22 ਫਰਵਰੀ ਨੂੰ ਮੇਰੀ ਜੀਵਨ ਸਾਥਣ ਦੇ ਬੀਬੀ ਜੀ ਕਰਤਾਰਪੁਰ ਸਾਹਿਬ (ਨਾਰੋਵਾਲ) ਦੇ ਦਰਸ਼ਨ ਕਰਕੇ ਪਰਤੇ ਹਨ। ਮੇਰੇ ਮਨ ਆਨੰਦ ਵਰਗੀ ਅਵਸਥਾ ਲੈ ਕੇ।
ਆਪਣੇ ਪੁੱਤਰ ਜਸਜੀਤ ਸਿੰਘ ਨੱਤ ਤੇ ਪੋਤਰੀ ਲਵਦੀਪ ਤੇ ਹੋਰ ਰਿਸ਼ਤੇਦਾਰਾਂ ਨਾਲ ਗਏ ਸਨ।
ਦੇਸ਼ ਵੰਡ ਮਗਰੋਂ ਪਹਿਲੀ ਵਾਰ 1996 ਚ ਸਾਡੇ ਬਾਪੂ ਜੀ ਸ੍ਵ: ਸ: ਗੁਰਬਚਨ ਸਿੰਘ ਨੱਤ ਨਾਲ ਪਾਕਿਸਤਾਨ ਪਹਿਲੀ ਵਾਰ ਗਏ ਸਨ।
ਰੀਤਿੰਦਰ ਸਿੰਘ ਭਿੰਡਰ ਦੇ ਸੰਗ ਸਾਥ ਕਾਰਨ ਬਾਪੂ ਜੀ ਤਾਂ ਆਪਣੇ ਜੱਦੀ ਪਿੰਡ ਨੱਤ ਜਾ ਆਏ ਪਰ ਬੀਬੀ ਜੀ ਆਪਣੇ ਪੇਕੀਂ ਸਰਗੋਧੇ ਨਾ ਜਾ ਸਕੇ।
ਪਰਤੇ ਤਾਂ ਅੱਖਾਂ ਭਰ ਕੇ ਬੋਲੇ!
ਵੇਖ ਲੈ ਗੁੱਡੀਏ! ਤੇਰੇ ਬਾਪੂ ਜੀ ਨੇ ਮੈਨੂੰ ਸਰਗੋਧੇ ਲਿਜਾ ਕੇ ਭੂਆ ਆਇਸ਼ਾਂ ਨੂੰ ਨਹੀਂ ਮਿਲਾਇਆ। ਮਨ ਭਰ ਗਿਆ। ਸੰਤਾਲੀ ਵੇਲੇ ਵੀ ਭੂਆ ਆਇਸ਼ਾਂ ਪੰਝੀ ਤੀਹ ਸਾਲ ਦੀ ਸੀ। ਪਿੰਡੋਂ ਲੱਗਦੀ ਮੁਸਲਮਾਨ ਪਰਿਵਾਰ ਦੀ ਧੀ ਸੀ ਆਇਸ਼ਾਂ।
ਉਸ ਨਾਲ ਖੇਡਦੀ ਰਹੀ ਸੀ ਬੀਬੀ ਬਚਪਨ ਵੇਲੇ।
1996 ਤੀਕ ਤਾਂ ਆਇਸ਼ਾਂ 70-75 ਸਾਲ ਦੀ ਹੋਵੇਗੀ। ਪਤਾ ਨਹੀਂ ਮਰ ਮੁੱਕ ਗਈ ਹੋਵੇ, ਪਰ ਸਾਡੀ ਬੀਬੀ ਨਾਲ ਹੁਣ ਵੀ ਯਾਦਾਂ ਚ ਖੇਡਦੀ ਹੈ।
ਪਿਛਲੇ ਹਫ਼ਤੇ ਮੈਂ ਤੇ ਮੇਰੀ ਜੀਵਨ ਸਾਥਣ ਜਸਵਿੰਦਰ ਕੌਰ ਲਾਹੌਰ ਚ ਸਾਂ। ਸਰਗੋਧਿਓਂ ਆਏ ਭੱਟੀ ਪਰਿਵਾਰ ਨਾਲ ਅਚਨਚੇਤ ਮੁਲਾਕਾਤ ਹੋਈ ਤਾਂ ਉਸ ਨਾਲ ਮਾਤਾ ਦਾ ਸਰਗੋਧਾ ਸਾਕ ਤੇ ਸਿੱਕ ਦੱਸੀ ਅਸਾਂ।
ਕਿਵੇਂ ਸਾਡੀ ਬੀਬੀ ਆਪਣੇ ਟੱਬਰ ਦੇ ਕਿੰਨੂਆਂ, ਮਾਲਟਿਆਂ ਤੇ ਮਿੱਠਿਆਂ ਦੇ ਬਗੀਚੇ ਯਾਦ ਕਰਦੀ ਹੈ?
