ਅਖੀਰ ਪੱਥਰ ਪਾੜ ਕੇ ਉੱਗ ਹੀ ਆਈ 'ਸੰਨੀ ਹਿੰਦੁਸਤਾਨੀ' ਰੂਪੀ ਕਰੂੰਬਲ। ਕਰੂੰਬਲ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਹਾਲੇ ਦਰਖ਼ਤ ਬਣਨ ਲਈ ਉਸ ਦਾ ਸਫ਼ਰ ਬਹੁਤ ਲੰਮੇਰਾ ਹੈ ਅਤੇ ਹਾਲੇ ਹੋਰ ਬਹੁਤ ਤੂਫ਼ਾਨ ਰਾਹ ਰੋਕਣ ਲਈ ਤਿਆਰ ਖੜ੍ਹੇ ਹਨ।
ਅੱਜ ਸਾਰਾ ਬਠਿੰਡਾ ਤਾਂ ਕੀ ਪੂਰਾ ਪੰਜਾਬ ਹੀ ਨਹੀਂ, ਪੂਰਾ ਹਿੰਦੁਸਤਾਨ ਹੀ ਸੰਨੀ ਦੀ ਇਸ ਜਿੱਤ 'ਤੇ ਖੀਵਾ ਹੋਇਆ ਫਿਰਦਾ ਹੈ। ਪਿਛਲੇ ਵਰ੍ਹੇ ਤੱਕ ਹਿੰਦੁਸਤਾਨ ਅਤੇ ਪੰਜਾਬ ਨੂੰ ਤਾਂ ਛੱਡੋ 'ਸਾਡਾ ਆਪਣਾ ਸੰਨੀ' ਕਹਿਣ ਵਾਲੇ ਬਠਿੰਡੇ ਦੇ ਲੋਕਾਂ ਦੀ ਉਸ ਨਾਲ ਸਿਰਫ਼ ਏਨੀ ਕੁ ਸਾਂਝ ਹੋਵੇਗੀ ਕਿ ਜਦੋਂ ਉਹ ਬੂਟ ਪਾਲਿਸ਼ ਕਰਨ ਲਈ ਉਨ੍ਹਾਂ ਨੂੰ ਅਰਜ਼ ਕਰਦਾ ਹੋਵੇਗਾ ਕਿ "ਬਾਬੂ ਜੀ ਬੂਟ ਪਾਲਿਸ਼ ਕਰਵਾ ਲਵੋ ਬਹੁਤ ਸੋਹਣੇ ਬਣਾ ਦੇਵਾਂਗਾ" ਤਾਂ ਮੂਹਰੋਂ "ਚੱਲ-ਚੱਲ ਅੱਗੇ ਜਾ ਮੈਂ ਨਹੀਂ ਕਰਵਾਉਣੇ ਪਾਲਿਸ਼।" ਜਾ ਫੇਰ "ਮੈ ਤਾਂ ਪੰਜ ਨਹੀਂ ਤਿੰਨ ਦੇਵਾਂਗਾ ਕਰਨੇ ਆ ਕਰ ਨਹੀਂ ਜਾ ਅਗਾਂਹ ਤੁਰਦਾ ਹੋ।" ਇਹ ਗੱਲ ਮੈਂ ਕੋਈ ਅੰਦਾਜ਼ੇ ਨਾਲ ਨਹੀਂ ਲਿਖ ਰਿਹਾ ਹਾਂ ਇਹ ਇਕ ਜ਼ਮੀਨੀ ਸਚਾਈ ਹੈ। ਲੱਖਾਂ-ਪਤੀ ਅਕਸਰ ਰਿਕਸ਼ੇ ਵਾਲੇ ਤੋਂ ਲੈ ਕਿ ਇਹੋ-ਜਿਹੇ ਹੋਰ ਗ਼ਰੀਬਾਂ ਨਾਲ ਇਕ-ਇਕ ਰੁਪਈਏ ਦੀ ਤੋੜ-ਭੰਨ ਕਰਦੇ ਤੁਸੀਂ ਅਕਸਰ ਦੇਖੇ ਹੋਣਗੇ।
