ਬਿੱਖੜੇ ਪੈਂਡਿਆਂ ਦੀਆਂ ਪਗਡੰਡੀਆਂ ਹੋਣ ਜਾਂ ਸ਼ਾਹ ਮਾਰਗ ਹੋਵੇ ਚਾਨਣ ਦਾ ਵਣਜ ਕਰਨ ਵਾਲੇ ਜ਼ਿੰਦਗੀ ਵਿੱਚ ਸੱਚਾ ਸੌਦਾ ਕਰ ਹੀ ਜਾਂਦੇ ਹਨ। ਕਾਲੀ ਰਾਤ ਦੇ ਹਨੇਰ ਸਫ਼ਿਆਂ ਉੱਤੇ ਜੁਗਨੂ ਰੌਸ਼ਨੀ ਦੀ ਤਵਾਰੀਖ਼ ਦੀਆਂ ਲਕੀਰਾਂ ਵਾਹੁੰਦੇ ਹੀ ਰਹਿੰਦੇ ਹਨ। ਚਾਨਣ ਦੇ ਵਪਾਰ ਰਾਹੀਂ ਰੌਸ਼ਨ ਸਮਾਜ ਦਾ ਰੂਪ ਘੜਨ ਵਾਲਾ ਇਕ ਅਜਿਹਾ ਹੀ ਸ਼ਖ਼ਸ ਹੈ ਰੂਪ ਸਿੰਘ। ਦੁਨਿਆਵੀ ਜ਼ਿੰਦਗੀ ਵਿਚ ਬੱਚੇ ਨੂੰ ਮਾਪਿਆਂ ਵੱਲੋਂ ਮਿਲਿਆ ਨਾਮ ਅਸਲ ਵਿੱਚ ਪਹਿਲਾ ਤੋਹਫ਼ਾ ਹੁੰਦਾ ਹੈ। ਮਾਪਿਆਂ ਵੱਲੋਂ ਮਿਲੇ ਇਸ ਨਾਮਕਰਨ ਦੇ ਤੋਹਫ਼ੇ ਵਿੱਚ ਬੱਚੇ ਦੇ ਭਵਿੱਖ ਵਾਸਤੇ ਅਨੇਕਾਂ ਸੁਪਨੇ ਸੰਜੋਏ ਹੁੰਦੇ ਹਨ। ਅਜਿਹਾ ਹੀ ਸੱਚ ਸਾਬਿਤ ਹੁੰਦਾ ਕਥਨ ਰੂਪ ਸਿੰਘ ਦੇ ਨਾਮ ਨਾਲ ਵੀ ਜੁੜਿਆ ਹੈ। ਦਰਅਸਲ ਰੂਪ ਸਿੰਘ ਦੇ ਪਿਤਾ ਸਰਦਾਰ ਦਰਸ਼ਨ ਸਿੰਘ ਇੱਕ ਫੱਕਰ, ਦਰਵੇਸ਼, ਸਮਾਜ ਸੇਵੀ ਅਤੇ ਅਧਿਆਤਮਿਕ ਵਿਚਾਰਧਾਰਾ ਦੇ ਧਾਰਨੀ ਸਨ। ਗੁਰਵਾਕ ''ਬਾਬਾਣੀਆ ਕਹਾਣੀਆਂ ਪੁਤ ਸਪੁਤ ਕਰੇਨਿ'' ਮੁਤਾਬਿਕ ਰੂਪ ਸਿੰਘ ਦੀ ਸ਼ਖ਼ਸੀਅਤ 'ਤੇ ਪਿਤਾ ਪੁਰਖੀ ਪ੍ਰਭਾਵ ਦਾ ਪ੍ਰਤੱਖ ਰੂਪ ਵੇਖਿਆ ਜਾ ਸਕਦਾ ਹੈ। ਪਿਤਾ ਦਰਸ਼ਨ ਸਿੰਘ ਦੇ ਘਰ 20 ਅਪ੍ਰੈਲ 1963 ਨੂੰ ਪੈਦਾ ਹੋਏ ਰੂਪ ਸਿੰਘ ਨੇ ਆਪਣੇ ਜੀਵਨ ਦਾ ਰੋਲ ਮਾਡਲ ਪਿਤਾ ਨੂੰ ਬਣਾਉਂਦਿਆਂ ਸਮੁੱਚੀ ਸ਼ਖ਼ਸੀਅਤ ਦੇ ਰੂਪ ਵਿੱਚ ਹੋਰ ਨਿਖਾਰ ਲਿਆਂਦਾ ਹੈ। ਮਾਪਿਆਂ ਦੇ ਘਰੋਂ ਸੁਚੱਜੀ ਜੀਵਨ ਜਾਚ ਹਾਸਲ ਕਰਕੇ ਆਪ ਮੌਜ਼ੂਦਾ ਸਮੇਂ ਸੁਹਿਰਦ ਸਿੱਖ ਚਿੰਤਕ, ਖੋਜੀ ਬਿਰਤੀ ਦੇ ਮਾਲਕ, ਕੁਸ਼ਲ ਪ੍ਰਬੰਧਕ ਗੁਣਾਂ ਸਦਕਾ ਹੀ ਮੌਜੂਦਾ ਸਮੇਂ ਸਿੱਖ ਧਰਮ ਦੀ ਸਰਵੋਤਮ ਸੰਸਥਾ 'ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ' ਦੇ ਮੁੱਖ ਸਕੱਤਰ ਅਹੁੱਦੇ 'ਤੇ ਸੇਵਾ ਨਿਭਾ ਰਹੇ ਹਨ।