ਭੱਟੀ ਸਾਹਿਬ ਤੇ ਉਨ੍ਹਾਂ ਦੀ ਜੀਵਨ ਸਾਥਣ ਫਿਰਦੌਸ ਰੁਖ਼ਸਾਨਾ ਭੱਟੀ ਨੇ ਵੀ ਹਾਉਕਾ ਭਰਿਆ।
ਕਹਿਣ ਲੱਗੇ ਅਸੀਂ ਤੁਹਾਡੇ ਜਾਣ ਤੋਂ ਪਹਿਲਾਂ ਸਰਗੋਧਿਉਂ ਕਿੰਨੂ ਲੈ ਕੇ ਆਵਾਂਗੇ ਬੀਬੀ ਜੀ ਲਈ।
ਉਹ ਆਏ ਦੋ ਪੇਟੀਆਂ ਕਿੰਨੂ ਲੈ ਕੇ। ਪਾਕ ਹੈਰੀਟੇਜ ਹੋਟਲ ਚ ਦੇ ਗਏ ਕਿਉਂਕਿ ਅਸੀਂ ਨਨਕਾਣਾ ਸਾਹਿਬ ਗਏ ਹੋਏ ਸਾਂ।
ਸਾਡੀਆਂ ਅੱਖਾਂ ਭਰ ਆਈਆਂ, ਮੁਹੱਬਤ ਵੇਖ ਕੇ।
ਇਸ ਰਿਸ਼ਤੇ ਨੂੰ ਕੀ ਨਾਮ ਦਿਉਗੇ?
ਸਰਹੱਦ ਤੇ ਮੁਲਕ ਦਾ ਕਾਨੂੰਨੀ ਅੜਿੱਕਾ ਖੜ੍ਹਾ ਸੀ ਪਰ ਕੁਝ ਕਿੰਨੂੰ ਬੀਬੀ ਜੀ ਤੀਕ ਪਹੁੰਚ ਗਏ।
ਲੁਧਿਆਣੇ ਪਹੁੰਚੇ ਤਾਂ ਸਿੱਧੇ ਬੀਬੀ ਜੀ ਨੂੰ ਕਿੰਨੂ ਸੌਂਪਣ ਚਲੇ ਗਏ ਅਸੀਂ।
ਕਿੰਨੂ ਵੇਖਦਿਆਂ ਬੀਬੀ ਦੇ ਚਿਹਰੇ ਤੇ ਰੌਣਕ ਸੀ। ਸਰਗੋਧਿਓਂ ਆਇਆ ਫ਼ਲ ਵੇਖ ਕੇ
90 ਸਾਲ ਤੋਂ ਕੁਝ ਮਹੀਨੇ ਵਡੇਰੀ ਉਮਰ ਦੀ
ਸਾਡੀ ਮਾਤਾ ਦੀ ਆਵਾਜ਼ ਚ ਵੀ ਗੜ੍ਹਕਾ ਸੀ। ਜਿਵੇਂ ਮੁਰਝਾਏ ਬੂਟੇ ਨੂੰ ਪਾਣੀ ਲੱਗ ਗਿਆ ਹੋਵੇ। ਰੁਖ਼ਸਾਨਾ ਨਾਲ ਗੱਲ ਕਰਵਾਈ ਤਾਂ ਗੱਲ ਕਰਨ ਵੇਲੇ ਬੀਬੀ ਬਹੁਤ ਪਿੱਛੇ ਚਲੀ ਗਈ ਸੀ। ਸੰਤਾਲੀ ਤੋਂ ਵੀ ਪਿੱਛੇ।
ਇਰ ਗੈਬੀ ਰਿਸ਼ਤਾ ਬੇਨਾਮ ਹੈ। ਬੀਬੀ ਬਾਰ ਬਾਰ ਧੀਏ ਧੀਏ ਕਹਿ ਰਹੀ ਸੀ ਤੇ ਰੁਖ਼ਸਾਨਾ ਬੀਬੀ ਬੀਬੀ ਜੀ ਕਹਿ ਰਹੀ ਸੀ।
ਅਣਮਿਲੀਆਂ ਮਾਵਾਂ ਧੀਆਂ।
ਅੱਜ ਜਸਵਿੰਦਰ ਦੱਸ ਰਹੀ ਸੀ ਕਿ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਦਾਖ਼ਲ ਹੁੰਦਿਆਂ ਇੰਮੀਗਰੇਸ਼ਨ ਵਾਲੇ ਕਹਿ ਰਹੇ ਸਨ ਕਿ ਹੁਣ ਤੀਕ ਸਾਡੇ ਕੋਲ 1930 ਦੇ ਜਨਮ ਵੇਲੇ ਬਜ਼ੁਰਗ ਹੀ ਆਏ ਹਨ। ਪਰ 1929 ਵਾਲੇ ਤੁਸੀਂ ਹੀ ਹੋ।
ਗੁਰੂ ਨਾਨਕ ਦੇਵ ਜੀ ਦੀ ਕਿਰਤ ਭੂਮੀ ਤੇ ਜਪੁਜੀ ਸਾਹਿਬ ਦੀ ਸਿਰਜਣ ਭੂਮੀ ਤੋਂ ਪਰਤ ਕੇ ਮਾਤਾ ਆਨੰਦ ਦੀ ਅਵਸਥਾ ਚ ਹੈ।
ਇਹ ਵਿਸਮਾਦੀ ਪਲ ਉਸ ਤੋਂ ਕੋਈ ਨਹੀਂ ਖੋਹ ਸਕਦਾ।
ਗੁਰਭਜਨ ਗਿੱਲ
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.