ਮੇਰੇ ਜੀਵਨ ਦਾ ਵੱਡਾ ਹਿੱਸਾ ਬਠਿੰਡੇ 'ਚ ਬੀਤਿਆ ਸੋ ਬਹੁਤ ਨੇੜੇ ਤੋਂ ਜਾਣਦਾ ਹਾਂ ਬਠਿੰਡੇ ਬਾਰੇ। ਪਰ ਕੱਲ੍ਹ ਜਦੋਂ ਸੰਨੀ ਜਿੱਤਿਆ ਤਾਂ ਮੈਂ ਆਪਣੇ ਭੂਆ ਦੇ ਪੁੱਤ ਮਨਜਿੰਦਰ ਸਿੰਘ ਧਾਲੀਵਾਲ ਨੂੰ ਫ਼ੋਨ ਲਾ ਲਿਆ। ਸਿਰਫ਼ ਇਹ ਜਾਣਨ ਲਈ ਕਿ ਜ਼ਮੀਨੀ ਪੱਧਰ ਤੇ ਕੀ ਚੱਲ ਰਿਹਾ ਹੈ ਸੰਨੀ ਦੇ ਜਿੱਤਣ 'ਤੇ! ਉਹ ਕਹਿੰਦੇ ਯਾਰ ਕਮਾਲ ਕਰ ਦਿੱਤੀ ਮੁੰਡੇ ਨੇ, ਹਾਲੇ ਕਲ ਪਰਸੋਂ ਦੀ ਗੱਲ ਹੈ ਸਾਡੇ ਕੋਲ ਗੈੱਸ ਏਜੰਸੀ ਤੇ ਆਉਂਦਾ ਹੁੰਦਾ ਸੀ ਅਤੇ ਮੇਰੇ ਅਤੇ ਦਰਸ਼ਨ ਦੋਨਾਂ ਦੇ ਬੂਟ ਪਾਲਿਸ਼ ਕਰਨ ਦਾ ਅਸੀਂ ਉਸ ਨਾਲ ਪੱਕਾ ਠੇਕਾ ਪੰਜ ਰੁਪਿਆਂ 'ਚ ਮੁਕਾਇਆ ਹੋਇਆ ਸੀ। ਇਸ ਤਰ੍ਹਾਂ ਦੇ ਕਿੱਸੇ ਅੱਜ ਬਹੁਤ ਸਾਰੇ ਬਠਿੰਡਾ ਨਿਵਾਸੀਆਂ ਦੇ ਮੂੰਹ ਤੇ ਹਨ।
ਪਰ ਸੱਚ ਇਹ ਹੈ ਕਿ ਅੱਜ ਤੋਂ ਪਹਿਲਾਂ ਕਦੇ ਵੀ ਸੰਨੀ ਜਾਂ ਗ਼ੁਬਾਰੇ ਵੇਚਦੀ ਉਸ ਦੀ ਮਾਂ ਅਤੇ ਭੈਣ ਬਾਰੇ ਉਹ ਵਿਚਾਰ ਅਤੇ ਸਤਿਕਾਰ ਕਿਸੇ ਦੇ ਮਨ ਵਿਚ ਨਹੀਂ ਹੋਵੇਗਾ ਜੋ ਅੱਜ ਬਣਿਆ। ਸੋਚ ਕੇ ਦੇਖੋ ਕਿ ਜਦੋਂ ਇਕ ਲਾਲ ਬੱਤੀਆਂ ਤੇ ਖੜ੍ਹੀ ਕਾਰ ਦਾ ਸ਼ੀਸ਼ਾ ਕੋਈ ਗ਼ੁਬਾਰੇ ਵੇਚਣ ਵਾਲੀ ਮਾਂ ਜਾਂ ਭੈਣ ਖੜਕਾਉਂਦੀ ਹੋਵੇਗੀ ਤਾਂ ਮਾਫ਼ੀ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਸਿਰਫ਼ ਦੋ ਹੀ ਕਿਸਮ ਦੀਆਂ ਨਜ਼ਰਾਂ ਅੱਗੋਂ ਮਿਲਦੀਆਂ ਹੋਣਗੀਆਂ। ਇਕ ਤਾਂ ਗ਼ੁਸੈਲੀਆਂ ਅੱਖਾਂ ਜੋ ਇਹ ਕਹਿ ਰਹੀਆਂ ਹੁੰਦੀਆਂ ਹਨ ਕਿ ਚੱਲ ਪਰੇ ਸਵੇਰੇ-ਸਵੇਰੇ ਗੰਦੇ ਹੱਥ ਮੇਰੀ ਕਾਰ ਨੂੰ ਨਾਂ ਲਾ, ਜਾ ਐਵੇਂ ਦਿਮਾਗ਼ ਨਾ ਚੱਟ। ਦੂਜੀਆਂ ਉਹ ਹਵਸ ਭਰੀਆਂ ਨਜ਼ਰਾਂ ਜੋ ਗ਼ਰੀਬੀ 'ਚੋਂ ਝਲਕ ਰਹੇ ਪਿੰਡੇ ਦਾ ਨਾਪ ਲੈਂਦੀਆਂ ਤੇ ਖਚਰੀ ਜਿਹੀ ਹਾਸੀ ਹੱਸਦਿਆਂ ਹੁੰਦੀਆਂ।
ਅੱਜ ਤੱਕ ਬਹੁਤ ਸਾਰੇ ਲੋਕ ਹੋਣਗੇ ਜੋ ਉਨ੍ਹਾਂ ਨਾਲ ਦੋਹਰੇ ਮਤਲਬ ਵਾਲਿਆਂ ਟੁ`ਚੀਆਂ ਜਿਹੀਆਂ ਗੱਲਾਂ ਕਰ ਕੇ ਆਪਣਾ ਅਤੇ ਆਪਣੇ ਸਾਥੀਆਂ ਦਾ ਮਨ ਪਰਚਾਵਾ ਕਰਦੇ ਹੋਣਗੇ। ਪਰ ਅੱਜ ਉਨ੍ਹਾਂ ਹੀ ਲੋਕਾਂ ਨੂੰ ਸੰਨੀ 'ਆਪਣਾ', ਉਸ ਦੀ ਮਾਂ 'ਮਹਾਨ' ਔਰਤ ਅਤੇ ਉਸ ਦੀਆਂ ਭੈਣਾਂ ਬਹੁਤ 'ਕਿਸਮਤ' ਵਾਲੀਆਂ ਮਹਿਸੂਸ ਹੋ ਰਹੀਆਂ ਹੋਣਗੀਆਂ।
ਜਿਹੜੇ ਬਠਿੰਡੇ 'ਚ ਸੰਨੀ ਨੂੰ ਆਪਣਾ ਬੂਟ ਪਾਲਿਸ਼ ਵਾਲਾ ਡੱਬਾ ਰੱਖਣ ਨੂੰ ਥਾਂ ਨਹੀਂ ਮਿਲਦੀ ਸੀ ਉਸ ਦੀ ਮਿਹਨਤ ਰੰਗ ਲਿਆਈ, ਉਸ ਦੀ ਕਿਸਮਤ ਨੇ ਸਾਥ ਦਿੱਤਾ ਅਤੇ ਅੱਜ ਸਾਰਾ ਬਠਿੰਡਾ ਵੱਡੇ-ਵੱਡੇ ਹੋਰਡਿੰਗਜ਼ ਨਾਲ ਭਰਿਆ ਪਿਆ ਹੈ। ਹਰ ਕੋਈ ਕਾਹਲਾ ਹੋਇਆ ਫਿਰਦਾ ਉਸ ਦੇ ਸਵਾਗਤ ਲਈ। ਲੋਕਾਂ ਤੋਂ ਵੀ ਕਾਹਲਾ ਉਸ ਦਾ ਭਵਿੱਖ ਦਿਖਾਈ ਦੇ ਰਿਹਾ।
ਸੰਨੀ ਨੇ 'ਬਾਬਾ ਨਜ਼ਮੀ' ਦੇ ਇਸ ਸ਼ੇਅਰ ਨੂੰ ਪੁਖ਼ਤਾ ਕਰ ਦਿੱਤਾ ਹੈ ਕਿ
"ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ
ਤੇ ਮੰਜ਼ਿਲ ਦੇ ਮੱਥੇ ਦੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ
ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ।"
ਛੋਟੀ ਉਮਰੇ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਣਾ, ਘਰ ਵਿਕ ਜਾਣਾ, ਮਾਂ ਅਤੇ ਭੈਣਾਂ ਦਾ ਗ਼ੁਬਾਰੇ ਵੇਚਣਾ ਅਤੇ ਫਿਰ ਘਰ ਦਾ ਭਾਰ ਚੁੱਕਣ ਲਈ ਖ਼ੁਦ ਬੂਟ ਪਾਲਿਸ਼ ਕਰਦਿਆਂ ਵੀ ਆਪਣਾ ਸ਼ੌਕ ਨਾ ਮਰਨ ਦੇਣਾ, ਕਿਸੇ ਸਾਧਾਰਨ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਸੰਨੀ ਨੇ ਝੁਠਲਾ ਦਿੱਤਾ ਉਨ੍ਹਾਂ ਲੋਕਾਂ ਨੂੰ ਜੋ ਸ਼ਿਕਵੇ ਕਰਦੇ ਹਨ ਕਿ ਗ਼ਰੀਬੀ ਮਾਰ ਗਈ, ਮਾਂ ਬਾਪ ਅਨਪੜ੍ਹ ਸਨ ਇਸ ਲਈ ਕੁਝ ਨਾ ਬਣ ਸਕਿਆ, ਵਧੀਆ ਸਕੂਲ 'ਚ ਨਾ ਪੜ੍ਹਨ ਕਾਰਨ ਅੱਗੇ ਨਹੀਂ ਵੱਧ ਸਕਿਆ, ਆਲਾ ਦੁਆਲੇ ਚੰਗਾ ਮਹੌਲ ਨਹੀਂ ਸੀ ਅਤੇ ਸਭ ਤੋਂ ਵੱਡੀ ਗੱਲ ਕੋਈ ਉਸਤਾਦ ਨਹੀਂ ਮਿਲਿਆ ਸਿਖਾਉਣ ਲਈ।
ਜਦੋਂ ਦਾ ਸੰਨੀ ਚਕਾਚੌਂਧ ਦੀ ਦੁਨੀਆ 'ਚ ਆਇਆ ਉਸ ਦਿਨ ਤੋਂ ਲੈ ਕੇ ਉਸ ਦੇ ਜਿੱਤਣ ਤੋਂ ਬਾਅਦ ਦੇ ਬਿਆਨ ਸੁਣ ਕੇ ਕੀ ਕੋਈ ਕਹਿ ਸਕਦਾ ਕਿ ਇਹ ਮੁੰਡਾ ਸਿਰਫ਼ ਛੇ ਪੜ੍ਹਿਆ? ਉਸ ਦੀ ਲਿਆਕਤ, ਗ਼ਰੀਬੀ ਦੇ ਥਪੇੜਿਆਂ 'ਚੋਂ ਪੈਦਾ ਹੋਈ ਹੈ। ਉਹ ਆਪਣੇ ਆਪ ਨੂੰ ਮਹਾਨ (ਲੈਜੈਂਡ) ਨਹੀਂ ਕਹਿੰਦਾ, ਭਾਵੇਂ ਚੈਨਲ ਵਾਲੇ ਬਾਰ-ਬਾਰ ਉਸ ਦੇ ਗ਼ਰੀਬੀ 'ਚੋਂ ਉੱਠੇ ਹੋਣ ਦੀ ਹਮਦਰਦੀ ਲੈਣ ਦਾ ਮਾਹੌਲ ਬਣਾਉਂਦੇ ਰਹੇ ਹਨ। ਇੱਥੇ ਜ਼ਿਕਰਯੋਗ ਹੈ ਕਿ ਇਹ ਕਿ ਮੁੱਢ ਤੋਂ ਮਨੋਰੰਜਨ ਦੀ ਦੁਨੀਆ ਇਸ ਜਜ਼ਬਾਤੀ ਹਥਿਆਰ ਨੂੰ ਵੱਡੇ ਪੱਧਰ ਤੇ ਭੁਨਾਉਂਦੀ ਰਹੀ ਹੈ। ਕੁਝ ਗੱਲ ਹੁੰਦੀ ਹੈ ਬਾਕੀ ਬਣਾ ਕੇ ਪੇਸ਼ ਕਰਨ 'ਚ ਮਾਹਿਰ ਰਹੀ ਹੈ। ਪਰ ਸੰਨੀ ਨੇ ਜਦ ਵੀ ਗੱਲ ਕੀਤੀ ਹੈ ਤਾਂ ਸ਼ਿਕਵੇ ਨਹੀਂ ਕੀਤੇ, ਉਸ ਨੇ ਸਿਰਫ਼ ਏਨਾ ਕਿਹਾ ਹੈ ਕਿ ਮੈਂ ਜ਼ਿੰਦਗੀ 'ਚ ਆਪਣੇ ਸੁਪਨੇ ਪੂਰੇ ਕਰਨੇ ਸਨ ਸੋ ਇਸ ਲਈ ਕੋਈ ਵੀ ਕੰਮ ਕਰ ਸਕਦਾ ਸੀ ਤੇ ਕਰ ਸਕਦਾ ਹਾਂ। ਜਿੱਥੇ ਸੰਨੀ ਦੀ ਕਲਾ 'ਚ ਪਰਪੱਕਤਾ ਦਿਖਾਈ ਦੇ ਰਹੀ ਹੈ ਉੱਥੇ ਉਹ ਆਪਣੀ ਉਮਰ ਨਾਲੋਂ ਕਿਤੇ ਸਮਝਦਾਰ ਦਿਖਾਈ ਦੇ ਰਿਹਾ ਹੈ।
ਹੁਣ ਗੱਲ ਕਰਦੇ ਹਾਂ ਇਸ ਕਰੂੰਬਲ ਦੇ ਦਰਖ਼ਤ ਬਣਨ ਦੇ ਸਫ਼ਰ 'ਚ ਆਉਣ ਵਾਲੇ ਤੁਫ਼ਾਨਾਂ ਦੀ। ਕਈ ਪੱਖ ਵਿਚਾਰਨਯੋਗ ਹਨ। ਸਫਲਤਾ ਦਾ ਨਸ਼ਾ, ਚੱਕਾ ਚੌਂਧ ਦੀ ਜ਼ਿੰਦਗੀ, ਮਾਇਆ ਦਾ ਜਾਲ, ਵਾਹ ਜੀ ਵਾਹ ਸੁਣਨ ਦੀ ਆਦਤ, ਮੌਕਾਪ੍ਰਸਤ ਲੋਕ ਅਤੇ ਸਲਾਹਕਾਰ ਆਦਿ।
ਇਹਨਾਂ ਗੱਲਾਂ ਤੋਂ ਬਚਨ ਦੇ ਨੁਕਤੇ ਸਾਡੀਆਂ ਪ੍ਰਚਲਿਤ ਕਹਾਵਤਾਂ 'ਚੋਂ ਬੜੇ ਸੁਖਾਲੇ ਲੱਭੇ ਜਾ ਸਕਦੇ ਹਨ। ਜਿਹੜੀ ਗ਼ਰੀਬੀ ਉਸ ਲਈ ਪੱਥਰ ਪਾੜਨ ਦੀ ਪ੍ਰੇਰਨਾ ਬਣੀ ਹੁਣ ਅਚਾਨਕ ਜਦੋਂ ਅਮੀਰੀ ਵਿਚ ਤਬਦੀਲ ਹੋਵੇਗੀ ਤਾਂ ਬੱਸ ਉਹੀ ਖ਼ਤਰਾ ਸਿਰ ਤੇ ਮੰਡਰਾਉਣਾ ਜੋ ਇਕ ਬੱਚੇ ਨੂੰ ਗਰਮ-ਸਰਦ ਹੋਣ ਦਾ ਹੁੰਦਾ ਹੈ। ਭਰ ਜੋਬਨ ਗਰਮੀ 'ਚ ਜੂਝਦੇ ਨੂੰ ਬਰਫ਼ ਵਾਲੇ ਠੰਢੇ ਪਾਣੀ ਨਾਲ ਇਕ ਬਾਰ ਰਾਹਤ ਤਾਂ ਜ਼ਰੂਰ ਮਿਲਦੀ ਹੈ ਪਰ ਸਰੀਰ ਦੇ ਗਰਮ-ਸਰਦ ਹੋਣ ਦਾ ਖ਼ਤਰਾ ਵੀ ਬਹੁਤ ਹੁੰਦਾ ਹੈ। ਯਾਰੀ ਤੇ ਸਰਦਾਰੀ ਕਿਸੇ-ਕਿਸੇ ਨੂੰ ਰਾਸ ਆਉਂਦੀ ਹੈ। ਕਹਿੰਦੇ ਹਨ ਕਿ ਜਦੋਂ ਸਫਲਤਾ ਸਿਰ ਚੜ੍ਹ ਬੋਲਦੀ ਹੈ ਤਾਂ ਬੰਦਾ ਆਰਾਮ-ਪ੍ਰਸਤ ਹੋ ਹੀ ਜਾਂਦਾ। ਪਰ ਯਾਦ ਰੱਖਣ ਵਾਲੀ ਇਕ ਰੂਸੀ ਕਹਾਵਤ ਹੈ ਕਿ "ਸਫਲਤਾ ਅਤੇ ਆਰਾਮ ਕਦੇ ਇਕੱਠੇ ਨਹੀਂ ਸੌਂਦੇ।"
ਜਿਵੇਂ ਮਾੜੇ ਦੀ ਜ਼ਨਾਨੀ ਹਰ ਇਕ ਦੀ ਭਾਬੀ ਹੁੰਦੀ ਹੈ ਓਵੇਂ ਤਕੜੇ ਨੂੰ ਵੀ ਹਰ ਕੋਈ ਆਪਣਾ ਰਿਸ਼ਤੇਦਾਰ ਕਹਿਣ ਲੱਗ ਜਾਂਦਾ ਹੈ। ਅੱਜ ਸੰਨੀ ਨਾਲ ਆਪਣੀਆਂ ਫ਼ੋਟੋਆਂ ਵਾਲੇ ਹੋਰਡਿੰਗ ਲਾਉਣ ਵਾਲਿਆਂ 'ਚੋਂ ਕਈਆਂ ਨੇ ਸੰਨੀ ਨੂੰ ਉਸ ਦੇ ਸੰਘਰਸ਼ ਦੇ ਵਕਤ 'ਚ ਆਪਣੇ ਥੜ੍ਹੇ ਨਹੀਂ ਚੜਣ ਦਿੱਤਾ ਹੋਣਾ। ਹੁਣ ਕਈ ਉਸ ਨਾਲ ਅਗਾਊਂ ਇਕਰਾਰਨਾਮੇ ਲਿਖਾਈ ਫਿਰਦੇ ਹੋਣਗੇ।
ਮੁੱਕਦੀ ਗੱਲ ਇਸ ਤੋਂ ਅੱਗੇ ਦਾ ਸਫ਼ਰ ਸੰਨੀ ਲਈ ਹੋਰ ਚੁਣੌਤੀਆਂ ਭਰਿਆ ਹੋਵੇਗਾ। ਅਸਲੀ ਪਰਖ ਹੁਣ ਹੋਵੇਗੀ। ਸੰਨੀ ਨੂੰ ਇਕ ਗੱਲ ਆਪਣੇ ਧਿਆਨ 'ਚ ਜ਼ਰੂਰ ਰੱਖਣੀ ਚਾਹੀਦੀ ਹੈ ਕਿ ਉਸ ਤੋਂ ਪਹਿਲਾਂ ਵੀ 'ਦਸ' ਹੋਰ ਜਣੇ ਇਹ ਖ਼ਿਤਾਬ ਜਿੱਤ ਚੁੱਕੇ ਹਨ। ਪਰ ਕੁਝ ਕੁ ਦਿਨਾਂ ਦੀ ਚਕਾਚੌਂਧ ਤੋਂ ਬਾਅਦ ਕੁਝ ਜ਼ਿਆਦਾ ਨਹੀਂ ਸੁਣਿਆ ਉਨ੍ਹਾਂ ਬਾਰੇ। ਨੇੜੇ ਤੋਂ ਜਾਨੋਂ ਉਨ੍ਹਾਂ ਬਾਰੇ ਕਿ ਕੀ-ਕੀ ਗ਼ਲਤੀਆਂ ਕੀਤੀਆਂ ਉਨ੍ਹਾਂ ਨੇ ਤੇ ਬਚੋ ਜਿਨ੍ਹਾਂ ਬਚ ਸਕਦੇ ਹੋ।