ਹਿਮਾਲਿਆ ਦੀ ਖ਼ੂਬਸੂਰਤੀ ਇਸ ਕਰਕੇ ਹੈ ਕਿ ਉਸ ਜਿਹਾ ਹੋਰ ਕੋਈ ਵਿਰਲਾ ਹੀ ਹੋਵੇਗਾ। ਡਾ. ਰੂਪ ਸਿੰਘ ਵੀ ਉਨ੍ਹਾਂ ਵਿਰਲੀਆਂ ਹਸਤੀਆਂ ਵਿੱਚੋਂ ਇੱਕ ਹਨ। ਮਿਥਕ ਧਾਰਨਾ ਮੁਤਾਬਕ ਪਾਰਸ ਇੱਕ ਅਜਿਹਾ (ਕਲਪਿਤ) ਪੱਥਰ ਹੈ ਜਿਸ ਨਾਲ ਵੀ ਛੂਹ ਜਾਵੇ, ਉਸ ਨੂੰ ਸੋਨਾ ਬਣਾ ਦਿੰਦਾ ਹੈ। ਡਾ. ਰੂਪ ਸਿੰਘ ਕਲਪਿਤ ਪੱਥਰ ਨਹੀਂ ਸਗੋਂ ਅਜਿਹੀ ਛੋਹ ਹਨ ਜੋ ਜਿਸ ਦੇ ਵੀ ਸੰਪਰਕ ਵਿੱਚ ਆ ਗਏ ਉਸ ਨੂੰ ਖਰਾ ਸੋਨਾ ਬਣਾਉਣ ਦੀ ਕਲਾ ਰੱਖਦੇ ਹਨ। ਡਾ. ਰੂਪ ਸਿੰਘ ਦੇ ਘਰੇਲੂ ਚੌਗਿਰਦੇ 'ਤੇ ਝਾਤ ਮਾਰੀਏ ਤਾਂ ਇਸ ਸ਼ਖ਼ਸ ਦਾ ਪਰਿਵਾਰਕ ਜੀਵਨ ਖੁਸ਼ਗਵਾਰ ਮਾਹੌਲ ਦੀ ਅਗਵਾਈ ਭਰਦਾ ਹੈ। ਆਪ ਦੀ ਜੀਵਨ ਸਾਥਣ ਰਮਨਦੀਪ ਕੌਰ ਇਕ ਪੜ੍ਹੀ-ਲਿਖੀ ਅਤੇ ਸੁਘੜ ਸਿਆਣੀ ਹੋਣ ਦਾ ਪ੍ਰਮਾਣ ਦਿੰਦੀ ਹੈ। ਡਾ. ਰੂਪ ਸਿੰਘ ਦਾ ਸਪੁੱਤਰ ਮਾਤਾ-ਪਿਤਾ ਦੀ ਸਹੀ ਸੇਧ ਨਾਲ ਚੰਗੀ ਪਰਵਰਿਸ਼ ਹਾਸਲ ਕਰਕੇ ਮੌਜ਼ੂਦਾ ਸਮੇਂ ਕੈਨੇਡਾ ਵਿਚ ਵਧੀਆ ਕਾਰੋਬਾਰ ਸਥਾਪਿਤ ਕਰ ਚੁੱਕਾ ਹੈ। ਡਾ. ਰੂਪ ਸਿੰਘ ਇੱਕ ਮਨੁੱਖ ਹੀ ਨਹੀਂ ਸਗੋਂ ਸੰਸਥਾ ਦਾ ਨਾਮ ਹਨ। ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਹੁਣ ਤੱਕ ਸੇਵਾਵਾਂ ਨਿਭਾ ਚੁੱਕੇ ਪ੍ਰਬੰਧਕਾਂ ਦੀ ਕਤਾਰ ਵਿਚੋਂ ਬਿਹਤਰੀਨ ਪ੍ਰਬੰਧਕ ਦਾ ਨਾਮ ਲਿਆ ਜਾਵੇ ਤਾਂ ਪ੍ਰਮੁਖਤਾ ਡਾ. ਰੂਪ ਸਿੰਘ ਨੂੰ ਹੀ ਮਿਲਦੀ ਹੈ। ਕਾਬਲੇਗੋਰ ਹੈ ਕਿ ਮੁੱਖ ਸਕੱਤਰ ਦਾ ਇਹ ਮਾਣ ਵੀ ਇਹਨਾਂ ਨੂੰ ਇੱਥੇ ਹੀ ਸੇਵਾਵਾਂ ਨਿਭਾਉਂਦਿਆਂ ਮਿਲਿਆ ਹੈ। ਇਸ ਦੀ ਗਵਾਹੀ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਜਥੇਦਾਰ ਅਵਤਾਰ ਸਿੰਘ ਅਕਸਰ ਰੂਪ ਸਿੰਘ ਨੂੰ 'ਹੀਰਾ' ਕਹਿ ਕੇ ਵਡਿਆਇਆ ਕਰਦੇ ਸਨ।
ਦੁਨੀਆਂ ਵਿਚ ਉਹੀ ਲੋਕ ਆਪਣਾ ਜੀਵਨ ਸਫ਼ਲਾ ਕਰਦੇ ਹਨ ਜਿਨ੍ਹਾਂ ਨੂੰ ਉਤਸ਼ਾਹ, ਲਗਨ, ਮਿਹਨਤ ਅਤੇ ਪਰਉਪਕਾਰ ਆਦਿ ਸਦਗੁਣਾਂ ਦੀ ਜਾਗ ਲੱਗੀ ਹੁੰਦੀ ਹੈ। ਵਿਰਸੇ ਵਿਚੋਂ ਮਿਲੇ ਇਨ੍ਹਾਂ ਸਦਗੁਣਾਂ ਦਾ ਹੀ ਤਾਂ ਕਮਾਲ ਹੈ ਕਿ ਡਾ. ਰੂਪ ਸਿੰਘ ਹੁਣ ਤੱਕ ਕੋਈ ਡੇਢ ਦਰਜਨ ਤੋਂ ਵਧੇਰੇ ਪੁਸਤਕਾਂ ਦੇ ਰਚੇਤਾ ਅਤੇ ਸੰਪਾਦਨ ਕਰਕੇ ਪੰਜਾਬੀ ਸਾਹਿਤ ਅਤੇ ਸਿੱਖ ਇਤਿਹਾਸ ਕੌਮ ਦੀ ਝੋਲੀ ਪਾ ਚੁੱਕੇ ਹਨ। ਡਾ. ਰੂਪ ਸਿੰਘ ਦੀ ਕਲਮ ਦਾ ਹੀ ਕਮਾਲ ਹੈ ਕਿ 2013 ਵਿਚ ਭਾਸ਼ਾ ਵਿਭਾਗ, ਪੰਜਾਬ ਸਰਕਾਰ ਵੱਲੋਂ ਡਾ. ਰੂਪ ਸਿੰਘ ਦੁਆਰਾ ਸੰਪਾਦਿਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਿਤ ਪੁਸਤਕ 'ਸਿੱਖ ਸੰਕਲਪ: ਸਿਧਾਂਤ ਅਤੇ ਸੰਸਥਾਵਾਂ' ਨੂੰ ਸਰਬੋਤਮ ਸਾਹਿਤ ਪੁਰਸਕਾਰਾਂ ਤਹਿਤ 'ਪ੍ਰਿੰ. ਤੇਜਾ ਸਿੰਘ ਪੁਰਸਕਾਰ' ਨਾਲ ਸਨਮਾਨਿਆ ਗਿਆ ਹੈ।
ਦਰਅਸਲ ਜ਼ਿੰਦਗੀ ਸਾਨੂੰ ਵਕਤ ਦਿੰਦੀ ਹੈ ਅਤੇ ਮਿਲੇ ਵਕਤ ਨੂੰ ਜ਼ਿੰਮੇਵਾਰੀ ਨਾਲ ਨਿਬਾਹਿਆਂ ਸਾਡੇ ਵਿਚ ਯੋਗਤਾ ਪੈਦਾ ਹੁੰਦੀ ਹੈ। ਜਿਵੇਂ ਮਹਿਕਾਂ ਫੁੱਲਾਂ ਦੇ ਖਿੜੇ ਹੋਣ ਦਾ ਸਿਰਨਾਵਾਂ ਹੁੰਦੀਆਂ ਹਨ, ਉਵੇਂ ਹੀ ਮਿਹਨਤ, ਸਿਰੜ ਅਤੇ ਸਿਦਕ ਦੀ ਤ੍ਰਿਮੂਰਤੀ ਵਿਚ ਸਫ਼ਲਤਾ ਦਾ ਭੇਦ ਛੁਪਿਆ ਹੁੰਦਾ ਹੈ। ਆਸ਼ਾਵਾਦੀ ਮਨੁੱਖ ਹਨ੍ਹੇਰੇ ਵਿਚ ਵੀ ਵੇਖ ਲੈਂਦਾ ਹੈ ਕਿਉਂਕਿ ਉਹ ਉਸਾਰੂ ਸੋਚ ਵਾਲਾ ਹੁੰਦਾ ਹੈ। ਜਿਹੜੇ ਆਸ਼ਾਵਾਦੀ ਹੁੰਦੇ ਹਨ ਉਹ ਬਨੇਰਿਆਂ 'ਤੇ ਦੀਵੇ ਜਗਾਉਂਦੇ ਹਨ ਅਤੇ ਜੇਕਰ ਇਹ ਦੀਵਾ ਸ਼ਬਦ ਗਿਆਨ ਰੌਸ਼ਨੀ ਦਾ ਜਗਾਇਆ ਜਾਵੇ ਤਾਂ ਇਕ ਰੌਸ਼ਨ ਸਮਾਜ ਦੀ ਸਿਰਜਣਾ ਹੁੰਦੀ ਹੈ। ਅਕਾਦਮਿਕ ਯੋਗਤਾ ਪੱਖੋਂ ਰੂਪ ਸਿੰਘ ਨੇ ਐਮ.ਏ. ਪੰਜਾਬੀ ਅਤੇ ਧਰਮ ਅਧਿਐਨ ਵਿੱਚ ਕਰਨ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 2015 ਵਿੱਚ ਪੀਐੱਚ.ਡੀ. ਦੀ ਉਚੇਰੀ ਡਿਗਰੀ ਹਾਸਲ ਕੀਤੀ। ਅਕਾਦਮਿਕ ਯੋਗਦਾਨ ਵਜੋਂ ਡਾ. ਰੂਪ ਸਿੰਘ 'ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ' ਵਿੱਚ ਵਿਜ਼ਟਿੰਗ ਪ੍ਰੋਫੈਸਰ ਵਜੋਂ ਵੀ ਸੇਵਾਵਾਂ ਦੇ ਰਹੇ ਹਨ। ਵਿਦਿਆ ਦੇ ਇਸ ਸੂਝ ਮਾਡਲ ਸਦਕਾ ਹੀ ਡਾ. ਰੂਪ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੱਜਟ ਵਿੱਚ ਵਿਦਿਆ ਨੂੰ ਪ੍ਰਮੁਖਤਾ ਦਾ ਸਥਾਨ ਦੇ ਕੇ ਵਿਦਿਆ ਰਾਹੀਂ ਅਣਗਿਣਤ ਦਿਮਾਗਾਂ ਅੰਦਰ ਜੋਤ ਨਾਲ ਜੋਤ ਜਗਾ ਕੇ ਚੌਮੁਖੀਏ ਦੀਵੇ ਵਾਂਗ ਸਮਾਜ ਨੂੰ ਨਿਰੰਤਰ ਰੌਸ਼ਨ ਕਰਨ ਵਿਚ ਕਾਰਜਸ਼ੀਲ ਹਨ।
ਸ਼ਬਦ ਗਿਆਨ ਦੀ ਸੂਝ ਸਦਕਾ ਡਾ. ਰੂਪ ਸਿੰਘ ਦੁਆਰਾ ਅਖ਼ਬਾਰਾਂ/ਰਸਾਲਿਆਂ ਵਿਚ ਸੈਂਕੜੇ ਲੇਖ ਛਪਣ ਤੋਂ ਇਲਾਵਾ ਕਈ ਹੋਰ ਖੇਤਰਾਂ ਵਿਚ ਸੰਪਾਦਕੀ ਕਾਰਜ, 8 ਟ੍ਰੈਕਟ ਅਤੇ ਦਰਜਨ ਦੇ ਕਰੀਬ ਖੋਜ ਪੱਤਰ ਵੀ ਪ੍ਰਸਤੁਤ ਕੀਤੇ ਗਏ ਹਨ। ਡਾ. ਰੂਪ ਸਿੰਘ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਵਿੱਚ ਸਿੱਖ ਧਰਮ ਮੂਲ ਸਿਧਾਂਤਂ-ਜਾਣ ਪਛਾਣ (ਬੱਚਿਆਂ ਵਾਸਤੇ), ਪ੍ਰਮੁੱਖ ਸਿੱਖ ਸ਼ਖ਼ਸੀਅਤਾਂ, ਸੇ ਭਗਤ ਸਤਿਗੁਰੂ ਮਨ ਭਾਏ, ਗੁਰਦੁਆਰੇ ਗੁਰਧਾਮ (ਸੁਚਿੱਤਰ ਪੰਜਾਬੀ + ਹਿੰਦੀ + ਅੰਗਰੇਜ਼ੀ + ਉਰਦੂ) ਸੋ ਥਾਨ ਸੁਹਾਵਾ (ਸੁਚਿੱਤਰ), ਸ੍ਰੀ ਗੁਰੂ ਅੰਗਦ ਦੇਵ ਜੀ (ਸਚਿੱਤਰ ਜੀਵਨੀ ਪੰਜਾਬੀ + ਅੰਗਰੇਜ਼ੀ), ਮਾਨਵਤਾ ਦਾ ਸਰਬ ਸਾਂਝਾ ਧਰਮ ਮੰਦਰ - ਸ੍ਰੀ ਹਰਿਮੰਦਰ ਸਾਹਿਬ, ਪੰਥ ਸੇਵਕ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੰਜਾਬੀ + ਅੰਗਰੇਜ਼ੀ + ਹਿੰਦੀ), ਹੁਕਮਨਾਮੇ ਆਦੇਸ਼-ਸੰਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ (ਪੰਜਾਬੀ-ਅੰਗਰੇਜ਼ੀ), ਸਿੱਖ ਸੰਕਲਪ: ਸਿਧਾਂਤ ਤੇ ਸੰਸਥਾਵਾਂ, ਸਿੱਖ ਸੰਗਰਾਮ ਦੀ ਦਾਸਤਾਨ, ਸਿੱਖ ਸਰੋਕਾਰ, ਵੱਡਾ ਗੁਰਮੁੱਖ ਪ੍ਰਗਟਿਆ, ਜੋਤ ਪ੍ਰਕਾਸ਼, ਦਸਮੇਸ਼ ਪ੍ਰਕਾਸ਼ (ਸ੍ਰੀ ਗੁਰੂ ਗੋਬਿੰਦ ਸਿੰਘ ਜੀ: ਜੀਵਨ-ਦਰਸ਼ਨ), ਝੁਲਤੇ ਨਿਸ਼ਾਨ ਰਹੇਂ, ਨਿਰਭਉ ਨਿਰੰਕਾਰ, ਕਲਜੁਗਿ ਜਹਾਜ਼ ਅਰਜੁਨ ਗੁਰੂ, ਕਲਿ ਤਾਰਣਿ ਗੁਰੂ ਨਾਨਕ ਆਇਆ ਆਦਿ ਪ੍ਰਕਾਸ਼ਿਤ ਪੁਸਤਕਾਂ ਹਨ।
