ਚੱਲ ਤੂੰ ਨਾ ਵੜ੍ਹਨ ਦੇਵੀਂ ਪੰਜਾਬ ਚ
ਪਰ ਤੂੰ ਕਿੰਝ
ਮਿਟਾ ਦੇਵੇਂਗਾ ਸਾਡੀਆਂ ਨੰਨ੍ਹੀਆਂ ਪੈੜਾਂ
ਵਿਹੜੇ ਗਲੀਆਂ ਤੇ ਰਾਹਾਂ ਚੋਂ -
ਕੀ ਕਰੇਂਗਾ ਖੋਹ ਕੇ
ਸਾਡੇ ਪਿੰਡ ਦੀ ਛੱਤ ਦਾ ਅੰਬਰ
ਤਾਰਿਆਂ ਨਾਲ ਭਰੀ ਪਰਾਤ
ਅਸੀਂ ਕਿਵੇਂ ਛੱਡਾਂਗੇ ਤੇਰੇ ਲਈ
ਚੋਰ ਸਿਪਾਹੀ-
ਚਿੱਟੀ ਨਦੀ ਸਿਤਾਰਿਆਂ ਸੰਗ ਵਗਦੀ
ਪਹਿਲਾਂ ਖੋਹਵਾਂਗੇ-
ਧਰੂ ਭਗਤ ਸਿਤਾਰਾ-ਤੈਨੂੰ ਨਹੀਂ ਦਿੰਦੇ
ਨਾਨਕ ਦੇ ਤੜਕਸਾਰ ਦੇ ਬੋਲ
ਪੰਛੀਆਂ ਦੇ ਗੀਤ-ਕਿਵੇਂ ਛੱਡ ਦੇਵਾਂਗਾ ਤੇਰੇ ਕੋਲ
ਤੱਤੇ ਗੁੜ੍ਹ ਦੀ ਤਾਂ ਮਹਿਕ ਮੇਰੀ ਹੈ ਸਾਰੀ-
ਇਹ ਕਿੱਥੇ ਮਿਲਦੀ ਮਹਿਲਾਂ ਚ-
ਬੰਨਿਆਂ ਤੇ ਤੁਰਨ ਡਿਗਣ ਤੋਂ
ਕਿੰਜ਼ ਰੋਕੇਂਗਾ ਸਾਨੂੰ-
ਰੇਤ ਦੇ ਬਣਾਏ ਘਰ ਅਜੇ ਤੱਕ ਸਾਡੇ ਓਥੇ
ਭੁੱਜਦੀਆਂ ਛੱਲੀਆਂ, ਰਸ ਦੇ ਨਿੰਬੂ ਲੱਸੀ ਨਜ਼ਾਰੇ
ਤੂੰ ਖੋਹ ਕੇ ਵਿਖਾਵੀਂ-
ਤਾਜ਼ੇ ਪੱਟੇ ਮੂੰਗਫਲੀ ਦੇ ਲਾਂਗਰਾਂ ਨੂੰ
ਲੱਗੀਆਂ ਅੱਗਾਂ ਅਜੇ ਭਖ਼ਦੀਆ ਖੇਤਾਂ 'ਚ-
ਸਾਡੇ ਕੋਲ ਤਾਂ ਅਜੇ ਵੀ ਪਤੰਗਾਂ ਦੇ ਰੰਗ ਸਾਂਭੇ
ਪਰਛਾਵੇਂ ਫੜੇ ਪੰਛੀਆਂ ਦੇ
ਸੱਪਾਂ ਦੀਆਂ ਲੀਹਾਂ ਦਾ ਡਰ-
ਨਾ ਖੋਹਵੀਂ ਸਰੋਂ੍ਹ ਦੇ ਖੇਤਾਂ ਦਾ ਨਜ਼ਾਰਾ
