ਖ਼ਬਰ ਹੈ ਕਿ ਅਕਾਲੀ ਦਲ ਦੇ ਆਗੂ ਟਕਸਾਲੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਨੇ ਭਾਜਪਾ ਦੀ ਹਿਮਾਇਤ ਦਾ ਨਾਟਕ ਤਾਂ ਕਰ ਦਿੱਤਾ ਪਰ ਅਸਲ ਵਿੱਚ ਸਚਾਈ ਇਹ ਹੈ ਕਿ ਅਕਾਲੀ ਦਲ ਵਲੋਂ ਦਿੱਲੀ 'ਚ ਭਾਜਪਾ ਉਮੀਦਵਾਰਾਂ ਦੀ ਅੰਦਰਖਾਤੇ ਮੁਖਾਲਫਤ ਕੀਤੀ ਗਈ ਹੈ, ਜਿਸ ਬਾਰੇ ਭਾਜਪਾ ਲੀਡਰਸ਼ਿਪ ਨੂੰ ਸਾਰੀ ਜਾਣਕਾਰੀ ਮਿਲ ਚੁੱਕੀ ਹੈ। ਉਹਨਾ ਕਿਹਾ ਕਿ ਟਕਸਾਲੀ ਗਰੁੱਪ 'ਚ ਹਰ ਉਸ ਹਮਖਿਆਲੀ ਪਾਰਟੀ ਦਾ ਸਵਾਗਤ ਹੈ ਜੋ ਪੰਜਾਬ ਦਾ ਹਿਮਾਇਤੀ ਹੋਏਗਾ। ਯਾਦ ਰਹੇ ਕਿ ਪਿਛਲੇ ਦਿਨੀ ਢੀਂਡਸਾ ਪਰਿਵਾਰ ਵਲੋਂ 23 ਫਰਵਰੀ ਨੂੰ ਅਕਾਲੀ ਕਾਨਫਰੰਸ ਕੀਤੀ ਜਾ ਰਹੀ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਸ ਦਿਨ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਹ ਦਿੱਤਾ ਜਾਏਗਾ।
ਤੁਸੀਂ ਮੰਨੋ ਜਾਂ ਨਾ ਮੰਨੋ, ਆਹ ਅਕਾਲੀਆਂ ਦਾ ਬਾਬਾ ਆਦਮ ਹੀ ਨਿਰਾਲਾ ਆ। ਜੇਕਰ ਕੇਂਦਰ ਨਾਲ ਲੜਨ ਦਾ ਸੂਤ ਨਾ ਲੱਗੇ, ਆਪੋ 'ਚ ਲੜਨ ਲੱਗ ਪੈਂਦੇ ਆ। ਜੇਕਰ ਇੱਕ ਟੱਬਰ ਦੂਜੇ ਟੱਬਰ ਨਾਲ ਲੜਨੇ ਦਾ ਕੋਈ ਬਹਾਨਾ ਨਾ ਲੱਭ ਸਕੇ ਤਾਂ ਟੱਬਰ ਦੇ ਅੰਦਰਲੀ ਲੜਾਈ ਸ਼ੁਰੂ ਕਰ ਦਿੰਦੇ ਆ। ਤੁਸੀਂ ਮੰਨੋ ਜਾਂ ਨਾ ਮੰਨੋ ਆਹ ਅਕਾਲੀਆਂ ਦਾ ਬਾਬਾ ਆਦਮ ਹੀ ਨਿਰਾਲਾ ਆ।
ਤੁਸੀਂ ਮੰਨੋਂ ਜਾਂ ਨਾ ਮੰਨੋ ਬਾਦਲਾਂ ਪਹਿਲਾ ਤਲਵੰਡੀ ਢਾਹਿਆ, ਢੀਂਡਸਾ ਨਾਲ ਰੱਖਿਆ। ਫਿਰ ਟੌਹੜਾ ਗੁਆਇਆ, ਢੀਂਡਸਾ ਨਾਲ ਰੱਖਿਆ। ਫਿਰ ਮਨਪ੍ਰੀਤ, ਬਡਾਲਾ, ਸੇਖਵਾਂ, ਮਾਝੇ ਦਾ ਜਰਨੈਲ ਗੱਡੀ ਚੜ੍ਹਾਇਆ, ਢੀਂਡਸਾ ਨਾਲ ਰੱਖਿਆ। ਹੁਣ ਆਉਣੀ ਹੀ ਸੀ ਵਾਰੀ ਢੀਂਡਸੇ ਦੀ, ਆ ਗਈ ਤੇ ਬਾਦਲਾਂ ਪੱਤਣੋਂ ਪਾਣੀ ਜਾ ਉਹਨੂੰ ਵੀ ਪਿਆਇਆ। ਪਰ ਜਾਪਦਾ "ਬਾਦਲਾਂ ਦਾ ਵੀ ਹੁਣ ਵੇਲਾ ਨੇੜੇ ਹੀ ਆਇਆ, ਜਿਹੜਾ ਢੀਂਡਸੇ ਟਕਸਾਲੀਆਂ, ਅਕਾਲੀਆਂ ਨੂੰ ਨਾਲ ਲੈ ਬਾਦਲਾਂ ਨੂੰ ਪੁਠਾ ਗੇੜ ਦੇਣ ਦਾ "ਭਾਜਪਾ ਦੇ ਚੌਧਰੀਆਂ ਨਾਲ ਜਾ ਹੱਥ ਮਿਲਾਇਆ। ਇਹ ਆਖਦਿਆਂ ਕਿ ਸਾਡਾ ਦਲ ਅਸਲੀ ਅਕਾਲੀ ਦਲ ਆ। ਤਦੇ ਕਹਿੰਦਾ ਆ ਇੱਕ ਕਵੀ, "ਕਿਸੇ ਟੱਬਰ 'ਚ ਏਕਤਾ, ਦਿਸਦੀ ਨਹੀਂ, ਹਰ ਟੱਬਰ ਅਕਾਲੀ ਦਲ ਹੋਇਆ"।
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.