ਗੁਰਵਾਕ 'ਵਿਚਿ ਦੁਨੀਆ ਸੇਵ ਕਮਾਈਐ ਤਾਂ ਦਰਗਹ ਬੈਸਣੁ ਪਾਈਐ' ਉਤੇ ਅਮਲ ਕਰਦਿਆਂ ਡਾ. ਰੂਪ ਸਿੰਘ ਵੱਲੋਂ ਕਈ ਖੇਤਰਾਂ ਵਿੱਚ ਸੇਵਾਵਾਂ ਦਿੱਤੀਆਂ ਗਈਆਂ ਹਨ ਅਤੇ ਨਿਰੰਤਰ ਜਾਰੀ ਹਨ, ਜਿਨ੍ਹਾਂ ਵਿੱਚ ਸੰਪਾਦਕ ਗੁਰਮਤਿ ਪ੍ਰਕਾਸ਼, ਇੰਚਾਰਜ ਸ਼ਤਾਬਦੀਆਂ, ਇੰਚਾਰਜ ਸਿੱਖ ਇਤਿਹਾਸ ਰਿਸਰਚ ਬੋਰਡ, ਇੰਚਾਰਜ ਇੰਟਰਨੈੱਟ, ਇੰਚਾਰਜ ਗੁਰਮਤਿ ਪ੍ਰਕਾਸ਼, ਮੀਤ ਸਕੱਤਰ (ਪ੍ਰਚਾਰ), ਪ੍ਰੋ. ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਮੀਤ ਸਕੱਤਰ ਪਬਲੀਕੇਸ਼ਨ, ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਨਿੱਜੀ ਸਕੱਤਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾਇਰੈਕਟਰ ਸਿੱਖ ਇਤਿਹਾਸ ਰੀਸਰਚ ਬੋਰਡ, ਐਡੀਸ਼ਨਲ ਸਕੱਤਰ ਸ਼੍ਰੋਮਣੀ ਕਮੇਟੀ, ਸਕੱਤਰ ਸ਼੍ਰੋਮਣੀ ਕਮੇਟੀ ਆਦਿ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਤ ਕੀਤੀ ਗਈ ਪੁਸਤਕ 'ਨਿਰਭਉ ਨਿਰੰਕਾਰ' ਦੇ ਮੁੱਖ ਸੰਪਾਦਕ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਅਤੇ ਸ਼੍ਰੋਮਣੀ ਸਿੱਖ ਚਿੰਤਕ ਡਾ. ਰੂਪ ਸਿੰਘ, ਜਦਕਿ ਇਸ ਦੇ ਸੰਪਾਦਕ ਸਿੱਖ ਇਤਿਹਾਸ ਰੀਸਰਚ ਬੋਰਡ ਦੀ ਇੰਚਾਰਜ ਡਾ. ਅਮਰਜੀਤ ਕੌਰ ਤੇ ਸਕਾਲਰ ਡਾ. ਰਣਜੀਤ ਕੌਰ ਪੰਨਵਾਂ ਹਨ। ਡਾ. ਰੂਪ ਸਿੰਘ ਦੀ ਸੰਪਾਦਨਾ ਹੇਠ ਸੱਤ ਕਿਤਾਬਾਂ ਪਾਠਕਾਂ ਤੱਕ ਪਹੁੰਚ ਚੁੱਕੀਆਂ ਹਨ, ਜਿਨ੍ਹਾਂ ਵਿਚ 'ਸਿੱਖ ਸੰਕਲਪ, ਸਿਧਾਂਤ ਤੇ ਸੰਸਥਾਵਾਂ' ਅਤੇ 'ਵੱਡਾ ਪੁਰਖ' ਪੁਸਤਕਾਂ ਦੇ ਸੰਗਤਾਂ ਦੀ ਵੱਡੀ ਮੰਗ 'ਤੇ ਤਿੰਨ ਐਡੀਸ਼ਨ ਛਪ ਚੁੱਕੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਇਸ ਗੱਲ 'ਤੇ ਪ੍ਰਸੰਨਤਾ ਪ੍ਰਗਟਾਈ ਹੈ ਕਿ ਇਨ੍ਹਾਂ ਪੁਸਤਕਾਂ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਡਾ. ਰੂਪ ਸਿੰਘ ਪ੍ਰਬੰਧਕੀ ਕਾਰਜਾਂ ਦੇ ਨਾਲ-ਨਾਲ ਖੋਜ-ਕਾਰਜਾਂ ਵਿਚ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਇਨ੍ਹਾਂ ਦੀ ਮਿਹਨਤ, ਲਗਨ ਅਤੇ ਸਿਰੜ ਕਾਰਨ ਹੀ ਇਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ 'ਸ਼੍ਰੋਮਣੀ ਸਿੱਖ ਚਿੰਤਕ' ਦਾ ਐਵਾਰਡ ਵੀ ਮਿਲ ਚੁੱਕਾ ਹੈ।
ਕੁਝ ਲੋਕ ਆਪਣੀ ਯੋਗਤਾ ਅਤੇ ਜ਼ਿੰਮੇਵਾਰੀ ਦਿਖਾਉਂਦੇ ਹੋਏ ਆਪਣੇ ਜੀਵਨ ਦੇ ਵਿਕਾਸ ਦਾ ਗਰਾਫ਼ ਉਪਰ ਵੱਲ ਲੈ ਜਾਂਦੇ ਹਨ। ਡਾ. ਰੂਪ ਸਿੰਘ ਦਾ ਕਹਿਣਾ ਹੈ ਕਿ ਜੇਕਰ ਅਸੀਂ ਉਸਾਰੂ ਸਮਾਜ ਦੀ ਸਿਰਜਣਾ ਕਰਨੀ ਹੈ ਤਾਂ ਸਾਨੂੰ ਨੌਜਵਾਨ ਵਰਗ ਨੂੰ ਵਿਦਿਆ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਹੱਕਾਂ ਪ੍ਰਤੀ ਸੁਚੇਤ ਵੀ ਕਰਨਾ ਹੋਵੇਗਾ। ਵਿਦਿਆ ਵਿਚਾਰਨ ਨਾਲ ਹੀ ਪਰਉਪਕਾਰ ਦੀ ਧਾਰਨੀ ਹੋ ਕੇ ਸਿੱਖਿਆ ਦੇ ਸਹੀ ਅਰਥਾਂ ਵਿਚ ਵਟ ਜਾਂਦੀ ਹੈ। ਗੁਰੂ ਨਾਨਕ ਦੀ ਸੋਚ ਦੇ ਵਾਰਿਸ ਹੋਣ ਕਰਕੇ ਡਾ. ਰੂਪ ਸਿੰਘ ਨੂੰ ਜਿੱਥੇ ਵਿਦਿਆ ਦੀ ਕਰਤਾਰੀ ਸੂਝ ਹੈ, ਉਥੇ ਭਾਰਤੀ ਚਿੰਤਨ ਤੋਂ ਪਾਰ ਵਿਸ਼ਵਵਿਆਪੀ ਵੀ ਹੈ।
ਗੋਰਾ ਨਿਸ਼ੋਹ ਰੰਗ, ਦਰਮਿਆਨਾ ਕੱਦ, ਹਮੇਸ਼ਾ ਚੁਸਤ-ਦਰੁਸਤ ਰਹਿਣ ਵਾਲੇ, ਨਰਮ ਦਿਲ, ਮਿੱਠ ਬੋਲੜੇ, ਬੁਲੰਦ ਹੌਂਸਲੇ ਅਤੇ ਪਲਾਂ ਵਿਚ ਧੁਰ ਅੰਦਰ ਤੱਕ ਘਰ ਕਰ ਜਾਣ ਵਾਲੇ ਡਾ. ਰੂਪ ਸਿੰਘ ਸਮਾਜ ਦੀ ਨਿਘਰਦੀ ਦਸ਼ਾ ਤੇ ਦਿਸ਼ਾ ਨੂੰ ਲੈ ਕੇ ਚਿੰਤਤ ਵੀ ਹਨ ਅਤੇ ਚੇਤੰਨ ਵੀ ਹਨ। ਮਨੁੱਖਤਾ ਦੀ ਜਹਿਨੀਅਤ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਵਿਚੋਂ ਕੱਢ ਕੇ ਸਮਾਜ ਨੂੰ ਬੁਲੰਦੀਆਂ ਦੇ ਮੁਕਾਮ ਤੱਕ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ ਵੀ ਹਨ। ਇਹੀ ਕਾਰਨ ਹੈ ਕਿ ਬਹੁਪੱਖੀ ਸ਼ਖ਼ਸੀਅਤ ਦੇ ਧਾਰਨੀ ਹੋਣ ਕਾਰਨ ਡਾ. ਰੂਪ ਸਿੰਘ ਇਕ ਮਨੁੱਖ ਹੀ ਨਹੀਂ ਬਲਕਿ ਇਕ ਸੰਸਥਾ ਹਨ। ਉਨ੍ਹਾਂ ਦੀ ਇਕ ਰੂਹ ਵਿਚ ਬਹੁਪੱਖੀ ਸ਼ਖ਼ਸੀਅਤ ਸਮਾਈ ਹੋਈ ਹੈ। ਆਪਣੀਆਂ ਕਰਮ ਇੰਦਰੀਆਂ ਰਾਹੀਂ ਉਹ ਇਕੋ ਸਮੇਂ ਕਈ ਕਾਰਜ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਹੱਥ ਹਮੇਸ਼ਾਂ ਕਿਸੇ ਨੂੰ ਅਸੀਸ ਦੇਣ ਲਈ ਉਠੇ ਹੁੰਦੇ ਹਨ, ਪੈਰ ਪਰਉਪਕਾਰ ਵੱਲ ਵਧੇ ਹੁੰਦੇ ਹਨ, ਦ੍ਰਿਸ਼ਟੀ 'ਸਭੇ ਸਾਂਝੀਵਾਲ ਸਦਾਇਨਿ' ਵਾਲੀ ਹੁੰਦੀ ਹੈ, ਚੇਤਨਾ ਅਕਸਰ ਜਿਗਿਆਸਾ ਵਾਲੀ ਹੁੰਦੀ ਹੈ ਅਤੇ ਜ਼ੁਬਾਨ 'ਤੇ ਹਮੇਸ਼ਾ ਗੁਰਮਤਿ ਦੀ ਵਡਿਆਈ ਅਤੇ ਮਾਂ ਬੋਲੀ ਪੰਜਾਬੀ ਦੇ ਮਿੱਠੇ ਬਚਨ ਕਿਰ ਰਹੇ ਹੁੰਦੇ ਹਨ।
ਮਿਲਣੀਆਂ ਦੌਰਾਨ ਡਾ. ਰੂਪ ਸਿੰਘ ਨੂੰ ਜਿੰਨਾਂ ਅੰਦਰੋਂ ਕੁਰੇਦਿਆ ਉਨ੍ਹਾਂ ਅੰਦਰੋਂ ਇਕ ਨਵੇਂ ਮਨੁੱਖ ਦੇ ਦੀਦਾਰੇ ਹੁੰਦੇ ਗਏ। ਮੈਂ ਉਨ੍ਹਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ, ਦ੍ਰਿੜ ਇਰਾਦੇ, ਬੁਲੰਦ ਹੌਸਲੇ, ਜ਼ਿੰਦਾ-ਦਿਲ, ਹਸਮੁੱਖ ਚਿਹਰੇ, ਭਵਿੱਖਮੁਖੀ ਅਤੇ ਪ੍ਰਤਿਭਾ ਦੇ ਮਾਲਕ ਆਦਿ ਸਦ-ਗੁਣਾਂ ਵਾਲੇ ਹੋਣ ਕਾਰਨ ਮੇਰੇ ਆਦਰਸ਼ ਮਾਡਲ ਹਨ। ਉਨ੍ਹਾਂ ਦੇ ਸੁਭਾਅ ਵਿਚ ਮੈਂ ਕਾਹਲ ਤਾਂ ਕਈ ਵਾਰ ਵੇਖੀ ਪਰ ਕਦੇ ਵੀ ਕੜਵਾਹਟ ਨਹੀਂ ਵੇਖੀ। ਜੇਕਰ ਕਦੇ ਕਿਸੇ ਨੂੰ ਇਹ ਪਰਛਾਵਾਂ ਉਨ੍ਹਾਂ ਵਿਚੋਂ ਝਲਕਿਆ ਵੀ ਹੋਵੇਗਾ ਤਾਂ ਉਹ ਇਸ ਅਖਾਣ ਨੂੰ ਸਮਝ ਲੈਣ: 'ਨਿੰਮ, ਕਰੇਲਾ, ਔਲ਼ਾ ਤੇ ਖਰਾ ਬੰਦਾ, ਜਾਇਕਾ ਹੋਰ ਤੇ ਤਾਸੀਰ ਕੁਝ ਹੋਰ ਹੁੰਦੀ।'
ਜ਼ਿੰਦਗੀ ਦੇ ਵਹਿਣ ਵਿਚ ਅਕਸਰ ਡਾ. ਰੂਪ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਅਸੀਂ ਸਿੱਧੇ ਅਤੇ ਸਹੀ ਰਾਹ 'ਤੇ ਹੀ ਹੋਈਏ, ਜੇਕਰ ਬਹਿ ਗਏ ਤਾਂ ਕੁਚਲੇ ਜਾਵਾਂਗੇ। ਉਨ੍ਹਾਂ ਦੇ ਕੋਸ਼ ਵਿਚ ਜ਼ਿੰਦਗੀ ਦੀ ਪਰਿਭਾਸ਼ਾ ਨਿਰੰਤਰ ਵਹਿੰਦਿਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਹੈ। ਉਹ ਕਹਿੰਦੇ ਹਨ ਕਿ ਜ਼ਿੰਦਗੀ ਸਾਨੂੰ ਵਕਤ ਦਿੰਦੀ ਹੈ ਕਿ ਉਸ ਨੂੰ ਵਰਤਣਾ ਕਿਵੇਂ ਹੈ, ਇਹ ਸਾਡੀ ਸੋਚ 'ਤੇ ਨਿਰਭਰ ਕਰਦਾ ਹੈ। ਜ਼ਿੰਦਗੀ ਦੇ ਬਿਖੜੇ ਰਾਹਾਂ 'ਤੇ ਤੁਰਦਿਆਂ ਮੰਜ਼ਿਲ 'ਤੇ ਸਥਾਪਤ ਹੋਣਾ ਇਹੀ ਉਨ੍ਹਾਂ ਦੀ ਸਮਾਜ ਪ੍ਰਤੀ ਫਰਜ਼ ਦੀ ਪਛਾਣ ਹੈ।
