ਅਜੋਕੇ ਦੌਰ 'ਚ ਪੰਜਾਬ ਦਾ ਸਾਰਾ ਤਾਣਾ-ਵਾਣਾ ਬਦਲ ਚੁੱਕਿਆ ਹੈ, ਭਾਵੇਂ ਉਹ ਚਾਹੇ ਸਮਾਜਿਕ ਪੱਖੋਂ, ਆਰਥਿਕ ਪੱਖੋਂ ਤੇ ਸੱਭਿਆਚਾਰਕ ਪੱਖੋਂ ਹੋਵੇ। ਮੇਰੀ ਜਾਚੇ ਸਭ ਤੋਂ ਵੱਡੀ ਤਬਦੀਲੀ ਜਿਹੜੀ ਵਾਚਣਯੋਗ ਹੈ, ਉਹ ਪੰਜਾਬੀਆਂ ਦੇ ਵਿਆਹ ਜ਼ਲਸਿਆ 'ਚ ਆਈ ਹੈ।
ਪਹਿਲਾਂ ਸਾਨੂੰ ਪੁਰਾਣੇ ਸਮਿਆਂ 'ਚ ਹੁੰਦੇ ਵਿਆਹਾਂ 'ਤੇ ਇਕ ਝਾਤੀ ਜ਼ਰੂਰ ਮਾਰਨੀ ਚਾਹੀਦੀ ਹੈ ਕਿ ਪੁਰਾਣੇ ਵੇਲਿਆ 'ਚ ਲੋਕਾਂ ਨੂੰ ਵਿਆਹ ਸਮਾਗਮਾਂ 'ਤੇ ਜਾਣ ਦਾ ਬੜਾ ਚਾਅ ਹੁੰਦਾ ਸੀ, ਸਾਇਦ ਅੱਜ ਵੀ ਜਦੋਂ ਆਪਾਂ ਕਿਸੇ ਸਮਾਗਮ ਜਾਂ ਹੋਰ ਥਾਂ ਜਾਣ ਲਈ ਵੱਧ ਉਤਸੁਕ ਹੁੰਦੇ ਆ, ਤਾਂ ਸਿਆਣੇ ਬੰਦੇ ਦੇ ਮੂੰਹੋਂ 'ਵਿਆਹ ਵਰਗਾ ਚਾਅ ਚੜ੍ਹਿਆ' ਲਫ਼ਜ਼ ਨਿਕਲਦਾ ਹੈ, ਜੋ ਕਿ ਸਾਇਦ ਉਸ ਸਮੇਂ ਦੇ ਹੁੰਦੇ ਵਿਆਹਾਂ 'ਚ ਸ਼ਾਮਿਲ ਹੋਣ ਦੇ ਚਾਅ ਤੋਂ ਹੀ ਬਣਿਆ ਹੋਇਆ ਜਾਪਦਾ ਹੈ।
ਅੱਜ ਤੋਂ ਸਾਢੇ ਤਿੰਨ ਦਹਾਕੇ ਪਹਿਲਾਂ ਕੋਈ ਸਮਾਂ ਸੀ, ਕਿ ਪੰਜਾਬੀਆਂ ਦੇ ਵਿਆਹਾਂ 'ਚ ਬਹੁਤ ਹੀ ਸਾਦਾ ਖਾਣ-ਪੀਣ ਹੁੰਦਾ ਸੀ, ਜਿਵੇਂ ਲੱਡੂ, ਜਲੇਬੀ, ਗ਼ਜਰੇਲੇ ਤੇ ਖੋਏ ਦੀਆਂ ਬਰਫੀਆਂ, ਅੰਮ੍ਰਤੀਆਂ, ਪੇਠੇ ਦੀ ਮਿਠਾਈ ਅਤੇ ਖੋਏ ਦੇ ਪੇੜੇ ਸਭ ਤੋਂ ਵੱਡੀ ਗੱਲ ਸੀ, ਜਿਹਨੂੰ ਸੱਤ ਪਕਵਾਨੀ ਆਖਿਆ ਜਾਦਾਂ ਸੀ। ਉਸ ਵੇਲੇ ਲੋਕ ਰੱਜ-ਰੱਜ ਮਿਠਾਈ ਖਾਂਦੇ ਸਨ, ਕਿਉਂਕਿ ਨਾ ਉਸ ਵੇਲੇ ਕਿਸੇ ਪੰਜਾਬੀ ਨੂੰ ਸ਼ੁੱਗਰ ਨੇ ਜੱਫਾ ਮਾਰਿਆ ਸੀ ਅਤੇ ਨਾ ਕਿਸੇ ਨੂੰ ਬੀ. ਪੀ. ਦੇ ਵੱਧ-ਘੱਟ ਹੋਣ ਦਾ ਕੋਈ ਭੈਅ ਸੀ। ਵਿਆਹ 'ਚ ਦਹੇਜ਼ ਵੱਜੋ ਸਾਈਕਲ ਮਿਲਣਾ ਇਕ ਵੱਡੀ ਮਸ਼ੀਨਰੀ ਮੰਨਿਆ ਜਾਦਾਂ ਸੀ ਅਤੇ ਵਿਆਹ ਵਾਲੇ ਮੁੰਡੇ ਲਈ ਇਕ 'ਸੋਨੇ ਦੀ ਅੰਗੂਠੀ' ਤੇ ਗੁੱਟ ਦੀ 'ਘੜੀ' ਵੱਡੇ ਗਹਿਣੇ ਸਨ। ਉਦੋਂ ਵਿਆਹਾਂ 'ਚ ਮੰਜੇ ਜੋੜ ਕੇ ਸਪੀਕਰ ਲਾਇਆ ਜਾਦਾਂ ਸੀ, ਜਿਸ 'ਚ ਤਵਾ ਰਿਕਾਰਡ ਰਾਹੀਂ ਗੀਤ ਚੱਲਦੇ ਸੀ। ਪਰ ਗੀਤਾਂ ਨੂੰ ਬਜ਼ੁਰਗ ਤੇ ਨੌਜਵਾਨ ਇਕੱਠੇ ਵਹਿ ਕੇ ਕਦੇ ਨਹੀਂ ਸਨ ਸੁਣਦੇ, ਹਾਲਾਂਕਿ ਉਦੋਂ ਵਿਆਹਾਂ 'ਚ ਅੱਜ ਵਰਗੇ ਅਸ਼ਲੀਲ ਗਾਣੇ ਨਹੀਂ ਸੀ ਚੱਲਦੇ। ਉਸ ਵੇਲੇ ਦੇ ਵਿਆਹਾਂ ਦਾ ਇਹ ਸਾਰਾ ਹਾਲ ਮੈਂ ਪੰਜਾਹ ਵਰਿਆਂ ਦੇ ਬੰਦਿਆਂ ਤੋਂ ਸੁਣਿਆ ਹੈ। ਇਹੋ ਜਿਹੇ ਵਿਆਹ ਕਿਸਾਨੀ ਧੰਦੇ ਨਾਲ ਜੁੜੇ ਤਕਰੀਬਨ ਸਾਰੇ ਲੋਕ ਕਰਦੇ ਸਨ। ਪਰ ਪਿਛਲੇ ਇਕ ਦਹਾਕੇ ਤੋਂ ਸ਼ਹਿਰਾਂ ਦੇ ਨੇੜਲੇ ਪਿੰਡਾਂ 'ਚ ਮਹਿੰਗੀਆਂ ਵਿੱਕੀਆਂ ਜ਼ਮੀਨਾਂ ਨੇ ਪੰਜਾਬ 'ਚ ਵਿਆਹਾਂ ਦੇ ਰੰਗ ਹੀ ਬਦਲ ਦਿੱਤੇ ਅਤੇ ਹੁਣ ਇਸ ਰੰਗ ਨੇ ਪੰਜਾਬ ਦੀ ਸਾਰੀ ਕਿਸਾਨੀ ਨੂੰ ਆਪਣੇ ਕਲਾਵੇ 'ਚ ਲੈ ਲਿਆ ਹੈ।
ਅੱਜ-ਕੱਲ ਜੇਕਰ ਝਾਤ ਮਾਰੀਏ , ਤਾਂ ਵਿਆਹ 'ਚ ਜਾਣ ਨੂੰ ਬੰਦੇ ਸਿਆਪਾ ਕਹਿੰਦੇ ਸੁਣੇ ਜਾ ਸਕਦੇ ਨੇ। ਅਜੋਕੇ ਵਿਆਹ ਵੱਡੇ-ਵੱਡੇ ਪੈਲੇਸਾਂ 'ਚ ਹੁੰਦੇ ਨੇ, ਜੇਕਰ ਗੌਰ ਨਾਲ ਵਾਚਿਆ ਜਾਵੇ, ਤਾਂ ਅੱਜ ਦੀ ਤਾਰੀਕ 'ਚ ਪੰਜਾਬ 'ਚ ਕਾਨੂੰਨੀ ਮਨਜ਼ੂਰੀ ਵਾਲੇ ਮੈਰਿਜ ਪੈਲੇਸਾਂ ਦੀ ਗਿਣਤੀ 2000 ਤੋਂ ਵੱਧ ਹੈ, ਜਿਨ੍ਹਾਂ ਵਿੱਚ ਇੱਕ ਦਿਨ ਦਾ ਇਕੱਲਾ ਭਾੜਾ ਹੀ 5 ਲੱਖ ਤੋਂ 10 ਤੱਕ ਵਸੂਲ ਕੀਤਾ ਜਾਦਾਂ ਹੈ। ਇਸ ਤੋਂ ਬਿਨਾਂ ਤਕਰੀਬਨ 4000 ਮੈਰਿਜ ਪੈਲੇਸ ਗੈਰ ਕਾਨੂੰਨੀ ਤੌਰ 'ਤੇ ਚੱਲ ਰਹੇ ਨੇ।ਅੱਜ ਦੇ ਦੌਰ 'ਚ ਹੁੰਦੇ ਕਈਂ ਵਿਆਹਾਂ ਦਾ ਬਜਟ ਤਾਂ ਪੈਲੇਸ ਦਾ ਕਿਰਾਇਆ 'ਤੇ ਖਾਣਪੀਣ ਜੋੜ ਕੇ 30 ਲੱਖ ਤੋਂ ਲੈ ਕੇ 60-70 ਲੱਖ ਤੱਕ ਅੱਪੜ ਜਾਦਾਂ ਹੈ, ਜਦਕਿ ਬਹੁਤੇ ਵਿਆਹਾਂ 'ਚ ਚਾਰ ਘੰਟੇ ਦੀ ਰਿਸੈਪਸਨ 'ਚ ਹੀ 40 ਲੱਖ ਰੁਪਏ ਰੋੜ੍ਹ ਦਿੱਤੇ ਜਾਂਦੇ ਨੇ, ਜੋ ਕਿ ਪੰਜਾਬ ਦੇ ਭਵਿੱਖ ਲਈ ਬਹੁਤ ਹੀ ਮੰਦਭਾਗਾ ਹੈ।
ਲੋਕ ਵਿਆਹਾਂ 'ਚ ਵੱਡੇ-ਵੱਡੇ ਇਕੱਠ ਕਰਕੇ ਆਪਣਾ ਕੱਦ ਮਿਣਦੇ ਨੇ, ਕਈਂ ਵਿਆਹਾਂ 'ਚ ਤਾਂ ਮਹਿਮਾਨਾਂ ਦੀ ਗਿਣਤੀ ਇੱਕ ਹਜ਼ਾਰ ਤੋਂ ਵੀ ਉੱਤੇ ਪਹੁੰਚ ਜਾਂਦੀ ਹੈ। ਵਿਆਹ ਸਮਾਗਮ 'ਚ ਚੰਗਾ ਭਲਾ ਬੰਦਾ ਵੀ ਖਾਣ ਦੀਆਂ ਚੀਜ਼ਾਂ ਦੀ ਗਿਣਤੀ ਨਹੀਂ ਕਰ ਸਕਦਾ। ਭਾਵੇਂ ਮਸਾਂ ਜ਼ੋਰ ਲਾ ਕੇ ਉਸ 'ਚੋਂ 10% ਐਟਮਾਂ ਹੀ ਖਾਣ ਯੋਗ ਹੁੰਦੀਆਂ ਨੇ। ਬਾਕੀ ਸਾਇਦ ਚੈਨੀਜ਼, ਥਾਈ, ਇਟਾਲੀਅਨ ਤੇ ਸਾਊਥ ਇੰਡੀਅਨ ਖਾਣਿਆਂ ਦਾ ਆਮ ਬੰਦੇ ਨੂੰ ਕੋਈ ਇਲਮ ਹੀ ਨਹੀਂ ਹੁੰਦਾ ਅਤੇ ਕਈਂ ਵਾਰੀ ਲੱਗਦਾ ਹੈ, ਕਿ ਵਿਆਹ ਕਰਨ ਵਾਲਾ ਮਾਲਕ ਆਪ ਦੀ ਅਮੀਰੀ ਦਾ ਝਲਕਾਰਾ ਪਾਉਣ ਲਈ ਹੀ ਇੰਨੀਆਂ ਚੀਜ਼ਾਂ ਵਿਆਹ ਵਿੱਚ ਪਰੋਸਦਾ ਹੈ। ਪਰ ਪਤਾ ਨਹੀਂ ਮੈਨੂੰ ਕਈਂ ਵਾਰੀ ਇੰਝ ਕਿਉਂ ਜਾਪਦੈ, ਕਿ ਬਹੁਤੇ ਵੱਡੇ-ਵੱਡੇ ਵਿਆਹਾਂ 'ਚ ਨਕਲੀ ਜਿਹੇ ਬਣੇ ਢਾਬੇ ਤੋਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾ ਕੇ ਬਜੁਰਗ ਬੰਦੇ ਆਪਣੇ ਪੁਰਾਣੇ ਵੇਲਿਆਂ ਨੂੰ ਚੇਤੇ ਕਰਦੇ ਨੇ ਅਤੇ ਬਾਅਦ 'ਚ ਮਿੱਠਾ ਮੂੰਹ ਕਰਨ ਲਈ ਗੁੜ ਖਾ ਕੇ ਆਪਣੇ ਅਤੀਤ ਨੂੰ ਵਾਜਾਂ ਮਾਰਦੇ ਨਜ਼ਰ ਆਉਂਦੇ ਨੇ, ਬਾਕੀ ਨੱਚਣ-ਗਾਉਣ ਦਾ ਇੰਤਜਾਮ ਵੇਖ ਤਾਂ ਕਈਂ ਵਾਰੀ ਇੰਝ ਲਗਦਾ ਹੈ ਜਿਵੇਂ ਕਿ ਪੰਜਾਬੀਆਂ ਦੀ ਸੰਗ-ਸਰਮ ਕਿਤੇ 'ਖੰਭ' ਲਾ ਕੇ ਉੱਡ ਗਈ ਹੋਵੇ। ਉਦੋਂ ਬਹੁਤ ਹੀ ਦੁੱਖ ਹੁੰਦਾ ਹੈ, ਜਦੋਂ ਐਨ ਚਿੱਟੀਆਂ ਦਾਹੜੀਆਂ ਵਾਲੇ ਬਜ਼ੁਰਗ ਮੁਹਰਲੀ ਕਤਾਰ 'ਚ ਕੁਰਸੀਆਂ 'ਤੇ ਬਹਿ ਕੇ ਨੱਚਣ ਵਾਲੀਆਂ ਕੁੜੀਆਂ ਨੂੰ ਤੱਕਦੇ ਨੇ। ਇਸ ਤੋਂ ਬਾਅਦ ਜੇਕਰ ਗੱਲ ਕਰੀਏ ਵਿਆਹਾਂ 'ਚ ਹੁੰਦੀ ਫੋਟੋਗ੍ਰਾਫ਼ੀ ਦੀ, ਤਾਂ ਫੋਟੋਆਂ ਖਿੱਚਣ ਵਾਲੇ ਇੰਨੇ ਹੁੰਦੇ ਨੇ, ਕਿ ਜਿਵੇ ਪ੍ਰੈੱਸ ਕਲੱਬ 'ਚ ਕਿਸੇ ਸਿਆਸੀ ਆਗੂ ਦੀ ਕਾਨਫਰੰਸ ਦੀ ਕਾਵਰੇਜ਼ ਹੋ ਰਹੀ ਹੋਵੇ। ਹੁਣ ਤਾਂ ਵਿਆਹਾਂ ਦੀ ਫੋਟੋਗ੍ਰਾਫੀ ਵਿਆਹਾਂ ਤੋਂ ਕਈਂ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ, ਜਿਸ ਨੂੰ ਪ੍ਰੀਬੈਂਡਿੰਗ ਦਾ ਨਾਂ ਦਿੱਤਾ ਜਾਦਾਂ ਹੈ ਅਤੇ ਇਸ ਕੰਮ 'ਤੇ 80000 ਤੋਂ ਲੈ 100000 ਰੁਪਏ ਤੱਕ ਦਾ ਖ਼ਰਚਾ ਕੀਤਾ ਜਾਦਾਂ ਹੈ।
