ਖ਼ਬਰ ਹੈ ਕਿ ਸੁਪਰੀਮ ਕੋਰਟ ਨੇ ਮੁੜ ਦੁਹਰਾਇਆ ਹੈ ਕਿ ਜਨਤਕ ਥਾਂ ਜਾਂ ਸੜਕ ਨੂੰ ਬੰਦ ਕਰਕੇ ਵਿਰੋਧ-ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ। ਲੋਕਾਂ ਨੂੰ ਵਿਰੋਧ-ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਪਰ ਇਹ ਸੜਕ ਜਾਂ ਜਨਤਕ ਥਾਂ ਤੇ ਕਿਵੇਂ ਕੀਤਾ ਜਾ ਸਕਦਾ ਹੈ? ਇਹ ਟਿਪਣੀਆਂ ਸੀ.ਏ.ਏ. ਦੇ ਵਿਰੋਧ ਵਿੱਚ 60 ਦਿਨਾਂ ਤੋਂ ਜ਼ਿਆਦਾ ਸਮੇਂ ਤੋਂ ਚਲ ਰਹੇ ਧਰਨਾ-ਪ੍ਰਦਰਸ਼ਨ ਨੂੰ ਹਟਾਉਣ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਦੇ ਦੌਰਾਨ ਕੀਤੀਆਂ। ਕੋਰਟ ਨੇ ਸ਼ਾਹੀਨ ਬਾਗ ਜਾਕੇ ਲੋਕਾਂ ਨਾਲ ਹੱਲ ਕੱਢਣ ਦਾ ਸਮਾਂ ਦਿੰਦੇ ਹੋਏ ਸਾਲਸ ਨੀਅਤ ਕੀਤੇ ਹਨ।
ਐਧਰ ਚਾਰ ਮਰਦੇ ਨੇ, ਉਧਰ ਦਸ ਬਲਤਕਾਰ ਹੁੰਦੇ ਨੇ। ਇਧਰ ਰੋਟੀ-ਪਾਣੀ ਮਹਿੰਗਾ ਹੁੰਦਾ ਹੈ, ਉਧਰ ਲੋਕ ਭੁੱਖ ਨਾਲ ਮਰਦੇ ਨੇ। ਇਧਰ ਜੰਗਾਂ ਲੱਗਦੀਆਂ ਨੇ, ਉਧਰ ਰਾਜ ਗੱਦੀਆਂ ਪੱਕੀਆਂ ਕੀਤੀਆਂ ਜਾਂਦੀਆਂ ਨੇ। ਇਹੋ ਹੀ ਦਸਤੂਰ ਹੈ ਜੱਗ ਦਾ।
ਨੋਟਬੰਦੀ ਹੁੰਦੀ ਹੈ, ਲੋਕ ਮਰਦੇ ਨੇ, ਆਪਣੇ ਪੈਸਿਆਂ ਨੂੰ ਲੱਭਦੇ ਕਬਰੀਂ ਜਾ ਸੌਂਦੇ ਨੇ। ਮੰਦਰਾਂ-ਮਸਜਿਦਾਂ ਦੇ ਮਸਲਿਆਂ 'ਚ ਗੁੰਮਰਾਹ ਹੋਕੇ ਲੋਕ ਲੜਦੇ ਨੇ, ਆਪਣੇ ਹੱਕ ਹਾਕਮਾਂ ਦੇ ਪੈਰੀਂ ਧਰਦੇ ਨੇ। ਇਹੋ ਹੀ ਦਸਤੂਰ ਹੈ ਜੱਗ ਦਾ।