ਸਾਗ ਮੱਕੀ ਦੀ ਰੋਟੀ ਵਾਲੀ ਲਜ਼ਤ
ਛੋਲਿਆਂ ਦੀਆਂ ਹੋਲਾਂ, ਤੇ ਕਾਲੇ ਮੂੰਹ ਬੁੱਲ੍ਹ ਹੱਥ
ਅੱਡੀ ਛੜੱਪੇ, ਅੱਡਾ ਖੱਡਾ
ਛੂਹਣ ਛੁਪਾਈ--
ਹੁਣ ਤੱਕ ਤਾਂ ਹਰੀਮੰਦਰ ਚ
ਕਿੱਡੀਆਂ 2 ਹੋ ਗਈਆਂ ਹੋਣੀਆਂ ਸਾਡੀਆਂ
ਪਰਸ਼ਾਦ ਖਾਂਦੀਆਂ ਤਰਦੀਆਂ ਸੁਨਹਿਰੀ ਅੱਖਾਂ
ਚੰਊਂ 2 ਕਰਦੇ ਰੰਗ ਬਰੰਗੇ
ਮੇਰੀ ਚਿੱਟੀ ਰਾਣੀ ਦੇ ਨਿੱਕੇ 2 ਅੱਖਾਂ ਖੋਲਦੇ ਕਤੂਰੇ
ਨੁੱਕਰ ਚੋਂ ਕਿੰਜ਼ ਦੇਵਾਂਗਾ ਤੈਨੂੰ-
ਦੱਸ ਕੌਣ ਦੇਵੇਗਾ ਆ ਕੇ ਮੋਢਾ
ਬਾਪੂ ਦੀ ਅਰਥੀ ਨੂੰ
ਕੌਣ ਉਡੀਕੇਗਾ ਮਾਂ ਨੂੰ
ਕਬਰਾਂ ਦੇ ਰੁੱਖਾਂ ਹੇਠ ਬੈਠ ਕੇ ਮੇਰੇ ਬਗੈਰ-
ਕਿਵੇਂ ਰੋਕੇਂਗਾ
ਜੰਗਾਲੇ ਜ਼ੰਦਰੇ ਖੋਲ੍ਹਦਿਆਂ
ਸਾਡੇ ਦਰਿਆਵਾਂ ਵਾਂਗ ਵਗਦੇ ਅੱਥਰੂਆਂ ਨੂੰ
ਕਿੰਜ਼ ਵਰਜ਼ ਦਂੇਵੇਗਾ-ਯਾਰਾਂ ਨੂੰ!
ਕਬੱਡੀ ਤੇ ਹੋਰ ਖੇਡਾਂ ਚ
ਜਿੱਤਾਂ ਹਾਰਾਂ ਲੜਾਈਆਂ
ਅਜੇ ਤਾਂ ਅਸੀਂ ਆ ਕੇ
ਕਾਪੀ ਚੋਂ ਪਾੜ੍ਹ ਕੇ ਕਾਗਜ਼ ਦੀ
ਬੇੜੀ ਤਾਰਨੀ ਆ ਮੀਂਹ ਚ
ਪੱਤਿਆਂ ਦੀਆਂ ਭੰਬੀਰੀਆਂ ਨਾਲ ਖੇਡਣਾ ਅਜੇ
ਪੱਤਿਆਂ ਦੀਆਂ ਐਨਕਾਂ ਲਾ 2 ਧਰਮਿੰਦਰ ਬਣਨਾ
ਬੀਂਡਿਆਂ ਦੇ ਬੋਲ ਫ਼ੜ੍ਹਨੇ ਨੇ-
