ਵੱਡੇ-ਵੱਡੇ ਬੰਦੇ, ਨਿੱਕੀਆਂ-ਨਿੱਕੀਆਂ ਖ਼ੁਸ਼ੀਆਂ ਲੱਭਦੇ ਫਿਰ ਰਹੇ ਨੇ ਪਰ ਖ਼ੁਸ਼ੀਆਂ ਡਾਹੀ ਨਹੀਂ ਦੇਂਦੀਆਂ। ਜੋਗੀ ਵਾਂਗ ਬੀਨ ਵਜਾਉਂਦਾ ਹੈ ਕੋਈ। ਕੋਈ ਆਪਣੀ ਗ਼ਜ਼ਲ ਸੁਣਾ ਰਿਹੈ। ਕੋਈ ਗੀਤ ਗਾ ਰਿਹੈ। ਕੋਈ ਕਵਿਤਾ 'ਚ ਗੁੰਮ ਗਿਐ। ਕੋਈ ਕਹਾਣੀ ਪੜ੍ਹਨ ਲਈ ਉਤਾਵਲਾ ਹੈ। ਕੋਈ ਨਾਟਕ ਕਰਨ ਲਈ ਬੇਹਬਲ ਹੈ ਤੇ ਕੋਈ ਆਪਣੇ ਲਿਖੇ ਨਵੇਂ ਨਾਵਲ ਦੇ ਦੋ ਪੰਨੇ ਪੜ੍ਹਨ ਲਈ ਤੜਫ਼ ਰਿਹੈ। ਕੋਈ ਕਹਿੰਦੈ, "ਮੈਂ ਖੁੱਲ੍ਹ ਗਿਆ ਵਾਂ, ਤਦੇ ਈ ਮੈਂ ਖੁੱਲ੍ਹੀ ਕਵਿਤਾ ਲਿਖਨਾ ਵਾਂ, ਲੋਕ ਢੱਠੇ ਖ਼ੂਹ 'ਚ ਪੈਣ, ਕਿਸੇ ਨੂੰ ਸਮਝ ਪਵੇ ਜਾਂ ਨਾ ਪਵੇ, ਮੈਂ ਤਾਂ ਲਿਖਾਂਗਾ ਖੁੱਲ੍ਹੀ ਕਵਿਤਾ, ਲਾ ਲਓ ਜਿਹਨੇ ਜ਼ੋਰ ਲਾਉਣੈ, ਕਰਲੋ ਮੇਰਾ ਜੋ ਕਰਨੈ, ਮੈਂ ਤਾਂ ਲਿਖਾਂਗਾ ਖੁੱਲ੍ਹੀ ਕਵਿਤਾ, ਖੁੱਲ੍ਹੇ ਆਮ ਲਿਖਾਂਗਾ...!" ਕੋਈ ਲੋਕ ਬੋਲੀ ਸੁਣਾ ਰਿਹੈ ਤੇ ਕਹਿੰਦਾ ਹੈ, "ਮੈਂ ਲੋਕਾਂ ਦਾ ਕਵੀ ਹਾਂ, ਉਏ ਲੋਕੋ, ਮੈਨੂੰ ਸੁਣੋ, ਮੈਨੂੰ ਪੜ੍ਹੋ ਨਾ, ਮੈਨੂੰ ਸਿਰਫ਼ ਸੁਣੋ, ਮੈਂ ਬੋਲਦਾ ਹਾਂ, ਲਿਖਦਾ ਨਹੀਂ, ਬੋਲਦਾ ਵੀ ਲੋਕਾਂ ਦੀ ਜ਼ੁਬਾਨ 'ਚ ਹਾਂ... ਲੋਕਾਂ 'ਚ ਖਲੋ ਕੇ... ਲੋਕ ਬੋਲੀ 'ਚ...।" ਚਿੱਤਰਕਾਰ ਸੋਗ 'ਚ ਲੱਥਾ ਹੈ। ਸੰਗੀਤਗਾਰ ਨੂੰ ਖ਼ੁਸ਼ੀ ਨਹੀਂ। ਗੁਮੰਤਰੀ ਵੀ ਗ਼ਮ 'ਚ ਹੈ। ਰਾਗੀ ਤੋਂ ਰਾਗ ਰੁੱਸ ਗਏ। ਢੋਲ ਦਾ ਤਲਾ ਪਾਟ ਗਿਐ, ਕੀਹਦੀ ਤਾਲ 'ਤੇ ਨੱਚੀਏ। ਕੋਈ ਨਹੀਂ ਬੋਲਦਾ।
