ਧਰਮ ਦੇ ਓਹਲੇ ਹੇਠ ਕਲਾਤਮਿਕ ਬੁੱਤਾਂ ਨੂੰ ਤੋੜਨਾ ਗਲਤ ਹੈ
ਹਰਿਮੰਦਰ ਸਾਹਿਬ ਨੇੜੇ ਕੁਝ ਸਮਾਂ ਪਹਿਲਾ ਲਗਾਏ ਗਏ ਸੱਭਿਆਚਾਰਕ ਬੁੱਤਾਂ ਨੂੰ ਤੋੜੇ ਜਾਣ ਦਾ ਮਸਲਾ ਇਹਨੀ ਦਿਨੀਂ ਕਾਫ਼ੀ ਚਰਚਾ ਵਿੱਚ ਹੈ । ਇਸ ਮਸਲੇ ਉੱਤੇ ਵਿਚਾਰ ਕਰਨ ਵਾਸਤੇ ਦੋ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ।
ਪਹਿਲੀ ਗੱਲ ਇਹ ਕਿ ਸੱਭਿਆਚਾਰ ਕੀ ਹੁੰਦਾ ਹੈ ਤੇ ਇਸ ਦੇ ਘੇਰੇ ਦੀ ਸੀਮਾ ਕੀ ਹੁੰਦੀ ਹੈ । ਦੂਜੀ ਗੱਲ ਇਹ ਕਿ ਸੰਬੰਧਿਤ ਸੱਭਿਆਚਾਰ ਵਿਚਲੇ ਲੋਕਾਂ ਦੀ ਮਨੋਦਸ਼ਾ ਦਾ ਪੱਧਰ ਕੀ ਹੈ ? ਇਹਨਾਂ ਦੋਹਾਂ ਹੀ ਸਵਾਲਾਂ ਬਾਰੇ ਗੱਲ ਕਰਨ ਤੋਂ ਬਾਦ ਅਸੀਂ ਆਪਣੀ ਗੱਲ ਅੱਗੇ ਤੋਰਾਂਗੇ।
ਜਿੱਥੋਂ ਤੱਕ ਸੱਭਿਆਚਾਰ ਦੀ ਪਰਿਭਾਸ਼ਾ ਅਤੇ ਇਸ ਦੇ ਘੇਰੇ ਦੀ ਗੱਲ ਹੈ ਤਾਂ ਇਸ ਬਾਰੇ ਕਿਹਾ ਜਾ ਸਕਦਾ ਹੈ ਕਿ ਸੱਭਿਆਚਾਰ ਇਕ ਜੁੱਟ ਤੇ ਜਟਿੱਲ ਸਿਸਟਮ ਹੁੰਦਾ ਹੈ । ਇਹ ਕਿਸੇ ਖ਼ਿੱਤੇ ਵਿਸ਼ੇਸ਼ ਵਿੱਚ ਵਸਦੇ ਲੋਕਾਂ ਦੇ ਸਮੁੱਚੇ ਜੀਵਨ ਦੀ ਪੇਸ਼ਕਾਰੀ ਕਰਦਾ ਹੈ ਜਾਂ ਇੰਜ ਕਹਿ ਲਓ ਕਿ ਸੰਬੰਧਿਤ ਖ਼ਿੱਤੇ ਦੇ ਲੋਕਾਂ ਦਾ ਸਮੁੱਚਾ ਜੀਵਨ ਢੰਗ ਹੁੰਦਾ ਹੈ ਜਿਸ ਵਿੱਚ ਉੱਥੋਂ ਦੇ ਲੋਕਾਂ ਦੀ ਸਮੁੱਚੀ ਰਹਿਣੀ ਬਹਿਣੀ, ਪਹਿਨ ਪਹਿਰਾਵਾ, ਸ਼ਗਨ ਅਪਸ਼ਗਨ, ਲੋਕ ਕਲਾਵਾਂ, ਪਰੁਹਣਚਾਰੀ ਦਾ ਸਲੀਕਾ, ਖਾਣਾ ਪੀਣਾ, ਲੋਕ ਨਾਚ, ਲੋਕ ਗੀਤ, ਧਰਮ ਅਧਰਮ, ਰਹੁਰੀਤਾਂ, ਕਦਰਾਂ ਕੀਮਤਾਂ, ਬੋਲੀ ਤੇ ਸਮੁੱਚਾ ਸੋਚਣ ਢੰਗ ਇਸ ਦਾ ਖਾਸਾ ਹੁੰਦੇ ਹਨ । ਸੱਭਿਆਚਾਰ ਦਾ ਘੇਰਾ ਬੜਾ ਵਿਸਾਲ ਹੁੰਦਾ ਹੈ ਤੇ ਵਿਰਸੇ ਦਾ ਇਸ ਦੇ ਨਾਲ ਜੁੜਨ ਨਾਲ ਇਹ ਘੇਰਾ ਹੋਰ ਮੋਕਲਾ ਹੋ ਜਾਂਦਾ ਹੈ ।
ਇੱਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਸੱਭਿਆਚਾਰ ਦੇ ਬਾਕੀ ਅੰਗਾਂ ਵਾਂਗ ਹੀ ਧਰਮ ਵੀ ਇਸ ਦਾ ਇਕ ਅੰਗ ਹੁੰਦਾ ਹੈ । ਇਕ ਸੱਭਿਆਚਾਰ ਵਿੱਚ ਇਕ ਤੋਂ ਵੱਧ ਧਰਮਾਂ ਨੂੰ ਮੰਨਣ ਵਾਲੇ ਲੋਕ ਹੋ ਸਕਦੇ ਹਨ ਪਰ ਮੂਲ ਰੂਪ ਵਿੱਚ ਉਹਨਾ ਦੀ ਪਹਿਚਾਣ ਉਹਨਾ ਦਾ ਸੱਭਿਆਚਾਰਾਂ ਖਾਸਾ ਹੀ ਹੁੰਦੀ ਹੈ । ਮਿਸਾਲ ਵਜੋਂ ਪੰਜਾਬੀਆਂ ਦੀ ਗੱਲ ਕੀਤੀ ਜਾ ਸਕਦੀ ਹੈ ਜੋ ਕਿ ਹਿੰਦੂ, ਸਿੱਖ, ਈਸਾਈ ਤੇ ਮੁਸਲਿਮ ਆਦਿ ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ ਹਨ ਪਰ ਬੋਲੀ ਤੇ ਰਹਿਣ ਸਹਿਣ ਦੇ ਤੌਰ ਤਰੀਕਿਆਂ ਤੇ ਹੋਰ ਬਹੁਤ ਸਾਰੇ ਪਹਿਲੂਆਂ ਤੋਂ ਸਭਨਾ ਵਿਚ ਸਮਾਨਤਾ ਪਾਈ ਜਾਂਦੀ ਹੈ ।
ਦੂਸਰਾ ਸਵਾਲ ਹੈ ਸੰਬੰਧਿਤ ਸੱਭਿਆਚਾਰ ਵਿਸ਼ੇਸ਼ ਵਿੱਚ ਵਸਣ ਵਾਲੇ ਲੋਕਾਂ ਦੀ ਮਾਨਸਿਕਤਾ ਦਾ ਪੱਧਰ । ਇਸ ਸਵਾਲ ਦਾ ਸਿੱਧਾ ਸੰਬੰਧ ਬੌਧਿਕਤਾ ਨਾਲ ਹੋਣ ਕਾਰਨ ਲੋਕਾਂ ਦੇ ਤਾਲੀਮੀ ਮਿਆਰ ਨਾਲ ਜਾ ਜੁੜਦਾ ਹੈ ਤੇ ਇਹ ਉਕਤ ਮਿਆਰ ਹੀ ਲੋਕ ਬੌਧਿਕਤਾ ਦੇ ਵਿਕਸਿਤ ਜਾਂ ਅਵਿਕਸਿਤ ਹੋਣ ਦਾ ਫੈਸਲਾ ਕਰਦਾ ਹੈ । ਮੁਆਫੀ ਚਾਹਾਂਗਾ ਪਰ ਸੱਚ ਬੋਲਣਾ ਪਵੇਗਾ ਕਿ ਪੰਜਾਬ ਵਿੱਚ ਇਸ ਵੇਲੇ ਬੌਧਿਕ ਦੀਵਾਲੀਏਪਨ ਦੀ ਸਥਿਤੀ ਬਣੀ ਹੋਈ ਹੈ ।
