ ਵਰਕਰ ਤਾਂ ਬਿਲਕੁਲ ਉਨ੍ਹਾਂ ਦੀ ਰਾਜਸ਼ਾਹੀ ਕਾਰਜਸ਼ੈਲੀ ਵਿਚ ਮਨਫ਼ੀ ਹਨ।
ਜੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਤਿੰਨ ਦਿਨ ਜਨਤਕ ਸਮੱਸਿਆਵਾਂ ਸਬੰਧੀ ਚਰਚਾ ਲਈ ਉਹ ਮਿਲਣ ਦਾ ਸਮਾਂ ਨਹੀਂ ਦਿੰਦੇ ਅਤੇ ਉਹ ਨਿਰਾਸ਼ ਹੋ ਕੇ ਦਿੱਲੀ ਰਵਾਨਾ ਹੋ ਜਾਵੇ, ਉਥੇ ਆਮ ਆਦਮੀ ਦਾ ਕਿੰਨਾ ਭਿਆਨਕ ਹਸ਼ਰ ਹੋ ਰਿਹਾ ਹੈ ਇਸ ਤੋਂ ਭਲੀਭਾਂਤ ਇਹੀ ਅੰਦਾਜ਼ਾ ਲਗਦਾ ਹੈ। ਇਹ ਕੁੱਝ ਸ਼੍ਰੀ ਸੁਨੀਲ ਜਾਖੜ ਨਾਲ ਵਾਪਰਿਆ। ਇਹੋ ਜਿਹਾ ਕੋਝਾ ਵਰਤਾਉ ਉਨ੍ਹਾਂ ਨਾਲ ਪਹਿਲੀ ਵਾਰ ਨਹੀਂ ਹੋਇਆ। ਪਹਿਲਾਂ ਵੀ ਚੀਫ ਪ੍ਰਿੰਸੀਪਲ ਸਕੱਤਰ, ਸੇਵਾ ਮੁੱਕਤ ਸੁਰੇਸ਼ ਕੁਮਾਰ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਨਾ ਮਿਲਣ ਦੇਣ ਕਰਕੇ ਜ਼ਲੀਲ ਕੀਤਾ ਸੀ।
ਸਾਡੀ ਹਾਕੀ ਟੀਮ ਦੇ ਕੈਪਟਨ ਰਹੇ ਜਲੰਧਰ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਸਰਕਾਰੀ ਦੀ ਨਿਕੰਮੀ ਕਾਰਗੁਜ਼ਾਰੀ ਹੀ ਨਹੀਂ ਬਲਕਿ ਕਾਂਗਰਸ ਪਾਰਟੀ ਦੇ ਭਵਿੱਖ ਨੂੰ ਰਾਜ ਵਿਚ ਤਾਲਾ ਲਾਉਂਦੀ ਚਿੱਠੀ ਲਿਖ ਕੇ ਚਿੱਟੇ ਦਿਨ ਸ਼ੀਸ਼ਾ ਵਿਖਾਉਣ ਦੀ ਜੁਅਰਤ ਕੀਤੀ ਹੈ। ਇਹ ਉਹੋ ਪ੍ਰਗਟ ਸਿੰਘ ਹੈ ਜਿਸ ਨੇ ਹਾਕੀ ਟੀਮ ਦੇ ਕੈਪਟਨ ਹੁੰਦੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਤੱਤਕਾਲੀ ਪ੍ਰਧਾਨ ਸੁਰੇਸ਼ ਕਲਮਾਡੀ ਨੂੰ ਭਾਰਤ ਦਾ 'ਮੁੱਖ ਖੇਡ ਮਾਫੀਆ' ਗਰਦਾਨਣ ਅਤੇ ਸੁਪਰ ਕਾਪ ਵੱਜੋਂ ਜਾਣੇ ਜਾਂਦੇ ਮਰਹੂਮ ਪੰਜਾਬ ਪੁਲਸ ਮੁੱਖੀ ਕੇ.