ਨਵੇਂ ਸਾਲ 'ਚ ਕੈਪਟਨ ਸਰਕਾਰ ਦੀ ਵਾਅਦਾ ਖਿਲਾਫ਼ੀ ਵਿਰੁੱਧ ਮਚੇਗਾ ਭਾਂਬੜ
'ਦਰਬਾਰਾ ਸਿੰਘ ਕਾਹਲੋਂ'
ਜੇਕਰ ਪੰਜਾਬ ਅੰਦਰ ਵੱਖ-ਵੱਖ ਕਾਂਗਰਸ, ਅਕਾਲੀ-ਭਾਜਪਾ ਗਠਜੋੜ ਸਰਕਾਰਾਂ ਵਿਧਾਨ ਸਭਾ ਚੋਣਾਂ ਵੇਲੇ ਆਪੋ-ਆਪਣੀਆਂ ਪਾਰਟੀਆਂ ਦੇ ਚੋਣ ਮੈਨੀਫੈਸਟੋਆਂ ਅਨੁਸਾਰ ਕੀਤੇ ਜਨਤਾ ਨਾਲ ਪਵਿੱਤਰ ਵਾਅਦਿਆਂ ਦੀ ਘੋਰ ਵਾਅਦਾ ਖਿਲਾਫੀ ਨਾ ਕਰਦੀਆਂ, ਚੋਣ ਮੈਨੀਫੈਸਟੋਆਂ ਨੂੰ ਜਨਤਾ ਨਾਲ ਕੀਤੇ ਵਾਅਦਿਆਂ ਦਾ ਪਵਿੱਤਰ ਲੋਕਤੰਤਰੀ ਦਸਤਾਵੇਜ਼ ਸਮਝਦੇ ਉਨਾਂ ਤੇ ਜੀਅ-ਜਾਨ ਨਾਲ ਅਮਲ ਕਰਦੀਆਂ ਹੁੰਦੀਆਂ ਤਾਂ ਪੰਜਾਬ ਅੱਜ ਗੰਭੀਰ ਆਰਥਿਕ, ਸਮਾਜਿਕ, ਰਾਜਨੀਤਕ, ਧਾਰਮਿਕ, ਸਭਿਆਚਾਰਕ ਸੰਕਟ ਵਿਚ ਨਾ ਧੱਸਦਾ। ਹਰ ਮੁਹਾਜ਼ ਤੇ ਨਾ ਨਿਘਰਦਾ, ਇਸ ਦੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਨਾ ਹੁੰਦੇ, ਇਸਦੇ ਨੌਜਵਾਨ ਅੱਤਵਾਦ ਅਤੇ ਨਸ਼ੀਲੇ ਪਦਾਰਥਾਂ ਦਾ ਸ਼ਿਕਾਰ ਨਾ ਬਣਦੇ, ਗੈਂਗਸਟਰਵਾਦੀ ਨਾ ਬਣਦੇ, ਲੱਖਾਂ ਦੀ ਤਦਾਦ ਵਿਚ ਵਿਦੇਸ਼ਾਂ ਵਿਚ ਕੰਮ-ਕਾਜ ਦੀ ਤਲਾਸ਼ ਵਿਚ ਵਹੀਰਾਂ ਨਾ ਘੱਤਦੇ, ਹਜ਼ਾਰਾਂ ਦੀ ਤਦਾਦ ਵਿਚ ਸਨਅਤਾਂ ਅਤੇ ਸਨਅਤਕਾਰ ਪਲਾਇਨ ਨਾ ਕਰਦੇ, ਹਜ਼ਾਰਾਂ ਕਾਰਖ਼ਾਨੇ ਬੰਦ ਕਰਨ ਦੀ ਨੌਬਤ ਨਾ ਆਉਂਦੀ, ਪੰਜਾਬ ਅਸੀਮ ਕਰਜ਼ਿਆਂ, ਵਿਆਜ ਦੇਣਦਾਰੀਆਂ ਦੀਆਂ ਘੁੰਮਣ-ਘੇਰੀਆਂ ਵਿਚ ਨਾ ਫਸਦਾ, ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਲਈ ਅਵਾਜ਼ਾਰ, ਡੀ.