ਹੁਣ ਗੱਲ ਕਰਦੇ ਹਾਂ ਬੁੱਤਾਂ ਦੇ ਤੋੜਨ ਜਾਂ ਨਾ ਤੋੜਨ ਦੀ । ਮੇਰੀ ਜਾਚੇ ਜੇਕਰ ਉਹ ਕਲਾਤਮਿਕ ਬੁੱਤ ਕਿਸੇ ਧਾਰਮਿਕ ਅਦਾਰੇ ਦੀ ਹੱਦਬੰਦੀ ਵਿੱਚ ਲਗਾਏ ਹੁੰਦੇ ਤਾਂ ਉਹਨਾ ਦਾ ਤੋੜਿਆ ਜਾਣਾ ਜਾਇਜ ਸੀ । ਅੰਮਿ੍ਰਤਸਰ ਵਿੱਚ ਸਿਰਫ ਇਕ ਧਰਮ ਨੂੰ ਮੰਨਣ ਵਾਲੇ ਪੰਜਾਬੀ ਹੀ ਨਹੀਂ ਰਹਿੰਦੇ । ਇਹ ਸ਼ਹਿਰ ਪੰਜਾਬ ਦੇ ਸੱਭਿਆਚਾਰਕ ਵਿਰਸੇ ਦੀ ਪੁਸ਼ਤਪਨਾਹੀ ਕਰਦਾ ਹੈ । ਜੱਲਿ੍ਹਆਵਾਲੇ ਬਾਗ਼ ਵਿੱਚ ਸਭ ਧਰਮਾਂ ਦੇ ਲੋਕ ਗੋਲੀ ਦਾ ਸ਼ਿਕਾਰ ਹੋਏ ਸਨ । ਸੋ ਸੱਭਿਆਚਾਰਕ ਬੁੱਤਾਂ ਨੂੰ ਤੋੜਕੇ ਇਸ ਸ਼ਹਿਰ ਉੱਤੇ ਇਕ ਧਰਮ ਦਾ ਕਬਜ਼ਾ ਕਰਨਾ ਬਿਲਕੁਲ ਉਸੇ ਤਰਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਨਾ ਹੈ ਜੋ ਭਾਜਪਾ ਅਤੇ ਆਰ ਐਸ਼ ਐਸ਼ ਵਾਲੇ ਪੂਰੇ ਮੁਲਕ ਵਿੱਚ ਇਸ ਵੇਲੇ ਗਊ ਮਾਤਾ, ਲਵ ਜਹਾਦ, ਜੈ ਮਾਤਾ ਦੀ, ਰਾਮ ਰਾਮ, ਐਨ ਆਰ ਸੀ, ਏ ਸੀ ਸੀ ਆਦਿ ਕਾਰਵਾਈਆਂ ਅਧੀਨ ਯੋਜਨਾਬੱਧ ਰੂਪ ਵਿੱਚ ਕਰ ਰਹੇ ਹਨ ਜਾਂ ਫੇਰ ਤਾਲਿਬਾਨੀ ਜਾਂ ਤੁਗਲਕੀ ਵਰਤਾਰੇ ਤੋਂ ਕਿਸੇ ਵੀ ਤਰਾਂ ਘੱਟ ਨਹੀਂ ।
ਸੋ ਜਿਹਨਾ ਨੇ ਸੜਕ ਕਿਨਾਰੇ ਸਥਾਪਿਤ ਬੁੱਤਾ ਨੂੰ ਤੋੜਿਆ ਹੈ, ਉਹਨਾ ਨੇ ਬੌਧਿਕਤਾ ਦੀ ਬਜਾਏ ਭਾਵੁਕਤਾ ਵੱਸ ਹੋ ਕੇ ਸਰਾਸਰ ਗਲਤ ਕੀਤਾ ਹੈ । ਬੁੱਤਾਂ ਨੂੰ ਤੋੜਨ ਨਾਲ ਨਾ ਹੀ ਸਿੱਖੀ ਦਾ ਪ੍ਰਚਾਰ ਹੋਵੇਗਾ ਕੇ ਨਾ ਹੀ ਲੋਕਾਂ ਦੀ ਸੋਚ ਵਿੱਚ ਪਰਿਵਰਤਨ ਆਵੇਗਾ । ਸਗੋਂ ਅਜਿਹਾ ਕਰਨ ਨਾਲ ਲੋਕਾਂ ਵਿੱਚ ਗਲਤ ਸੁਨੇਹਾ ਜਾਵੇਗਾ । ਲੋਕ ਮਨਾਂ ਚ ਡਰ ਕੇ ਸਹਿਮ ਪੈਦਾ ਹੋਵੇਗਾ ਤੇ ਉਹਨਾਂ ਦੇ ਮਨਾਂ ਵਿੱਚ ਸਿੱਖ ਧਰਮ ਪ੍ਰਤੀ ਕਈ ਤਰਾਂ ਦੇ ਸ਼ੰਕੇ ਤੇ ਭਰਾਂਤੀਆਂ ਪੈਦਾ ਹੋਣਗੀਆਂ । ਕਹਿਣ ਦਾ ਭਾਵ, ਸਿੱਧੇ ਸ਼ਬਦਾਂ ਵਿੱਚ ਇਹ ਕਿ ਕਲਾਤਮਿਕ ਬੁੱਤਾਂ ਨੂੰ ਤੋੜਨ ਨਾਲ ਨਾ ਹੀ ਸਿੱਖ ਧਰਮ ਦਾ ਪ੍ਰਚਾਰ ਹੋ ਸਕਣਾ ਹੈ ਤੇ ਨਾ ਹੀ ਲੋਕਾਂ ਦੀ ਮਾਨਸਿਕਤਾ ਬਦਲਣ ਦੀਆ ਸੰਭਾਵਨਾਵਾਂ ਪੈਦਾ ਹੋਣਗੀਆਂ ਤੇ ਨਾ ਹੀ ਅੰਮਿ੍ਰਤਸਰ ਦੀ ਪਵਿੱਤਰਤਾ ਵਧਣੀ ਹੈ, ਉਲਟਾ ਇਸ ਤਰਾਂ ਕਰਨ ਦੇ ਨੈਗਟਿਵ ਸਾਇਡ ਇਫੈਕਟ ਹੀ ਸਾਹਮਣੇ ਆਉਣਗੇ ।
ਚੰਗਾ ਹੋਵੇਗਾ ਕਿ ਏਹੋ ਜਿਹੀਆਂ ਕਾਰਵਾਈਆਂ ਕਰਨ ਦੀ ਬਜਾਏ ਲੋਕ ਮਾਨਸਿਕਤਾ ਵਿੱਚ ਪਰੇਰਣਾਦਾਇਕ ਢੰਗਾਂ ਰਾਹੀਂ ਸੁਧਾਰ ਲਿਆ ਕੇ ਸਿੱਖ ਧਰਮ ਨੂੰ ਪਰਫੁਲਤ ਕਰਨ ਵਾਸਤੇ ਕੋਈ ਨਿੱਗਰ ਤੇ ਰਚਨਾਤਮਿਕ ਢੰਗ ਤਰੀਕੇ ਅਪਣਾਏ ਜਾਣ । ਕਲਾਤਮਿਕ ਬੁੱਤਾਂ ਨੂੰ ਤੋੜਨਾ ਵੈਸੇ ਵੀ ਗੁਰਬਾਣੀ ਦੀ ਮੂਲ ਭਾਵਨਾ ਦੇ ਉਲਟ ਹੈ ਕਿਉਂਕਿ ਗੁਰਬਾਣੀ ਵਿੱਚ ਹੱਸਣ ਤੇ ਖੇਡਣ ਨੂੰ ਮਨ ਦਾ ਚਾਅ ਤੇ ਹੁਲਾਸ ਦੱਸਿਆ ਗਿਆ ਹੈ ਤੇ ਲੋਕ ਨਾਚ ਸਾਡੀ ਸੱਭਿਆਚਾਰਕ ਪਰੰਪਰਾ ਹੈ ਜਿਸ ਤੋਂ ਕਿਸੇ ਵੀ ਤਰਾਂ ਅਸੀਂ ਪੰਜਾਬੀ ਮੁਨਕਰ ਨਹੀਂ ਹੋ ਸਕਦੇ । ਧਰਮ ਹਰ ਇਕ ਦਾ ਨਿੱਜੀ ਮਸਲਾ ਹੈ । ਧਾਰਮਿਕ ਸਥਾਨ ਧਰਮ ਦੇ ਸਕੂਲ ਹਨ । ਆਪਣੀਆ ਧਾਰਮਿਕ ਭਾਵਨਾਵਾਂ ਦੀ ਤ੍ਰਿਪਤੀ ਕਰਨ ਵਾਸਤੇ ਕਿਸੇ ਦੂਸਰੇ ਦੀ ਮਾਨਸਿਕਤਾ ਨੂੰ ਤਕਲੀਫ਼ ਪਹੁੰਚਾਉਣ ਦੀ ਇਜਾਜ਼ਤ ਕੋਈ ਵੀ ਧਰਮ ਨਹੀਂ ਦਿੰਦਾ ।
