ਲੇਖਕ ਬਾਬੂ ਸਿੰਘ ਰੈਹਲ ਪੰਜਾਬੀ ਸਾਹਿਤ ਦਾ ਇੱਕ ਪ੍ਰੰਪਰਾਵਾਦੀ,ਜੀਵਨ ਦੀ ਅਸਲੀਅਤਾਂ, ਸਮਾਜਿਕ ਵਰਤਾਰਿਆਂ ਨੂੰ ਰੂਪਮਾਨ ਕਰਨ ਵਾਲਾ, ਚਿੰਤਤ ਲੇਖਕ ਹੈ। ਇਸਤੋਂ ਪਹਿਲਾਂ ਲੇਖਕ ਤਿੰਨ ਵਾਰਤਕ ਪੁਸਤਕਾਂ ਸੱਜਰੀਆਂ ਪੈੜਾਂ, ਠਰੀਆਂ ਰਾਤਾਂ ਦੇ ਕਾਫਲੇ ਅਤੇ ਹਨੇਰਾ ਪੀਸਦੇ ਲੋਕ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਹਥਲੀ ਪੁਸਤਕ "ਸਾਡਾ ਵਿਰਸਾ: ਸਾਡੇ ਲੋਕ" ਪੰਜਾਬੀ ਵਿਰਸੇ ਦੀ ਅਮੀਰੀ ਅਤੇ ਅਨਿੱਖੜਤਾ ਨੂੰ ਦ੍ਰਿਸ਼ਟਮਾਨ ਕਰਦੀ ਹੈ।ਲੇਖਕ ਨੇ ਪੰਜਾਬੀ ਸੱਭਿਆਚਾਰ ਦੇ ਹਰ ਪਹਿਲੂ ਨੂੰ ਛੋਹਿਆ ਹੈ ਅਤੇ ਲੇਖਾਂ ਦੇ ਵਿਸ਼ਾ ਵਸਤੂ ਹੇਠ ਵਿਸਥਾਰ ਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਹੈ। ਪੰਜਾਬੀ ਸੱਭਿਆਚਾਰ ਦੇ ਇਤਿਹਾਸਿਕ ਪਹਿਲੂਆਂ ਨੂੰ ਸੰਜੀਦਗੀ ਅਤੇ ਘੋਖ ਪੂਰਵਕ ਬਿਆਨ ਕਰਕੇ ਲੇਖਕ ਨੇ ਸ਼ਲਾਘਾਯੋਗ ਕਾਰਜ ਕੀਤਾ ਹੈ।ਲੇਖਕ ਨੇ ਪੁਸਤਕ ਵਿਚਲੇ ਲੇਖਾਂ ਵਿੱਚ ਪਾਠਕਾਂ ਦੀ ਦਿਲਚਸਪੀ ਵਧਾਉਣ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਸਾਹਿਤਕ ਬਿੰਬਾਂ ਅਤੇ ਅਲੰਕਾਰਾਂ ਦੀ ਜਿਸ ਤਰ੍ਹਾਂ ਵਰਤੋਂ ਕੀਤੀ ਹੈ, ਕਾਬਲੇ ਤਾਰੀਫ਼ ਹੈ।ਲੇਖਕ ਨੇ ਅਜੋਕੇ ਪੀੜ੍ਹੀ ਦੀ ਸ਼ਬਦਾਵਲੀ ਚ ਅਣਜਾਣ ਸ਼ਬਦਾਂ ਦੀ ਜਾਣਕਾਰੀ ਚ ਵਾਧੇ ਹਿੱਤ ਆਮ ਬੋਲਚਾਲ ਬੋਲੀ ਦੇ ਸ਼ਬਦਾਂ ਦੀ ਪਿੱਠ ਕੇ ਵਰਤੋਂ ਕੀਤੀ ਹੈ; ਜਿਵੇਂ:ਡਲ੍ਹਕਾਂ, ਤੈਹਾਂ,ਨਾਕੀਆਂ,ਉਲਾਂਘਦੀ, ਕਚੂਰ,ਜੀਂਦੈ,ਟੈਂ,ਮਾਲ ਛਿੜਦਾ,ਪਾਲੀ, ਰਿਹਾਉ, ਧਸ ਦੇਕੇ, ਡਾਹਾ, ਡੀਹਟੀਆਂ, ਡਲੇ, ਹਾਲਾ ਭਰਨਾ, ਨਿਉਲ ਲਾਉਣਾ, ਕੱਟਰੂ, ਵੱਛਰੂ, ਵਛੀਕਾ ਛਿੜਦਾ,ਗਭਰੇਟ, ਬਿਨਾਂ ਨਾਗਾ, ਬੁੱਢੇ ਠੇਰੇ, ਖੰਘ-ਖੈੜੇ ਵਾਲੇ, ਸਾਰਾ, ਕਾੜ੍ਹਨੀ,ਤਿਉੜ ਆਦਿ ਜੋ ਸੱਭਿਆਚਾਰ ਪ੍ਰਤੀ ਲੇਖਕ ਦੀ ਅਥਾਹ ਜਾਣਕਾਰੀ, ਵਿਸ਼ਾਲ ਸੂਝਵਾਨਤਾ ਅਤੇ ਪ੍ਰੋੜਤਾ ਦੀ ਗਵਾਹੀ ਦਿੰਦੇ ਹੈ।