ਏ. ਦੀਆਂ ਕਿਸ਼ਤਾਂ ਰੋਕਣ, ਵਿਕਾਸ ਫੰਡਾਂ ਦੀ ਫਾਈਲਾਂ ਰੋਕਣ, ਅਮਨ-ਕਾਨੂੰਨ ਦੀ ਵਿਗੜਦੀ ਸਥਿੱਤੀ ਦਾ ਸ਼ਿਕਾਰ ਬਣਨ, ਭ੍ਰਿਸ਼ਟਾਚਾਰ ਅਤੇ ਰਾਜਨੀਤਕ ਗੈਰ-ਇਮਾਨਦਾਰੀ ਦਾ ਦੋਸ਼ੀ ਬਣਨ ਲਈ ਮਜਬੂਰ ਨਾ ਹੁੰਦਾ। ਇਸ ਦੇ ਰਾਜ਼ਨੀਤੀਵਾਨਾਂ ਦੇ ਮੱਥੇ ਤੇ ਬੇਈਮਾਨ, ਵਾਅਦਾ-ਖਿਲਾਫੀ, ਭ੍ਰਿਸ਼ਟਾਚਾਰ, ਤਕੱਬਰ ਦੇ ਬਦਨੁਮਾ ਦਾਗ਼ ਨਾ ਉੱਕਰੇ ਹੋਏ ਹੁੰਦੇ।
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ 16 ਮਾਰਚ, 2017 ਨੂੰ ਰਾਜ ਵਿਚ ਸੱਤਾ ਵਿਚ ਆਈ ਕਾਂਗਰਸ ਸਰਕਾਰ ਜੋ ਆਪਣੇ ਪੰਜ ਸਾਲਾਂ ਦਾ ਕਾਰਜਕਾਲ ਵਿਚੋਂ ਤਿੰਨ ਸਾਲ ਪੂਰੇ ਕਰਨ ਜਾ ਰਹੀ ਹੈ, ਵੱਲੋਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਆਪਣੇ ਚੋਣ ਮੈਨੀਫੈਸਟੋ ਅਨੁਸਾਰ ਵਿਖਾਏ ਸਬਜ਼ਬਾਗੀ ਵਾਅਦੇ ਪੂਰੇ ਕਰਨੋਂ ਇਸ ਕਦਰ ਨਾਕਾਮ ਹੋਈ ਹੈ ਕਿ ਅੱਜ ਪੰਜਾਬ ਦਾ ਹਰ ਵਰਗ ਇਸ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਸੜਕਾਂ 'ਤੇ ਉਤਰਨ ਲਈ ਮਜਬੂਰ ਹੋ ਗਿਆ ਹੈ। ਲੋਕ ਤ੍ਰਾਹੀ-ਤ੍ਰਾਹੀ ਕਰ ਉਠੇ ਹਨ। ਦੇਸ਼ ਅੰਦਰ ਕੇਂਦਰ ਸਰਕਾਰ ਵੱਲੋਂ ਬਣਾਏ ਨਾਗਰਿਕਤਾ ਕਾਨੂੰਨ ਵਿਰੁੱਧ ਕੈਪਟਨ ਸਮੇਤ ਪੂਰੀ ਸਰਕਾਰ ਅਤੇ ਕਾਂਗਰਸ ਪਾਰਟੀ ਨੇ ਲੋਕ ਰੋਹ ਤੋਂ ਬਚਣ ਲਈ ਆਪ ਸੜਕਾਂ ਉਤਰਨ ਦਾ ਜੋ ਡਰਾਮਾ ਰਚਿਆ ਹੈ, ਇਸ ਨਾਲ ਪੰਜਾਬ ਦੇ ਆਰਥਿਕ ਮੰਦਹਾਲੀ, ਬੇਰੋਜ਼ਗਾਰੀ, ਬਦਹਾਲੀ ਨਾਲ ਭੱਜੇ ਲੋਕਾਂ ਨੂੰ ਕੋਈ ਸਰੋਕਾਰ ਨਹੀਂ। ਨਵੇਂ ਸਾਲ-2020 ਵਿਚ ਉਹ ਹਰ ਪੱਧਰ 'ਤੇ ਹਰ ਵਰਗ ਦੇ ਲੋਕ ਨਾਮਬੰਦ ਹੋ ਕੇ ਇਸ ਸਰਕਾਰ ਦਾ ਨੱਕ ਵਿਚ ਦਮਕਰਨ ਲਈ 'ਕਰੋ ਜਾਂ ਮਰੋ' ਦੇ ਨਾਅਰੇ ਹੇਠ ਇਸਦੀਆਂ ਲਗਾਤਾਰ ਵਾਅਦਾ ਖਿਲਾਫੀਆਂ ਦੇ ਜਲੂਸ ਕਢਣਗੇ। ਸੋਸ਼ਲ ਮੀਡੀਆ ਤੇ ਵੱਡੇ ਪੱਧਰ 'ਤੇ ਰੋਜ਼ਾਨਾ ਪ੍ਰਤੀਕ੍ਰਿਆਵਾਂ ਇਹੋ ਸੰਕੇਤ ਦੇ ਰਹੀਆਂ ਹਨ। ਰਾਜ ਵਿਚ ਕਿਸਾਨ, ਮਜ਼ਦੂਰ, ਨੌਜਵਾਨ, ਸਨਅਤਕਾਰ, ਕਾਰੋਬਾਰੀ, ਮੁਲਾਜ਼ਮ ਆਦਿ ਵਰਗ, ਰਾਜਨੀਤਕ ਵਿਰੋਧੀ ਧਿਰਾਂ ਅਤੇ ਬੁੱਧੀਜੀਵੀ ਚਿੰਤਕ ਵਰਗ ਇਸ ਸਰਕਾਰ ਤੋਂ ਜਵਾਬਦੇਹੀ ਲਈ ਲਾਮਬੰਦ ਹੋ ਚੁੱਕੇ ਹਨ। ਹੁਣ ਤਾਂ ਹਾਲਾਤ ਇਸ ਸਰਕਾਰ ਵਿਰੁੱਧ ਏਨੇ ਬੱਦਤਰ ਹੋ ਗਏ ਹਨ ਕਿ ਸਰਕਾਰ ਨਾਲ ਸਬੰਧਿਤ ਵਿਧਾਇਕ, ਸੰਸਦ ਮੈਂਬਰ, ਪਾਰਟੀ ਕਾਰਕੁੰਨ ਅਵਾਜ਼ ਬੁਲੰਦ ਕਰ ਰਹੇ ਹਨ।
ਆਰਥਿਕ ਸੰਕਟ :
ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਦੂਸਰਾ ਨੰਬਰ ਵਾਅਦਾ ਖਿਲਾਫੀ, ਆਰਥਿਕ ਅਤੇ ਗੰਭੀਰ ਵਿੱਤੀ ਸੰਕਟ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਆਉਂਦਾ ਹੈ ਜਿੰਨਾਂ ਨੂੰ ਤੱਤਕਾਲੀ ਕੇਂਦਰੀ ਵਿੱਤ ਮੰਤਰੀ ਸ਼੍ਰੀ ਪ੍ਰਣਾਬ ਮੁਖਰਜੀ ਨਾਲ ਸਾਂਠ-ਸਾਂਠ ਕਰਕੇ ਗੰਭੀਰ ਵਿੱਤੀ ਸਮੱਸਿਆਵਾਂ ਖੜੀਆਂ ਕਰਨ ਕਰਕੇ ਸਾਬਕਾ ਅਕਾਲੀ-ਭਾਜਪਾ ਗਠਜੋੜ ਦੀ ਸ : ਪ੍ਰਕਾਸ਼ ਸਿੰਘ ਬਾਦਲ ਸਰਕਾਰ ਵਿਚੋਂ ਵਿੱਤ ਮੰਤਰੀ ਵੱਜੋਂ ਬਰਖਾਸਤ ਕਰ ਦਿਤਾ ਸੀ ਭਾਵੇਂ ਉਹ ਮੁੱਖ ਮੰਤਰੀ ਦੇ ਸੱਕੇ ਭਤੀਜੇ ਸਨ। ਇਸ ਵਿਅਕਤੀ ਨੂੰ ਕੈਪਟਨ ਸਰਕਾਰ ਵਿਚ ਵਿੱਤ ਮੰਤਰੀ ਬਣਾ ਕੇ ਕੈਪਟਨ ਸਾਹਿਬ ਅਤੇ ਕਾਂਗਰਸ ਪਾਰਟੀ ਨੇ ਵੱਡੀ ਭੁੱਲੀ ਕੀਤੀ। ਇਸ ਨੇ ਕਾਂਗਰਸ ਪਾਰਟੀ, ਮੁੱਖ ਮੰਤਰੀ ਅਤੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਦੋ ਸਾਲ ਵਿਚ ਵਿੱਤ ਮੰਤਰਾਲੇ ਨੂੰ ਕੈਪਟਨ ਸਰਕਾਰ ਦੇ ਮੱਥੇ ਦਾ ਚੰਨ ਬਣਾ ਦੇਵੇਗਾ ਪਰ ਹਾਲਤ ਇਹ ਹੈ ਕਿ ਉਲਟਾ ਇਹ ਮੰਤਰਾਲਾ ਇਸ ਨੇ 'ਮੱਥੇ ਦਾ ਕਲੰਕ ਬਣਾ ਦਿਤਾ ਹੈ। ਬਠਿੰਡਾ ਸ਼ਹਿਰੀਆਂ ਅਤੇ ਥਰਮਲ ਪਲਾਂਟ ਮੁਲਾਜ਼ਮਾਂ ਨੂੰ ਵਾਅਦਾ ਕੀਤਾ ਸੀ ਕਿ ਥਰਮਲ ਦੀਆਂ ਚਿਮਨੀਆਂ ਬੰਦ ਨਹੀਂ ਹੋਣ ਦੇਵਾਂਗਾ, ਉਲਟਾ ਮੂਲਾਜ਼ਮ ਕੱਢ ਦਿਤੇ ਜਾਂ ਹੋਰ ਥਾਈਂ ਭੇਜ ਦਿਤੇ। ਥਰਮਲ ਪਲਾਂਟ ਠੱਪ। ਇਸੇ ਕਰਕੇ ਰਾਜਾ ਵੜਿੰਗ ਨੇ ਮੰਗ ਕੀਤੀ ਹੈ ਕਿ 'ਜੋ ਮੰਤਰੀ ਕੰਮ ਨਹੀਂ ਕਰ ਰਿਹਾ, ਬਦਲ ਦਿਉ।'
ਜਿਸ ਰਾਜ ਨੂੰ ਸਲਾਨਾ 33000 ਕਰੋੜ ਕਰਜ਼ਿਆਂ ਦਾ ਵਿਆਜ ਜੋ ਹਰ ਸਾਲ ਵੱਧਦਾ ਹੈ, ਬਜ਼ਾਰ ਵਿਚੋਂ ਉਧਾਰ ਲੈ ਕੇ ਉਤਾਰਨਾ ਪਏ ਉਸ ਨੇ ਰਾਜ ਵਿਚ ਵਿਕਾਸ ਕੀ ਕਰਨੇ ਹਨ? 31000 ਕਰੋੜ ਦਾ ਜੋ ਦੇਸ਼ ਅਕਾਲੀ-ਭਾਜਪਾ ਸਰਕਾਰ ਤੇ ਮੜਿਆ ਜਾ ਰਿਹਾ ਸੀ, ਉਹ ਕਿਸ਼ਤਾਂ ਵਿਚ ਮੋੜਨ ਲਈ ਵਿੱਤ ਮੰਤਰੀ ਦਸਤਖ਼ਤ ਕਰ ਆਏ ਹਨ। ਭਾਵ ਸਹੀ ਦੇਣਦਾਰੀ ਸੀ। 90 ਹਜ਼ਾਰ ਕਰੋੜ ਕਿਸਾਨੀ ਕਰਜ਼ੇ ਵਿਚੋਂ ਜੋ 4700 ਕਰੋੜ ਮੁਆਫ ਕਰਨ ਦੀ ਗਲਤੀ ਕੀਤੀ ਉਹ ਉਨਾਂ ਦੀਆਂ ਜਿਣਸਾਂ ਤੇ ਮੁੜ ਮਾਰਕੀਟ ਫੀਸ ਅਤੇ ਹੋਰ ਫੀਸਾਂ ਠੋਕ ਕੇ ਵਾਪਸ 5800 ਕਰੋੜ ਉਨਾਂ ਤੋਂ ਇਕੱਤਰ ਕਰਨ ਦਾ ਜੁਗਾੜ ਬਣਾ ਲਿਆ। ਨਿਵੇਸ਼ ਕਰਤਾ ਸਨਅਤਕਾਰਾਂ ਨੂੰ 5 ਰੁਪਏ ਯੂਨਿਟ ਬਿਜਲੀ, ਪਹਾੜੀ ਰਾਜਾਂ ਵਾਂਗ ਟੈਕਸ ਹਾਲੀਡੇਅ ਅਤੇ ਸਸਤੀ ਦਰਾਂ ਤੇ ਜ਼ਮੀਨਾਂ ਨਾ ਦੇਣ ਕਰਕੇ ਰਾਜ ਚਿ ਕੋਈ ਸਨਅਤ ਖੋਲਣ ਲਈ ਅੱਗੇ ਨਹੀਂ ਅਿÂਆ। ਰਾਜ ਅੰਦਰ 2007 ਤੋਂ 14 ਤੱਕ 18770 ਸਨਅਤੀ ਯੂਨਿਟ ਬੰਦ ਹੋ ਗਏ। ਭਾਵ ਸਨਅਤਾਂ ਬੰਦ, ਰੋਜ਼ਗਾਰ ਬੰਦ। ਇੰਨਾਂ ਨੂੰ ਮੁੜ ਚਾਲੂ ਕਰਨ ਦੀ ਵਿੱਤੀ ਸੰਕਟ ਨੇ ਇਜਾਜ਼ਤ ਹੀ ਨਾ ਦਿਤੀ।
ਘੋਰ ਵਾਅਦਾ ਖਿਲਾਫੀ :
ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨਾਲ ਵੋਟਾਂ ਅਤ ਸੱਤਾ ਖ਼ਾਤਰ ਵੱਡੀ ਠੱਗੀ ਮਾਰੀ। ਘਰ-ਘਰ ਨੌਕਰੀ, ਸਰਕਾਰ ਬਣੀ ਨਹੀਂ ਸੀ ਫਾਰਮ ਭਰਵਾਏ, ਕਿਸਾਨੀ ਦਾ ਪੂਰਾ ਕਰਜ਼ਾ ਮੁਆਫ, ਫਸਲਾਂ ਦੀ ਸਹੀ ਕੀਮਤ ਅਦਾਇਗੀ, ਫਸਲੀ ਵਿਭਿੰਨਤਾ, ਨੌਜਵਾਨਾਂ ਨੂੰ ਸਮਾਰਟ ਫੋਨ, ਬਚੀਆਂ ਨੂੰ ਯੂਨੀਵਰਸਿਟੀ ਤੱਕ ਮੁਫਤ ਸਿਖਿਆ, ਬੁਢਾਪਾ ਪੈਨਸ਼ਨ 2 ਹਜ਼ਾਰ ਮਾਸਿਕ, ਨੌਜਵਾਨਾਂ ਨੂੰ ਬੇਰੋਜ਼ਗਾਰੀ ਭੱਤਾ 2500 ਰੁਪਏ ਮਾਸਿਕ, ਦਲਿਤ ਧੀਆਂ ਨੂੰ 51000 ਸ਼ਗਨ ਸਕੀਮ, ਆਟਾ-ਦਾਲ ਨਾਲ ਚਾਹਪਤੀ, ਖੰਡ, ਘੀ, ਬੇਅਦਬੀ ਅਤੇ ਬਰਗਾੜੀ ਕਾਂਡ ਦੇ ਦੋਸ਼ੀ ਪਕੜਨਾ, 4 ਹਫ਼ਤੇ 'ਚ ਨਸ਼ੇ ਬੰਦ ਕਰਨਾ, ਲੈਂਡ, ਸੈਂਡ, ਬਜਰੀ, ਟਰਾਂਸਪੋਰਟ, ਕੇਬਲ, ਸ਼ਰਾਬ ਮਾਫੀਏ ਖ਼ਤਮ ਕਰਨ, ਮੁਲਾਜ਼ਮਾਂ ਨੂੰ 7ਵਾਂ ਪੇਅ ਕਮਿਸ਼ਨ, ਕੱਚਿਆਂ ਨੂੰ ਪੱਕੇ ਕਰਨਾ, ਠੇਕੇ ਦੀ ਥਾਂ ਰੈਗੂਲਰ ਭਰਤੀ ਕਰਨਾ, ਬੇਘਰਿਆਂ ਨੂੰ ਮਕਾਨ ਉਸਾਰ ਕੇ ਦੇਣਾ ਅਤੇ ਹੋਰ ਅਨੇਕਾਂ ਸਭ ਠੁੱਸ। ਰੋਜ਼ਗਾਰ ਮੇਲੇ ਪ੍ਰਾਪਤੀ ਬਿਲਕੁਲ ਨਿਗੂਣੀ। ਸੰਨਤੀ ਨਿਵੇਸ ਇਕੱਠ ਮੁਹਾਲੀ ਵਿਚ ਜੋ ਮੁੱਖ ਮੰਤਰੀ ਕਹਿੰਦਾ ਹੈ ਕਿ ਪਾਕਿਸਤਾਨ ਕੋਈ ਹਰਕਤ ਕਰ ਸਕਦਾ ਹੈ ਸੋ ਪੰਜਾਬ ਦੇ ਨੌਜਵਾਨਾ ਨੂੰ ਵਧ ਤੋਂ ਵਧ ਫੌਜ ਵਿਚ ਭਰਤੀ ਹੋਣਾ ਚਾਹੀਦਾ ਹੈ। ਜਿਸ ਪ੍ਰਦੇਸ਼ ਵਿਚ ਗੁਆਂਢੀ ਰਾਜ ਦੇ ਹਮਲੇ ਦੇ ਡਰ ਬਾਰੇ ਮੁੱਖ ਮੰਤਰੀ ਸੰਨਤੀ ਨਿਵੇਸਕਾਰਾਂ ਨੂੰ ਦਰਸਾਉਂਦਾ ਹੋਵੇ ਉਥੇ ਕੋਣ ਨਿਵੇਸ ਕਰੇਗਾ।
ਕੇਂਦਰ ਰਿਪੋਰਟਾਂ :
ਕੇਂਦਰੀ ਗ੍ਰਹਿ ਮੰਤਰਾਲਾ ਰਿਪੋਰਟ ਅਨੁਸਾਰ ਪੰਜਾਬ ਦੀ ਧਰਤੀ ਨਸ਼ੇ ਦਾ ਸਮੁੰਦਰ ਬਣ ਗਈ ਹੈ। ਸੰਨ 2015 ਤੋਂ 18 ਤੱਕ 46909 ਨਸ਼ੇ ਦੇ ਤਸਕਰ ਪਕੜੇ। 2017-18 ਵਿਚ ਵੱਡੀ ਪੱਧਰ ਤੇ ਗਾਂਜਾ, ਅਫੀਮ, ਹੈਰੋਇਨ, ਚੂਰਾ, ਤੁੱਕੀ ਨਸ਼ੀਲੇ ਕੈਪਸੂਲ ਪਕੜੇ। ਇਸਦੀ 553 ਕਿਲੋਮੀਟਰ ਸਰਹੱਦ ਤੇ ਹੁੰਦੀ ਨਸ਼ੀਲੇ ਪਦਾਰਥਾਂ ਦੀ ਤਸਕਰੀ 12 ਘੰਟੇ ਵਿਚ ਦਿੱਲੀ ਪੁੱਜ ਜਾਂਦੀ ਹੈ।
ਖੇਤੀ ਵਿਕਾਸ ਠੁੱਸ। 2005-06 ਵਿਚ ਖੇਤੀ ਵਿਕਾਸ ਦਰ 0.95 ਪ੍ਰਤੀਸ਼ਤ ਤੋਂ 2014-15 'ਚ- 3.4 ਪ੍ਰਤੀਸ਼ਤ ਪੁੱਜ ਗਈ। ਸੰਨ 2000 'ਚ ਪ੍ਰਤੀ ਜੀਅ ਆਮਦਨ 'ਚ ਦੇਸ਼ ਵਿਚ 4 ਸਥਾਨ ਸੀ ਜੋ ਹੁਣ 15 ਵਾਂ ਹੈ। ਵਧੀਆ ਸਰਕਾਰ ਦੇਣ ਵਿਚ 13ਵਾਂ ਸਥਾਨ ਹੈ। ਕੇਂਦਰੀ ਵਿਦਿਆ ਸਬੰਧੀ ਰਿਪੋਰਟ ਅਨੁਸਾਰ ਪੰਜਾਬ ਫਾਡੀ ਰਿਹਾ। 'Âਜ਼ ਆਫ ਡੂਇੰਗ ਬਿਜਨਸ' ਵਿਚ ਹਰਿਆਣਾ ਤੀਸਰੇ ਜਦਕਿ ਪੰਜਾਬ 20ਵੇਂ ਸਥਾਨ ਤੇ ਹੈ।
