ਖ਼ਬਰ ਹੈ ਕਿ ਕਿਸੇ ਵੀ ਕਿਸਮ ਦੀ ਅਸਹਿਮਤੀ ਬਰਦਾਸ਼ਤ ਨਾ ਕਰਨ ਵਾਲੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪੁਲਸ ਨੇ ਗਣਤੰਤਰ ਦਿਵਸ ਤੇ ਡਿਫੈਂਸ ਐਕਸਪੋ ਦੇ ਨਾਮ ਤੇ ਦਫ਼ਾ 144 ਲਗਾਈ, ਪਰ ਵਰਤਿਆ ਇਸਨੂੰ ਸੀ.ਏ.ਏ. ਦਾ ਵਿਰੋਧ ਕਰ ਰਹੀਆਂ ਬੀਬੀਆਂ ਦੇ ਵਿਰੁੱਧ। ਪੁਲਸ ਲਖਨਊ 'ਚ ਪ੍ਰੋਟੈਸਟ ਕਰ ਰਹੀਆਂ ਬੀਬੀਆਂ ਦੇ ਕੰਬਲ ਤੇ ਖਾਣਾ ਚੁੱਕ ਕੇ ਲੈ ਗਈ, ਧੂਣੀ ਤੇ ਪਾਣੀ ਪਾ ਦਿੱਤਾ। ਇਹ ਬੀਬੀ ਮਹਾਤਮਾ ਗਾਂਧੀ, ਡਾ. ਅੰਬੇਦਕਰ, ਭਗਤ ਸਿੰਘ ਦੇ ਪੋਸਟਰ ਫੜੀ ਇਨਕਲਾਬ ਜ਼ਿੰਦਾਬਾਦ ਦੇ ਨਾਹਰੇ ਲਾ ਰਹੀਆਂ ਸਨ।
ਕੌਣ ਪੁੱਛੇ ਅਤੇ ਕੌਣ ਦੱਸੇ ਅਸਹਿਮਤੀ ਬਰਦਾਸ਼ਤ ਨਾ ਕਰਨ ਵਾਲਿਆਂ ਤੋਂ ਕਿ ਬਾਬਰ ਵੀ ਤੁਰ ਗਿਆ, ਨਾਦਰ ਵੀ ਤੁਰ ਗਿਆ। ਰਹੀ ਇੰਦਰਾ ਵੀ ਨਹੀਂ। ਰਿਹਾ ਸਿਕੰਦਰ ਵੀ ਨਹੀਂ, ਮਸੋਲੀਨੀ ਵੀ ਨਹੀਂ। ਹਿਟਲਰ ਕਿਹੜਾ ਬੈਠਾ ਰਿਹਾ?
ਕੌਣ ਪੁੱਛੇ ਅਤੇ ਕੌਣ ਦੱਸੇ ਅਸਹਿਮਤੀ ਬਰਦਾਸ਼ਤ ਨਾ ਕਰਨ ਵਾਲਿਆਂ ਨੂੰ ਕਿ ਇੱਕ ਵਿੱਚ ਲੱਖ ਵੱਸਦੇ ਹਨ, ਜਿਹੜੇ ਭਾਵੇਂ ਸੁੰਨ ਧਾਰ ਬੈਠੇ ਹੋਣ ਪਰ ਜਦੋਂ ਗੱਜਣਗੇ ਉਦੋਂ ਵਸਣਗੇ ਵੀ।
ਕੌਣ ਪੁੱਛੇ ਅਤੇ ਕੌਣ ਦੱਸੇ ਅਸਹਿਮਤੀ ਬਰਦਾਸ਼ਤ ਨਾ ਕਰਨ ਵਾਲਿਆਂ ਨੂੰ ਬੀਬੀਆਂ ਰੁੱਖ ਹੁੰਦੀਆਂ ਨੇ। ਛਾਂ ਵੀ ਦਿੰਦੀਆਂ ਨੇ। ਜ਼ਹਿਰ ਕੂੜ ਨੂੰ ਪੀਂਦੀਆਂ ਨੇ। ਅੰਮ੍ਰਿਤ ਦੀ ਵਰਖਾ ਕਰਦੀਆਂ ਨੇ। ਹਰੀਅਲ ਦੀਵੇ ਬਾਲਕੇ ਸਮਾਜ ਨੂੰ, ਜਦੋਂ ਆਈ ਤੇ ਆਉਣ, ਸੇਧ ਵੀ ਦਿੰਦੀਆਂ ਨੇ, ਜ਼ਾਬਰਾਂ ਨੂੰ ਸਬਕ ਵੀ ਸਿਖਾਉਂਦੀਆਂ ਨੇ।
