ਅੱਜ ਸਵੇਰੇ ਸਵੇਰੇ ਇਕਬਾਲ ਰਾਮੂਵਾਲੀਏ ਨੇ ਬੜਾ ਤੰਗ ਕੀਤੈ। ਸੁੱਤੇ ਨੂੰ ਜਗਾ ਲਿਆ। ਅਖੇ, "ਭਤੀਜ ਘੁੱਗੀ ਏਨਾ ਨੀ ਸੌਂਈਦਾ ਨਿਕੰਮਿਆ,ਤੜਕੇ ਤੜਕੇ ਉਠਕੇ ਲਿਖੀ ਪੜੀਦਾ ਹੁੰਦੈ... ਉਠ ਉਠ ਮੇਰਾ ਸ਼ੇਰ, ਮੈਂ ਤੇਰੇ ਵਾਸਤੇ ਚਾਹ ਬਣਾ ਲਿਆਇਐਂ, ਆ ਆਪਾਂ ਚਾਚਾ ਭਤੀਜਾ ਚਾਹ ਸੜਾਕੀਏ ਓ...।" "ਤੂੰ ਚਾਚਾ ਯਾਰ ਤੰਗ ਨਾ ਕਰ।" ਮੈਂ ਖਿਝਿਆ। ਗੁਰਦੁਆਰੇ ਭਾਈ ਜੀ ਨਹੀਂ ਜਾਗਿਆ ਤੇ ਨਾ ਹੀ ਹਾਲੇ ਰੋਜ਼ ਵਾਂਗ ਚਿੜੀ ਹੀ ਜਗਾਉਣ ਆਈ ਐ, ਜੋ ਨਿੱਤ ਚੀਂ ਚੀਂ ਦਾ ਚਹਿਕਾਰਾ ਪਾ ਕੇ ਉਠਾਂਦੀ ਹੈ ਮੈਨੂੰ। ਅੱਜ ਚਾਚੇ ਆਣ ਜਗਾਇਐ। ਵਿਹੜੇ ਵਿਚ ਹਾਂ। ਰੁੱਖਾਂ-ਬੂਟਿਆਂ ਵੀ ਅੰਗੜਾਈ ਨਹੀਂ ਭੰਨੀ ਹਾਲੇ। ਸੁਤ ਉਣੀਂਦਾ ਜਿਹਾ ਮੰਜੇ ਉਤੇ ਬੈਠਾ ਹਾਂ। ਨਿਰਣੇ ਕਲੇਜੇ ਤੇ ਸੁੱਚੇ ਮੂੰਹ ਅੱਖਾਂ ਉਛਲੀਆਂ। "ਵਾਹ ਓ ਚਾਚੇ, ਅਜ ਕਿਧਰੋਂ ਸਵੇਰੇ ਸਵੇਰੇ...?" ਮੇਰੇ ਬੁੱਲ ਬੋਲੇ, ਮੂੰਹ ਨਹੀ। ਸਹਿਜ,ਸ਼ਾਂਤ ਤੇ ਸੁੰਦਰ ਸਵੇਰ ਸੋਗ ਭਰੀ ਚੁੱਪ ਵਿਚ ਡੁੱਬ ਚਲੀ ਹੈ। ਲਾਗੇ ਕੁਰਸੀ ਉਤੇ ਪਈ ਡਾਇਰੀ ਕੁਸਕੀ, "ਚੁੱਕ ਲੈ ਤੇ ਝਰੀਟ ਲੈ ਚਾਰ ਅੱਖਰ, ਫੇ ਭੁੱਲ ਜਾਵੇਂਗਾ, ਚਾਚਾ ਆਇਐ ਤੇਰਾ...।"
"ਕੰਜਰਾ, ਆਵਦੀ ਚਾਚੀ ਕੋਲੇ ਜਾ ਆਇਆ ਕਰ, ਫੋਨ ਕਰ ਲਿਆ ਕਰ... ਉਹਨੂੰ ਆਖੀਂ ਗਿੱਲ ਰਾਜ਼ੀ ਬਾਜ਼ੀ ਐ, ਰੋਇਆ ਨਾ ਕਰੇ, ਨਾਲੇ ਗਿਆਨੀ ਨੂੰ, ਮੇਰੇ ਦਿਲ ਦੇ ਟੋਟੇ ਰਛਪਾਲ ਨੂੰ ਆਖੀਂ ਮੈਂ ਛੇਤੀ ਆਊਂ, ਡੋਲਿਆ ਨਾ ਕਰੇ ਕਮਲਾ, ਲਿਖਿਆ ਪੜਿਆ ਕਰੇ ਦੱਬਕੇ।" ਸੁਫਨਾ ਖਿੰਡ ਗਿਐ ਪੀਪੀ 'ਚੋਂ ਖੰਡ ਵਾਂਗੂੰ ਵਿਹੜੇ ਦੀ ਰੇਤ ਵਿਚ।
ਕਦੇ ਉਹਦੀ ਕਵਿਤਾ ਚੇਤੇ ਆਉਂਦੀ ਹੈ, ਕਦੇ ਗ਼ਜ਼ਲ:
ਤਾਰਿਆਂ ਦੀ ਛਾਂਵੇ ਛਤਰੀਆਂ ਲੈ ਕੇ ਤੁਰੇ
ਜੁਗਨੂੰਆਂ ਦੀ ਰੋਸ਼ਨੀ ਨੇ ਸਾੜਿਐ ਏਨੇ ਬੁਰੇ
ਉਹ ਤਰੰਨਮ ਵਿੱਚ ਗਾਉਣ ਲੱਗਿਆ: ਲਾਸ਼ਾਂ ਨਾਲ ਭਰਿਆ ਹੈ ਹਰ ਕਾਲਮ ਖ਼ਬਰਾਂ ਦਾ ਥੋੜ੍ਹਾ ਈ ਫ਼ਰਕ ਹੁਣ ਤਾਂ ਅਖ਼ਬਾਰ ਤੇ ਕਬਰਾਂ ਦਾ... ਜੋ ਵਤਨ 'ਚ ਬਲਦੀ ਏ ਮੇਰੀ ਕਲਮ ਨੂੰ ਤਲਦੀ ਏ ਜੜ੍ਹਾਂ ਵਿੱਚ ਜੇ ਜਗੇ ਜੁਗਨੂੰ ਸਿਵਾ ਬਣ ਜੇ ਨਗਰਾਂ ਦਾ ਥੋੜ੍ਹਾ ਈ ਫਰਕ ਹੁਣ ਤਾਂ... ਕਦੇ ਮੇਰਾ ਗੁਰਭਾਈ ਬਣ ਬਹਿੰਦੈ ਤੇ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਵਾਂਗ ਅਲਾਪ ਲੈਂਦਾ ਹੈ,ਉਹਦੇ ਹੱਥਾਂ ਵਿਚ ਆਣ ਕੇ ਕੱਦੂ ਦੀ ਤੂੰਬੀ ਵੀ ਪ੍ਰਸੰਨ ਚਿਤ ਹੋਕੇ ਟੁਣਕਦੀ ਹੈ। ਕਦੇ ਲਾਚੜਿਆ ਹੋਇਆ ਨਿਆਣਾ ਬਣ ਜਾਂਦੈ ਤੇ ਬਿੱਲੀਆਂ ਬਲੂੰਗੜੇ ਬੁਲਾਉਂਦੈ। ਹਸਦਾ ਤੇ ਹਸਾਉਂਦੈ। ਕਦੇ ਵਿਦਵਾਨ ਬਣ ਗਿਆਨ ਦੇ ਸਾਗਰ ਕੰਢੇ ਲਿਜਾ ਖਿੜ੍ਹਾਉਂਦੈ ਤੇ ਕਿਸੇ ਨੂੰ ਵਾਰੇ ਨਾ ਆਣ ਦਿੰਦੈ। ਸਾਗਰ ਚਾਚੀ ਫਿਕਰ ਕਰਦੀ ਹੈ, "ਹਾਏ ਵੇ ਗਿੱਲਾ, ਨਾ ਬੋਲ ਐਨਾ... ਕਿਹੜੀ ਮਿੱਟੀ ਦਾ ਬਣਿਆਂ, ਤੇਰੀ ਸਮਝ ਨੀ ਪੈਂਦੀ...।" ਫਿਰ ਉਹ ਆਪਣੇ ਪਤੀ ਦੀ ਬਹੁ ਪੱਖੀ ਹਸਤੀ ਤੋਂ ਬਲਿਹਾਰੇ ਜਾਂਦੀ, ਮੁਸਕਰਾਂਦੀ ਤੇ ਡਾਹਢਾ ਮਾਣ ਮਹਿਸੂਸਦੀ। ਇਸ ਸਾਰੇ ਨਜ਼ਾਰੇ ਨੂੰ ਅੱਖੀਂ ਤਕਦਾ ਨਾ ਥਕਦਾ ਮੈਂ। ਰੌਣਕ ਬਣੀ ਰਹਿੰਦੀ। ਰੌਣਕੀ ਆਏਂ ਜਾਂਦੇ। ਖਾਈ ਪੀਵੀ ਜਾਂਦੇ। ਗਾਈ ਜਾਂਦੇ। ਕਵਿਤਾ ਸੁਣਾਈ ਜਾਂਦੇ। ਕਈ ਤੀਮੀਆਂ ਦੇ ਆਏ ਫੋਨ ਉਤੋਂ ਕੁੱਤੇ-ਖਾਣੀ ਕਰਵਾਕੇ ਘਿਰਲ ਬਿੱਲੀਆਂ ਬੁਲਾਉਂਦੇ, ਕਾਰ ਵਿਚ ਜਾ ਬਹਿ ਬੁੜਬੜਾਉਂਦੇ। "ਯਾਰ ਚਾਚਾ, ਮੈਂ ਸੌਣਾ, ਤੂੰ ਜਾਹ ਯਾਰ...।" ਮੈਂ ਖਿਝਿਆ
ਵੇ ਅਜ ਤੂੰ ਬਾਹਲ਼ੀ ਸੰਦੇਹਾਂ ਜਾਗ ਪਿਆਂ, ਕੁਛ ਦੁਖਦਾ ਤਾਂ ਨੀ...?" ਮੈਨੂੰ ਮੰਜੇ ਉਤੇ ਬੈਠਾ ਦੇਖ ਮਾਂ ਬੋਲੀ ਹੈ। "ਨਹੀ ਬੀਬੀ,ਹੁਣੇ ਇਕਬਾਲ ਚਾਚਾ ਆਇਆ ਸੀ ਰਾਮੂਵਾਲੀਆ, ਉਹਦੇ ਨਾਲ ਗੱਲਾਂ ਕਰਦਾ ਸੀ ਮੈਂ...।" ਮੇਰੇ ਗਲੇ ਦੀ ਘਿਗੀ ਬੱਝੀ। ਏਨਾ ਈ ਬੋਲ ਸਕਿਆ ਹਾਂ। "ਕਈ ਦਿਨਾਂ ਦਾ ਉਦਾਸ-ਉਦਾਸ ਜਿਹਾ ਲਗਦੈਂ ਤੂੰ, ਜਿਦਣ ਦਾ ਚੰਡੀਗੜੋ ਆਇਆਂ, ਕਿਸੇ ਚੰਗੇ ਡਾਕਟਰ ਨੂੰ ਵਿਖਾ ਪੁੱਤ, ਅਜ ਦਿਨ ਚੜ੍ਹੇ ਆਖੂੰਗੀ ਅਰੋੜੇ ਨੂੰ ਵਈ ਕੋਈ ਚੰਗੀ ਦਵਾਈ ਲਾਓ ਏਹਨੂੰ,ਵਾਖਰੂ ਭਲਾ ਕਰੇ...।" ਆਖਦੀ ਮਾਂ ਚੌਂਕੇ ਵਲ ਚਲੀ ਗਈ ਹੈ ਚਾਹ ਬਣਾਉਣ। ਮੇਰੀ ਮਾਂ ਵਿਚਾਰੀ ਕੀ ਜਾਣੇ ਕਿ... ਮੋਹ ਦੇ ਮਾਰਿਆਂ ਦੀਆਂ ਮੜ੍ਹੀਆਂ 'ਚ ਉਹਦਾ ਪੁੱਤ ਆਪਣੀ ਥਾਂ 'ਤੇ ਰੋਜ਼ ਕਾਨ੍ਹੀ ਲਗਦੈ... ਘੜੀ ਭੰਨਦੈ ਤੇ ਧਾਹ ਮਾਰਦੈ! (10 ਸਤੰਬਰ,2019, ਸਵੇਰ,3:50 ਵਜੇ)
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.