ਆਖ਼ਿਰ 'ਚ ਇਹੀ ਕਹਾਂਗਾ ਕਿ ਸੰਨੀ ਦੀ ਇਹ ਸਫਲਤਾ ਬਹੁਤ ਸਾਰੇ ਨੌਜਵਾਨਾਂ ਲਈ ਜਿੱਥੇ ਪ੍ਰੇਰਨਾ ਸਰੋਤ ਬਣੇਗੀ, ਓਥੇ ਅਮੀਰੀ ਦੇ ਨਸ਼ੇ 'ਚ ਚੂਰ ਅਮੀਰਾਂ ਨੂੰ ਗ਼ੁਰਬਤ 'ਚ ਰਹਿਣ ਵਾਲੇ ਲੋਕਾਂ ਪ੍ਰਤੀ ਆਪਣਾ ਨਜ਼ਰੀਆ ਬਦਲਣ 'ਚ ਵੀ ਸਹਾਈ ਹੋਵੇਗੀ।
ਪਰ ਇੱਥੇ ਮੈਂ ਨੌਜਵਾਨਾਂ ਨੂੰ ਇਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਸੰਨੀ ਭਾਵੇਂ ਇਕ ਗਾਇਕ ਦੇ ਤੌਰ ਤੇ ਕਾਮਯਾਬ ਹੋਇਆ ਹੈ ਕਿਓਂਕਿ ਉਸ ਕੋਲ ਇਕ ਚੰਗਾ ਗਲ਼ਾ ਤੇ ਜਮਾਂਦਰੂ ਦਾਤ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਰੇ ਗਾਉਣ ਦੀ ਕੋਸ਼ਿਸ਼ 'ਚ ਲੱਗ ਜਾਓ ਉਹ ਤਾਂ ਪਹਿਲਾਂ ਹੀ ਇਕ-ਇੱਕ ਇੱਟ ਤੇ ਅਣਗਿਣਤ ਗਾਇਕ ਬੈਠੇ ਹਨ। ਅਕਾਲ ਪੁਰਖ ਨੇ ਹਰ ਇਕ ਨੂੰ ਕੁਝ ਖ਼ਾਸ ਦਿੱਤਾ ਹੈ, ਬੱਸ ਲੋੜ ਹੈ ਆਪਣੀ ਕਾਬਲੀਅਤ ਪਛਾਣਨ ਦੀ, ਉਸ ਨੂੰ ਆਪਣਾ ਸ਼ੌਕ ਬਣਾਉਣ ਦੀ ਅਤੇ ਉਸ ਸ਼ੌਕ ਨੂੰ ਜਨੂਨ 'ਚ ਬਦਲ ਕੇ ਆਪਣੇ ਸੁਪਨੇ ਪੂਰੇ ਕਰਨ ਦੀ।
ਸੰਨੀ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਉਸ ਨੂੰ ਤੇ ਉਸ ਦੇ ਪਰਵਾਰ ਨੂੰ ਢੇਰ ਸਾਰੀ ਵਧਾਈ ਦਿੰਦਾ ਹਾਂ।
ਮਿੰਟੂ ਬਰਾੜ ਆਸਟ੍ਰੇਲੀਆ
+ 61 434 289 905
-
ਮਿੰਟੂ ਬਰਾੜ, ਲੇਖਕ
mintubrar@gmail.com
+ 61 434 289 905
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.