(2010 ਦੀ ਠੰਢ, ਲੰਡਨ) ਕੁੱਝ ਦਿਨਾਂ ਵਾਸਤੇ ਇੱਕ ਅਮੀਰ ਘਰ 'ਚ ਟਿਕਾਣਾ ਬਣ ਗਿਐ। ਸਾਰੇ ਘਰ ਨੂੰ ਸੁੰਨ ਵੱਢ-ਵੱਢ ਖਾਂਦੀ ਹੈ। ਘਰ ਵੱਡਾ ਕਾਫ਼ੀ ਹੈ। ਪਤਾ ਨਹੀਂ ਸੀ ਲੱਗਦਾ ਕੌਣ ਆਇਆ ਤੇ ਕੌਣ ਗਿਆ! ਦੋ-ਤਿੰਨ ਜੀਅ ਨੇ ਘਰ ਦੇ। ਸਭ ਸ਼ਿਫ਼ਟਾਂ 'ਤੇ ਕੰਮ ਕਰਦੇ ਨੇ। ਕੋਈ ਅੱਧੀ ਰਾਤੀਂ ਘਰ ਵੜਦੈ ਤੇ ਕੋਈ ਸੂਰਜ ਚੜPੇ। ਜਦੋਂ ਕੋਈ ਘਰੋਂ ਨਿਕਲਦਾ ਤਦ ਨੂੰ ਬਾਹਰ ਕਹਿਰਾਂ ਦਾ ਕੱਕਰ ਪੈ ਰਿਹਾ ਹੁੰਦੈ। ਮੈਂ ਦੇਖਦਾਂ, ਕਿਆ ਸਾਲ਼ੀ ਬੁਝਾਰਤ ਜਿਹੀ ਬਣੀ ਹੋਈ ਹੈ? ਵਲੈਤ! ਕੀ ਹੋਈ ਜਾ ਰਿਹੈ। ਕੀ ਨਹੀਂ? ਸੋਚਦਾ ਹੋਇਆ ਉਸ ਘਰੋਂ ਬਾਹਰ ਨਿਕਲਦਾ ਹਾਂ। ਧੁੰਦ ਨੇ ਲੰਮੀ ਦੂਰ ਤੀਕ ਪੈਰ ਪਸਾਰ ਰੱਖੇ ਨੇ। ਬਰਫ਼ ਲਹਿ-ਲਹਿ ਡਿਗਦੀ ਹੈ ਕੱਚੀ ਕੰਧ ਦੇ ਲਿਓਂੜਾ ਵਾਂਗ, ਭੀੜੀਆਂ ਗਲੀਆਂ ਥੋੜ੍ਹੀ ਦੂਰ ਨੇ। ਇੱਕ ਦਿਨ ਮੈਂ ਸਵੇਰੇ-ਸਵੇਰੇ ਇਨ੍ਹਾਂ ਭੀੜੀਆਂ ਗਲੀਆਂ ਵਿੱਚ ਜਾ ਵੜਿਆ ਸਾਂ, ਕਾਰਾਂ ਇਉਂ ਸੁੱਤੀਆਂ ਪਈਆਂ ਇੱਕ-ਦੂਸਰੀ ਨਾਲ਼ ਲੱਗਕੇ... ਜਿਵੇਂ ਕੁੱਕੜ-ਕੁੱਕੜੀਆਂ ਠੰਢ 'ਚ ਸੁੰਗੜੀਆਂ ਹੋਈਆਂ ਹੋਣ!
