ਖ਼ਬਰ ਹੈ ਕਿ ਪੰਜਾਬ ਵਿਧਾਇਕਾਂ ਨਾਲ ਹੋਈ ਪ੍ਰੀ-ਬਜ਼ਟ ਮੀਟਿੰਗ 'ਚ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਮੁੜ ਕਾਫੀ ਨਾਰਾਜ਼ ਦਿਖੇ। ਉਹਨਾ ਕੈਪਟਨ ਸਾਹਮਣੇ ਨਾਰਾਜ਼ਗੀ ਪ੍ਰਗਟਾਈ। ਵਿਧਾਇਕਾਂ ਜਦੋਂ ਪਟਿਆਲੇ ਜ਼ਿਲੇ ਦੇ ਪੁਲਿਸ ਅਫ਼ਸਰਾਂ ਦੇ ਦੁਰਵਿਵਹਾਰ ਦੀਆਂ ਸ਼ਕਾਇਤਾਂ ਰੱਖੀਆਂ। ਸ਼ਿਕਾਇਤਾਂ ਦੇ ਅੰਬਾਰ ਨੇ ਜਾਖੜ ਦਾ ਪਾਰਾ ਚੜ੍ਹਾ ਦਿੱਤਾ। ਉਹਨਾ ਕਿਹਾ ਕਿ ਫ਼ਿਰੋਜ਼ਪੁਰ ਦਾ ਆਈ.ਜੀ. ਉਹਨਾ ਦੀ ਸੁਣਵਾਈ ਨਹੀਂ ਕਰਦਾ। ਜਿਸ ਹਲਕੇ ਦੀ ਜਨਤਾ ਨੇ ਸੁਖਬੀਰ ਬਾਦਲ ਦੀ ਜਿੱਤੀ ਹੋਈ ਸੀਟ ਭਾਰੀ ਫ਼ਰਕ ਨਾਲ ਜਿਤਵਾਕੇ ਸਾਡੇ ਤੇ ਭਰੋਸਾ ਪ੍ਰਗਟਾਇਆ, ਕੀ ਉਹਨਾ ਨੇ ਗਲਤੀ ਕਰ ਲਈ ਹੈ? ਜਾਖੜ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਜਾਂ ਤਾਂ ਅਫ਼ਸਰ ਤੁਹਾਡੇ ਹੁਕਮ ਨੂੰ ਕੁਝ ਸਮਝਦੇ ਹੀ ਨਹੀਂ ਜਾਂ ਫਿਰ ਤੁਸੀਂ ਉਹਨਾ ਨੂੰ ਕੁਝ ਜਿਆਦਾ ਹੀ ਛੋਟ ਦਿੱਤੀ ਹੋਈ ਹੈ।
ਜਾਖੜ ਜੀ, ਕੋਈ ਦਿੱਲੀ ਤੋਂ ਸਫਰੀ ਆਇਆ, ਤੁਹਾਨੂੰ ਹਰਾਕੇ ਬੰਬੇ ਦੀਆਂ ਰੌਣਕਾਂ ਵਾਲੇ ਥਾਂ ਜਾਕੇ ਮੁੜ ਬਿਰਾਜਮਾਨ ਹੋ ਗਿਆ। ਲੋਕ ਗੁੰਮਸ਼ੁਦਾ ਦੀ ਤਲਾਸ਼ ਦੇ ਨਾਹਰੇ ਲਾ ਰਹੇ ਹਨ ਅਤੇ ਆਪਣੇ ਪਿਆਰੇ ਧਰਮਿੰਦਰ ਦੇ ਬੇਟੇ "ਸੰਨੀ ਦਿਓਲ" ਨੂੰ ਤਲਾਸ਼ ਰਹੇ ਹਨ।
ਜਾਖੜ ਜੀ, ਤਿੰਨ ਵਰ੍ਹੇ ਪਹਿਲਾਂ ਕੈਪਟਨ ਆਏ। ਉਹਨਾ ਲੋਕਾਂ ਦੇ ਜੱਸ ਗਾਏ। ਸਟੇਜਾਂ ਤੇ ਨਾਹਰੇ ਲਾਏ। ਖੁਦਕੁਸ਼ੀਆਂ, ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਵਾਅਦੇ ਸੁਣਾਏ, ਪਰ ਫਿਰ ਲੋਕਾਂ ਦੇ ਦਰ ਉਹ ਨਜ਼ਰ ਹੀ ਨਾ ਆਏ!
