ਬੋਲ ਪੰਜਾਬੀ ,ਪੜ੍ਹ ਪੰਜਾਬੀ, ਸਿੱਖ ਲੈ ਅੱਖਰ ਚਾਰ ਪੰਜਾਬੀ ,
ਦਾਦਿਆਂ ਪੜਦਾਦਿਆਂ ਤੋਂ ਤੁਰਦੀ, ਆਈ ਬੋਲੀ ਯਾਰ ਪੰਜਾਬੀ..
~
ਬੱਬਾ ਬੋਤਾ ,ਪੱਪਾ ਪੰਜਾਲੀ, , ਹੁੰਦੀ ਮੱਮਾ ਮੁਹਾਰ ਪੰਜਾਬੀ ,
ਚੱਚਾ ਚਿੜੀਆਂ, ਗੱਗਾ ਗਟਾਰਾਂ, ਹੁੰਦੀ ਡੱਡਾ ,ਡਾਰ ਪੰਜਾਬੀ,
~
ਪੱਪਾ ਪਹਿਰ, ਜੱਜਾ ਜੋਤਾ, ਸਮੇਂ ਦਾ ਇਹੋ ਹਿਸਾਬ ਪੰਜਾਬੀ,
ਆੜਾ ਆਥਣ, ਤੱਤਾ ਤੜਕਾ ਵੇਲਾ ਬੈਠ ਵਿਚਾਰ ਪੰਜਾਬੀ ,
~
ਟੈਂਕਾ ਟਿੰਡਾਂ, ਝੱਜਾ ਝਲਾਰਾਂ ,ਪਾਣੀ ਠੰਡਾ ਠਾਰ ਪੰਜਾਬੀ ,
ਗੱਗਾ ਗੋਕੇ, ਖੱਖਾ ਖੱਤੇ ,ਢੋਂਦੇ ਜਗਤ ਦਾ ਭਾਰ ਪੰਜਾਬੀ,
~
ਪੱਪਾ ਪੈਲੀ ,ਰਾਰਾ ਰੌਣੀ ,ਸੱਸਾ ਹੁੰਦਾ ਸਿਆੜ ਪੰਜਾਬੀ,
ਆੜਾ ਅੰਨ ਹੈ ,ਊੜਾ ਉਗਾਂਉਦੇ, ਜਿਉਂਦੇ ਰਹਿਣ ਕਿਸਾਨ ਪੰਜਾਬੀ ,
~
ਨਈਆਂ ਖਾਲੀ ,ਨਾਣਾ ਖਾਲੀ, ਖਾਲੀ ਤੁਰਣ ਇਨਸਾਨ ਪੰਜਾਬੀ,
ਮੱਮਾ ਮੁਰਦਾ, ਕੱਕਾ ਕੱਫਣ, ਚੱਕਣ ਬੰਦੇ ਚਾਰ ਪੰਜਾਬੀ,
~
ਹਾਹਾ ਹਾੜੀ ,ਸੱਸਾ ਸਾਉਣੀ, ਬੀਜੀਏ ਕਣਕ ਕਮਾਦ ਪੰਜਾਬੀ,
ਸੱਸਾ ਸੋਕੇ ,ਝੱਜਾ ਝੜੀਆਂ ,ਪੈਂਦੀ ਕੁਦਰਤ ਮਾਰ ਪੰਜਾਬੀ ,
~
ਕੱਕਾ ਕੰਡੇਰਾਂ, ਭੱਬਾ ਭੱਖੜਾ, ਔਖੀ ਚੋਬ ਸਹਾਰ ਪੰਜਾਬੀ,
ਬੱਬਾ ਬਸਾਰ, ਕੱਕਾ ਕਲਕਾਈਏ, ਭਰਦੇ ਫੱਟ ਤਲਵਾਰ ਪੰਜਾਬੀ
~
ਨੱਨਾ ਨਾਨਕ, ਗੱਗਾ ਗੋਬਿੰਦ, ਸੱਸਾ ਹੁੰਦਾ ਸਰਦਾਰ ਪੰਜਾਬੀ
ਪੱਪਾ ਪੱਗਾਂ ,ਪੱਪਾ ਪੂਣੀਆਂ ,ਕਰਾਂਉਦੀ ਦੇਖ ਮੁਟਿਆਰ ਪੰਜਾਬੀ,
~
ਬੱਬਾ ਬਾਬੂ, ਬੱਬਾ ਬਟਾਲਵੀ ਸਾਹਿਤ ਮੇਰੇ ਦੇ ਸ਼ਿੰਗਾਰ ਪੰਜਾਬੀ,
ਕੱਕਾਂ ਕਲਮਾਂ, ਲੱਲਾ ਲਿਖਤਾਂ, ਜਿਉਂਦੀਆਂ ਸਦਬਹਾਰ ਪੰਜਾਬੀ,
~
ਕੱਕਾ ਕੈਦਾ ,ਸੱਸਾ ਸੁਲੇਖਾਂ, ਪੜਦੇ ਦੇਖ ਵੇ ਬਾਲ ਪੰਜਾਬੀ ,
ਮੱਮਾ ਮਾਵਾਂ, ਬੱਬਾ ਬਾਪੂ, ਰਿਸ਼ਤੇ ਰੱਖ ਸੰਭਾਲ ਪੰਜਾਬੀ ,
~
ਖੱਖਾ ਖਤ ਨੇ, ਤੱਤਾਂ ਤਾਰਾਂ, ਸੁਨੇਹੇ ਡੀਕੇ ਦਿਲਦਾਰ ਪੰਜਾਬੀ,
ਹਾਹਾ ਹੀਰਾਂ, ਰਾਰਾ ਰਾਂਝੇ ,ਅੱਜ ਕੱਲ ਝੂਠ,ਗੱਦਾਰ ਪੰਜਾਬੀ ,
~
ਮੱਮਾਂ ਮਿਸ਼ਰੀ ਬੱਬਾ ਬੋਲੀ, ਬੈਠੇ ਛੱਡ ਵਿਸਾਰ ਪੰਜਾਬੀ,
ਈੜੀ ਇੰਗਲਿਸ਼,ਜੱਜਾ ਜ਼ੁਬਾਨਾਂ, ਬੈਠੀ ਬਣ ਪਰਧਾਨ ਵੇ ਸਾਡੀ
~
ਰੰਧਾਵਾ ਅਮਰਜੀਤ
-
ਰੰਧਾਵਾ ਅਮਰਜੀਤ, ਲੇਖਕ
**********
******
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.