ਬੁਲ੍ਹਿਆ ਚਾਦਰ ਮੈਲੀ ਸਾਬਣ ਥੋੜਾ ਬੈਠ ਕਿਨਾਰੇ ਧੋਵਾਂਗੇ।
ਦਾਗ ਨਹੀਂ ਛੁਟਣੇ ਪਾਪਾਂ ਵਾਲੇ, ਧੋਵਾਂਗੇ ਫਿਰ ਰੋਵਾਂਗੇ।
ਖ਼ਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਦੋ ਫਰਵਰੀ ਨੂੰ ਸੰਗਰੂਰ 'ਚ ਕੀਤੀ ਰੈਲੀ ਦੇ ਜਵਾਬ 'ਚ ਉਸੇ ਜਗ੍ਹਾ ਤੇ ਅੱਜ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਸਮਰਥਕਾਂ ਨੇ ਵੱਡੀ ਰੈਲੀ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਪ੍ਰਧਾਨਗੀ ਤੋਂ ਲਾਹੁਣ ਦਾ ਮਤਾ ਪਾਸ ਕੀਤਾ। ਇਸ ਸਮੇਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਰੈਲੀ ਬਾਦਲ ਪਰਿਵਾਰ ਦੇ ਹੰਕਾਰ ਨੂੰ ਤੋੜਨ ਦਾ ਇੱਕ ਸਾਰਥਿਕ ਯਤਨ ਹੈ। ਇਸ ਰੈਲੀ ਵਿੱਚ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਾਉਣ ਦਾ ਅਹਿਦ ਲਿਆ ਗਿਆ। ਅਕਾਲ ਤਖਤ ਸਾਹਿਬ ਵਲੋਂ ਡੇਰਾ ਸਿਰਸਾ ਮੁੱਖੀ ਨੂੰ ਮੁਆਫੀਨਾਮਾ ਦੇਣਾ ਬਾਦਲਾਂ ਦਾ ਘਿਨੋਣਾ ਕੰਮ ਸੀ। ਨੇਤਾਵਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਾਦਲਾਂ ਦੇ ਥੈਲੇ 'ਚੋਂ ਨਿਕਲਦਾ ਹੈ, ਜੋ ਸਿੱਖੀ ਪਰੰਪਰਾਵਾਂ ਦੇ ਉਲਟ ਹੈ।
ਬਹੁਤ ਸਾਲ ਬਾਦਲਾਂ ਪੰਜਾਬ ਉਤੇ ਰਾਜ ਕੀਤਾ। ਬਹੁਤ ਸਾਲ ਬਾਦਲਾਂ ਚੰਮ ਦੀਆਂ ਚਲਾਈਆਂ। ਬਹੁਤ ਸਾਲ ਬਾਦਲਾਂ ਜੋ ਮਨ ਆਇਆ ਸੋ ਕੀਤਾ। ਬਹੁਤ ਸਾਲ ਬਾਦਲਾਂ ਲੋਕਾਂ, ਪੰਥ ਅਤੇ ਅਕਾਲੀ ਦਲ ਨੂੰ ਗੁੰਮਰਾਹ ਕੀਤਾ। ਬਹੁਤ ਸਾਲ ਬਾਦਲਾਂ ਜੀਹਨੂੰ ਚਾਹਿਆ ਪੰਥ 'ਚ ਰੱਖਿਆ, ਜਿਸ ਅੱਖਾਂ ਦਿਖਾਈਆਂ ਬਾਹਰ ਦਾ ਰਸਤਾ ਦਿਖਾਇਆ। ਅੱਜ ਲੋਕਾਂ ਸੁਖਬੀਰ ਨੂੰ ਪੜ੍ਹਨੇ ਪਾਇਆ ਹੈ । ਹੈ ਕਿ ਨਹੀਂ?