ਜਾਖੜ ਜੀ, ਦਸ ਸਾਲ "ਬਾਦਲਾਂ" ਪੰਜਾਬ ਦੇ ਲੋਕਾਂ ਦੇ ਵਖੀਏ ਉਧੇੜੇ। ਮਾਫ਼ੀਏ, ਅਫ਼ਸਰਸ਼ਾਹੀ ਦੀ ਯਾਰੀ ਨਾਲ ਆਪਣੇ ਚੰਮ ਦੇ ਸਿੱਕੇ ਚਲਾਏ ਤੇ ਉਹੀ ਸਿੱਕੇ, ਸੁਣਿਆ, ਕੈਪਟਨ ਦੇ ਵੀ ਕੰਮ ਆਏ। ਹੁਣ ਰਾਜ ਅਫ਼ਸਰਾਂ ਦਾ, ਭਾਗ ਅਫ਼ਸਰਾਂ ਦੇ, ਰਾਗ ਅਫ਼ਸਰਾਂ ਦੇ। ਇਹ ਪਹਿਲਾਂ ਵੀ ਸੀ, ਤੇ ਹੁਣ ਵੀ ਹੈ। ਉਪਰ ਵੀ ਹੈ ਮੋਦੀ ਦੁਆਰੇ, ਥੱਲੇ ਵੀ ਹੈ ਕੈਪਟਨ ਦੁਆਰੇ ਤੇ ਆਹ ਜਾਖੜ ਜੀ, ਸਿਆਸਤਦਾਨ, ਸਮਾਜ ਸੇਵਕ ਤਾਂ ਹਨ ਵਿਚਾਰੇ, ਕਰਮਾਂ ਦੇ ਮਾਰੇ, ਦੁਖਿਆਰੇ। ਹੈ ਕਿ ਨਾ? ਤਦੇ ਆਹਦੇ ਆ ਜਾਖੜ ਜੀ, "ਰੁੱਤਾਂ ਆਉਂਦੀਆਂ ਤੇ ਰੁੱਤਾਂ ਜਾਂਦੀਆਂ ਨੇ, ਐਪਰ ਚੱਜ ਦੀ ਨਹੀਂ ਸਰਕਾਰ ਮਿਲਦੀ"!!
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
· ਸਾਲ 2018-19 ਦੌਰਾਨ ਦੇਸ਼ ਵਿੱਚ 12 ਕਰੋੜ 42 ਲੱਖ ਪਾਸਪੋਰਟ ਜਾਰੀ ਕੀਤੇ, ਜਦਕਿ ਸਾਲ 1978-80 ਵਿੱਚ ਸਿਰਫ਼ 8 ਲੱਖ 51 ਹਜ਼ਾਰ ਪਾਸਪੋਰਟ ਜਾਰੀ ਕਿਤੇ ਗਏ ਸਨ।
ਇੱਕ ਵਿਚਾਰ
ਨਾ-ਕਾਮਯਾਬੀ ਮੈਨੂੰ ਕਦੇ ਪਛਾੜ ਨਹੀਂ ਸਕਦੀ, ਕਿਉਂਕਿ ਮੇਰੀ ਕਾਮਯਾਬੀ ਦੀ ਪ੍ਰੀਭਾਸ਼ਾ ਬਹੁਤ ਮਜ਼ਬੂਤ ਹੈ।
.............ਏ.ਪੀ.ਜੇ. ਅਬਦੂਲ ਕਲਾਮ
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
98158-02070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.