ਡਾ. ਰੂਪ ਸਿੰਘ ਨੂੰ ਸਨਮਾਨ ਤਾਂ ਕਈ ਅਦਾਰਿਆਂ, ਸੰਸਥਾਵਾਂ, ਅਕਾਦਮੀਆਂ ਵੱਲੋਂ ਮਿਲੇ ਹੋਣਗੇ ਪਰ 'ਸਭ ਨਾਲੋਂ ਵਧੇਰੇ ਮੇਰੇ' ਹੋਣ ਦਾ ਮਾਣ/ਸਨਮਾਨ ਵਿਰਲਿਆਂ ਨੂੰ ਹੀ ਨਸੀਬ ਹੁੰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕਿਸਾਨ ਕੋਲ ਜ਼ਮੀਨ ਸੰਭਾਲਣ ਦੀ ਯੋਗਤਾ ਹੁੰਦੀ ਹੈ, ਧਨ ਸੰਭਾਲਣ ਦੀ ਨਹੀਂ ਅਤੇ ਮਹਾਜਨ ਕੋਲ ਪੈਸਾ ਸੰਭਾਲਣ ਦੀ ਸਮਰੱਥਾ ਹੁੰਦੀ ਹੈ, ਜ਼ਮੀਨ ਸੰਭਾਲਣ ਦੀ ਨਹੀਂ। ਗੁਰਮਤਿ ਵਿਚਾਰਧਾਰਾ ਅਤੇ ਨੈਤਿਕਤਾ ਨੂੰ ਪ੍ਰਣਾਏ ਡਾ. ਰੂਪ ਸਿੰਘ ਕੋਲ ਸਿੱਖ ਨੌਜਵਾਨ ਪੀੜ੍ਹੀ ਅਤੇ ਪੰਜਾਬ ਦਾ ਭਵਿੱਖ ਸੰਭਾਲਣ ਦੀ ਯੋਗਤਾ, ਜੁਗਤ ਅਤੇ ਸਮਰੱਥਾ ਹੈ। ਉਨ੍ਹਾਂ ਦੀ ਨਜ਼ਰ ਵਿਚ ਅਮੀਰੀ ਦਿਲ ਦੀ ਹੈ ਨਾ ਕਿ ਪੈਸੇ ਦੀ, ਸੁੰਦਰਤਾ ਮਨ ਦੀ ਹੁੰਦੀ ਹੈ ਨਾ ਕਿ ਚਮੜੀ ਦੀ, ਬਜ਼ੁਰਗੀ ਅਕਲ ਦੀ ਹੁੰਦੀ ਹੈ ਨਾ ਕਿ ਉਮਰ ਦੀ। ਜ਼ਿੰਦਗੀ ਦੇ ਵਿਕਾਸ ਪ੍ਰਤੀ ਡਾ. ਰੂਪ ਸਿੰਘ ਦਾ ਕਹਿਣਾ ਹੈ ਕਿ ਚਲੋ, ਚਲਦੇ ਰਹੋ ਅਤੇ ਹੋਰਾਂ ਨੂੰ ਚਲਦੇ ਰਹਿਣ ਦਾ ਮੌਕਾ ਦੇਵੋ।
ਡਾਕਟਰ ਰੂਪ ਸਿੰਘ ਜੀਓ, ਤੁਹਾਡੇ ਵੱਲੋਂ ਕੀਤੇ ਸਾਰਥਿਕ ਕਾਰਜਾਂ ਨੂੰ ਮੇਰੇ ਵੱਲੋਂ ਅੱਡੀਆਂ ਚੁੱਕ ਕੇ ਸਲਿਊਟ ਹੈ। ਅੰਤ ਵਿਚ ਮੈਂ ਕਹਿਣਾ ਚਾਹਾਂਗਾ ਕਿ ''ਗੱਲਾਂ ਬਹੁਤ ਨੇ ਜੋ ਹਾਲੇ ਤੀਕ ਤੁਹਾਨੂੰ ਵੀ ਨਹੀਂ ਦੱਸੀਆਂ, ਮੁਹੱਬਤਾਂ 'ਚ ਕੁਝ ਭੇਤ ਅਸਾਂ ਦਿਲ ਤੋਂ ਵੀ ਲੁਕੋਏ ਨੇ।''
ਡਾ. ਸਾਹਿਬ ਸਿੰਘ,
ਪ੍ਰਿੰਸੀਪਲ, ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ, ਜਲੰਧਰ
ਮੋਬਾਇਲ ਨੰਬਰ : 9463441105
email: gnkcdarolikalan@gmail.com
-
ਡਾ. ਸਾਹਿਬ ਸਿੰਘ, ਪ੍ਰਿੰਸੀਪਲ, ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ, ਜਲੰਧਰ
gnkcdarolikalan@gmail.com
9463441105
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.