ਸਲਵਾੜਾਂ ਤੋਂ ਤੀਰ ਬਣਾ ਜ਼ਾਲਮ ਦੀਆਂ
ਅੱਖਾਂ ਚ ਮਾਰਨੇ ਨੇ
ਪੀਪਣੀਆਂ ਤੇ ਬੀਂਡੇ ਬਣਾ 2 ਤਰਜ਼ਾਂ ਬਣਾਉਣੀਆਂ ਨੇ ਨਵੀਆਂ
ਕੱਛਾਂ ਵਜਾ 2 ਅਵਾਜ਼ਾਂ ਕੱਢਣੀਆਂ ਅਜੇ -
ਅਜੇ ਤਾ ਸਾਡੇ ਓਥੇ
ਮਿੱਟੀ ਦੇ ਬਣਾਏ ਖਿਡੌਣੇ ਨਹੀਂ ਸੁੱਕੇ ਹੋਣੇ
ਖੇਡਣ ਲਈ
ਅਜੇ ਤਾਂ ਅਸੀਂ ਆ ਕੇ
ਬੇਰ ਖਾਣੇ ਨੇ ਪੇਂਦੂ -ਚੋਰੀਂ ਤੋੜ੍ਹ 2 ਕੇ ਛੱਤੋ ਦੀ ਬੇਰੀ ਤੋਂ
ਮਲ੍ਹਿਆਂ ਦੇ ਕੰਡੇ ਲਵਾਉਣੇ ਨੇ ਐਤਕੀਂ
ਦਾਤਣ ਕਰਨੀ ਆ ਫ਼ਲਾਅ ਤੇ ਕਿੱਕਰ ਦੀ
ਅਜੇ ਤਾਂ ਸਾਡੇ ਪਸ਼ੂ ਚਰਦੇ ਨੇ ਖੇਤਾਂ ਚ
ਉਹਨਾਂ ਨੂੰ ਘਰੀਂ ਲੈ ਕੇ ਆਉਣਾ ਹੈ-
ਅਜੇ ਤਾਂ ਅਸੀਂ ਵੱਡੀ ਪਿੰਨੀ ਤੇ
ਵੱਡਾ ਲੱਡੂ ਚੱਕਣਾ ਹੈ ਬੀਜੀ ਦੀ ਥਾਲੀ ਦੇ ਸੰਸਾਰ ਚੋਂ-
ਅਜੇ ਤਾਂ ਅਸੀਂ ਓਸ ਮਿੱਟੀ ਤੇ ਲਿਟਣਾ ਹੈ
ਤੇ ਤੁਰ 2ਡਿੱਗਣਾ ਹੈ-
ਬਾਪੂ ਦੇ ਮੋਢਿਆਂ ਤੇ ਚੜ੍ਹ ਸਿੰਝਾਂ ਦਸਹਿਰੇ ਦੇਖਣੇ ਨੇ
ਸਾਰੇ ਪਿੰਡ ਚ ਨਵਾਬ ਬਣ ਘੁੰਮਣਾ ਹੈ-ਅਜੇ
ਤਵੇ ਵਾਲੀ ਮਸ਼ੀਨ ਦੀਆਂ ਸੂਈਆਂ ਕਰਨੀਆਂ ਨੇ ਕੱਠੀਆਂ
ਅਜੇ ਤਾਂ ਸਪੀਕਰ ਟੰਗਣੇ ਨੇ ਮੰਜ਼ਿਆਂ ਬਨ੍ਹੇਰਿਆਂ ਤੇ
ਤੇ ਸਤਿਗੁਰ ਨਾਨਕ ਨੂੰ ਸੱਦਣਾ ਹੈ-
ਅੱਖਰਾਂ 'ਚ ....
