ਸਿਆਸਤ ਵਿੱਚ ਅਪਰਾਧੀਕਰਨ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਸੁਪਰੀਮ ਕੋਰਟ ਨੇ ਇਸਨੂੰ ਰੋਕਣ ਲਈ ਛੇਤੀ ਹੀ ਕੁਝ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ ਹੈ। ਕੋਰਟ ਨੇ ਚੋਣ ਕਮਿਸ਼ਨ ਤੋਂ ਇੱਕ ਹਫ਼ਤੇ 'ਚ ਰੂਪ-ਰੇਖਾ ਤਿਆਰ ਕਰਕੇ ਪੇਸ਼ ਕਰਨ ਲਈ ਕਿਹਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਕੋਰਟ ਪਾਰਟੀਆਂ ਨੂੰ ਨਿਰਦੇਸ਼ ਦੇਵੇ ਕਿ ਉਹ ਅਪਰਾਧਿਕ ਪਿੱਠਭੂਮੀ ਦੇ ਲੋਕਾਂ ਨੂੰ ਚੋਣ ਲੜਨ ਲਈ ਟਿਕਟ ਹੀ ਨਾ ਦੇਵੇ।
ਸੁਣੋ ਹੇ ਨਾਗਰਿਕ! ਦੇਸ਼ ਵਿੱਚ ਭ੍ਰਿਸ਼ਟਾਚਾਰ ਹੈ। ਦੇਸ਼ ਵਿੱਚ ਅਨਾਚਾਰ ਹੈ। ਦੇਸ਼ ਵਿੱਚ ਵਿਭਚਾਰ ਹੈ। ਦੇਸ਼ ਵਿੱਚ ਨੈਤਿਕਤਾ ਦੀ ਕਮੀ ਹੈ। ਦੇਸ਼ ਦੀ ਸਿਆਸਤ ਵਿੱਚ ਅਪਰਾਧੀਕਰਨ ਕਿਉਂ ਨਾ ਹੋਵੇ? ਸਿਆਸਤਦਾਨਾਂ ਦੀ ਬਦੌਲਤ ਤਾਂ ਭ੍ਰਿਸ਼ਟਾਚਾਰ ਹੈ, ਅਨਾਚਾਰ ਹੈ, ਵਿਭਚਾਰ ਹੈ।
ਸੁਣੋ ਹੇ ਨਾਗਰਿਕ! ਕਈ ਕਈ ਵੇਸ ਕਰਕੇ, ਕਈ ਕਈ ਭੇਸ ਕਰਕੇ, ਥਾਂ ਥਾਂ ਫਿਰਦੇ ਨੇ ਸੱਜਣਾ, ਠੱਗ ਟੋਲੇ। ਸੁਣੋ ਹੇ ਨਾਗਰਿਕ! ਸਿਆਸਤਦਾਨਾਂ ਦੇ ਰੂਪ ਨਿਰਾਲੇ ਨੇ। ਜਿਹੜੇ ਸਾਧ ਵੀ ਨੇ। ਜਿਹੜੇ ਸਫ਼ੈਦ, ਭਗਵੇਂ ਜਾਂ ਨੀਲੇ ਵੀ ਨੇ। ਇਹ ਸਿਆਸਤਦਾਨ, ਜਾਲ ਲਾ ਕੇ ਫਾਹੁੰਦੇ ਨੇ ਭੋਲਿਆਂ ਨੂੰ, ਕਰਕੇ ਗੋਲ ਗੱਲਾਂ, ਰੱਖਣ ਪੇਚ ਉਹਲੇ।
ਸੁਣੋ ਹੇ ਨਾਗਰਿਕ! ਇਹ ਸਿਆਸਤਦਾਨ ਲੁੱਟਦੇ ਨੇ ਭਗਵਾਂ ਪਹਿਨ ਚੋਲਾ ਤੇ ਫਿਰ ਰਾਜਨੀਤੀ ਦੀ ਤੱਕੜੀ ਤੋਲਦੇ ਨੇ।
ਸੁਣੋ ਹੇ ਨਾਗਰਿਕ! ਉਹ ਸਿਆਸਤਦਾਨ ਕਾਹਦਾ, ਜਿਹੜਾ ਸਮਾਜ ਸੇਵਾ ਦੇ ਨਾਮ ਉਤੇ ਲੋਕਾਂ ਨੂੰ ਨਾ ਠੱਗੇ। ਉਹ ਸਿਆਸਤਦਾਨ ਕਾਹਦਾ ਜਿਹੜਾ ਮਨੁੱਖੀ ਹੱਕ ਨਾ ਖੋਹਵੇ। ਉਹ ਸਿਆਸਤਦਾਨ ਕਾਹਦਾ ਜਿਹੜਾ ਅੰਦਰ ਵੜ ਅਪਰਾਧ ਨਾ ਕਰੇ ਤੇ ਉਪਰੋਂ ਚੰਗਾ-ਭਲਾ ਨਾ ਦਿਸੇ।
ਸੁਣੋ ਹੇ ਨਾਗਰਿਕ! ਅਦਾਲਤਾਂ ਨੂੰ ਆਖੋ, ਜੇ ਉਹਨਾ ਅਪਰਾਧ ਰੋਕਣੇ ਹਨ ਤਾਂ ਸਿਆਸਤਦਾਨਾਂ ਨੂੰ ਨੱਥ ਪਾਵੇ। ਸਿਆਸਤਦਾਨਾਂ ਵਲੋਂ ਫੈਲਾਏ ਭ੍ਰਿਸ਼ਟਾਚਾਰ, ਅਨਾਚਾਰ, ਵਿਭਚਾਰ ਦੇ ਜਾਲ ਨੂੰ ਤੋੜੇ। ਸੁਣੋ ਹੇ ਨਾਗਰਿਕ! ਅਦਾਲਤ ਨੂੰ ਕਹੋ, "ਮਹਾਂ ਜੀਵਨ ਦਾ ਗੀਤ ਜੇ ਗਾਵਣਾ ਤੂੰ, ਪਹਿਲਾ ਏਸ ਦਾ ਸੁਰ ਤੇ ਤਾਲ ਸਮਝੀ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਜ਼ ਦੇ ਮੁਤਾਬਿਕ ਹੁਣ ਤੱਕ 6,128 ਕਰੋੜ 72 ਲੱਖ ਦੇ ਚੋਣ ਬੌਂਡ ਵੇਚੇ ਗਏ ਹਨ।
ਇੱਕ ਵਿਚਾਰ
ਜਦ ਤਕ ਤੁਸੀਂ ਸਮਾਜਿਕ ਆਜ਼ਾਦੀ ਪ੍ਰਾਪਤ ਨਹੀਂ ਕਰ ਲੈਂਦੇ, ਕਾਨੂੰਨ ਜੋ ਵੀ ਆਜ਼ਾਦੀ ਦਿੰਦਾ ਹੈ, ਉਹ ਤੁਹਾਡੇ ਕਿਸੇ ਕੰਮ ਦੀ ਨਹੀਂ।
...............ਡਾ. ਭੀਮ ਰਾਓ ਅੰਬੇਦਕਰ
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.