ਸੰਸਾਰ ਚ ਕੋਈ ਵੀ ਮਨੁੱਖ ਸਰਵ ਕਲਾ ਸੰਪੂਰਨ ਨਹੀਂ ।ਹਰ ਮਨੁੱਖ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਗਲਤੀਆਂ ਕਰਦਾ ਰਹਿੰਦਾ ਹੈ । ਇਸੇ ਕਾਰਨ ਹੀ ਮਨੁੱਖ ਨੂੰ ਗਲਤੀਆਂ ਦਾ ਪੁਤਲਾ ਵੀ ਕਿਹਾ ਜਾਂਦਾ ਹੈ । ਮਨੁੱਖ ਦੁਆਰਾ ਹੋਣ ਵਾਲ਼ੀਆਂ ਜਾਂ ਕੀਤੀਆਂ ਜਾਣ ਵਾਲ਼ੀਆਂ ਕਈ ਭੁੱਲਾਂ ਨਾਮਾਤਰ ਤੇ ਕਈ ਬਹੁਤ ਵੱਡੀਆਂ ਹੁੰਦੀਆਂ ਹਨ । ਕੁਝ ਮਾਫ਼ੀ ਯੋਗ ਤੇ ਕਈ ਸਜ਼ਾ ਯੋਗ ਹੁੰਦੀਆਂ ਹਨ ।
ਇਸੇ ਤਰਾਂ ਕੁੱਝ ਗਲਤੀਆਂ ਕਾਰਨ ਮਾਮੂਲੀ ਨੁਕਸਾਨ ਹੁੰਦਾ ਹੈ ਜਦ ਕਿ ਕਈ ਗਲਤੀਆਂ ਅਜਿਹੀਆਂ ਹੁੰਦੀਆਂ ਜਿਹਨਾ ਨਾਲ ਹੋਏ ਨੁਕਸਾਨ ਦੀ ਭਰਪਾਈ ਭਵਿੱਖ ਵਿੱਚ ਕਰ ਸਕਣੀ ਬਹੁਤ ਮੁਸ਼ਕਲ ਹੁੰਦੀ ਹੈ । ਇਸ ਦੇ ਨਾਲ ਹੀ ਇਹ ਕਹਿਣਾ ਵੀ ਵਾਜਬ ਰਹੇਗਾ ਕਿ ਕੁੱਝ ਗਲਤੀਆਂ ਅਣਭੋਲ ਚ ਹੋਈ ਭੁੱਲ ਨਾਲ ਹੋ ਜਾਂਦੀਆਂ ਹਨ ਜਦ ਕਿ ਕੁੱਝ ਗਲਤੀਆਂ ਕਈ ਲੋਕਾਂ ਵਜੋਂ ਜਾਣ ਬੁੱਝ ਕੇ ਦੁਰਭਾਵਨਾ ਨਾਲ ਕਿਸੇ ਦੂਸਰੇ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਵੀ ਕੀਤੀਆਂ ਜਾਂਦੀਆਂ ਹਨ ।
ਪਰ ਜੋ ਕੁੱਝ ਵੀ ਹੈ ਗਲਤੀ ਤਾਂ ਗਲਤੀ ਹੀ ਹੁੰਦੀ ਹੈ । ਉਹ ਵੱਡੀ ਹੋਵੇ ਜਾਂ ਛੋਟੀ ਇਸ ਨਾਲ ਕੋਈ ਫਰਕ ਨਹੀਂ ਪੈਦਾ । ਅਸਲ ਸਵਾਲ ਤਾਂ ਇਹ ਹੈ ਕਿ ਗਲਤੀਆਂ ਕਰਨ ਤੋਂ ਬਚਿਆ ਕਿਵੇਂ ਜਾਵੇ, ਗਲਤੀਆਂ ਹੋਣ ਦੀਆ ਸੰਭਾਵਨਾਵਾਂ ਨੂੰ ਘੱਟ ਕਿਵੇਂ ਕੀਤਾ ਜਾਵੇ ਜਾਂ ਫੇਰ ਜ਼ਿੰਦਗੀ ਵਿੱਚ ਚੌਕੰਨੇ ਹੋ ਕੇ ਕਿਵੇਂ ਵਿਚਰਿਆ ਜਾਵੇ ਕਿ ਗਲਤੀਆਂ ਦੀ ਸੰਭਾਵਨਾ ਮਨਫੀ ਕੀਤੀ ਜਾ ਸਕੇ ।
ਅਮਰੀਕਾ ਦੇ ਆਦਿ ਵਾਸੀਆ ਨੇ ਇਸ ਸੰਬੰਧ ਚ ਬਹੁਤ ਦੇਰ ਪਹਿਲਾਂ ਇਕ ਵਿਧੀ ਅਪਣਾਈ ਜਿਸ ਨੂੰ ਮਾਨੀਟਰ ਪ੍ਰਣਾਲੀ ਕਿਹਾ ਜਾਂਦਾ ਹੈ । ਇਹ ਵਿਧੀ ਬਹੁਤ ਸਫਲ ਰਹੀ ਜਿਸ ਕਰਕੇ ਇਹ ਅੱਜ ਵੀ ਅਮਰੀਕਾ ਚ ਬੜੀ ਪ੍ਰਚਲਿਤ ਹੈ । ਇਸ ਵਿਧੀ ਮੁਤਾਬਕ ਮਨੁੱਖ ਨੂੰ ਆਪਣੀਆ ਗਲਤੀਆਂ ਦੀ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਆਪਣੇ ਹਮ ਖਿਆਲ ਲੋਕਾਂ ਦੀ ਸੰਗਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤੇ ਉਹਨਾ ਨੂੰ ਸੁਝਾਅ ਦਿੱਤਾ ਜਾਂਦਾ ਹੈ ਕਿ ਉਹ ਅਜਿਹੀਆਂ ਜਥੇਬੰਦੀਆਂ ਜਾਂ ਸਭਾਵਾ ਦੇ ਮੈਂਬਰ ਬਣਨ ਜਿਹਨਾ ਦੇ ਮੈਂਬਰ ਹਮ ਖਿਆਲ ਹੋਣ ਤੇ ਹਮ ਖਿਆਲ ਲੋਕਾਂ ਜਾ ਸਭਾਵਾਂ ਦੇ ਮੈਂਬਰਾਂ ਨਾਲ ਇਕੱਠੇ ਵਿਚਰਕੇ ਤਾਲਮੇਲ ਵਧਾਉਣ ਅਤੇ ਇਕ ਦੂਸਰੇ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਨ । ਇਸ ਮਕਸਦ ਵਾਸਤੇ ਸਭਾ ਦੇ ਮੈਂਬਰਾਂ ਦੇ ਹਰ ਖ਼ੁਸ਼ੀ ਗ਼ਮੀ ਤੇ ਦੁੱਖ ਸੁਖ ਚ ਸ਼ਮੂਲੀਅਤ ਕੀਤੀ ਜਾਵੇ , ਔਖੇ ਵੇਲੇ ਸਹਿਯੋਗ ਦਿੱਤਾ ਵੀ ਤੇ ਲਿਆ ਵੀ ਜਾਵੇ । ਹਮ ਖ਼ਿਆਲੀ ਲੋਕਾਂ ਨਾਲ ਦਿਲ ਦੇ ਦੁਖੜੇ ਸਾਂਝੇ ਕੀਤੇ ਜਾਣ ਪਰ ਇਸ ਗੱਲ ਦਾ ਖ਼ਾਸ ਖਿਆਲ ਰੱਖਿਆ ਜਾਵੇ ਕਿ ਉਹਨਾਂ ਨੂੰ ਕਦੇ ਵੀ ਦੂਸਰੇ ਲੋਕਾਂ ਚ ਸਾਂਝੇ ਨਾ ਕਰਨ ਦਾ ਬਚਨ ਦੇ ਲੈ ਕੇ ਹੀ ਅਜਿਹਾ ਕੀਤਾ ਜਾਵੇ । ਕਹਿਣ ਦਾ ਭਾਵ ਹਮਖਿਆਲੀ ਜੋ ਵੀ ਗੱਲ-ਬਾਤ ਕਰਨ ਉਹ ਪੂਰੀ ਤਰਾਂ ਗੁਪਤ ਹੋਵੇ । ਇਸ ਤਰਾਂ ਕਰਨ ਨਾਲ ਇਕ ਦੂਸਰੇ ਦੀ ਭਰੋਸੇਯੋਗਤਾ ਵੀ ਬਣੀ ਰਹੇਗੀ ਤੇ ਇਸ ਦੇ ਨਾਲ ਹੀ ਨੇੜਤਾ ਵੀ ਵਧੇ ਫੁੱਲੇਗੀ ।
