ਖ਼ਬਰ ਹੈ ਕਿ ਕੁਝ ਦਿਨ ਪਹਿਲਾਂ ਦਿੱਲੀ ਦੀ ਇੱਕ ਚੋਣ ਰੈਲੀ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਸੀ, "ਛੇ ਮਹੀਨੇ ਤੋਂ ਬਾਅਦ ਮੋਦੀ ਘਰ ਤੋਂ ਬਾਹਰ ਨਿਕਲਣਗੇ ਤਾਂ ਨੌਜਵਾਨ ਉਹਨਾ ਨੂੰ ਡੰਡੇ ਮਾਰਨਗੇ"। ਇਸ ਬਿਆਨ ਅਤੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸਿਆਸੀ ਮਾਹੌਲ ਕਿੰਨਾ ਕੌੜਾ ਹੈ, ਇਸ ਦੀ ਝਲਕ ਵੈਸੇ ਤਾਂ ਸੰਸਦ ਵਿੱਚ ਵੀ ਦਿਸਦੀ ਰਹੀ ਹੈ ਪਰ ਸ਼ੁੱਕਰਵਾਰ ਨੂੰ ਸ਼ਰਮਸਾਰ ਕਰਨ ਵਾਲੀ ਸਥਿਤੀ ਪੈਦਾ ਹੋ ਗਈ ਜਦੋਂ ਭਾਜਪਾ ਅਤੇ ਤਾਮਿਲਨਾਡੂ ਕਾਂਗਰਸ ਐਮਪੀ ਇੱਕ ਦੂਜੇ ਨਾਲ ਹੱਥੋਪਾਈ ਦੀ ਨੌਬਤ ਆ ਗਈ ਅਤੇ ਗੈਰ ਸੰਸਦੀ ਭਾਸ਼ਾ ਦਾ ਖੁਲ੍ਹ ਕੇ ਪ੍ਰਯੋਗ ਹੋਇਆ।
ਮੈਂ ਐਂਵੇ ਸੋਚ-ਸੋਚ ਕੇ ਆਪਣਾ ਦਿਮਾਗ ਖਰਾਬ ਕਰਦਾ ਰਿਹਾ ਕਿ ਸਿਆਸਤ ਕਰਨ ਵਾਲੇ ਦਿਲ ਤੋਂ ਕੰਮ ਲੈਂਦੇ ਆ ਕੇ ਦਿਮਾਗ ਤੋਂ। ਭਾਈ ਮੇਰਾ ਤਾਂ ਸੋਚ ਸੋਚ ਕੇ ਦਿਮਾਗ ਹੀ ਖਾਲੀ ਹੋ ਗਿਆ, ਕਿਉਂਕਿ ਚਿਰਾਂ ਬਾਅਦ ਸਮਝ ਪਈ ਆ ਕਿ ਇਹਨਾ ਦੇ ਦਿਮਾਗ ਅਤੇ ਦਿਲ 'ਚ ਤਾਂ ਛੱਤੀ ਦਾ ਅੰਕੜਾ ਆ। ਵੇਖੋ ਨਾ ਜੀ ਜੇਕਰ ਦਿਮਾਗ ਹੋਵੇ ਤਾਂ "ਸਿਆਣਿਆਂ ਦੀ ਸਭਾ" 'ਚ ਡੰਡਿਆਂ ਦੀ ਗੱਲ ਕਿਉਂ ਹੋਵੇ? 'ਸਿਆਣਿਆਂ ਦੀ ਸਭਾ' 'ਚ ਹੱਥੋ-ਪਾਈ ਕਿਉਂ ਹੋਵੇ? ਉਂਜ ਭਾਈ ਮੇਰਾ ਵੀ ਦਿਮਾਗ ਭੁੱਲ ਜਾਂਦਾ ਆ ਕਿ "ਸਿਆਣਿਆਂ ਦੀ ਸਭਾ" 'ਚ ਤਾਂ ਅੱਧੋ ਵੱਧ ਫੌਜਦਾਰੀ ਕੇਸਾਂ ਵਾਲੇ ਬੈਠੈ ਆ, ਜਿਹੜੇ ਭਾਈ ਡੰਡਿਆਂ ਦੀ ਗੱਲ ਨਹੀਂ ਕਰਨਗੇ, ਹੱਥੋ-ਪਾਈ ਨਹੀਂ ਹੋਣਗੇ ਤਾਂ ਫਿਰ ਕੀ ਮੂੰਹ 'ਚੋਂ ਫੁੱਲਾਂ ਦੀ ਵਰਖਾ ਕਰਨਗੇ?
