ਹੁਣੇ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਲਗਾਤਾਰ ਤੀਜੀ ਵੱਡੀ ਤੇ ਇਤਿਹਾਸਕ ਜਿੱਤ ਹੋਈ ਹੈ। 70 ਸੀਟਾਂ ਵਾਲੀ ਵਿਧਾਨ ਸਭਾ ਵਿਚ ਆਪ ਦੇ 62 ਉਮੀਦਵਾਰ ਜਿੱਤ ਕੇ ਆਏ, ਜਦ ਕਿ ਆਪਣੀ ਸਾਰੀ ਤਾਕਤ ਝੋਕਣ ਦੇ ਬਾਵਯੂਦ ਬੀਜੇਪੀ ਸਿਰਫ 8 ਦੇ ਅੰਕੜੇ ਤਕ ਹੀ ਪੁੱਜ ਸਕੀ। ‘ਆਪ’ ਤੋਂ ਪਹਿਲਾਂ ਦਿੱਲੀ ਵਿਚ ਸ਼ੀਲਾ ਦੀਕਸ਼ਤ ਦੀ ਅਗਵਾਈ ਵਿਚ ਲਗਾਤਾਰ 15 ਸਾਲ ਸਰਕਾਰ ਚਲਾ ਚੁੱਕੀ ਕਾਂਗਰਸ ਦੁਬਾਰਾ ਫਿਰ ਸਿਫਰ ਦਾ ਅੰਕੜਾ ਤੋੜਨ ਵਿਚ ਸਫਲ ਨਹੀਂ ਹੋਈ ਅਤੇ ਇਸ ਦੇ 65 ਉਮੀਦਵਾਰ ਜਮਾਨਤਾਂ ਵੀ ਨਹੀਂ ਬਚਾ ਸਕੇ । ਆਪ ਨੂੰ ਇਨਾਂ ਚੋਣਾਂ ਵਿਚ 53.7%, ਬੀਜੇਪੀ ਨੂੰ 38.5% ਅਤੇ ਕਾਂਹਰਸ ਨੂੰ 4.3 % ਵੋਟਾਂ ਹਿਸੇ ਆਈਆਂ ਨੇ। 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਬੀਜੇਪੀ ਨੂੰ 56%, ਕਾਂਗਰਸ ਨੂੰ 22% ਅਤੇ ਆਪ ਤੀਜੇ ਥਾਂ ਤੇ ਰਹੀ ਸੀ।
‘ਆਪ’ ਨੇ 5 ਸਾਲਾਂ ਦੌਰਾਨ ਕੀਤੀ ਸ਼ਾਨਦਾਰ ਕਾਰਗੁਜਾਰੀ ਸਦਕਾ ਫਿਰ ਇਕ ਵਾਰ 2015 ਚੋਣਾਂ ਵਿਚ ਮਿਲੀਆਂ 67 ਸੀਟਾਂ ਦੇ ਕਰੀਬ ਪੁੱਜਕੇ ਇਕ ਨਵਾਂ ਇਤਿਹਾਸ ਸਿਰਜਿਆ।
ਇਨਾਂ ਚੋਣਾ ਦੌਰਾਨ ਕੇਂਦਰ ਵਿਚ ਰਾਜ ਕਰਦੀ ਬੀਜੇਪੀ ਨੇ ਬੇਹੱਦ ਨਕਾਰਾਤਮਿਕ ਰਾਜਨੀਤਕ ਪਹੁੰਚ ਦਾ ਪ੍ਰਦਰਸ਼ਨ ਕਰਦੇ ਸਮਾਜ ਵਿਚ ਧਰੁਵੀਕਰਨ ਅਤੇ ਤਾਨਾਸ਼ਾਹੀ ਸੋਚ ਨਾਲ ਨਫਰਤ ਫੈਲਾਉਣ ਦੀਆਂ ਸਾਰੀ ਹੱਦਾਂ ਪਾਰ ਕਰ ਦਿਤੀਆਂ। ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਈ ਰਾਜਾਂ ਦੇ ਮੁੱਖ ਮੰਤਰੀ, ਸਾਰੇ ਸਾਂਸਦ ਅਤੇ ਸਹਿਯੋਗੀ ਪਾਰਟੀਆਂ ਦੇ ਨੇਤਾਵਾਂ ਨੇ ਜਨਤਕ ਮੁੱਦਿਆਂ ਨੂੰ ਤਾਂ ਇਕ ਦਮ ਲਾਂਭੇ ਰੱਖਿਆ। ਸਿਰਫ ਕੇਜਰੀਵਾਲ ਨੂੰ ਅਤੰਕੀ ਅਤੇ ਪਾਕਿਸਤਾਨ ਹਮਾਇਤੀ ਗਰਦਾਨਣ ਤੇ ਹੀ ਸਾਰੀ ਮੁਹਿੰਮ ਕੇਂਦਰਿਤ ਕਰ ਦਿੱਤੀ। ਬੀਜੇਪੀ ਨੇਤਾਵਾਂ ਵਲੋਂ ਮੁੱਖ ਤੌਰ ਤੇ ਬਹੁ ਚਰਚਿਤ ਨਾਗਰਿਕ ਸੋਧ ਕਨੂੰਨ, ਕੌਮੀ ਨਾਗਰਿਕ ਰਜਿਸਟਰ ਅਤੇ ਕੌਮੀ ਵਸੋਂ ਰਜਿਸਟਰ ਨੂੰ ਸਹੀ ਕਹਿਣਾ ਵੀ ਕਿਤੇ ਨਾਂ ਕਿਤੇ ਲੋਕਾਂ ਵਲੋ ਚੰਗਾ ਨਹੀਂ ਸਮਝਿਆ ਗਿਆ । ਜਿਸ ਤਰ੍ਹਾਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਆਪਣੇ ਭਾਸ਼ਣਾਂ ਵਿਚ ਸ਼ਾਹੀਨ ਬਾਗ ਅੰਦੋਲਨਕਾਰੀ ਮਹਿਲਾਵਾਂ ਨੂੰ ਬੇਇਜਤ ਕਰਨ ਵਾਲੀ ਭਾਸ਼ਾ ਦਾ ਇਸਤੇਮਾਲ ਕੀਤਾ ਉਸ ਨਾਲ ਤਾਂ ਸਮੁੱਚੇ ਦੇਸ਼ ਵਾਸੀਆਂ ਦੇ ਹਿਰਦਿਆਂ ਨੂੰ ਗਹਿਰੀ ਠੇਸ ਪੁੱਜੀ। ਪਹਿਲਾਂ ਹੀ ਜਨਤਾ ਬੀਜੇਪੀ ਦੀਆਂ ਗਲਤ ਨੀਤੀਆਂ ਕਾਰਨ ਆਰਥਿਕ ਬਦਹਾਲੀ ਅਤੇ ਸਿਖਰਾਂ ਨੂੰ ਛੂਹ ਰਹੀ ਬੇਰੁਜਗਾਰੀ ਕਾਰਨ ਭਾਰੀ ਰੋਹ ਵਿਚ ਸੀ। ਪਿਛਲੇ ਦਿਨਾਂ ਵਿਚ ਦਿੱਲੀ ਪੁਲਿਸ ਵਲੋ ਜਾਇਜ਼ ਮੰਗਾਂ ਲਈ ਪ੍ਰਦਰਸ਼ਨ ਕਰਦੇ ਵਿਦਿਆਰਥੀਆਂ ਤੇ ਕੀਤੇ ਅੰਨੇ ਵਾਹ ਤਸ਼ੱਦਤ ਕਾਰਨ ਵੀ ਲੋਕਾਂ ਦੇ ਰੋਹ ਨੂੰ ਬੀਜੇਪੀ ਨੇਤਾ ਸਮਝ ਨਹੀਂ ਸਕੇ। ਇਸ ਸਾਰੇ ਦਾ ਗੁੱਸਾ ਦਿੱਲੀ ਦੇ ਵੋਟਰਾਂ ਨੇ ਬੀਜੇਪੀ ਨੂੰ ਨਕਾਰ ਕੇ ਕੱਢਿਆ।