ਸਮੁੱਚੇ ਤੌਰ ਤੇ ਇਹੀ ਕਿਹਾ ਜਾ ਸਕਦਾ ਹੈ ਕਿ ਧਰਮ ਦੇ ਓਹਲੇ ਹੇਠ ਉਹਨਾਂ ਕਲਾਤਮਿਕ ਬੁੱਤਾਂ ਦਾ ਤੋੜਿਆ ਜਾਣਾ ਜੋ ਕਿਸੇ ਗੁਰਧਾਮ ਦੇ ਘੇਰੇ ਤੋਂ ਬਾਹਰ ਜਨਤਕ ਸਥਾਨਾਂ ‘ਤੇ ਸਥਾਪਿਤ ਕੀਤੇ ਗਏ ਹੋਣ, ਆਪਣੇ ਆਪ ਧਰਮ ਦੀ ਅੰਤਰੀਵ ਭਾਵਨਾ ਦੇ ਉਲਟ ਹੈ, ਉਲਾਰ ਮਾਨਸਿਕਤਾ ਦਾ ਪ੍ਰਗਟਾਵਾ ਤੇ ਜਾਂ ਫੇਰ ਕੋਈ ਗਹਿਰੀ ਸ਼ਾਜਿਸ਼ ਦਾ ਨਤੀਜਾ, ਪਰ ਇਹ ਗੱਲ ਪੱਕੀ ਹੈ ਕਿ ਇਸ ਤਰਾਂ ਕਰਨ ਨਾਲ ਕਿਸੇ ਧਰਮ ਦਾ ਕਿਸੇ ਵੀ ਤਰਾਂ ਕੋਈ ਭਲਾ ਹੋਣ ਵਾਲਾ ਨਹੀਂ । ਇਸ ਤਰਾਂ ਕਰਨ ਨਾਲ ਸਮਾਜਿਕ ਕਸ਼ੀਦਗੀ ਤੇ ਉਲਝਣ ਹੀ ਪੈਦਾ ਹੋਵੇਗੀ । ਸੋ ਇਸ ਤਰਾਂ ਦੇ ਵਰਤਾਰੇ ਤੋਂ ਬਚਿਆ ਜਾਣਾ ਚਾਹੀਦਾ ਹੈ ਤੇ ਇਸ ਨੂੰ ਫ਼ੌਰੀ ਤੌਰ ‘ਤੇ ਰੋਕਿਆ ਵੀ ਜਾਣਾ ਚਾਹੀਦਾ ਹੈ ਤਾਂ ਕਿ ਸਥਿਤੀ ਨੂੰ ਹੋਰ ਪੇਚੀਦਾ ਹੋਣ ਤੋਂ ਬਰਾਇਆ ਜਾ ਸਕੇ । ਮੁੱਕਦੀ ਗੱਲ ਇਹ ਹੈ ਕਿ ਜਿੰਨਾ ਚਿਰ ਲੋਕ ਮਾਨਸਿਕਤਾ ਨੂੰ ਬਦਲਣ ਦੇ ਉਪਰਾਲੇ ਨਹੀਂ ਕੀਤੇ ਜਾਂਦੇ ਉਂਨਾਂ ਚਿਰ ਕਿਸੇ ਵੀ ਤਰਾਂ ਦੇ ਬਦਲਾਵ ਦੀ ਉਮੀਦ ਰੱਖਣਾ ਬਿਰਥਾ ਹੈ।
ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
-
ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ, ਲੇਖਕ
dhilon@ntlworld.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.