ਦੂਸਰਾ ਲਾਭ ਇਹ ਹੋਵੇਗਾ ਕਿ ਸ਼ਖਸ਼ੀਅਤ ਦਾ ਵਿਕਾਸ ਹੋਵੇਗਾ, ਇਕ ਦੂਸਰੇ ਨੂੰ ਬਹੁਤ ਸਾਰੇ ਚੰਗੇ ਗੁਣ ਧਾਰਨ ਦਾ ਮੌਕਾ ਪ੍ਰਾਪਤ ਹੋਵੇਗਾ, ਮਾੜੀਆਂ ਆਦਤਾਂ ਤਿਆਗਣ ਚ ਕੋਈ ਵੱਡੀ ਮੁਸ਼ਕਲ ਪੇਸ਼ ਨਹੀਂ ਆਏਗੀ । ਕੀਤੇ ਗਏ ਜਾ ਅਣਜਾਣੇ ਚ ਹੋ ਗਏ ਚੰਗੇ ਬੁਰੇ ਕੰਮਾਂ ਤੇ ਗਲਤੀਆਂ ਵਗੈਰਾ ਦਾ ਲੇਖਾ ਜੋਖਾ ਵੀ ਸੁਣਨ ਨੂੰ ਮਿਲੇਗਾ ਤੇ ਤੁਸੀਂ ਆਪਣੀਆਂ ਗਲਤੀਆਂ ਤੇ ਭੁੱਲਾ ਤੋਂ ਵੀ ਜਾਣੂ ਹੋ ਸਕੋਗੇ ।ਉਹਨਾਂ ਦਾ ਹਮਖਿਆਲੀ ਮਿੱਤਰ ਜਾ ਮਿੱਤਰਾਂ ਨਾਲ ਮੰਥਨ ਕਰ ਸਕੋਗੇ, ਉਹਨਾ ਦੁਆਰਾ ਕੀਤੀਆ ਟਿੱਪਣੀਆਂ ਭਵਿੱਖ ਵਿੱਚ ਗਲਤੀਆਂ ਦੇ ਦੁਹਰਾ ਨੂੰ ਤਾਂ ਰੋਕਣ ਵਿੱਚ ਸਹਾਈ ਤਾਂ ਹੋਣਗੀਆਂ ਹੀ ਇਸ ਦੇ ਨਾਲ ਹੀ ਸ਼ਖਸ਼ੀਅਤ ਉਸਾਰੀ ਵਿੱਚ ਵੀ ਬਹੁਤ ਸਹਾਇਕ ਹੋਣਗੀਆਂ ।
ਇਸ ਦੇ ਨਾਲ ਹੀ ਚੌਕੰਨੇ ਹੋ ਵਿਚਰਨ ਦੀ ਜਾਂਚ ਵੀ ਆਵੇਗੀ ਜਿਸ ਕਾਰਨ ਕੋਈ ਵੀ ਦੂਸਰਾ ਵਿਅਕਤੀ ਤੁਹਾਡਾ ਸੌਖਿਆਂ ਹੀ ਨੁਕਸਾਨ ਨਹੀਂ ਕਰ ਸਕੇਗਾ ।
ਜਦ ਸਭਾ ਮੈਂਬਰ ਇਕ ਵਾਰ ਆਪਸੀ ਭਰੋਸੇਯੋਗਤਾ ਦੀ ਪੱਧਰ ‘ਤੇ ਪਹੁੰਚ ਗਏ ਤਾਂ ਫਿਰ ਸਬੰਂਧਿਤ ਸਭਾ ਸੋਸਾਇਟੀ ਦਾ ਇਕ ਮੈਂਬਰ ਆਪਸੀ ਸਹਿਮਤੀ ਨਾਲ ਮਾਨੀਟਰ ਚੁਣਿਆ ਸਕਦਾ ਹੈ ਜੋ ਹਰ ਮਹੀਨੇ ਦੇ ਕਿਸੇ ਚੁਣੇ ਹੋਏ ਦਿਨ ਤੁਹਾਡੇ ਨਾਲ ਬੈਠ ਕੇ ਤੁਹਾਡੇ ਦੁਆਰਾ ਮਹੀਨੇ ਭਰ ਚ ਕੀਤੇ ਗਏ ਸਮੂਹ ਕਾਰਜਾਂ ਤੇ ਗਤੀਵਿਧੀਆਂ ਦਾ ਨਿਰਪੱਖ ਲੇਖਾ ਜੋਖਾ ਕਰ ਸਕੇਗਾ ਤੇ ਤੁਸੀਂ ਵੀ ਉਸ ਦੁਆਰਾ ਮਹੀਨੇ ਭਰ ਚ ਕੀਤੇ ਗਏ ਕਾਰਜਾਂ ਦਾ ਨਿਰਪੱਖ ਮੁਲਾਂਕਣ ਕਰ ਸਕੋਗੇ । ਇਸ ਤਰਾਂ ਕਰਨ ਨਾਲ ਜਿੱਥੇ ਇਕ ਦੂਸਰੇ ਦੇ ਮਹੀਨੇ ਭਰ ਦੇ ਕਾਰਜਾਂ ਦੀ ਸਾਰਥਕ ਪਰਖ ਪਂੜਚੋਲ ਹੋ ਜਾਏਗੀ ਉੱਥੇ ਕਈ ਅਜਿਹੇ ਨਵੇਂ ਰਸਤੇ ਵੀ ਮਿਲਣਗੇ ਜਿਹਨਾ ਦੀ ਮੰਜਿਲ ਦੋਹਾਂ ਪੱਖਾਂ ਦੀਆਂ ਮੁਸ਼ਕਲਾਂ ਦੇ ਹੱਲ ਵੱਲ ਜਾਵੇਗੀ । ਇਹ ਵੀ ਪਤਾ ਲੱਗ ਸਕੇਗਾ ਕਿ ਲੋਕ ਤੁਹਾਡੇ ਮੂੰਹ ‘ਤੇ ਕੀ ਤੇ ਪਿੱਠ ਪਿੱਛੇ ਕੀ ਬੋਲਦੇ ਨੇ । ਹੋਈਆ ਭੁੱਲਾਂ ਤੇ ਕੀਤੇ ਹੋਏ ਮਾੜੇ ਕਾਰਜਾਂ ਦੀ ਫੀਡਬੈਕ ਵੀ ਮਿਲਦੀ ਰਹੇਗੀ । ਅਸਲ ਵਿੱਚ ਮਾਨੀਟਰ ਦੇ ਰੂਪ ਵਿੱਚ ਦੋਵੇਂ ਸ਼ਖਂਸ ਇਕ ਦੂਸਰੇ ਵਾਸਤੇ ਸ਼ੀਸ਼ੇ ਦਾ ਕੰਮ ਕਰਨਗੇ । ਇਹ ਬਿਲਕੁਲ ਉਸੇ ਤਰਾਂ ਦਾ ਅਨੁਭਵ ਹੋਵੇਗਾ ਜਿਸ ਤਰਾਂ ਸ਼ੀਸ਼ਾ ਦੇਖ ਕੇ ਅਸੀਂ ਆਪਣਾ ਚੇਹਰਾ ਮੋਹਰਾ ਸਵਾਰ ਲੈਂਦੇ ਹਾਂ ਠੀਕ ਉਸੇ ਤਰਾਂ ਮਾਨੀਟਰ ਵਿਧੀ ਰਾਹੀਂ ਤੁਸੀਂ ਆਪਣੀ ਸ਼ਖਂਸੀਅਤ ਵੀ ਨਿਖਾਰ ਸਕਦੇ ਹੋ । ਗਲਤੀਆਂ ਦੀਆ ਸੰਭਾਵਨਾਵਾਂ ਵੀ ਮਨਫੀ ਹੋ ਜਾਣਗੀਆਂ । ਤੁਹਾਡੀ ਸ਼ਖਸ਼ੀਅਤ ਚ ਆਏ ਨਿਖਾਰ ਕਾਰਨ ਸਮਾਂ ਪਾ ਕੇ ਤੁਹਾਡੀ ਪਿੱਠ ਪਿਛੇ ਜੋ ਵੀ ਤੁਹਾਡੇ ਵਿਰੁੱਧ ਭੰਡੀ ਪ੍ਰਚਾਰ ਹੋ ਰਿਹਾ ਹੈ, ਆਪਣੇ ਆਪ ਹੀ ਰੁਕ ਜਾਵੇਗਾ ਤੇ ਤੁਹਾਡੀ ਸਖਸ਼ੀਅਤ ਨਿੱਖਰੇ ਹੋਏ ਰੂਪ ਚ ਬਹੁਤਿਆਂ ਦੀਆ ਅੱਖਾਂ ਚੁੰਧਿਆਏਗੀ । ਸਭ ਤੁਹਾਡੇ ਚਹੇਤੇ ਬਣ ਜਾਣਗੇ , ਮਾਨਸਿਕ ਤੇ ਸਰੀਰਕ ਸਿਹਤ ਬਣੀ ਰਹੇਗੀ । ਅਮਰੀਕਨ ਆਦਿ ਵਾਸੀਆਂ ਦਾ ਇਹ ਫ਼ਾਰਮੂਲਾ ਪੰਜਾਬੀ ਸਮਾਜ ਚ ਵੀ ਅੱਜ ਅਪਣਾਏ ਜਾਣ ਬੜੀ ਸਖਤ ਲੋੜ ਹੈ ਤੇ ਜੇਕਰ ਕੋਸ਼ਿਸ਼ ਕੀਤੀ ਜਾਵੇ ਤਾਂ ਕੋਈ ਵਜਹ ਨਹੀਂ ਕਿ ਨਤੀਜੇ ਹਾਂ ਪੱਖੀ ਸਾਹਮਣੇ ਨਾ ਆਉਣ ।
ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
-
ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ, ਲੇਖਕ
dhilon@ntlworld.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.