ਅੱਖਰਾਂ 'ਚ
ਜੇ ਕੁਝ ਚਿਤਰਨਾ ਹੋਵੇ
ਤਾਂ ਤੈਨੂੰ ਦੇਖੇ ਬਗੈਰ ਨਹੀਂ ਚਿਤਰ ਹੁੰਦਾ
ਹੋਰ ਦੱਸ ਚਿੱਤਰਨ ਨੂੰ ਵੀ ਕੀ ਹੈ
ਤੇਰੇ ਨਕਸ਼ਾਂ ਤੇ ਤੇਰੀਆਂ ਆਦਾਵਾਂ ਬਿਨ
ਹਿੱਕ ਦੀ ਅੱਗ
ਵੀ ਕਿਹੜੀ ਬਲਦੀ ਹੈ ਤੇਰੀਆਂ ਨਜ਼ਰਾਂ ਬਿਨ
ਮੱਥੇ ਤੇ ਜੇ ਤਾਜ ਹੋਵੇ
ਤਾਂ ਉਸ ਤੇ ਤੇਰੇ ਹੱਥਾਂ ਦੀ ਕਢਾਈ ਹੋਵੇ
ਚਾਨਣੀ ਹੋਵੇ ਤਾਂ
ਤੇਰੇ ਹੁਸਨ ਦੀਆਂ ਰਿਸ਼ਮਾ ਵਰਗੀ
ਪਿਆਸ ਲੱਗੇ ਤਾਂ
ਤੇਰੇ ਬੁੱਲ੍ਹਾਂ ਦੀ ਮੁਸਕਾਨ ਵਰਗੀ ਹੋਵੇ
ਦਰਿਆ ਲਹਿਰਾਂ ਵਹਿਣ ਤਾਂ ਤੇਰੀਆਂ ਜੁਲਫਾਂ ਵਾਂਗ
ਕੋਈ ਵਿਰਲਾ ਹੀ ਅਰਸ਼ ਹੋਣਾ
ਤੇਰੀ ਚੁੰਨੀ ਦੇ ਸਿਤਾਰਿਆਂ ਵਾਂਗ ਜਗਦਾ
ਕੋਈ ਵੱਖਰੀ ਹੀ ਰੀਝ ਹੋਣੀ
ਤੇਰੇ ਸੁਫਨਿਆਂ ਚ ਵਿਚਰਨ ਜੋਗੀ
ਤੂੰ ਤਾਂ ਹਨੇਰੀਆਂ ਰਾਤਾਂ ਚ ਵੀ
ਬੁਝਦੇ ਦੀਵੇ ਬਾਲ ਦੇਵੇਂ
ਤਾਰੀਖ ਦੇ ਸਫੇ ਥੱਲ ਦੇਵੇਂ
ਇਕ ਹੀ ਨਖਰੇ ਨਾਲ
ਤਪੱਸਵੀਆਂ ਦੇ ਤਪ ਟੁੱਟ ਜਾਣ
ਸਮਾਧੀਆਂ ਹਿੱਲ ਜਾਣ
ਤੇਰੀ ਇੱਕ ਝਲਕ ਪਾ
ਖਬਰੇ ਕੌਣ ਤੇਰੇ ਸੁਫਨੇ ਦੀ ਸੁਰਮ ਸਲਾਈ
ਮੇਰੀ ਅੱਖ ਚ ਪਾ ਜਾਂਦਾ ਹੈ
ਕਾਲੀ ਜੇਹੀ ਰਾਤ ਚ
ਕੌਣ ਰੱਖ ਦਿੰਦਾ ਹੈ
ਸਫਿਆਂ ਦੀਆਂ ਸਤਰਾਂ 'ਚ ਜੜ ਕੇ
ਇਕ ਨਵੀਂ ਨਜ਼ਮ
ਜਿਹਨੂੰ ਪੜ੍ਹਦਿਆਂ ਪੜ੍ਹਦਿਆਂ ਦਿਨ ਚੜ੍ਹ ਜਾਂਦਾ ਹੈ
ਉਦਾਸ ਜੇਹਾ ਦਿਲ ਵਿਰ ਜਾਂਦਾ ਹੈ ਘੜੀ ਪਲ ਲਈ
ਤੂੰ ਰੋਜ਼ ਆ ਜਾਇਆ ਕਰ ਸੁਫਨਿਆਂ 'ਚ
ਵਸੀ ਰਿਹਾ ਕਰ ਯਾਦਾਂ 'ਚ
ਤੁਰੀ ਫਿਰਦੀ ਰਿਹਾ ਕਰ ਫਰਿਆਦਾਂ 'ਚ
-
ਡਾ. ਅਮਰਜੀਤ ਟਾਂਡਾ, ਲੇਖਕ
drtanda101@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.