ਲੇਖਕ ਨੇ ਅਲਿਖਤ ਸਾਹਿਤ ਨੂੰ ਵੀ ਇਸ ਪੁਸਤਕ ਦੇ ਜ਼ਰੀਏ ਲਿਖਤ ਰੂਪ ਚ ਸਾਂਭਣ ਦੀ ਸਿਰਤੋੜ ਅਤੇ ਸੁਹਿਰਦ ਕੋਸ਼ਿਸ਼ ਕੀਤੀ ਹੈ।ਲੇਖਕ ਨੇ ਪੰਜਾਬੀਆਂ ਦੇ ਕੰਮਾਂ, ਤਿਉਹਾਰਾਂ, ਆਦਤਾਂ, ਪਹਿਰਾਵੇ, ਗੀਤ-ਸੰਗੀਤ, ਇਤਿਹਾਸ, ਸਾਹਿਤ, ਖੁਸ਼ੀਆਂ, ਗ਼ਮੀਆਂ,ਵਿਆਹ ਸ਼ਾਦੀਆਂ,ਵਿਵਹਾਰਕ ਰੁਚੀਆਂ ਪ੍ਰਤੀ ਵਿਸਥਾਰਤ ਜਾਣਕਾਰੀ ਉਪਲਬਧ ਕਰਵਾਈ ਹੈ। ਪੁਸਤਕ ਦੇ ਲੇਖਾਂ ਵਿੱਚ ਲੇਖਕ ਨੇ ਆਪਣੇ ਵਿਚਾਰਾਂ ਨੂੰ ਗੀਤਾਂ,ਅਖਾਣਾਂ, ਟੋਟਕਿਆਂ, ਛੰਦਾਂ ਦੀਆਂ ਸਤਰਾਂ ਦੇ ਹਵਾਲੇ ਨਾਲ ਪ੍ਰਮਾਣਿਕਤਾ ਦੇਣਾ ਲੇਖਕ ਦੀ ਪਾਏਦਾਰ ਸੋਚ ਦਾ ਨਤੀਜਾ ਹੈ,ਜੋ ਪਾਠਕ ਦੀ ਕਿਤਾਬ ਪੜ੍ਹਨ ਦੀ ਰੁਚੀ ਵਧਾਉਣ ਚ ਮੱਦਦ ਕਰਦੇ ਹਨ।
'ਚਾਰ ਪੱਤੇ ਚਾਹ ਤੇ ਪਤੀਲਾ ਪਾਣੀ ਦਾ
ਪੈ ਗਿਆ ਰਿਵਾਜ ਖ਼ਸਮਾਂ ਨੂੰ ਖਾਣੀ ਦਾ'
ਆਪਣੇ ਵਡੇਰਿਆਂ, ਬਜ਼ੁਰਗਾਂ ਦੀ ਅਤੀਤੀ ਸੋਚ ਨੂੰ ਖੋਜਣ ਅਤੇ ਖੰਗਾਲਣ ਤੋਂ ਸੱਭਿਆਚਾਰਕ ਸਾਹਿਤ ਦੀ ਉਤਪਤੀ ਲੇਖਕ ਦੀ ਕੋਸ਼ਿਸ਼ ਨੂੰ ਇਤਿਹਾਸਕਾਰੀ ਕਾਰਜ ਕਹਿਣਾ ਸ਼ਾਇਦ ਕੋਈ ਅਤਿਕਥਨੀ ਨਹੀਂ ਹੋਵੇਗੀ। ਪੁਸਤਕ ਵਿੱਚ ਝੂਠੇ ਅਡੰਬਰਾਂ ਅਤੇ ਅੰਧ ਵਿਸ਼ਵਾਸੀ ਵਿਚਾਰਾਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਪੇਸ਼ ਕੀਤਾ ਗਿਆ ਹੈ ਅਤੇ ਪੰਜਾਬ ਦੀ ਸਰਜ਼ਮੀਨ ਤੇ ਪ੍ਰਫੁੱਲਿਤ ਹੋਈਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਵਿਚਾਰਧਾਰਾਵਾਂ ਅਤੇ ਸਰਗਰਮੀਆਂ ਨੂੰ ਵੀ ਲੇਖਕ ਨੇ ਸੱਭਿਆਚਾਰ ਦਾ ਅੰਗ ਬਣਾ ਕੇ ਸ਼ਾਨਦਾਰ ਪੇਸ਼ਕਾਰੀ ਕੀਤੀ ਹੈ,ਜੋ ਲੇਖਕ ਦੀ ਸਾਹਿਤ ਪ੍ਰਤੀ ਚਿੰਤਾ ਅਤੇ ਉਸਾਰੂ ਸੋਚ ਦਾ ਪ੍ਰਗਟਾਵਾ ਹੈ।
ਸੋ ਪੁਸਤਕ ਸੱਭਿਆਚਾਰ ਦੀ ਅਸਲੀ ਤਸਵੀਰ ਪੇਸ਼ ਕਰਦੀ ਹੈ ਅਤੇ ਸਾਂਭਣਯੋਗ ਹੈ।
ਇੰਜੀ.ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।
-
ਇੰਜੀ.ਸਤਨਾਮ ਸਿੰਘ ਮੱਟੂ, ਲੇਖਕ
mattu.satnam23@gmail.com
9779708257
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.