ਬਾਦਲਾਂ ਪੰਜਾਬ ਲੁੱਟਿਆ, ਆਪਣਾ ਵਪਾਰ ਚਲਾਇਆ। ਮਾਫੀਏ ਨੂੰ ਗਲ ਲਾਇਆ ਅਤੇ ਜੱਥੇਦਾਰਾਂ ਨੂੰ ਘਰ ਦਾ ਰਸਤਾ ਦਿਖਾਇਆ। ਵੇਖੋ ਨਾ ਜੀ ਜੀਹਨੂੰ ਮਰਜ਼ੀ, ਜਦੋਂ ਮਰਜ਼ੀ ਸ਼੍ਰੋਮਣੀ ਕਮੇਟੀ ਦਾ ਪਰਧਾਨ ਬਣਾਇਆ, ਤੇ ਜੀਹਨੂੰ ਮਰਜ਼ੀ ਪੰਥ 'ਚੋਂ ਛੇਕ ਕੇ ਆਪਣਾ ਡੰਕਾ ਵਜਾਇਆ। ਵੋਟਾਂ ਦੀ ਖਾਤਰ ਪੰਥ ਵਿਰੋਧੀ ਰਾਮ ਰਹੀਮ ਸਿੰਘ ਨੂੰ ਗਲੇ ਲਗਾਉਣ ਤੋਂ ਰਤਾ ਵੀ ਕੰਨੀ ਨਾ ਕਤਰਾਈ। ਪਰ ਲੋਕਾਂ ਦੇ ਰੋਸ ਅੱਗੇ, ਇਹ ਰਾਸ ਨਾ ਆਈ। ਭਾਈ ਪਾਪ ਵੱਡੇ ਨੇ, ਦਾਗ ਵੱਡੇ ਨੇ, ਕਦੋਂ ਛੁਟਣਗੇ? ਤਦੇ ਢੀਂਡਸਾ, ਟਕਸਾਲੀ ਆਂਹਦੇ ਆ ਸ਼ਰੇਆਮ, "ਬੁਲਿਆ ਚਾਦਰ ਮੈਲੀ ਸਾਬਣ ਥੋੜਾ ਬੈਠ ਕਿਨਾਰੇ ਧੋਵਾਂਗੇ। ਦਾਗ ਨਹੀਂ ਛੁਟਣੇ ਪਾਪਾਂ ਵਾਲੇ ਧੋਵਾਂਗੇ ਫਿਰ ਰੋਵਾਂਗੇ"।
ਅਕਲਮੰਦ ਉਹਨੂੰ 'ਕਵੀਆ' ਆਖਦੇ ਨੇ,
ਅੱਗੇ ਹੋ, ਜੋ ਸਮਾਂ ਸੰਭਾਲਦਾ ਏ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਯੋਧਿਆ ਜਿਹੇ ਸੰਵੇਦਨਸ਼ੀਲ ਮਾਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ ਸਮੇਂ 'ਚ ਨਿਆਪਾਲਿਕਾ ਦੇ ਫੈਸਲਿਆਂ ਨੂੰ 130 ਕਰੋੜ ਭਾਰਤਵਾਸੀਆਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ। ਉਹਨਾ ਨੇ ਕਿਹਾ ਕਿ ਸਮਾਜਿਕ, ਆਰਥਿਕ ਅਤੇ ਤਕਨੀਕੀ ਹਰ ਮੋਰਚੇ 'ਤੇ ਤਬਦੀਲੀਆਂ ਹੋਣਗੀਆਂ। ਮਹਾਤਮਾ ਗਾਂਧੀ ਦੇ 150 ਸਾਲਾ ਸਮਾਗਮ ਮੌਕੇ ਤੇ ਹੋ ਰਹੇ ਸਮਾਗਮ ਸਮੇਂ ਉਹਨਾ ਕਿਹਾ ਕਿ ਬਾਪੂ ਦਾ ਜੀਵਨ ਸੱਵਛ ਅਤੇ ਸੇਵਾ ਨੂੰ ਸਮਰਪਿਤ ਸੀ, ਜੋ ਕਿਸੇ ਵੀ ਨਿਆਤੰਤਰ ਦੀ ਨੀਂਹ ਹੈ।