ਰਾਤੋ-ਰਾਤ 370 ਧਾਰਾ ਹੱਟਦੀ ਹੈ, ਲੋਕ ਕੁਕੜਾਂ ਵਾਂਗਰ ਖੁਡਿਆਂ 'ਚ ਡੱਕ ਦਿੱਤੇ ਜਾਂਦੇ ਨੇ। ਸੀ.ਏ.ਏ., ਸੀ.ਆਰ.ਆਰ. ਲਾਗੂ ਕਰਕੇ, ਪੁੱਛਿਆ ਜਾਂਦਾ ਤੇਰਾ ਬਾਪ ਕੌਣ ਸੀ, ਤੇਰੀ ਮਾਂ ਕਿਥੇ ਜੰਮੀ ਸੀ? ਨਾਂ, ਥੇਹ, ਪਤਾ ਨਾ ਲੱਗੇ ਤਾਂ ਕੈਦੀਂ ਬੰਦ, ਤੁਸੀਂ ਇਸ ਦੇਸ਼ ਦੇ ਨਾਗਰਿਕ ਨਹੀਂ। ਇਹੋ ਹੀ ਦਸਤੂਰ ਹੈ ਜੱਗ ਦਾ।
ਚਾਰੇ ਪਾਸੇ ਧੂੰਆਂ ਹੈ। ਚਾਰੇ ਪਾਸੇ ਧੁੰਦ ਹੈ। ਚਾਰੇ ਪਾਸੇ ਕੁਰਲਾਹਟ ਹੈ। ਚਾਰੇ ਪਾਸੇ ਚੀਕਾਂ ਹਨ। ਚਾਰੇ ਪਾਸੇ ਭਾਂਬੜ ਹੈ। ਚਾਰੇ ਪਾਸੇ ਉਜਾੜ- ਬੀਆਬਾਨ ਵਿੱਚ ਭਟਕੇ ਲੋਕ ਹਨ ਪਰ ਦੇਸ਼ ਦਾ ਨਿਆਂ, ਚੁੱਪੀ ਸਾਧ ਬੈਠ ਜਾਂਦਾ ਹੈ। ਇਹੋ ਹੀ ਦਸਤੂਰ ਹੈ ਜੱਗ ਦਾ । ਤਦੇ ਕਵੀ ਲਿਖਦਾ ਰਤਾ ਵੀ ਨਹੀਂ ਝਿਜਕਦਾ, "ਅੱਗ ਪਈ ਬਲਦੀ ਚੋਹੀਂ ਪਾਸੀ, ਬੁੱਲ੍ਹਾ ਬੈਠਾ ਵਿੱਚ ਕਿਤਾਬੀਂ।"
ਕੱਚੀ ਯਾਰੀ ਲੱਡੂਆਂ ਦੀ, ਲੱਡੂ ਮੁੱਕ ਗਏ ਯਰਾਨੇ ਟੁੱਟ ਗਏ।
ਖ਼ਬਰ ਹੈ ਕਿ ਪੰਜਾਬ 'ਚ ਜ਼ਿਆਦਾ ਸੀਟਾਂ 'ਤੇ ਚੋਣ ਨੂੰ ਲੈਕੇ ਭਾਰਤੀ ਜਨਤਾ ਪਾਰਟੀ ਹੁਣ ਖੁਲ੍ਹ ਕੇ ਬੋਲਣ ਲੱਗੀ ਹੈ। ਭਾਜਪਾ ਦੇ ਸੀਨੀਅਰ ਨੇਤਾ ਮਦਨ ਮੋਹਨ ਮਿੱਤਲ ਨੇ ਪੰਜਾਬ 'ਚ 59 ਸੀਟਾਂ 'ਤੇ ਚੋਣ ਲੜਨ ਦਾ ਦਾਅਵਾ ਠੋਕਿਆ ਹੈ। ਉਹਨਾ ਦਾ ਦਾਅਵਾ ਹੈ ਕਿ ਭਾਜਪਾ ਹਾਈ ਕਮਾਨ ਨੇ ਵੀ ਤਿਆਰੀ ਕਰਨ ਲਈ ਕਿਹਾ ਹੈ। ਉਹਨਾ ਕਿਹਾ ਕਿ ਪੰਜਾਬ 'ਚ ਪਾਰਟੀ ਦੀ ਨੀਂਹ ਮਜ਼ਬੂਤ ਹੈ । ਇਸ ਲਈ ਪਾਰਟੀ 59 ਸੀਟਾਂ 'ਤੇ ਚੋਣ ਲੜਨ ਦੀ ਗੱਲ ਕਹਿ ਰਹੀ ਹੈ।
ਜਦ ਅਨੇਕਾਂ ਕਬੂਤਰ ਉਹਦੀ ਛਤਰੀ 'ਤੇ ਬੈਠਦੇ ਆ, ਉਹ ਕਿਸੇ ਤੋਂ ਵੀ ਹਵਾ 'ਚ ਬਾਜੀਆ ਲੁਆਏ ਜਾਂ ਆਪ ਛੱਤਰੀ 'ਤੇ ਬੈਠਕੇ ਬਾਗ਼ੀਆਂ ਪਾਏ। ਭਲਾ ਕਿਸੇ ਨੂੰ ਕੀ ਇਤਰਾਜ?