ਪੀ.ਐਸ. ਗਿੱਲ ਨੂੰ ਹਾਕੀ ਇੰਡੀਆ ਵਿਚ ਬਦਇੰਤਜ਼ਾਮੀ ਕਰਕੇ ਚਲਦਾ ਕਰਨ ਦੀ ਜੁਆਰਤ ਵਿਖਾਈ ਸੀ। ਹੈਰਾਨਗੀ ਇਸ ਗੱਲ ਦੀ ਹੈ ਕਿ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਅਤੇ ਵਾਅਦਾ ਖਿਲਾਫੀਆਂ ਦਾ ਇੱਕ-ਇੱਕ ਕਰਕੇ ਚਿਤਰਨ ਕਰਦੀ ਇਹ ਚਿੱਠੀ ਉਨ੍ਹਾਂ ਦੋ ਮਹੀਨੇ ਪਹਿਲਾਂ ਲਿਖੀ ਸੀ ਪਰ ਕੁੰਭਕਰਨੀ ਨੀਂਦ ਸੁੱਤੇ ਕੈਪਟਨ ਸਾਹਿਬ ਅਤੇ ਉਨ੍ਹਾਂ ਦੀ ਨਿੱਜੀ ਅੰਦਰੂਨੀ ਅਫਸਰਸ਼ਾਹ ਕੈਬਨਿਟ ਨੇ ਇਸ ਦਾ ਕੋਈ ਜਵਾਬ ਤਾਂ ਕੀ ਦੇਣਾ ਸੀ, ਉੱਘ-ਪਤਾਲ ਨਹੀਂ ਕੱਢੀ।
ਦਰਅਸਲ ਪੰਜਾਬ ਦਾ ਕੋਈ ਕਾਂਗਰਸ ਮੰਤਰੀ ਅਤੇ ਵਿਧਾਇਕ ਆਪਣੇ ਹਲਕੇ ਦੇ ਲੋਕਾਂ ਦਾ ਸਾਹਮਣਾ ਨਹੀਂ ਕਰ ਸਕਦਾ। ਹਰ ਹਲਕੇ ਦੇ ਵੱਖ-ਵੱਖ ਵਰਗਾਂ ਦੀਆਂ ਮੰਗਾਂ ਅਤੇ ਲੋੜਾਂ ਮੂੰਹ ਅੱਡੀ ਖੜੀਆਂ ਹਨ। ਵਿਕਾਸ ਦੇ ਕੰਮ ਠੱਪ ਹਨ, ਜੇ ਕੁੱਝ ਚਲ ਰਹੇ ਹਨ ਤਾਂ ਜੂੰਅ ਦੀ ਤੋਰੇ। ਜਦੋਂ ਕਾਂਗਰਸ ਦੇ ਵੱਡੇ ਪੱਧਰ ਤੇ ਵਿਧਾਇਕਾਂ ਆਪਣੇ ਹਲਕੇ ਦੇ ਲੋਕਾਂ ਦੇ ਕੰਮ ਨਾ ਹੋਣ ਕਰਕੇ, ਚੋਣਾਂ ਵੇਲੇ ਕੀਤੇ ਵਾਅਦਿਆਂ ਦੀ ਕਿੱਧਰੇ ਵੀ ਪੂਰਤੀ ਨਾ ਹੋਣ ਕਰਕੇ ਕੈਪਟਨ ਅਤੇ ਉਸਦੀ ਸਰਕਾਰ ਵਿਰੁੱਧ ਸੁਰਾਂ ਉੱਚੀਆਂ ਕੀਤੀਆਂ ਤਾਂ 6 ਨੂੰ ਗੈਰ-ਸੰਵਿਧਾਨਿਕ ਤੌਰ 'ਤੇ ਕੈਬਨਿਟ ਰੈਂਕ ਦੇ ਕੇ ਸਲਾਹਕਾਰ ਅਤੇ ਕੁੱਝ ਨੂੰ ਚੇਅਰਮੈਨੀਆਂ ਦੇ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ। ਜੋ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਲਗਾਤਾਰ ਖਾਲੀ ਖਜ਼ਾਨੇ ਦੀ ਰੱਟ ਲਾ ਕੇ. ਮੁੱਖ ਮੰਤਰੀ, ਉਨ੍ਹਾਂ ਦੀ ਕੈਬਨਿਟ, ਵਿਧਾਇਕਾਂ ਅਤੇ ਪੰਜਾਬ ਦੇ ਲੋਕਾਂ ਅਤੇ ਵੱਖ-ਵੱਖ ਵਰਗਾਂ ਦੇ ਕਰਮਚਾਰੀਆਂ ਨੂੰ ਗੁੰਮਰਾਹ ਕਰ ਰਿਹਾ ਸੀ, ਵਿਧਾਇਕਾਂ ਅਤੇ ਪੰਜਾਬ ਦੇ ਲੋਕਾਂ ਅਤੇ ਵੱਖ-ਵੱਖ ਵਰਗਾਂ ਦੇ ਕਰਮਚਾਰੀਆਂ ਨੂੰ ਗੁੰਮਰਾਹ ਕਰ ਰਿਹਾ ਸੀ, ਵਿਧਾਇਕਾਂ ਅਤੇ ਕੁੱਝ ਉੱਘੇ ਕਾਂਗਰਸੀਆਂ ਦੀਆਂ ਮਲਾਈਦਾਰ ਨਿਯੁੱਕਤੀਆਂ ਤੇ ਗੁੰਮ ਹੋ ਗਿਆ। ਇਸ ਵੱਲੋਂ ਵੱਖ-ਵੱਖ ਕੈਬਨਿਟ ਮੰਤਰੀਆਂ ਨੂੰ ਲੋੜੀਂਦੇ ਜ਼ਰੂਰੀ ਕੰਮਾਂ ਲਈ ਧੰਨ ਨਾ ਜਾਰੀ ਕਰਨ ਕਰਕੇ ਉਹ ਭਰੇ-ਪੀਤੇ ਬੈਠੇ ਹਨ। ਆਪ ਉਹ ਦਾਵੋਸ ਵਿਖੇ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਪਰਿਵਾਰ ਨਾਲ ਮੌਜ-ਮਸਤੀ ਲਈ ਜਾ ਸਕਦਾ ਹੈ ਪਰ ਦੂਸਰਿਆਂ ਲਈ ਵਿਦੇਸ਼ੀ ਯਾਤਰਾਵਾਂ ਤੇ ਅਕੁੰਸ਼ ਲਗਾਇਆ ਜਾਂਦਾ ਹੈ।
ਲੇਕਿਨ ਹੁਣ ਜਦੋਂ ਸਰਕਾਰ ਦਾ ਕਾਰਜਕਾਲ ਸਿਰਫ਼ 2 ਸਾਲ ਬਚਿਆ ਹੈ ਜਦਕਿ ਕਾਰਜਕਰਨ ਲਈ ਸਿਰਫ਼ ਡੇਢ ਸਾਲ, ਏਨੇ ਸਮੇਂ ਵਿਚ ਸਰਕਾਰ ਲਈ ਪੰਜਾਬ ਦੇ ਵਿਕਾਸ, ਸਨਅਤੀਕਰਨ, ਵੱਖ-ਵੱਖ ਮਾਫੀਆਵਾਂ ਤੇ ਨਕੇਲ ਕਸਣਾ, ਲੋਕਾਂ ਨਾਲ ਚੋਣਾਂ ਵਿਚ ਕੀਤੇ ਵਾਅਦੇ ਪੂਰੇ ਕਰਨਾ, ਵਿਧਾਇਕਾਂ ਵੱਲੋਂ ਆਪਣੇ ਹਲਕਿਆਂ ਵਿਚ ਜਨਤਕ ਮੰਗਾਂ ਅਨੁਸਾਰ ਕੰਮ ਕਰਾ ਸਕਣਾ ਕਦੇ ਵੀ ਸੰਭਵ ਨਹੀਂ। ਫਿਰ ਕਾਂਗਰਸ ਪਾਰਟੀ ਕੀ ਮੂੰਹ ਲੈ ਕੇ ਲੋਕਾਂ ਤੋਂ ਮੁੜ੍ਹ ਜਨਤਕ ਫ਼ਤਵੇ ਲਈ ਅਗਲੀਆਂ ਚੋਣਾਂ ਵਿਚ ਉਭਰੇਗੀ?