ਸੋ ਸਲਾਨਾ ਇੱਕ ਲੱਖ ਤੋਂ ਵਧ ਨੌਜਵਾਨ ਵਿਦੇਸ਼ੀ ਜਾ ਰਿਹਾ। ਰਾਜ ਦਾ ਅਰਬਾਂ ਰੁਪਇਆ ਵਿਦੇਸ਼ਾਂ ਵਿਚ ਪੜਾਈ ਅਤੇ ਕਾਰੋਬਾਰ ਲਈ ਜਾ ਰਿਹਾ। ਇਸ ਹੁੰਨਰ ਅਤੇ ਨੌਜਵਾਨ ਸ਼ਕਤੀ ਦੇ ਨਿਕਾਸ ਨੂੰ ਕੇਂਦਰ ਅਤੇ ਪੰਜਾਬ ਸਰਕਾਰਾਂ ਨੇ ਰੋਕਣ ਲਈ ਕੁੱਝ ਨਹੀਂ ਕੀਤਾ। ਅੱਜ ਪੰਜਾਬ ਵਿੱਤੀ, ਆਰਥਿਕ, ਹੁੰਨਰ, ਨੌਜਵਾਨ ਸ਼ਕਤੀ ਪੱਖੋਂ ਖੋਖਲਾ ਹੋ ਗਿਆ ਹੈ। ਕੈਪਟਨ ਮੁਹੰਮਦ ਤੁਗਲਕੀ ਫਰਮਾਨਾਂ ਵਾਂਗ ਨਰਾਜ਼ ਵਿਧਾਇਕਾਂ ਨੂੰ ਸਲਾਹਕਾਰੀ ਵਜ਼ੀਰੀਆਂ, ਚੇਅਰਮੈਨੀਆਂ, ਕਾਂਗਰਸੀ ਕਾਰਕੁੰਨਾਂ ਨੂੰ ਸਰਕਾਰੀ, ਅਰਧ ਸਰਕਾਰੀ ਅਦਾਰਿਆਂ ਵਿਚ ਨਿਯੁੱਕਤੀ ਦੇ ਕੇ ਪਾਰਟੀ ਅੰਦਰੂਨੀ ਵਿਰੋਧ ਠੱਪਣ ਵਿਚ ਮਸਰੂਫ ਹੈ।
ਪੰਜਾਬ ਦੇ ਦੋ ਕਾਂਗਰਸ ਮੁੱਖ ਮੰਤਰੀਆਂ ਤੇ ਰੰਗੀਨ ਮਿਜ਼ਾਜ਼ੀ ਦੇ ਦੋਸ਼ ਲਗਦੇ ਰਹੇ। ਪਹਿਲੇ ਸਨ ਗਿਆਨੀ ਜ਼ੈਲ ਸਿੰਘ ਜਿਸਦੇ ਮਲੇਰਕੋਟਲਾ ਸਥਿੱਤ ਵਿਧਾਇਕਾ ਸਾਜਿਦਾ ਬੇਗਮ ਨਾਲ ਨੇੜਲੇ ਸਬੰਧ ਸਨ ਪਰ ਉਨਾਂ ਨੇ ਇੰਨਾਂ ਨੂੰ ਰਾਜ ਧਰਮ ਦੀ ਲਛਮਣ ਰੇਖਾ ਨਹੀਂ ਪਾਰ ਕਰਨ ਦਿਤੀ ਸੀ। ਦੂਸਰੇ ਹਨ ਕੈਪਟਨ ਸਾਹਿਬ ਜਿੰਨਾਂ ਦੇ ਪਾਕਿਸਤਾਨੀ ਔਰਤ ਅਰੂਸਾ ਨਾਲ ਸਬੰਧ ਹਨ ਜਿੰਨਾਂ ਨੇ ਰਾਜ ਧਰਮ ਦੀ ਲਛਮਣ ਰੇਖਾ ਪਾਰ ਕਰਨ ਕਰਕੇ ਪੰਜਾਬ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਸ਼ੋਸ਼ਲ ਮੀਡੀਆ ਵਿਚ ਇਹ ਸਬੰਧ ਜਿਸ ਕਦਰ ਵਾਇਰਲ ਹੋ ਰਹੇ ਹਨ ਉਹ ਪੰਜਾਬ ਤੇ ਕਾਂਗਰਸ ਪਾਰਟੀ ਲਈ ਨਮੋਸ਼ੀ ਦਾ ਕਾਰਨ ਬਣੇ ਪਏ ਹਨ।
ਕੈਪਟਨ ਸਾਹਿਬ ਕਾਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਯੂ.ਪੀ. ਪੁਲਸ ਵਲੋਂ ਜ਼ਿਆਦਤੀ ਕਰਨ ਤੇ ਲੋਹਾ ਲਾਖਾ ਹੁੰਦੇ ਵੇਖੇ ਗਏ ਹਨ ਪਰ ਇੰਨਾਂ ਦੀ ਪੁਲਸ ਅਤੇ ਪ੍ਰਸਾਸਨ ਜਿਵੇਂ ਪੰਜਾਬ ਦੇ ਵੱਖ-ਵੱਖ ਵਰਗਾਂ ਦੀਆਂ ਨੌਕਰੀਆਂ ਮੰਗ ਰਹੀਆਂ ਧੀਆ ਨਾਲ ਜਿਵੇਂ ਕੁੱਟ ਮਾਰ ਕਰਨ, ਗੁੱਤਾਂ ਤੋਂ ਫੜ ਘਸੀਟਣ, ਮੰਤਰੀਆਂ ਵੱਲੋਂ ਬਦਸਲੂਕੀ ਰੋਜ਼ਾਨਾ ਸ਼ਰਮਨਾਕ ਕਰਤੂਤਾਂ ਕਰਦੇ ਹਨ ਕਦੇ ਇਸ ਤੇ ਲੋਹਾ ਲਾਖਾ ਨਹੀਂ ਹੁੰਦੇ ਵੇਖੇ ਗਏ। ਅਖੇ! ਹਾਥੀ ਨੇ ਦਾਂਤ ਖਾਨ ਕੇ ਔਰ ਦਿਖਾਨੇ ਕੇ ਔਰ। ਰਾਜ 'ਚ ਹਰ ਸਾਲ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਲਈ 5764 ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੁੰਦੇ ਹਨ।
ਸੋ ਨਵੇਂ ਸਾਲ ਵਿਚ ਰਾਜ ਵਿਚ ਹਰ ਵਰਗ ਦੇ ਲੋਕ ਵੱਖ-ਵੱਖ ਪਲੇਟ ਫਾਰਮਾਂ ਤੇ ਲਾਮਬੰਦ ਹੋ ਕੇ ਕੈਪਟਨ ਅਮਰਿੰਦਰ ਸਰਕਾਰ ਤੋਂ ਵਾਅਦਾ ਖਿਲਾਫੀਆਂ ਦਾ ਹਿਸਾਬ ਮੰਗਣਗੇ। ਇਵੇਂ ਹੀ ਵੱਖ-ਵੱਖ ਰਾਜਨੀਤਕ ਦਲ ਵੀ ਸੰਘਰਸ਼ ਵਿੱਢਣਗੇ। ਐਸੀ ਸਥਿੱਤੀ ਵਿਚ ਕੈਪਟਨ ਸਾਹਿਬ ਨੂੰ ਕਾਂਗਰਸ ਹਾਈਕਮਾਨ ਸੱਤਾ ਤੋਂ ਲਾਭੇ ਕਰਕੇ ਕਿਸੇ ਨੌਜਵਾਨ ਕਾਂਗਰਸ ਆਗੂ ਨੂੰ ਅੱਗੇ ਲਿਆ ਸਕਦੀ ਹੈ। ਰਾਜ ਅੰਦਰ ਕਾਂਗਰਸ ਸਰਕਾਰ, ਨੀਤੀਆਂ, ਨੀਯਤ : ਵਿਚ ਵੱਡੀ ਉਥਲ-ਪੁਥਲ ਰਾਹੀਂ ਹਾਈ ਕਮਾਨ ਜਨਤਕ ਰੋਹ ਰਹਿੰਦੇ ਕਾਰਜਕਾਲ ਤੱਕ ਠੱਲਣ ਦਾ ਯਤਨ ਕਰ ਸਕਦੀ ਹੈ।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
94170-94034
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
kahlondarbarasingh@gmail.com
94170-94034
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.