ਕੌਣ ਪੁੱਛੇ ਅਤੇ ਕੌਣ ਦੱਸੇ ਅਸਹਿਮਤੀ ਬਰਦਾਸ਼ਤ ਨਾ ਕਰਨ ਵਾਲਿਆਂ ਨੂੰ ਕਿ ਜਿਹੜੇ ਪਾਣੀ ਪੁਣਿਆ ਪੀਂਦੇ ਨੇ, ਆਪਣਾ ਕੀਤਾ ਪੁਣਦੇ ਨਹੀਂ,ਉਹ ਆਪਣਿਆਂ ਦੀ ਵੀ ਨਹੀਂ ਸੁਣਦੇ ਤਾਂ ਫਿਰ ਆਪਣੀ ਛੱਤਾਂ ਤੇ ਜਾ ਚੜ੍ਹਦੇ ਨੇ, ਕੁੱਦਕੇ ਸਿਆਸਤ ਦੇ ਅੰਦਰੀ ਜਾ ਵੜਦੇ ਨੇ ਅਤੇ ਅੰਤ ਨੂੰ ਹਿਟਲਰਾਂ, ਮਸੋਲੀਨੀਆਂ, ਬਾਬਰਾਂ, ਨਾਦਰਾਂ ਦਾ ਘਾਣ ਕਰਦੇ ਨੇ। ਹੈਂ ਜੀ!
ਸੌਦਾਗਰਾਂ ਦੇ ਹੱਥੋਂ ਏਨੇ ਲਚਾਰ ਹੋਏ
ਖ਼ਬਰ ਹੈ ਕਿ ਭਾਜਪਾ ਦੇ ਉਘੇ ਨੇਤਾ ਮਾਸਟਰ ਮੋਹਨ ਲਾਲ ਨੇ ਪੰਜਾਬ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 117 ਸੀਟਾਂ ਉਤੇ ਭਾਜਪਾ ਵਲੋਂ ਇੱਕਲਿਆਂ ਹੀ ਲੜਨ ਦੀ ਵਕਾਲਤ ਕੀਤੀ ਹੈ। ਇਸ ਨਾਲ ਅਕਾਲੀ ਦਲ ਬਾਦਲ ਵਿੱਚ ਬਹੁਤ ਰੋਹ ਹੈ। ਅਕਾਲੀ ਦਲ ਦੇ ਜਿਲਾ ਜੱਥੇਦਾਰ ਪਠਾਨਕੋਟ ਸੁਰਿੰਦਰ ਕੰਵਰ ਸਿੰਘ ਮਿੰਟੂ ਨੇ ਕਿਹਾ ਕਿ ਅਕਾਲੀ-ਭਾਜਪਾ ਕੇਵਲ ਸਿਆਸੀ ਪਾਰਟੀਆਂ ਦਾ ਗੱਠਜੋੜ ਨਹੀਂ ਬਲਕਿ ਹਿੰਦੂ-ਸਿੱਖ ਭਾਈਚਾਰੇ ਦਾ ਪ੍ਰਤੀਕ ਹੈ। ਉਹਨਾ ਨੇ ਕਿਹਾ ਕਿ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਮਾਸਟਰ ਮੋਹਨ ਲਾਲ ਦੇ ਬਿਆਨ ਦੀ ਨਿੰਦਿਆ ਕਰਨਗੇ। ਉਧਰ ਮਾਸਟਰ ਮੋਹਨ ਲਾਲ ਨੇ ਕਿਹਾ ਹੈ ਕਿ ਉਹ ਆਪਣੇ ਬਿਆਨ ਤੇ ਅਡਿੱਗ ਹਨ। ਉਧਰ ਦਿੱਲੀ 'ਚ ਅਕਾਲੀਆਂ, ਭਾਜਪਾ ਦੇ ਰਵੱਈਏ ਤੋਂ ਦੁੱਖੀ ਹੋਕੇ ਦਿੱਲੀ 'ਚ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਇੱਕਠਿਆਂ ਹੋਕੇ ਨਾ ਲੜਨ ਦਾ ਫ਼ੈਸਲਾ ਕੀਤਾ ਹੈ। ਹਰਿਆਣੇ ਵਿੱਛ ਵੀ ਅਕਾਲੀ ਦਲ ਅਲੱਗ ਲੜਿਆ ਸੀ।