ਸ: ਪ੍ਰਗਟ ਸਿੰਘ ਨੇ ਆਪਣੀ ਚਿੱਠੀ ਵਿਚ ਲਗਭਗ ਉਹੀ ਮੁੱਦੇ ਉਠਾਏ ਹਨ ਜੋ ਰਾਜਪੁਰਾ ਤੋਂ ਕਾਂਗਰਸ ਵਿਧਾਇਕ ਹਰਦਿਆਲ ਸਿੰਘ ਕੰਬੋਜ਼, ਸਮਾਨਾ ਤੋਂ ਰਾਜਿੰਦਰ ਸਿੰਘ, ਘਨੌਰ ਤੋਂ ਮਦਨ ਲਾਲ ਜਲਾਲਪੁਰ, ਸ਼ਤਰਾਨਾ ਤੋਂ ਨਿਰਮਲ ਸਿੰਘ, ਅਮਰਗੜ੍ਹ ਤੋਂ ਸੁਰਜੀਤ ਸਿੰਘ ਧੀਮਾਨ, ਕਾਂਗਰਸ ਸਾਂਸਦ ਸ: ਪ੍ਰਤਾਪ ਸਿੰਘ ਬਾਜਵਾ ਅਤੇ ਸਮਸ਼ੇਰ ਸਿੰਘ ਦੂਲੋ ਜੋ ਸਾਬਕਾ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ। ਆਦਿ ਉਠਾਉਂਦੇ ਪਾਏ ਜਾਂਦੇ ਹਨ। ਪਿੱਛਲੇ ਦਿਨੀਂ ਲਗਭਗ ਇੰਨਾਂ ਮਸਲਿਆਂ ਨੂੰ ਵਿਸ਼ੇਸ਼ ਪ੍ਰੈਸ ਕਾਨਫਰੰਸ ਵਿਚ ਸ: ਪ੍ਰਤਾਪ ਸਿੰਘ ਬਾਜਵਾ ਨੇ ਉਠਾ ਕੇ ਕੈਪਟਨ ਅਤੇ ਉਸ ਦੀ ਸਰਕਾਰ ਦੇ ਪੈਰਾਂ ਹੇਠੋਂ ਮਿੱਟੀ ਖਿਸਕਾ ਦਿਤੀ ਸੀ ਜਿਸ ਦੇ ਪ੍ਰਤੀਕਰਮ ਵੱਜੋਂ ਕਾਂਗਰਸ ਹਾਈ ਕਮਾਨ ਨੇ ਪੰਜਾਬ ਨੂੰ ਲੈ ਕੇ ਵੱਡੀਆਂ ਨੀਤੀਗਤ ਤਬਦੀਲੀਆਂ ਕੀਤੀਆਂ ਸਨ। ਪਰ ਜ਼ਮੀਨੀ ਪੱਧਰ 'ਤੇ ਪੰਜਾਬ ਸਰਕਾਰ ਅਤੇ
ਕੈਪਟਨ ਅਮਰਿੰਦਰ ਦੀ ਕਾਰਜਸ਼ੈਲੀ ਤੇ ਕੋਈ ਅਸਰ ਨਹੀਂ ਪਿਆ। ਸ਼ਾਇਦ ਉਹ ਸਮਝਦੇ ਹਨ ਕਿ ਕਮਜ਼ੋਰ ਹਾਈ ਕਮਾਨ ਉਨ੍ਹਾਂ ਦਾ ਕੁੱਝ ਨਹੀਂ ਵਿਗਾੜ ਸਕਦੀ।
ਦਰਅਸਲ ਇਸ ਦੇਸ਼ ਅੰਦਰ ਪਿੱਛਲੇ ਕੁੱਝ ਸਮੇਂ ਤੋਂ ਸਾਬਕਾ ਰਾਜਾਸ਼ਾਹੀ ਸੰਬਧਿਤ ਆਗੂ ਤਾਕਤਵਰ ਇਲਾਕਾਈ ਸਤਰਾਪਾਂ ਵਜੋਂ ਉਭਰੇ ਜਿੰਨਾਂ ਆਪਣੀ ਧੋਂਸ ਨਾਲ ਮੁੱਖ ਮੰਤਰੀ ਸ਼ਿਪ ਹਥਿਆਈ ਅਤੇ ਫਿਰ ਆਪਣੀ ਮਨਮਰਜ਼ੀ ਨਾਲ ਆਪਣੀ ਸਰਕਾਰ ਚਲਾਈ। ਇੰਨਾ ਵਿਚ ਪ੍ਰਮੁੱਖ ਤੌਰ 'ਤੇ ਹਿਮਾਚਲ ਪ੍ਰਦੇਸ਼ ਦੇ ਰਾਜਾਸ਼ਾਹ ਵੀਰਭੱਦਰ ਸਿੰਘ, ਰਾਜਿਸਥਾਨ ਦੇ ਸ੍ਰੀਮਤੀ ਵਸੂੰਧਰਾ ਰਾਜੇ ਸਿੰਧੀਆ ਅਤੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਹਨ। ਇੰਨਾਂ ਨੇ ਹਾਈਕਮਾਨ ਦੀ ਬਾਂਹ ਮਰੋੜ ਕੇ ਸੱਤਾ ਹਾਸਿਲ ਕੀਤੀ। ਲੋਕਤੰਤਰੀ ਵਿਵਸਥਾ ਵਿਚ ਐਸੇ ਵਿਅਕਤੀ, ਲੋਕਤੰਤਰ ਅਤੇ ਪਾਰਟੀ ਸਿਸਟਮ ਨੂੰ ਕਮਜ਼ੋਰ ਕਰਦੇ ਹਨ। ਪੰਜਾਬ ਵਿਚ ਕਾਂਗਰਸ ਪਾਰਟੀ ਦਾ ਇਹੋ ਹਸ਼ਰ ਹੋ ਰਿਹਾ ਹੈ। ਨਵਜੋਤ ਸਿੰਘ ਸਿੰਧੂ ਵਰਗੇ ਇਮਾਨਦਾਰ ਅਤੇ ਲੋਕਾਂ ਵਿਚ ਮਕਬੂਲ ਆਗੂ ਨੂੰ ਜਿਵੇਂ ਕੈਬਨਿਟ ਵਿਚੋਂ ਮੱਖਣ ਵਿਚੋਂ ਵਾਲ ਵਾਂਗ ਲਾਂਭੇ ਅਤੇ ਪੰਜਾਬ ਰਾਜਨੀਤੀ ਵਿਚੋਂ ਮਨਫੀ ਕੀਤਾ, ਇਸੇ ਧੌਂਸਵਾਦੀ ਰਾਜਾਸ਼ਾਹੀ ਦਾ ਨਤੀਜਾ ਹੈ।
ਸ: ਪ੍ਰਗਟ ਸਿੰਘ ਨੇ ਵਿਰੋਧੀ ਧਿਰਾਂ, ਪੰਜਾਬ ਦੇ ਪ੍ਰਬੁੱਧ ਆਮ ਲੋਕਾਂ ਦੀ ਜ਼ੁਬਾਨ ਤੇ ਜਿਵੇਂ ਕੈਪਟਨ ਸਰਕਾਰ ਦੀ ਵਾਦਾਖਿਲਾਫੀ ਦੇ ਮੁੱਦੇ ਉਠਾਏ ਜਾਂਦੇ ਹਨ ਉਨ੍ਹਾਂ ਤੇ ਹੀ ਮੁਹਰ ਲਗਾਈ ਹੈ। ਉਨ੍ਹਾਂ ਨੇ ਬੜੀ ਜੁਮੇਂਵਾਰੀ ਨਾਲ ਇਹ ਗੱਲ ਠੋਕ ਵਜਾ ਕੇ ਕਹੀ ਹੈ ਕਿ ਆਪਣੀ ਚਿੱਠੀ ਵਿਚ ਲਿਖੇ ਇੱਕ-ਇੱਕ ਸ਼ਬਦ ਅਤੇ ਹਰ ਮੁੱਦੇ ਤੇ ਚਟਾਨ ਵਾਂਗ ਖੜ੍ਹਾ ਹੈ। ਉਨ੍ਹਾਂ ਉਨ੍ਹਾਂ ਕਿਹਾ ਕਿ ਇਸ ਕਰਕੇ ਮੁਖ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਜਨਤਾ ਦਾ ਵਿਸ਼ਵਾਸ਼ ਖੋਹ ਹਰੇ ਹਨ।
ਗੁਟਕਾ ਸਾਹਿਬ ਨੂੰ ਹੱਥ ਵਿਚ ਪਕੜ ਕੇ ਜਿਵੇਂ ਮੁੱਖ ਮੰਤਰੀ ਨੇ ਤਖ਼ਤ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਸੱਤਾ ਵਿਚ ਆਉਣ ਤੇ ਚਾਰ ਹਫ਼ਤਿਆਂ ਵਿਚ ਨਸ਼ੀਲੇ ਪਦਾਰਥਾਂ ਦਾ ਲੱਕ ਤੋੜਨ ਦਾ ਐਲਾਨ ਕੀਤਾ ਸੀ, ਉਹ ਨਸ਼ਾ ਰਾਜਨੀਤੀਵਾਨਾਂ, ਪੁਲਸ ਅਤੇ ਸਿਵਲ ਅਫਸਰਸ਼ਾਹੀ ਦੀ ਸਰਪ੍ਰਸਤੀ ਹੇਠ ਧੜਲੇ ਨਾਲ ਚਲ ਰਿਹਾ ਹੈ। ਪੰਜਾਬ ਦਾ ਬੇਰੋਜਗਾਰ ਨੌਜਵਾਨ ਇਸਦਾ ਬੁਰੀ ਤਰ੍ਹਾਂ ਸ਼ਿਕਾਰ ਹੈ। ਹਰ ਰੋਜ਼ ਦੋ-ਤਿੰਨ ਨੌਜਵਾਨ ਇਸ ਦੀ ਭੇਂਟ ਚੜ੍ਹ ਰਹੇ ਹਨ।
ਰਾਜ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਦਾਅਵੇ ਬਿਲਕੁਲ ਝੂਠੇ ਸਾਬਤ ਹੋਏ ਹਨ। ਕੋਈ ਕੰਮ ਭ੍ਰਿਸ਼ਟਾਚਾਰ ਬਗੈਰ ਨਹੀਂ ਹੁੰਦਾ ਉਲਟਾ ਅੱਗੇ ਨਾਲੋਂ ਰੇਟ ਵੱਧ ਚੁੱਕੇ ਹਨ। ਰੇਤ, ਬਜਰੀ, ਟ੍ਰਾਂਸਪੋਰਟ, ਕੇਬਲ ਮਾਫੀਆ ਅੱਗੇ ਨਾਲੋਂ ਵੀ ਵੱਡੇ ਪੱਧਰ 'ਤੇ ਫੈਲਿਆ ਹੋਇਆ ਹੈ। ਸੱਤਾਧਾਰੀਆਂ ਦੀ ਮਿਲੀਭੁਗਤ ਨਾਲ ਚਲ ਰਹੇ ਹਨ ਜਿੰਨਾਂ ਵਿਚ ਵਿਧਾਇਕਾਂ ਦਾ ਸ਼ੇਅਰ ਵੀ ਪਾਇਆ ਜਾਂਦਾ ਹੈ। ਅਕਾਲੀ- ਭਾਜਪਾ ਸਰਕਾਰ ਵੇਲੇ ਅਨਾਜ ਦੀ ਖਰੀਦ ਦਾ 31000 ਕਰੋੜ ਰੁਪਏ ਦੇ ਘਪਲੇ ਦੀ ਜਾਂਚ (ਜੋ ਵਿੱਤ ਮੰਤਰੀ ਦਿੱਲੀ ਜਾ ਕੇ ਕਰਜ਼ੇ ਵਿਚ ਬਦਲਾਅ ਕੇ ਮੁੱਹਰ ਲਾ ਆਇਆ ਹੈ) ਨਿੱਜੀ ਬਿਜਲੀ ਕੰਪਨੀਆਂ ਨਾਲ ਮਹਿੰਗੀ ਬਿਜਲੀ ਖਰੀਦੇ ਜਾਏ ਜਾਣ ਦੇ ਸਮਝੌਤਿਆਂ ਦੀ ਜਾਂਚ, ਸ਼ਗਨ ਸਕੀਮ 51000, ਬੁਢਾਪਾ ਪੈਨਸ਼ਨ 2500 ਰੁਪਏ ਮਾਸਿਕ, ਆਟਾ-ਦਾਲ ਸਕੀਮ ਨਾਲ ਖੰਡ, ਪੱਤੀ, ਘਿਉ, ਘਰ-ਘਰ ਰੋਜ਼ਗਾਰ
(ਪੰਜਾਬੀਆਂ ਕੋਲੋ ਰੋਜ਼ਗਾਰ ਸਬੰਧੀ ਫਾਰਮ ਵੀ ਭਰਵਾ ਲਏ), ਕਿਸਾਨੀ ਦੀ ਸਮੁੱਚੀ ਕਰਜ਼ਾ ਮੁਆਫੀ (ਕਿਸਾਨਾਂ ਨੂੰ 4600 ਕਰੋੜ ਮੁਆਫ ਕੀਤਾ ਅਤੇ ਮਾਰਕੀਟ ਫੀਸ ਵਧਾ ਕੇ 5200 ਕਰੋੜ ਵਸੂਲ ਲਿਆ), ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਕੀ ਜੇਲ੍ਹ 'ਚ ਸੁੱਟਣਾ ਸੀ, ਉਲਟਾ ਅਕਾਲੀ ਭਾਜਪਾ ਸਰਕਾਰ ਦੀ ਗੋਲੀ ਕਾਂਡ ਵਿਚ ਜੋ 2 ਨੌਜਵਾਨ ਮਾਰੇ ਗਏ, ਉਨ੍ਹਾਂ ਨੂੰ ਇਨਸਾਫ ਤਾਂ ਕੀ ਦੇਣਾ, ਸਬੰਧਿਤ ਗਵਾਹ ਮਾਰ ਮੁਕਾਏ ਜਾ ਰਹੇ ਹਨ। ਕਿਧਰੇ ਨਾ ਕੋਈ ਸਨਅਤ ਅਤੇ ਨਾ ਹੀ ਨਿਵੇਸ਼ ਨਜ਼ਰ ਆਉਂਦਾ ਹੈ। ਐਸੇ ਸਭ ਸੰਜੀਦਾ ਮਸਲੇ, ਲੋਕਾਂ ਨਾਲ ਕੀਤੇ ਵਾਅਦੇ ਵਫਾ ਨਾ ਹੋਣ ਅਤੇ ਗੈਰ ਲੋਕਤੰਤਰੀ ਕਾਰਜਸ਼ੈਲੀ ਸਬੰਧੀ ਮੁੱਦੇ ਕੈਪਟਨ ਸਾਹਿਬ ਅੱਗੇ ਉਠਾਏ।
ਦਰਅਸਲ ਸੱਤਾ ਖਾਤਰ ਜੋ ਲੋਕ ਲੁਭਾਊ ਵਾਅਦੇ ਕੀਤੇ ਗਏ ਉਹ ਤਾਂ ਰੱਬ ਆਪ ਧਰਤੀ ਤੇ ਆ ਕੇ ਲਾਗੂ ਨਹੀਂ ਕਰ ਸਕਦਾ ਕੈਪਟਨ ਵਰਗਿਆਂ ਕੀ ਪੂਰੇ ਕਰਨੇ ਹਨ। ਕੈਪਟਨ ਸਾਹਿਬ ਸਟਾਰ ਪ੍ਰਚਾਰਕ ਵੱਲੋਂ ਤਿੰਨ ਦਿਨ ਲਈ ਕਾਂਗਰਸ ਲਈ ਪ੍ਰਚਾਰ ਕਰਨ ਦਿੱਲੀ ਗਏ ਸਨ ਪਰ ਲੋਕਾਂ ਵਲੋਂ ਜ਼ਰਾ ਵੀ ਹੁੰਗਾਰਾ ਨਾ ਦੇਣ ਤੇ ਦੂਸਰੇ ਦਿਨ ਵਾਪਸ ਆ ਗਏ।
ਪ੍ਰਤਾਪ ਸਿੰਘ ਬਾਜਵਾ ਕਾਂਗਰਸ ਸਾਂਸਦ ਨੇ ਵੀ ਬੇਬਾਕੀ ਨਾਲ ਮੁੜ ਕੈਪਟਨ ਅਤੇ ਉਨ੍ਹਾਂ ਦੀ ਸਰਕਾਰ ਤੇ ਵਰਦਿਆਂ ਕਿਹਾ ਹੈ ਕਿ ਜੇਕਰ ਇਸ ਸਰਕਾਰ ਦਾ ਇਹੀ ਹਾਲ ਰਿਹਾ ਤਾਂ ਪੰਜਾਬ ਵਿਚ ਵੀ ਕਾਂਗਰਸ ਦਾ 2022 ਦੀਆਂ ਚੋਣਾਂ ਵਿਚ ਦਿੱਲੀ ਵਾਲਾ ਹਸ਼ਰ ਹੋਵੇਗਾ। ਐਸੇ ਬਦੱਤਰ ਹਲਾਤਾਂ ਨੂੰ ਤੱਕਦੇ ਕਾਂਗਰਸ ਪਾਰਟੀ ਹਾਈ ਕਮਾਨ ਨੂੰ ਸੂਬੇ ਦੀ ਸਰਕਾਰ ਦੇ ਆਗੂ ਭਾਵ ਮੁੱਖ ਮੰਤਰੀ ਨੂੰ ਬਦਲਾਅ ਕੇ ਇਸ ਦੀ ਥਾਂ ਕਿਸੇ ਹੋਰ ਨੂੰ ਸੱਤਾ ਦੀ ਵਾਗ ਫੜਾ ਕੇ ਲੋਕਾਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹੀ ਢੁੱਕਵਾਂ ਅਤੇ ਯੋਗ ਸਮਾਂ ਹੈ।
.......
ਦਰਬਾਰਾ ਸਿੰਘ ਕਾਹਲੋਂ
-
ਦਰਬਾਰਾ ਸਿੰਘ ਕਾਹਲੋਂ, ਲੇਖਕ
kahlondarbarasingh@gmail.com
******
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.