ਉਹ ਰਾਜਨੀਤੀ ਦਾ ਪੱਕਾ ਖਿਡਾਰੀ ਆ। ਕਿਸੇ ਨਾਲ ਯਾਰੀਆਂ ਕਿਸੇ ਨਾਲ ਅੱਯਾਰੀਆਂ, ਕਦੋਂ ਲਾਉਣੀਆਂ, ਨਿਭਾਉਣੀਆਂ, ਹਟਾਉਣੀਆਂ, ਉਹ ਦੀ ਖੇਡ ਆ। ਉਹ ਕਿਸੇ ਦਾ ਤੀਰ, ਕਿਸੇ ਦੀ ਕਮਾਨ, ਕਿਸੇ ਦਾ ਰੱਥ ਤੇ ਕੋਈ ਰੱਥਵਾਨ, ਉਹ ਨਿਸ਼ਾਨੇ ਫੁੰਡਦਾ ਗਿਆ, ਅਗਾਂਹ ਵਧਦਾ ਗਿਆ। ਭਲਾ ਕਿਸੇ ਨੂੰ ਕੀ ਇਤਰਾਜ?
ਜਦੋਂ ਲੋੜ ਸੀ, ਪੰਜ ਵੇਰਾਂ ਦਾ ਮੁੱਖ ਮੰਤਰੀ ਉਹਨਾ ਦਾ ਬਾਪੂ ਸੀ। ਹੁਣ ਨਹੀਂਓ ਲੋੜ ਤਾਂ ਅਲਾਣੀ ਮੰਜੀ ਢਾਹ ਦਿੱਤੀ ਸਿੱਧੀ ਤੂੜੀ ਵਾਲੇ ਕੋਠੇ 'ਚ। ਹੋਰ ਯਾਰ ਬਥੇਰੇ, ਹੋਰ ਯਾਰੀਆਂ ਬਥੇਰੀਆਂ ਭਲਾ ਕਿਸੇ ਨੂੰ ਕੀ ਇਤਰਾਜ?
ਇੱਕ ਕਵੀ ਦੀ ਸਤਰਾਂ ਬਹੁਤ ਪਿਆਰੀਆਂ ਨੇ ਆਪਣੇ ਹਾਕਮ ਭਾਜਪਾ ਟੋਲੇ ਬਾਰੇ, "ਉਹ ਬੁਰਕੀ ਦੀ ਨਹੀਂ, ਗੁਥਲੀ ਦੀ ਸਾਂਝ ਜਾਣਦਾ। ਏਨਾ ਤਾਂ ਤੁਸੀਂ ਵੀ ਜਾਣਦੇ ਈ ਓ ਕੱਚੀ ਯਾਰੀ ਲੱਡੂਆਂ ਦੀ, ਲੱਡੂ ਮੁੱਕ ਗਏ ਯਰਾਨੇ ਟੁੱਟ ਗਏ।"
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਖ਼ਬਰ ਹੈ ਕਿ ਬਿਹਾਰ ਸਿਰਫ਼ ਸੂਬਾਈ ਹੀ ਨਹੀਂ ਕੌਮੀ ਸਿਆਸੀ ਬਦਲਾਅ ਦੀ ਪ੍ਰਯੋਗਸ਼ਾਲਾ ਰਿਹਾ ਹੈ। ਹੁਣ ਨਵਾਂ ਪ੍ਰਯੋਗ ਹੋਣ ਜਾ ਰਿਹਾ ਹੈ, ਜਿਸ ਦੀ ਅਗਵਾਈ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (ਪੀ.ਕੇ.) ਕਰਨ ਜਾ ਰਹੇ ਹਨ। ਜਾਣਕਾਰੀ ਅਨੁਸਾਰ ਪੀ.