ਇਸੇ ਕਰਕੇ ਸੱਜਣੋ ਨੇਤਾਵਾਂ ਦਾ ਦਿਲ ਜਦੋਂ ਕੰਮ ਕਰਨ ਲੱਗ ਪੈਂਦਾ ਹੈ ਤਾਂ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ, ਉਸਦੀ ਬੱਤੀ ਗੁੱਲ ਹੋ ਜਾਂਦੀ ਹੈ। ਦਿਮਾਗ ਖਰਾਬ ਹੋ ਜਾਂਦਾ ਹੈ। ਤਦੇ ਭਾਈ ਨੇਤਾ ਬੰਦੇ ਨੂੰ ਬੰਦਾ ਨਹੀਂ ਸਮਝਦਾ। ਤਦੇ ਭਾਈ ਵੋਟਾਂ ਵੇਲੇ ਨੇਤਾ ਖੋਤੇ ਨੂੰ ਵੀ ਕੁਝ ਹੋਰ ਸਮਝਣ ਲੱਗ ਪੈਂਦਾ ਹੈ। ਵੈਸੇ ਜੀ ਜਦੋਂ ਨੇਤਾ ਹਾਕਮ ਬਣ ਜਾਂਦਾ ਹੈ ਉਹਦੀ 32 ਦੰਦਾਂ 'ਚ ਫਸੀ ਜੀਭ ਕੁਝ ਜਿਆਦਾ ਹੀ ਚਲਣ ਲੱਗ ਪੈਂਦੀ ਹੈ, ਉਹਦੇ ਹੱਥ ਪੈਰ ਕੁਝ ਜਿਆਦਾ ਹੀ ਕੰਮ ਕਰਨ ਲੱਗ ਪੈਂਦੇ ਹਨ ਅਤੇ ਉਹਦਾ ਦਿਮਾਗ "ਅਫ਼ਸਰ" ਆਪਣੇ ਕੋਲ ਗਿਰਵੀ ਰੱਖਕੇ ਉਹਨੂੰ "ਸਵਰਗੀ ਦੂਤ" ਬਣਾ ਦੇਂਦੇ ਹਨ। ਉਂਜ ਦਿਲ ਦੀ ਖਤਾ ਦਾ ਖਮਿਆਜ਼ਾ ਦਿਮਾਗ ਨੂੰ ਭੁਗਤਣਾ ਪੈਂਦਾ ਆ। ਤਦੇ ਹੀ ਤਾਂ ਕਵੀ ਕਹਿੰਦਾ ਹੈ, "ਲੀਹੋਂ ਲੱਥੀਂ ਹੈ ਅੱਜ ਦੀ ਰਾਜਨੀਤੀ, ਵੇਖੋ ਏਹਨੂੰ ਅਧਰੰਗ ਤੇ ਕੋੜ੍ਹ ਹੋਇਆ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
426.42 ਅਰਬ ਡਾਲਰ ਤੱਕ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਪੁੱਜ ਗਿਆ ਹੈ, ਜੋ ਹੁਣ ਤੱਕ ਦੇ ਸਭ ਤੋਂ ਉੱਚੇ ਸਤਰ ਉਤੇ ਹੈ। ਇਹ ਜਾਣਕਾਰੀ ਰਿਜ਼ਰਵ ਬੈਂਕ ਆਫ਼ ਇੰਡੀਆ ਤੋਂ ਪ੍ਰਾਪਤ ਕੀਤੀ ਗਈ ਹੈ।
ਸੰਸਾਰ ਸਿਹਤ ਜੱਥੇਬੰਦੀ ਦੀ ਰਿਪੋਰਟ ਮੁਤਾਬਕ 2018 ਵਿੱਚ ਭਾਰਤ ਦੀ ਆਬਾਦੀ ਇੱਕ ਅਰਬ 35 ਕਰੋੜ ਸੀ। ਇਸ ਵਿਚੋਂ 5 ਸਾਲਾਂ ਦੀ ਰਿਪੋਰਟ ਅਨੁਸਾਰ ਕੈਂਸਰ ਦੇ 22 ਲੱਖ 60 ਹਜ਼ਾਰ ਮਰੀਜ਼ ਦਰਜ਼ ਕੀਤੇ ਗਏ ਸਨ ਤੇ 7,84,800 ਦੀ ਮੌਤ ਹੋਈ।
ਇੱਕ ਵਿਚਾਰ
ਮੇਰੀ ਇੱਕ ਹੀ ਚਾਹਤ ਹੈ ਕਿ ਭਾਰਤ ਇੱਕ ਅੱਛਾ ਉਤਪਾਦਕ ਹੋਵੇ ਅਤੇ ਦੇਸ਼ ਵਿੱਚ ਕੋਈ ਅੰਨ ਤੋਂ ਬਿਨ੍ਹਾਂ ਅੱਥਰੂ ਵਹਾਉਂਦਾ ਹੋਇਆ, ਭੁੱਖਾ ਨਾ ਰਹੇ।
........ਸਰਦਾਰ ਬਲੱਭ ਭਾਈ ਪਟੇਲ
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.