ਜਿੱਥੋਂ ਤਕ ਕਾਗਰਸ ਦੀ ਕਾਰਗੁਜਾਰੀ ਦਾ ਸਵਾਲ ਹੈ ਉਹ ਸਮੁਚੀ ਚੋਣ ਮੁਹਿੰਮ ਦੌਰਾਨ ਗੰਭੀਰ ਹੀ ਨਹੀਂ ਜਾਪੀ ਅਤੇ ਨਾਂ ਹੀ ਇਸ ਨੇ ਸਮਾਂ ਰਹਿੰਦੇ ਵਿਗੜੇ ਅਕਸ਼ ਨੂੰ ਸੁਧਾਰਨ ਲਈ ਕੋਈ ਯਤਨ ਕੀਤਾ । ਇਸ ਵਿਚ ਰਹਿੰਦੀ ਖੂੰਹਦੀ ਕਸਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆ ਨਾਕਾਮੀਆਂ ਨੂੰ ਕੇਜਰੀਵਾਲ ਨਾਲੋਂ ਵੱਡੀਆਂ ਪ੍ਰਾਪਤੀਆਂ ਦੱਸ ਕੇ ਕੱਢ ਦਿੱਤੀ ਅਤੇ ਬੀਜੇਪੀ ਬਾਰੇ ਚੁੱਪੀ ਸਾਧੀ ਰੱਖੀ। ਨਤੀਜਾ ਸਿਰਫ ਜੀਰੋ ਦਾ ਜ਼ੀਰੋ। ਦੋਵੇਂ ਬੀਜੇਪੀ ਤੇ ਕਾਂਗਰਸ ਕੇਜਰੀਵਾਲ ਦੇ ਮੁਕਾਬਲੇ ‘ਚ ਮੁੱਖ ਮੰਤਰੀ ਦਾ ਉਮੀਦਵਾਰ ਵੀ ਨਹੀਂ ਘੋਸ਼ਿਤ ਕਰ ਸਕੀਆਂ।
ਇਸ ਸਮੇਂ ਕੇਜਰੀਵਾਲ ਦੀ ਪਾਰਟੀ ਦੀ ਵੱਡੀ ਜਿੱਤ ਦੇਸ਼ ਦੀ ਸਮੁਚੀ ਰਾਜਨੀਤੀ ਨੂੰ ਨਵਾਂ ਰੁੱਖ ਦੇਣ ਦਾ ਸੰਕੇਤ ਸਮਝੀ ਜਾ ਸਕਦੀ ਹੈ। ਚੋਣ ਨਤੀਜਿਆਂ ਤੋਂ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਜਨਤਾ ਨੇ ਬੀਜੇਪੀ ਵਲੋਂ ਧਰਮ ਅਤੇ ਨਫਰਤ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਨਕਾਰ ਕੇ ਕੇਜਰੀਵਾਲ ਦੀ ਵਿਕਾਸ ਅਤੇ ਵਧੀਆ ਗਵੱਰਨੈਂਸ ਦੀ ਨੀਤੀ ਤੇ ਮੋਹਰ ਲਗਾਈ ਹੈ।
ਪੂਰੀ ਚੋਣ ਮੁਹਿੰਮ ਬੀਜੇਪੀ ਨੇ ਧਰਮ ਦੇ ਨਾਮ ਤੇ ਵੋਟਰਾਂ ਨੂੰ ਵੰਡਣ ਅਤੇ ਸ਼ਾਹੀਨ ਬਾਗ ਵਿਚ ਲੰਮੇ ਸਮੇ ਤੋਂ ਚਲ ਰਹੇ ਨਾਗਰਿਕ ਕਨੂੰਨ ਸੋਧ, ਕੌਮੀ ਨਾਗਰਿਕਤਾ ਰਜਿਸਟਰ ਅਤੇ ਕੌਮੀ ਵਸੋਂ ਰਜਿਟਰ ਵਿਰੁੱਧ ਮਹਿਲਾਵਾਂ ਦੇ ਪ੍ਰਦਰਸ਼ਨ ਖਿਲਾਫ ਜਹਿਰ ਉਗਲਣ ਤੇ ਕੇਂਦਰਤ ਕੀਤੀ, ਜਿਸ ਨੂੰ ਦਿੱਲੀ ਦੀ ਜਨਤਾ ਨੇ ਸਿਰੇ ਤੋਂ ਨਕਾਰ ਸੁੱਟਿਆ।