ਪਰ ਸੀਤਮਜ਼ਰੀਫੀ ਦੀ ਹੱਦ ਵੇਖੋ, ਕਿ ਅੱਜ-ਕੱਲ ਪੰਜਾਬੀਆਂ ਦੇ ਇੰਨੇ ਮਹਿੰਗੇ ਵਿਆਹ ਹੋਣ ਦੇ ਬਾਵਜੂਦ ਵੀ ਟੁੱਟ ਰਹੇ ਨੇ ਅਤੇ ਅਦਾਲਤਾਂ 'ਚ ਵਿਆਹਾਂ ਸੰਬੰਧੀ ਪਟੀਸ਼ਨਾਂ ਦੀ ਗਿਣਤੀ 14.65 ਫੀਸਦੀ ਹੈ, ਜੋ ਕਿ ਦੇਸ਼ ਭਰ ਦੇ ਸੂਬਿਆਂ 'ਚ ਪਹਿਲੇ ਨੰਬਰ 'ਤੇ ਹੈ। ਇਹ ਮਹਿੰਗੇ ਵਿਆਹ ਪੰਜਾਬ ਦੀ ਮੱਧਵਰਗੀ ਕਿਸਾਨੀ ਦਾ ਸਭ ਤੋਂ ਵੱਧ ਨੁਕਸਾਨ ਕਰ ਰਹੇ ਨੇ। ਕਿਉਂਕਿ ਪੰਜਾਬ ਦਾ ਕਿਸਾਨ ਵਰਗ ਮਜ਼ਬੂਰੀ ਬਸ ਇਸ ਨਵੇਂ ਜ਼ਮਾਨੇ ਦੇ ਮਹਿੰਗੇ ਵਿਆਹਾਂ ਦੀ ਘੁੰਮਣਘੇਰੀ 'ਚ ਫਸਿਆ ਹੋਇਆ ਹੈ ਤੇ ਇਨ੍ਹਾਂ ਵਿਆਹਾ ਦੇ ਖ਼ਰਚਿਆਂ ਕਰਕੇ ਹੀ ਕਰਜ਼ਈ ਹੋ ਰਿਹਾ ਹੈ, ਜਿਸ ਕਰਕੇ ਕਿਸਾਨਾਂ ਨੂੰ ਮਜ਼ਬੂਰੀ ਵਸ ਜ਼ਮੀਨਾਂ ਵੇਚਣੀਆਂ ਪੈ ਰਹੀਆਂ ਨੇ।
ਅੱਜ ਦੇ ਦੌਰ 'ਚ ਪੰਜਾਬੀਆਂ ਨੂੰ ਇਨ੍ਹਾਂ ਮਹਿੰਗੇ ਵਿਆਹਾਂ ਚੋਂ ਨਿਕਲਣ ਦਾ ਕੋਈ ਰਾਹ ਨਹੀਂ ਦਿਸ ਰਿਹਾ। ਮੇਰੀ ਜਾਚੇ ਸਭ ਤੋਂ ਪਹਿਲਾਂ ਅਮੀਰ ਬੰਦਿਆਂ ਨੂੰ ਸਾਦੇ ਵਿਆਹਾਂ ਵੱਲ ਮੁੜਨਾ ਚਾਹੀਦਾ ਹੈ, ਦੂਜਾ ਜਿਵੇਂ ਲਹਿੰਦੇ ਪੰਜਾਬ ਦੇ ਵਿਆਹਾਂ 'ਚ ਖਾਣ-ਪੀਣ ਦੀਆਂ ਵੱਧ ਚੀਜ਼ਾਂ ਪਰੋਸਣ 'ਤੇ ਰੋਕ ਹੈ, ਐਵੇਂ ਹੀ ਸਾਡੇ ਪੰਜਾਬ 'ਚ ਵੀ ਸਰਕਾਰ ਨੂੰ ਅਜਿਹੇ ਨਿਯਮ ਲਾਗੂ ਕਰਨੇ ਚਾਹੀਦੇ ਨੇ, ਪਰ ਹਾਲ ਦੀ ਘੜੀ ਮੈਨੂੰ ਨੀ ਜਾਪਦਾ ਕਿ ਮੇਰੇ ਪੰਜਾਬ ਦੇ ਲੋਕ ਨੂੰ ਅਜੋਕੇ ਦੌਰ ਦੇ ਸੌ ਪਕਵਾਨਾਂ ਵਾਲੇ ਵਿਆਹਾਂ ਤੋਂ ਸੱਤ ਪਕਵਾਨੀ ਵਾਲੇ ਵਿਆਹਾਂ ਵੱਲ ਮੋੜਾ ਪਾਉਣਗੇ।
-
ਮਲਕੀਤ ਸਿੰਘ ਮਲਕਪੁਰ,
surjitkuhar5@gmail.com
98154-48201
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.