ਬੁੱਢੇ ਅੰਕਲ ਨੇ ਆਖਿਆ, "ਪਰਸੋਂ ਨੂੰ ਮੇਰਾ ਬਿਆਸੀਵਾਂ ਜਨਮ ਦਿਨ ਏਂ, ਮੇਰੇ ਦੋਹਤੇ, ਪੋਤੇ, ਧੀਆਂ ਤੇ ਪੁੱਤਰ ਦੂਰੋਂ-ਦੂਰੋਂ ਚੱਲ ਕੇ ਆਉਣਗੇ, ਮੇਰੀ ਵੱਡੀ ਧੀ ਬੈਲਜ਼ੀਅਮ ਤੋਂ ਫਲਾਈਟ ਫੜ ਰਹੀ ਹੈ। ਬਾਕੀ ਆਉਣ ਵਾਲੇ ਵੀ ਕੋਈ ਹਜ਼ਾਰ ਕਿਲੋਮੀਟਰ ਕੋਈ ਸੱਤ-ਅੱਠ ਸੌਂ ਤੋਂ ਘੱਟ ਨਹੀਂ, ਮੈਨੂੰ ਲੱਗਦੈ ਸਾਰੇ ਬਾਹਰ ਈ ਕਿਤੇ ਬੈਠਣਾ ਚਾਂਹਦੇ ਨੇ, ਮੇਰੇ ਬੱਚੇ ਮੇਰੇ ਲਈ ਵੰਨ-ਸੁਵੰਨੇ ਗਿਫ਼ਟ ਲਿਆਣਗੇ।" ਦੱਸ ਰਹੇ ਬੁੱਢੇ ਅੰਕਲ ਦੀਆਂ ਅੱਖਾਂ 'ਚ ਲਿਸ਼ਕ ਵੇਖਣ ਵਾਲੀ ਹੈ। "ਅੰਕਲ, ਲੱਗਦੈ ਥੁਆਡੇ ਪਰਦੇਸੀਆਂ ਦੀ ਜ਼ਿੰਦਗੀ 'ਚ ਦੋ ਮੌਕੇ ਬੜੇ ਖ਼ੁਸ਼ੀ ਵਾਲੇ ਹੁੰਦੇ ਨੇ, ਇੱਕ ਬ੍ਰਥ-ਡੇ ਤੇ ਦੂਜਾ ਮੈਰਿਜ ਇਨਵਰਸਰੀ, ਇਸ ਤੋਂ ਇਲਾਵਾ ਹੋਰ ਕੇਹੜਾ ਮੌਕਾ...?" ਮੇਰੀ ਗੱਲ ਕੱਟ ਗਿਆ, "ਓ ਤੂੰ ਸੱਚ ਪੁੱਛਿਐ ਪੁੱਤਰ, ਬਾਕੀ ਦੇ ਦਿਨ ਉਦਰੇਵੇਂ ਮਾਰੇ, ਇਕੱਲਤਾ ਤੇ ਨੀਰਸ ਭਰੇ, ਜਿਹੜਾ ਘਰ 'ਚ ਕੱਲਾ ਏ, ਉਹ ਕੀ ਕਰੇ? ਕਿੰਨਾ ਕੁ ਚਿਰ ਡੇਅ-ਸੈਂਟਰ ਜਾਂ ਗੁਰੂ ਘਰ ਬੈਠਾ ਰਹੇ, ਜ਼ਿੰਦਗੀ ਤੇ ਜ਼ਿੰਦਗੀ ਏ ਨਾ ਪੁੱਤਰ, ਹਰ ਇੱਕ ਨੂੰ ਕਿਸੇ ਨਾ ਕਿਸੇ ਦਾ ਸਾਥ ਚਾਹੀਦੈ ਜੀਵਨ ਵਿੱਚ।" ਗੱਲਾਂ ਕਰਦੇ ਬੁੱਢੇ ਨੇ ਆਪਣਾ ਮੋਬਾਈਲ ਭੱਜ ਕੇ ਚੁੱਕਿਆ। ਅੱਜ ਬੜੇ ਦਿਨਾਂ ਬਾਅਦ ਉਹਦੇ ਫੋਨ ਦੀ ਖ਼ਾਮੋਸ਼ੀ ਟੁੱਟੀ ਸੀ। ਫੋਨ ਸੁਣ ਕੇ ਉਸ ਨੇ ਦੱਸਿਆ, "ਮੇਰੀ ਧੀ ਆ ਰਹੀ ਏ ਏਥੋਂ ਵਾਲੀ, ਏਹ ਵੀ ਰੰਡੇਪਾ ਕੱਟ ਰਹੀ ਏ, ਬੱਚੇ ਵੱਡੇ ਹੋ ਕੇ ਆਪੋ-ਆਪਣੇ ਟਿਕਾਣੇ ਜਾ ਲੱਗੇ ਨੇ, ਮੈਂ ਬੜੀ ਵਾਰ ਕਿਹਾ ਕਿ ਮੇਰੇ ਕੋਲ਼ ਆ ਜਾ, ਜਾਂ ਮੈਨੂੰ ਆਪਣੇ ਕੋਲ਼ ਬੁਲਾ ਲੈ, ਪਰ ਨਹੀਂ ਮੰਨਦੀ, ਕਹਿੰਦੀ ਏ ਡੈਡ ਤੇਰੀ ਆਪਣੀ ਲਾਈਫ਼ ਏ, ਮੇਰੀ ਆਪਣੀ, ਕਿਉਂ ਇੱਕ ਦੂਜੇ 'ਤੇ ਬੋਝ ਬਣੀਏ? ਏਹ ਵਲੈਤ ਏ ਪੁੱਤਰ... ਇੰਡੀਆ ਨਹੀਂ।" ਜਨਮ ਦਿਨ ਬਾਹਰ ਨਹੀਂ ਕਿਧਰੇ, ਸਗੋਂ ਘਰੇ ਹੀ ਮਨਾਏ ਜਾਣ ਦਾ ਫ਼ੈਸਲਾ ਹੋਇਆ ਹੈ। ਆਥਣੇ ਧੀ ਆਈ। ਪਿਉ-ਧੀ ਅੰਗਰੇਜ਼ੀ 'ਚ ਗੱਲਾਂ ਕਰਨ... ਫਰਨ... ਫਰਨ...।
ਜਨਮ ਦਿਨ ਦੀ ਆਥਣ ਬੁੱਢੇ ਅੰਕਲ ਦੇ ਤਿੰਨ ਬੁੱਢੇ ਦੋਸਤ ਆ ਗਏ ਨੇ। ਇਹ ਆਪਸ ਵਿੱਚ ਕਾਫ਼ੀ ਚਿਰ ਮਗਰੋਂ ਮਿਲੇ ਲੱਗਦੇ ਨੇ। ਰੋਜ਼ ਵਾਂਗ ਨਹੀਂ ਮਿਲਦੇ ਏਹੇ, ਵਰ੍ਹੇ-ਛਿਮਾਹੀ ਮਿਲਦੇ ਨੇ। ਤਿੱਤਰ ਮਾਰਕਾ (ਫੇਮਸ ਗਰਾਊਸ ) ਵਿਸਕੀ ਦੀਆਂ ਚੁਸਕੀਆਂ ਲੈਂਦਿਆਂ ਰਾਤ ਹੋਰ-ਹੋਰ ਲੰਮੇਰੀ ਹੁੰਦੀ ਜਾ ਰਹੀ ਹੈ। ਧੀ ਨੇ ਘੰਟੇ ਵਿੱਚ ਹੀ ਦੋ-ਤਿੰਨ ਵੰਨੀਂ ਦਾ ਚਿਕਨ ਬਣਾ ਲਿਐ ਤੇ ਡਿਨਰ ਵਿੱਚ ਕਾਫ਼ੀ ਕੁੱਝ ਹੋਰ ਤਿਆਰ ਕੀਤੈ, ਜੋ ਸਭਦੇ ਖਾਣ ਦੇ ਕੰਮ ਆਇਐ। ਬਾਕੀ ਖਾਣੇ ਦਾ ਆਰਡਰ ਬਾਹਰੋਂ ਬੋਲ ਦਿੱਤਾ ਗਿਐ। ਅੰਕਲ ਬੜਾ ਖ਼ੁਸ਼ ਹੈ ਅੱਜ, ਜਿਵੇਂ ਵਿਆਹ ਹੋਵੇ ਉਹਦਾ! ਅੰਕਲ ਦੇ ਇੱਕ ਦੋਸਤ ਨੇ ਗੀਤ ਗਾਇਆ, ਸਭ ਝੂਮ ਉੱਠੇ। ਗੀਤ ਬੋਲ ਸਨ: ਮੇਲਾ ਚਾਰ ਦਿਨਾ ਦਾ ਹੋ ਮੇਲਾ ਚਾਰ ਦਿਨਾ ਦਾ... ਪਾਰਟੀ ਰੰਗਤ ਫੜ੍ਹ ਗਈ ਹੈ। ਮੈਂ ਵੱਖਰੀ ਤਰ੍ਹਾਂ ਦਾ ਮਹਿਸੂਸ ਕਰ ਰਿਹਾਂ ਕਿ ਕੈਸਾ ਹੈ ਪਰਵਾਸ? ਮਨੁੱਖ ਨੂੰ ਕਿੰਨੀ ਚਾਹਤ ਹੈ ਨਿੱਕੀਆਂ-ਵੱਡੀਆਂ ਖ਼ੁਸ਼ੀਆਂ ਦੀ! ਮਨੁੱਖ ਉਯੱਡਣ ਲਈ ਖੰਭ ਚਾਹੁੰਦਾ ਹੈ। ਨੱਚਣ-ਕੁੱਦਣ ਲਈ ਖੇੜਾ ਚਾਹੁੰਦਾ ਹੈ। ਖ਼ੁਸ਼ੀ ਦੇ ਭਰੇ ਟੋਕਰੇ ਚਾਹੁੰਦਾ ਹੈ ਪਰ ਸੋਗ ਤੇ ਰੋਣ-ਧੋਣ ਤੋਂ ਸਭ ਭੱਜਦੇ ਨੇ। ਕਿਆ ਨੇ ਜੀਵਨ ਦੀਆਂ ਅਟੱਲ ਸਚਿਆਈਆਂ ਮੇਰੇ ਮਾਲਕਾ! ਬ੍ਰਥ-ਡੇ ਪਾਰਟੀ ਸੁਹਣੇ ਤਰੀਕੇ ਮੁੱਕੀ ਹੈ। ਖਾ-ਪੀ ਕੇ ਸਭ ਪਰਤ ਗਏ ਨੇ ਆਪੋ-ਆਪਣੇ ਟਿਕਾਣਿਆਂ ਨੂੰ। ਰਸੋਈ ਵਿੱਚ ਭਾਂਡੇ ਖੜPਕਾ ਹਟੀ ਬੁੱਢੇ ਦੀ ਧੀ ਨੇ ਆਪਣੇ ਹੱਥਾਂ ਉਯੱਤੇ ਕਰੀਮ ਮਲੀ। ਮੇਰੇ ਪੁੱਛਣ 'ਤੇ ਉਸ ਦੱਸਿਆ, "ਏਹ ਕ੍ਰੀਮ ਮੈਨੂੰ ਐਲਰਜ਼ੀ ਤੋਂ ਬਚਾਂਦੀ ਏ, ਖਾਣਾ ਬਣਾਉਣ ਤੇ ਬਰਤਨ ਧੋਣ ਨਾਲ ਹੱਥਾਂ 'ਤੇ ਫੋੜਾ-ਫਿਨਸੀ ਨਹੀਂ ਹੁੰਦੀ, ਮੇਰਾ ਭਾਵ ਏ ਕਿ ਇਨਫੈਕਸ਼ਨ...।" ਏਨਾ ਆਖ ਉਹ ਆਪਣੇ ਰੂਮ ਵੱਲ ਚਲੇ ਗਈ ਹੈ। ਡੂੰਘੇ ਸੋਫੇ ਵਿੱਚ ਬੈਠਾ ਮੈਂ ਸੋਚਾਂ, ਲੰਡਨ ਦੇ ਭਾਂਤ-ਸੁਭਾਂਤੇ ਰੰਗਾਂ ਬਾਰੇ। ਮਾਂ ਚੇਤੇ ਆਈ ਹੈ। ਘਰ ਤੇ ਪਿੰਡ ਬਾਰੇ ਸੋਚਣ ਲੱਗਿਆ ਹਾਂ।
ਪਿੰਡ ਦੇ ਗੁਰਦੁਵਾਰਿਓਂ ਭਾਈ ਜੀ ਦੇ ਬੋਲਣ 'ਤੇ ਮਾਂ ਚੁੱਲ੍ਹੇ ਅੱਗ ਪਾਉਂਦੀ। ਪਾਣੀ ਤੱਤਾ ਧਰਦੀ। ਸਾਰਾ ਟੱਬਰ ਹਾਲੇ ਘੂਕ ਸੌਂ ਰਿਹਾ ਹੁੰਦੈ। ਘਰ ਦਾ ਵਿਹੜਾ ਸੁੰਭਰਨ ਲੱਗਦੀ। ਫਿਰ ਚਾਹ ਉਬਲਦੀ। ਪਸ਼ੂਆਂ ਦਾ ਗੋਹਾ-ਕੂੜਾ ਚੁੱਕਦੀ ਤੇ ਗੋਹੇ ਦੇ ਕਈ-ਕਈ ਬੱਠਲ ਭਰ-ਭਰ ਕੇ ਸਿਰ ਉਯੱਤੇ ਢੋਂਹਦੀ ਰੂੜੀ 'ਤੇ ਸੁੱਟ੍ਹਦੀ। ਬੱਠਲ ਹੇਠਾਂ ਰੱਖਣ ਵਾਲਾ ਇੰਨੂੰ ਵੀ ਬੋਦਾ ਜਿਹਾ ਹੋ ਗਿਐ। ਮੈਂ ਆਖਿਆ ਸੀ... ਇੱਕ ਦਿਨ ਕਿ ਮਾਂ ਤੇਰਾ ਸਿਰ ਬੱਠਲ ਦੇ ਭਾਰ ਨਾਲ਼ ਦੁਖਦਾ ਹੋਣੈ, ਨਵਾਂ ਇਨੂੰ ਬਣਾ ਲੈ ਹੁਣ! ਇਹ ਸੁਣ ਮਾਂ ਦੀਆਂ ਅੱਖਾਂ ਚਮਕੀਆਂ ਤੇ ਉਹਨੇ ਘੁੱਟ ਕਲੇਜੇ ਲਾਇਆ, "ਹਾਏ ਵੇ ਮੇਰਿਆ ਪੁੱਤਾ, ਐਨਾ ਮੋਹ ਆਉਂਦੈ ਤੈਨੂੰ ਮੇਰਾ?" ਲੰਡਨ ਦੇ ਰਾਤ-ਭਰੇ ਘਰ 'ਚ ਇਸ ਸਭ ਕਾਸੇ ਨੂੰ ਚਿਤਵਦਿਆਂ ਮੇਰੀਆਂ ਅੱਖਾਂ ਵਹਿ ਤੁਰੀਆਂ ਨੇ। ਮੇਜ਼ ਹੇਠਾਂ ਪਈ ਬੁੱਢੇ ਅੰਕਲ ਦੀ ਬੋਤਲ ਬਲੈਕ-ਲੇਬਲ 'ਚੋਂ ਇੱਕ ਪੈਯੱਗ ਹੋਰ ਪਾਇਆ ਹੈ। ਬੈਠਾ-ਬੈਠਾ ਸੋਚਾਂ ਵਿੱਚ ਫਿਰ ਪਿੰਡ ਪਰਤ ਆਇਆ ਹਾਂ।
ਵਿਹੜੇ ਵਿੱਚ ਚਿੜੀਆਂ ਚਹਿਕਣ ਲੱਗਦੀਆਂ। ਸੂਰਜ ਸਿਰੀ ਉਤਾਂਹ ਨੂੰ ਚੁੱਕਦਾ-ਚੁੱਕਦਾ ਉਚਾ ਉੱਠਦਾ, ਮਾਂ ਦੀਆਂ ਆਵਾਜ਼ਾਂ ਸੁਣਦੀਆਂ, "ਵੇ ਉਠੋ ਮੇਰੇ ਮੱਖਣੋ, ਤਿਆਰ ਹੋਵੋ ਸਕੂਲ ਨੂੰ।"ਉਹ ਚੁੱਲ੍ਹੇ ਮੂਹਰੇ ਪੀੜ੍ਹੀ ਡਾਹ ਕੇ ਬੈਠ ਸਾਰੇ ਟੱਬਰ ਦੀਆਂ ਰੋਟੀਆਂ ਲਾਹੁੰਦੀ ਤੇ ਸਾਡੇ ਨਿਆਣਿਆਂ ਲਈ ਨਿੱਕੀਆਂ-ਨਿੱਕੀਆਂ ਪਰੌਂਠੀਆਂ...ਮੱਖਣ 'ਚ ਗੜੁੱਚ ਹੁੰਦੀਆਂ। ਇਸ ਸਭ ਕੁੱਝ ਤੋਂ ਬਾਅਦ, ਮੈਂ ਤਾਂ ਆਪਣੀ ਮਾਂ ਨੂੰ ਕਦੀ ਆਪਣੇ ਹੱਥਾਂ 'ਤੇ ਕੋਈ ਕਰੀਮ ਲਾਉਂਦੀ ਨਹੀਂ ਸੀ ਦੇਖਿਆ। ਸਵੇਰੇ ਅੰਟੀ (ਬੁੱਢੇ ਦੀ ਧੀ) ਨੂੰ ਜ਼ਰੂਰ ਪੁੱਛਾਂਗਾ ਕਿ ਇਹੋ-ਜਿਹੀ ਕਰੀਮ ਦੀਆਂ ਟਿਊਬਾਂ ਕਿੱਥੋਂ ਮਿਲਦੀਆਂ ਨੇ, ਮੈਂ ਵੀ ਆਪਣੀ ਮਾਂ ਲਈ ਖ਼ਰੀਦ ਕੇ ਲੈ ਜਾਵਾਂ ਇੰਡੀਆ ਜਾਂਦਾ ਹੋਇਆ, ਪਰ ਨਹੀਂ... ਨਹੀਂ... ਕੀ ਲੋੜ ਹੈ! ਆਪਣੇ ਆਪ ਹੀ ਮਨ ਪਲਟ ਗਿਐ ਪਲ ਵਿੱਚ...। ਮੇਰੀ ਮਾਂ ਦੇ ਹੱਥਾਂ ਨੂੰ ਕਦੇ ਐਲਰਜ਼ੀ ਨਹੀਂ ਹੋਈ, ਤੇ ਨਾ ਹੋਵੇਗੀ, ਕਿਉਂਕਿ ਮੇਰੀ ਮਾਂ ਪੰਜਾਬ 'ਚ ਰਹਿੰਦੀ ਹੈ... ਲੰਡਨ 'ਚ ਨਹੀਂ! ਪੰਜਾਬ ਲੰਡਨ ਨਾਲ਼ੋਂ ਕਿਤੇ ਵੱਧ ਤਾਕਤਵਰ ਹੈ। ਪੰਜਾਬ ਜਿਊਂਦਾ ਗੁਰੂਆਂ ਦੇ ਨਾਂ 'ਤੇ...। ਅਰੇ ਵਾਹ...ਲੰਡਨ...ਤੇਰੇ ਰੰਗ ਅਨੇਕ...!
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.