ਦੂਜੇ ਪਾਸੇ ਕੇਜਰੀਵਾਲ ਨੇ ਆਪਣੀ ਸਰਕਾਰ ਵਲੋਂ ਸਿਖਿਆ, ਸਿਹਤ, ਮੁਫਤ ਪਾਣੀ , ਸਸਤੀ ਬਿਜਲੀ, ਵਿਕਾਸ ਅਤੇ ਹੋਰ ਅਨੇਕਾਂ ਜਨਤਕ ਸਹੂਲਤਾਂ ਅਧਾਰ ਬਣਾ ਕੇ ਵਿਕਾਸ ਅਤੇ ਵਧੀਆ ਪ੍ਰਸਾਸ਼ਨ ਨੂੰ ਜਨਤਾ ਅੱਗੇ ਰੱਖ ਕੇ ਵੋਟ ਮੰਗੇ। ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਮੁੱਖ ਮੰਤਰੀ ਨੇ “ ਜੇ ਕਰ ਮੈਂ ਅੱਛਾ ਕੰਮ ਕੀਤਾ ਤਾਂ ਵੋਟ ਦਿਓ ” ਕਹਿ ਕੇ ਵੋਟ ਮੰਗਣ ਦੀ ਜੁਰਅਤ ਕੀਤੀ ਹੋਏ ਅਤੇ ਜਨਤਾ ਨੇ ਵੀ ਠੋਕ ਵਜਾ ਕੇ ਉਸ ਤੇ ਮੋਹਰ ਲਗਾਈ ਹੋਵੇ। ਇਸ ਜਿੱਤ ਤੇ ਵਿਰੋਧੀ ਪਾਰਟੀਆਂ ਦੇ ਸਾਰੇ ਪ੍ਰਮੁੱਖ ਆਗੂਆਂ ਨੇ ਕੇਜਰੀਵਾਲ ਨੂੰ ਵਧਾਈ ਦਿੰਦੇ ਸਕਾਰਾਤਮਿਕ, ਧਰਮ ਨਿਰਪੱਖ ਅਤੇ ਵਿਕਾਸ ਪੱਖੀ ਰਾਜਨੀਤੀ ਨੂੰ ਮਜਬੂਤੀ ਮਿਲਣ ਦੀ ਆਸ ਪ੍ਰਗਟ ਕੀਤੀ ਹੈ।
ਇਨਾਂ ਚੋਣ ਨਤੀਜਿਆਂ ਨੇ ਦੋ ਗੱਲਾਂ ਸਪੱਸ਼ਟ ਕੀਤੀਆਂ ਨੇ, ਪਹਿਲੀ ਇਹ ਕਿ ਦੇਸ਼ ਅੰਦਰ ਧਰਮ ਅਤੇ ਨਫਰਤ ਦੀ ਰਾਜਨੀਤੀ ਲਈ ਕੋਈ ਥਾਂ ਨਹੀਂ । ਦੂਜੀ ਇਹ ਕਿ ਹੁਣ ਜਨਤਾ ਵਿਕਾਸ ਅਤੇ ਸ਼ਾਨਦਾਰ ਪ੍ਰਸਾਸ਼ਨ ਦੇ ਮੁੱਦੇ ਤੇ ਵੋਟ ਦੇਣ ਦੇ ਰਸਤੇ ਚਲ ਪਈ ਹੈ ਜੋ ਕੇ ਪੂਰੀ ਤਰ੍ਹਾਂ ਗੰਧਲੀ ਹੋਈ ਰਾਜਨੀਤੀ ਨੂੰ ਸਹੀ ਦਿਸ਼ਾ ਵਲ ਮੋੜਨ ਦਾ ਸੰਕੇਤ ਦੇ ਰਹੀ ਹੈ। ਨੇੜ ਭਵਿਖ ਵਿਚ ਇਸ ਦਾ ਪ੍ਰਭਾਵ ਪੰਜਾਬ ਦੀ ਰਾਜਨੀਤੀ ਤੇ ਜਰੂਰ ਪੇਣ ਦੀ ਪ੍ਰਬਲ ਸੰਭਾਵਨਾ ਹੈ।
-
ਦਰਸ਼ਨ ਸਿੰਘ ਸ਼ੰਕਰ, ਜਿਲ੍ਹਾ ਲੋਕ ਸੰਪਰਕ ਅਫਸਰ (ਰਿਟ.)
darshan5151@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.