ਪ੍ਰਤਿਭਾਸ਼ਾਲੀ ਹੈ ਸਾਡੇ ਦੇਸ਼ ਦਾ ਪੀਐਮ, ਜਿਹੜਾ ਸਵੇਰੇ ਸ਼ਾਮ ਘਰਾਂ ਦੀਆਂ ਰਸੋਈਆਂ 'ਚ, ਸੜਕਾਂ 'ਤੇ, ਆਪਣੀ ਮਨ ਦੀ ਅਵਾਜ਼ 'ਚ ਗੂੰਜਦਾ ਹੈ। ਪ੍ਰਤਿਭਾਸ਼ਾਲੀ ਹੈ ਸਾਡੇ ਦੇਸ਼ ਦਾ ਪੀਐਮ ਜਿਹੜਾ ਵਿਦੇਸ਼ਾਂ ਦੇ ਰਗੇੜੇ ਕੱਗ ਦੇਸ਼ ਨੂੰ ਕਰਜ਼ਾਈ ਬਨਾਉਣ ਦਾ ਮਾਹਰ ਹੈ। ਪ੍ਰਤਿਭਾਸ਼ਾਲੀ ਹੈ ਸਾਡੇ ਦੇਸ਼ ਦਾ ਪੀਐਮ ਜਿਹੜਾ ਨਿੱਤ ਨਵੀਂ ਡਰੈਸ ਪਾਕੇ, ਲੰਮਾ ਚੌੜਾ ਭਾਸ਼ਨ ਦੇ ਕੇ, ਭੁੱਖੇ ਢਿੱਡਾਂ ਨੂੰ ਗੱਲਾਂ ਨਾਲ ਭਰਨ ਦਾ ਮਾਹਰ ਹੈ। ਪ੍ਰਤਿਭਾਸ਼ਾਲੀ ਹੈ ਸਾਡੇ ਦੇਸ਼ ਦਾ ਪੀਐਮ ਜਿਹੜਾ ਇਕੋ ਵੇਲੇ ਟਰੰਪ ਨੂੰ ਅਤੇ ਚੀਨੀ ਰਾਸ਼ਟਰਪਤੀ ਨੂੰ ਜੱਫੀਆਂ ਪਾਉਂਦਾ ਹੈ। ਪ੍ਰਤਿਭਾਸ਼ਾਲੀ ਹੈ ਸਾਡੇ ਦੇਸ਼ ਦਾ ਪੀਐਮ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਨੂੰ ਉਹਦੀਆਂ ਚੋਣਾਂ 'ਚ ਜਿੱਤਣ ਦੇ ਗੁਰ ਸਿਖਾਉਂਦਾ ਹੈ। ਪ੍ਰਤਿਭਾਸ਼ਾਲੀ ਹੈ ਸਾਡੇ ਦੇਸ਼ ਦਾ ਪੀਐਮ, ਜਿਹੜਾ ਗਾਂਧੀ, ਪਟੇਲ ਦੇ ਆਦਰਸ਼ਾਂ ਦੇ ਉਲਟ ਹੁੰਦਾ ਹੋਇਆ ਵੀ, ਉਹਨਾ ਦਾ ਨਾ ਵਰਤਕੇ ਆਪਣੀ ਗੱਦੀ ਪੱਕੀ ਕਰਦਾ ਹੈ। ਪ੍ਰਤਿਭਾਸ਼ਾਲੀ ਹੈ ਸਾਡੇ ਦੇਸ਼ ਦਾ ਪੀਐਮ ਜਿਹੜਾ ਸੀਬੀਆਈ, ਆਈਬੀ, ਟੀਵੀ, ਰੇਡੀਓ, ਚੋਣ ਕਮਿਸ਼ਨ, ਇਥੋਂ ਤੱਕ ਕਿ ਨਿਆਪਾਲਿਕਾ ਨੂੰ ਵੀ ਆਪਣੇ ਪਿੰਜਰੇ 'ਚ ਬੰਦ ਕਰਨ ਦੀ ਮੁਹਾਰਤ ਰੱਖਦਾ ਹੈ। ਪ੍ਰਤਿਭਾਸ਼ਾਲੀ ਹੀ ਤਾਂ ਹੈ ਸਾਡੇ ਦੇਸ਼ ਦਾ ਪੀਐਮ ਜਿਹਨੂੰ ਸੁਪਰੀਮ ਕੋਰਟ ਦਾ ਇੱਕ ਜੱਜ ਦੂਰਦਰਸ਼ੀ ਅਤੇ ਪ੍ਰਤਿਭਾਸ਼ਾਲੀ ਗਰਦਾਨਦਾ ਹੈ। ਸਮੇਂ ਦਾ ਗੇੜ ਆ, ਜਿਸ ਸਾਡੇ ਵਿਚਾਰੇ ਗੁਜਰਾਤ ਦੇ ਸੀਐਮ ਮੋਦੀ ਨੂੰ ਅਮਰੀਕਾ ਆਪਣੇ ਦੇਸ਼ ਵੜਨ ਨਹੀਂ ਸੀ ਦਿੰਦਾ, ਉਸੇ ਮੋਦੀ ਦੀ ਪ੍ਰਤਿਭਾ ਦੇਖੋ, ਪੈਸੇ ਦਾ ਖਲਾਰਾ ਦੇਖੋ, ਟਰੰਪ ਹੱਥ ਬੰਨ ਉਹਦੇ ਦਰਬਾਰ 'ਚ ਖੜਾ ਆ। ਤਾਂ ਹੀ ਤਾਂ ਕਹਿੰਦੇ ਨੇ, "ਅਕਲ ਮੰਦ ਉਹਨੂੰ 'ਕਵੀਆ' ਆਖਦੇ ਨੇ, ਅੱਗੇ ਹੋ, ਜੋ ਸਮਾਂ ਸੰਭਾਲਦਾ ਏ"।
ਕਸਮੇਂ ਖਾਹ ਜਾਂ ਰਿਸ਼ਵਤ ਖਾਹ ਤੂੰ,
ਖਾਤਾ ਚਲ, ਬੱਸ ਖਾਤਾ ਚਲ।
ਖ਼ਬਰ ਹੈ ਕਿ ਪੁਲਿਸ ਮੁੱਖੀ ਦਿਨਕਰ ਗੁਪਤਾ ਅਤੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਬਰਖ਼ਾਸਤ ਕਰਨ ਦੀ ਮੰਗ ਨੂੰ ਲੈਕੇ ਸਮੁੱਚੀ ਵਿਰੋਧੀ ਧਿਰ ਨੇ ਵਿਧਾਨ ਸਭਾ ਵਿੱਚ ਜਬਰਦਸਤ ਹੰਗਾਮਾ ਕੀਤਾ। ਸਦਨ ਵਿੱਚ ਕਈ ਵਾਰ ਅਜਿਹੇ ਹਾਲਾਤ ਪੈਦਾ ਹੋ ਗਏ ਕਿ ਸੱਤਾ ਧਿਰ ਤੇ ਵਿਰੋਧੀ ਧਿਰ ਆਪਸ ਵਿੱਚ ਮਿਹਣੋ-ਮਿਹਣੀ ਕਰਦੀ ਉਲਝ ਗਏ। ਇਸ ਹੰਗਾਮੇ ਕਾਰਨ ਪ੍ਰਸ਼ਨ ਕਾਲ, ਸਿਫ਼ਰ ਕਾਲ ਅਤੇ ਧਿਆਨ ਦਿਵਾਉ ਨੋਟਿਸ ਹੰਗਾਮੇ ਦੀ ਭੇਟ ਚੜ੍ਹ ਗਿਆ। ਅਕਾਲੀ ਵਿਧਾਇਕਾਂ ਦੇ ਸਖ਼ਤ ਰਵੱਈਏ ਤੋਂ ਗੁੱਸੇ ਹੋਏ ਸਪੀਕਰ ਨੇ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਨੇਮ ਕਰ ਦਿੱਤਾ ਪਰ ਮਾਰਸ਼ਲ ਨੇਮ ਕੀਤੇ ਵਿਧਾਇਕਾਂ ਨੂੰ ਸਦਨ ਵਿਚੋਂ ਬਾਹਰ ਨਹੀਂ ਕੱਢ ਸਕੇ।
ਅੱਜ ਕੱਲ ਸਿਆਸਤ ਬਸ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਤੇ ਅਗਲੀਆਂ ਚੋਣਾਂ ਦੀ ਤਿਆਰੀ ਹੀ ਰਹਿ ਗਈ ਹੈ। ਸਵਾਰਥਾਂ ਦੇ ਰਾਜਪੱਥ ਉਤੇ ਸਿਆਸੀ ਲੋਕ ਸਰਪੱਟ ਦੌੜਦੇ ਹਨ ਅਤੇ ਆਪੋ-ਆਪਣੀ ਅਹਿਮ ਦੀਆਂ ਦੀਵਾਰਾਂ ਨਾਲ ਟੱਕਰਾਂ ਮਾਰਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਂਦੇ ਹਨ ਜਾਂ ਫਿਰ ਕਸਮਾਂ ਖਾਂਦੇ ਹਨ ਨਸ਼ਾ ਬੰਦ ਕਰਨ ਦੀਆਂ। ਜਾਂ ਫਿਰ ਮਾਫੀਏ ਨਾਲ ਰਲਕੇ ਰਿਸ਼ਵਤ ਖਾਂਦੇ ਹਨ। ਪਰ ਭਾਈ ਹਵਾ 'ਚ ਟੱਕਰਾਂ ਮਾਰਦੇ ਇਹਨਾ ਭਲੇਮਾਣਸਾਂ ਨੂੰ ਕੋਈ ਪੁੱਛੇ ਕਿ ਲੋਕ ਵਸਦੇ ਨੇ, ਤੁਹਾਡੇ ਰਾਜ-ਭਾਗ 'ਚ, ਜਿਹਨਾ ਤੁਹਾਨੂੰ ਇਸ ਕਰਕੇ ਚੁਣਿਆ ਕਿ ਤੁਸੀਂ ਉਹਨਾ ਦੀਆਂ ਸਮੱਸਿਆਵਾਂ ਹਲ ਕਰੋਗੇ। ਹਾਥੀ ਜੀਉਂਦਾ ਸੌ ਦਾ ਤੇ ਮਰਿਆ ਸਵਾ ਸੌ ਦਾ। ਤੁਸੀਂ ਪੰਜ ਸਾਲ ਤਨਖਾਹਾਂ, ਭੱਤੇ ਲੈਂਦੇ ਹੋ, ਵਿਧਾਨ ਸਭਾ ਦੀਆਂ ਮੇਜਾਂ ਥਪਥਪਾਉਂਦੇ ਹੋ ਜਾਂ ਫਿਰ ਆਪੋ 'ਚ ਡਾਗੋਂ ਸੋਟੀ ਹੁੰਦੇ ਹੋ ਤੇ ਵਿਧਾਇਕੀ ਤੋਂ ਰਿਟਾਇਰ ਹੋ ਕੇ ਪੈਨਸ਼ਨਾਂ ਨਾਲ ਢਿੱਡ ਭਰੀ ਜਾਂਦੇ ਹੋ। ਜਿੰਨੀ ਵੇਰ ਵਿਧਾਇਕ ਉਨੀ ਵੇਰ ਪੈਨਸ਼ਨ। ਭਾਈ ਸਿਆਸਤਦਾਨਾਂ ਦਾ ਕਿੱਤਾ ਹੁਣ ਲੋਕ ਸੇਵਾ ਨਹੀਂ, ਬੱਸ "ਕਸਮੇਂ ਖਾਹ ਜਾਂ ਰਿਸ਼ਵਤ ਖਾਹ ਤੂੰ, ਖਾਤਾ ਚਲ, ਬੱਸ ਖਾਤਾ ਚੱਲ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
1947 ਵਿੱਚ ਸਾਡੇ ਦੇਸ਼ ਦੀ ਆਬਾਦੀ 35 ਕਰੋੜ ਸੀ ਅਤੇ ਇਹਨਾ ਇਨਸਾਨਾਂ ਲਈ ਦਵਾਈਆਂ ਦੀ ਖਪਤ 12 ਕਰੋੜ ਰੁਪਏ ਸੀ। ਸਾਲ 2009 'ਚ ਆਬਾਦੀ ਵਧਕੇ 105 ਕਰੋੜ ਹੋ ਗਈ ਭਾਵ ਤਿੰਨ ਗੁਣਾ ਪਰ ਦੁਆਈਆਂ ਦੀ ਖਪਤ 1000 ਗੁਣਾ ਵੱਧ ਗਈ ਅਤੇ ਇਹ ਖ਼ਰਚ ਵਧਕੇ 13 ਹਜ਼ਾਰ ਕਰੋੜ ਹੋ ਗਿਆ।
ਇੱਕ ਵਿਚਾਰ
ਪੈਸਿਆਂ ਨਾਲ ਕਾਮਯਾਬੀ ਨਹੀਂ ਮਿਲਦੀ। ਪੈਸੇ ਕਮਾਉਣ ਦੀ ਆਜ਼ਾਦੀ ਨਾਲ ਕਾਮਯਾਬੀ ਮਿਲਦੀ ਹੈ।
............ਨੈਲਸਨ ਮੰਡੇਲਾ
-ਗੁਰਮੀਤ ਸਿੰਘ ਪਲਾਹੀ
-9815802070
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.