ਕੇ. ਹੁਣ ਪਟਨਾ ਵਿੱਚ ਡਟਣ ਦੇ ਮੂਡ ਵਿੱਚ ਹਨ ਅਤੇ ਉਹ ਕੇਜਰੀਵਾਲ ਫਾਰਮੂਲੇ 'ਤੇ ਚੱਲਣਗੇ। ਉਹਨਾ ਨੇ ਜਨਤਾ ਦਲ (ਯੂ) ਦਾ ਉਪ ਪ੍ਰਧਾਨ ਹੁੰਦਿਆਂ, ਅਜਿਹੇ ਲੱਖਾਂ ਨੌਜਵਾਨਾਂ ਦਾ ਪ੍ਰੋਫਾਈਲ ਤਿਆਰ ਕੀਤਾ ਸੀ, ਜਿਹੜੇ ਸਰਗਰਮ ਸਿਆਸਤ ਵਿੱਚ ਆਉਣਾ ਚਾਹੁੰਦੇ ਹਨ। ਅਜਿਹੀਆਂ ਹਾਲਤਾਂ ਵਿੱਚ ਪੀ.ਕੇ. ਨੌਜਵਾਨ ਸ਼ਕਤੀ ਦੇ ਸਹਾਰੇ ਬਿਹਾਰ ਦਾ ਕੇਜਰੀਵਾਲ ਬਨਣ ਦੀ ਕੋਸ਼ਿਸ਼ ਕਰਨਗੇ।
ਮਨੁੱਖ ਮਨੁੱਖ ਨੂੰ, ਬੰਦਾ ਬੰਦੇ ਨੂੰ ਪਿਆਰਾ ਲੱਗ ਪਏ ਤਾਂ ਫਿਰ ਭਲਾ ਘਾਟਾ ਕਾਹਦਾ? ਜੇਕਰ ਮਨੁੱਖ 'ਚ ਸਾੜਾ, ਕ੍ਰੀਨਾ ਜਾਂ ਈਰਖਾ ਘੱਟ ਜਾਏ ਤਾਂ ਫਿਰ ਭਲਾ ਘਾਟਾ ਕਾਹਦਾ? ਪਰ ਨਾ ਨਾ ਭਾਈ ਸਿਆਸਤ ਦਾ ਪਹਿਲਾ ਅਸੂਲ ਹੀ ਸਾੜਾ ਹੈ, ਈਰਖਾ ਹੈ, ਬੰਦੇ ਨੂੰ ਬੰਦਾ ਨਾ ਸਮਝਣ ਦੀ ਸਿਖਲਾਈ ਹੈ। ਪਰ ਜਨਤਾ-ਜਨਾਰਧਨ ਤਾਂ ਕੁਝ ਹੋਰ ਹੀ ਕਹਿੰਦੀ ਆ।
ਵੇਖੋ ਨਾ ਜੀ, ਕੇਜਰੀਵਾਲ ਨੂੰ ਦਹਿਸ਼ਤਗਰਦ ਐਲਾਨਿਆਂ। ਕੇਜਰੀਵਾਲ ਨੂੰ ਭਗੌੜਾ ਆਖਿਆ, ਦੇਸ਼ ਧਰੋਹੀ ਕਹਿਣ ਤੋਂ ਰਤਾ ਕੁ ਥੱਲੇ। ਪਰ ਜਨਤਾ ਨੇ ਭਾਈ ਗੱਦੀ ਵੀ ਬਖਸ਼ੀ, ਇਜ਼ਤ ਵੀ ਦਿੱਤੀ, ਪਿਆਰ-ਦੁਲਾਰ ਵੀ ਬਖਸ਼ਿਆ। ਤੇ ਬੁਲ੍ਹੇ ਦੇ ਬੋਲਾਂ ਨੂੰ ਮਨ 'ਚ ਵਸਾ ਲਿਆ, "ਮੈਂਡਾ ਇਸ਼ਕ ਵੀ ਤੂੰ, ਮੈਂਡਾ ਯਾਰ ਵੀ ਤੂੰ। ਮੈਂਡਾ ਦੀਨ ਵੀ ਤੂੰ, ਮੈਂਡਾ ਈਮਾਨ ਵੀ ਤੂੰ। ਮੈਂਡਾ ਜਿਸਮ ਵੀ ਤੂੰ, ਮੈਂਡੀ ਜਾਨ ਵੀ ਤੂੰ। ਮੈਂਡਾ ਕਲਬ ਵੀ ਤੂੰ, ਜ਼ਿੰਦ ਜਾਨ ਵੀ ਤੂੰ"। ਹੁਣ ਭਾਈ ਕੇਜਰੀਵਾਲ ਪਿਆਰ ਨਾਲ ਨੱਕੋ-ਨੱਕ ਭਰਿਆ ਹੋਇਆ ਤੇ ਉਹਦੀ ਤਾਲ ਉਤੇ ਆਹ"ਕੈਪਟਨ ਵੀ ਨੱਚਣ ਨੂੰ ਫਿਰਦਾ," ਉਹ "ਪੀ.ਕੇ." ਵੀ ਉਹਦੇ ਕਦਮਾਂ ਤੇ ਚਲਣ ਨੂੰ ਕਰਦਾ ਤੇ ਕੇਜਰੀਵਾਲ ਬਨਣ ਦੇ ਜਿਵੇਂ ਦਿਨੇ ਸੁਪਨੇ ਲੈਣ ਲੱਗ ਪਿਆ। ਅਸਲ 'ਚ ਤਾਂ ਕੇਜਰੀਵਾਲ ਨੇ ਸਿਆਸੀ ਲੋਕਾਂ ਨੂੰ "ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ" ਦਾ ਪਾਠ ਪੜ੍ਹਾ ਦਿੱਤਾ ਲੱਗਦੈ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਪ੍ਰਾਪਤ ਅੰਕੜਿਆਂ ਅਨੁਸਾਰ ਦੇਸ਼ ਭਾਰਤ ਦੀਆਂ ਸੈਨਾਵਾਂ ਵਿੱਚ ਥੱਲ ਸੈਨਾ ਵਿੱਚ 3.89 ਫ਼ੀਸਦੀ, ਨੇਵੀ ਵਿੱਚ 6.7 ਫ਼ੀਸਦੀ ਅਤੇ ਹਵਾਈ ਸੈਨਾ ਵਿੱਚ 13.28 ਫ਼ੀਸਦੀ ਔਰਤ ਮੁਲਾਜ਼ਮਾਂ ਦੀ ਗਿਣਤੀ ਹੈ ਪਰ ਇਹਨਾ ਵਿਚੋਂ ਕਿਸੇ ਨੂੰ ਵੀ ਸੈਨਾ ਵਿੱਚ ਸਥਾਈ ਕਮਿਸ਼ਨ ਨਹੀਂ ਮਿਲਦਾ।
ਇੱਕ ਵਿਚਾਰ
ਨੇਤਾ ਉਹ ਹੈ ਜਿਸਦੀ ਅਗਵਾਈ ਪ੍ਰਭਾਵਸ਼ਾਲੀ ਹੋਵੇ, ਜੋ ਆਪਣੇ ਭਗਤਾਂ ਤੋਂ ਸਦਾ ਅੱਗੇ ਰਹਿੰਦਾ ਹੋਵੇ ਅਤੇ ਜੋ ਹੌਂਸਲੇ ਵਾਲਾ ਹੋਵੇ।
..............ਲਾਲਾ ਲਾਜਪਤ ਰਾਏ
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.