ਖ਼ਬਰ ਹੈ ਕਿ ਕੈਪਟਨ ਸਰਕਾਰ ਨੇ ਮਾੜੀ ਵਿੱਤੀ ਹਾਲਾਤ ਦੇ ਚੱਲਦਿਆਂ ਆਪਣੇ ਵਜ਼ੀਰਾਂ ਅਤੇ ਅਫ਼ਸਰਾਂ ਦੇ ਖ਼ਰਚੇ ਘਟਾਉਣ ਦੇ ਹੁਕਮ ਦਿੱਤੇ ਹਨ। ਹੁਣ ਸਰਕਾਰ ਦੇ ਮੰਤਰੀ ਅਤੇ ਅਫ਼ਸਰ ਸਿਰਫ਼ ਇੱਕ ਹੀ ਸਰਕਾਰੀ ਗੱਡੀ ਦੀ ਵਰਤੋਂ ਕਰ ਸਕਣਗੇ, ਭਾਵੇਂ ਉਹਨਾ ਕੋਲ ਦੂਜੇ ਵਿਭਾਗਾਂ ਦਾ ਵੀ ਵਾਧੂ ਚਾਰਜ ਹੋਵੇ।ਬਾਹਰਲੇ ਦੇਸ਼ 'ਚ ਨੁਮਾਇਸ਼ ਲਗਾਉਣ ਤੇ ਪੂਰੀ ਪਾਬੰਦੀ ਲਗਾਈ ਗਈ ਹੈ ਪਰ ਵਪਾਰ 'ਚ ਵਾਧੇ ਲਈ ਨੁਮਾਇਸ਼ ਲਾਉਣ ਤੇ ਮੁੱਖ ਮੰਤਰੀ ਦੀ ਮਨਜ਼ੂਰੀ ਲੈਣੀ ਪਵੇਗੀ।ਕਾਹਨੂੰ ਭੰਡਦੇ ਹੋ ਪੰਜਾਬ ਸਰਕਾਰ ਜੀ, ਅਫ਼ਸਰਾਂ, ਵਜ਼ੀਰਾਂ ਨੂੰ ਇਹ ਤਾਂ ਬਹਾਲੇ ਹੀ ਕਾਮੇ ਆ। ਕਿੰਨਾ ਕੰਮ ਕਰਦੇ ਆ। ਕੰਨ ਖੁਰਕਣ ਨੂੰ ਵੀ ਵਿਹਲ ਨਹੀਂ ਮਿਲਦੀ। ਗੱਡੀਆਂ ਭਜਾਉਂਦੇ ਨੇ ਅਫ਼ਸਰ, ਜਿਥੇ ਆਪਣਾ ਉਪਰਲਾ ਅਫ਼ਸਰ ਜਾਂ ਵਜ਼ੀਰ ਪੁੱਜਦਾ ਆ, ਝਟ ਜੀ-ਹਜ਼ੂਰੀ ਲਈ ਪੁੱਜ ਜਾਂਦੇ ਆ। ਪੈਟਰੋਲ-ਤੇਲ ਤਾਂ ਲੱਗਣਾ ਹੀ ਹੋਇਆ, ਸਰਕਾਰ ਜੀ। ਕੰਮ ਵੀ ਕਿੰਨਾ ਆ, ਲੋਕਾਂ ਨੂੰ ਭਰਮਾਉਣਾ, ਆਪਣਿਆਂ ਨੂੰ ਰਿਝਾਉਣਾ, ਮੰਤਰੀਆਂ ਨੂੰ ਖੁਸ਼ ਕਰਨਾ, ਆਪਣੇ ਟੱਬਰ ਪਾਲਣੇ। ਕਾਕਿਆਂ, ਕਾਕੀਆਂ ਨੂੰ ਸਕੂਲ, ਕਾਲਜ ਛੱਡਣ ਲਈ ਕਾਰ ਦੀ ਵਰਤੋਂ ਕਰਨਾ। ਜਦ ਭਾਈ ਸਰਕਾਰ ਜੀ, ਉਹ ਅਫ਼ਸਰ ਹੀ ਤੁਹਾਡੇ ਆ, ਤਾਂ ਉਹ ਚਿੱਟੀ ਕਾਰ ਵੀ ਵਰਤਣੇ, ਕੁਰਸੀ ਤੇ ਚਿੱਟਾ ਤੋਲੀਆ, ਬਾਥਰੂਮ 'ਚ ਚਿੱਟਾ ਸਾਬਣ, ਸਰਕਾਰੀ ਕੋਠੀ 'ਚ ਚਮਕਾਵਾਂ ਚਿੱਟਾ ਦੁੱਧੀਆ ਰੰਗ, ਇਹ ਸਾਰਾ ਕੁਝ ਤਾਂ ਸਰਕਾਰ ਜੀ ਉਹਨਾ ਦਾ ਹੱਕ ਆ। ਕਿਉਂ ਜ਼ੁਲਮ ਕਰਦੇ ਹੋ ਵਿਚਾਰੇ ਕਾਮਿਆਂ ਤੇ। ਜਿਹਨਾ ਕਰਕੇ ਪੰਜਾਬ 'ਚ ਨਸ਼ਾ ਵਧਿਆ, ਜਿਹਨਾ ਕਰਕੇ ਪੰਜਾਬ 'ਚ ਮਾਫੀਆ ਪੁੰਗਰਿਆ, ਜਿਹਨਾ ਕਰਕੇ ਪੰਜਾਬ 'ਚ ਗੁੰਡਾ-ਗਰਦੀ, ਰਿਸ਼ਵਤਖੋਰੀ ਵਧੀ ਤੇ ਪੰਜਾਬ ਨੇ ਇਹਨਾ ਸਾਰੇ ਪੱਖਾਂ ਤੇ ਤਰੱਕੀ ਕੀਤੀ ਹੈ। ਹੈ ਕਿ ਨਾ! ਅਤੇ ਪੰਜਾਬੀ ਭਾਈਓ, ਆਪ ਕਿਉਂ ਹੋ ਉਦਾਸ, ਆਪ ਕਿਉਂ ਹੋ ਉਦਾਸ? ਪੰਜਾਬ ਅੱਗੇ ਵੱਧ ਰਿਹਾ ਹੈ। "ਛਾਲਾਂ ਮਾਰ ਤਰੱਕੀ ਹੈ ਪੰਜਾਬ ਕੀਤੀ, ਕਾਹਨੂੰ ਦੋਸਤਾਂ! ਤੂੰ ਨਿਰਾਸ਼ ਹੋਇਆ"?
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
98158-02070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.