ਕੁਰਸੀਆਂ ਦਾ ਲਾਲਚ ਬੁਰਾ! ਉਸ ਤੋਂ ਵੀ ਬੁਰਾ ਘਰ 'ਚ ਹੀ ਕੁਰਸੀਆਂ ਦਾ ਲਾਲਚ! ਵੱਡੇ ਬਾਦਲ ਕੁਰਸੀ ਦਾ ਪੰਜ ਵੇਰ ਲਾਲਚ ਕੀਤਾ। ਪੰਜੇ ਵੇਰ, ਆਪਣੇ ਸਾਥੀਆਂ ਨੂੰ ਖੂੰਜੇ ਲਾਇਆ, ਜਿਹੜੇ ਵੱਡੀਆਂ ਢੁੱਠਾਂ ਵਾਲੇ ਸਨ, ਉਹਨਾ ਨੂੰ ਬਹੁਤਾ ਉਚੇ ਜਾਣ ਦਾ ਸਬਕ ਸਿਖਾਇਆ। ਬਾਜਪਾਈਆਂ, ਭਾਜਪਾਈਆਂ, ਅਡਵਾਨੀਆਂ ਨਾਲ ਦੋਸਤੀ ਪਾਕੇ ਆਪਣਿਆਂ ਨੂੰ ਰੁਸਾਇਆ।
ਆਪ ਥੱਕਿਆ ਤਾਂ ਕੁਰਸੀ ਤੇ ਪੁੱਤਰ ਨੂੰ ਬਿਠਾਇਆ, ਅਤੇ ਉਪਰੋਂ ਮੋਦੀ-ਸ਼ਾਹ ਪੱਲੇ ਆਪਣੇ ਘਰ ਦੇ ਜੀਅ ਨੂੰ ਸਿੰਘਾਸਨ ਤੇ ਬੈਠਾਇਆ। ਆਪਣੇ ਕਿਸੇ ਸੀਨੀਅਰ ਸਾਥੀ ਦਾ ਵੱਡੇ ਬਾਦਲ ਨੂੰ ਚੇਤਾ ਹੀ ਨਾ ਆਇਆ।
ਵੇਖੋ ਨਾ ਜੀ, ਟੌਹੜਾ ਰੁਸਿਆ, ਤਲਵੰਡੀ, ਲੌਂਗੇਵਾਲ ਰੁਸਾਏ। ਮਾਝੇ ਦਾ ਜਰਨੈਲ, ਦੁਆਬੇ ਦਾ ਜਰਨੈਲ ਅਤੇ ਫਿਰ ਢੀਂਡਸੇ ਬਾਦਲਾਂ ਨੂੰ ਰਾਸ ਹੀ ਨਾ ਆਏ। ਜਿਹੜੇ ਭਾਜਪਾਈਏਂ ਰਾਸ ਆਏ, ਉਹਨਾ ਪਹਿਲਾਂ ਹਰਿਆਣੇ 'ਚ ਅਤੇ ਹੁਣ ਦਿੱਲੀ 'ਚ ਬਾਦਲਾਂ ਨੂੰ ਗੂਠੇ ਦਿਖਾਏ। ਤੇ ਵਿਚਾਰੇ ਬਾਦਲ ਹੁਣ "ਸੌਦਾਗਰਾਂ ਦੇ ਹੱਥੋਂ ਏਨੇ ਲਚਾਰ ਹੋਏ, ਰੌਣਕੀਲੇ ਰਸਤੇ ਆਖ਼ਰ ਬਜ਼ਾਰ ਹੋਏ" ਗਾਉਂਦੇ ਫਿਰਦੇ ਹਨ।
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
98158-02070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.