ਗੁਮੰਤਰੀ ਝੀਲਾਂ ਵਗੀਆਂ। ਛੱਪੜ ਭਰੇ। ਸੁੱਕੇ ਤੇ ਫਿਰ ਭਰੇ। ਦਰਿਆਵਾਂ ਨੇ ਦੈਂ-ਦੈਂ ਕੀਤੀ, ਉਛਲੇ ਤੇ ਭਰ-ਭਰ ਡੁੱਲ੍ਹੇ... ਬਰਸਾਤਾਂ ਆਈਆਂ। ਲੰਮੀਆਂ ਤੇ ਲੰਗੜੀਆਂ ਬਰਸਾਤਾਂ। ਰਿੰਮ-ਝਿੰਮ ਵਿੱਚ ਕਈਆਂ ਨੇ ਗੀਤ ਗਾਏ ਕਈਆਂ ਨੇ ਵੈਣ ਪਾਏ। ਕਿਸੇ ਗਾਇਆ:
ਅੱਖੀਆਂ ਵੇ ਰਾਤੀਂ ਸੌਣ ਨਾ ਦੇਂਦੀਆਂ
ਸੌਣ ਨਾ ਦੇਂਦੀਆਂ
ਅੱਖ ਲਾਉਣ ਨਾ ਦੇਂਦੀਆਂ
ਅੱਖੀਆਂ ਵੇ ਰਾਤੀਂ...
ਮਾਹੀ ਮੇਰੇ ਨੇ ਬਾਗ਼ ਲੁਵਾਇਆ
ਵਿਚ ਲੁਵਾਈਆਂ ਖੱਟੀਆਂ ਵੇ
ਰਾਤੀਂ ਸੌਣ ਨਾ ਦੇਂਦੀਆਂ...
ਇਹ ਬੋਲ ਗਾਉਣ ਵਾਲਾ ਅਚਾਨਕ ਅੱਖਾਂ ਤੋਂ ਅ੍ਹੰਨਾ ਹੋ ਗਿਆ, ਅੰਦਰ ਉਤਰ੍ਹ ਗਿਆ ਬਾਹਰੀ ਸੰਸਾਰ ਤੋਂ, ਪਰ ਉਹਦੀ ਅਕਲ ਹੋਰ ਵਧਣ ਲੱਗੀ। ਪਿੰਡ ਦੇ ਕੁਛ ਲੋਕਾਂ ਨੇ ਸਾਂਭ ਲਿਆ। ਉਹ ਹੰਝੂਆਂ ਤੋਂ ਬਿਨਾਂ ਰੋਂਦਾ... ਸੁੱਕੀਆਂ ਅੱਖੀਆਂ ਦਾ ਰੋਣਾ... ਉਹ ਗਾਉਣ ਲੱਗਦਾ ਤਾਂ ਸੁਰ ਦੂਰ ਕਿਧਰੇ ਨੱਠ ਜਾਂਦੀ, ਪੱਲਾ ਛੁੜਾ ਕੇ...! ਉਹ ਦੋਵੇਂ ਹੱਥ ਜੋੜ ਕੇ ਉਤਾਂਹ ਨੂੰ ਝਾਕਦਾ ਤੇ ਅਲਾਪਦਾ:
ਜੀ ਸਤਿਗੁਰ ਮੇਰੇ
ਕਲਮ ਹੱਥ ਤੇਰੇ
ਵੇ ਸੁਹਣੇ-ਸੁਹਣੇ ਲੇਖ ਲਿਖਦੇ
ਵੇ ਸਤਿਗੁਰ ਮੇਰੇ, ਕਲਮ ਹੱਥ ਤੇਰੇ
ਵੇ ਸੁਹਣੇ-ਸੁਹਣੇ ਲੇਖ ਲਿਖਦੇ...
ਏਹ ਕੈਸੀ ਪਵਿੱਤਰ ਮੁਹੱਬਤ ਭਰੇ ਪਲ ਸਨ ਕਿ ਸੰਗੀਤਕਾਰ ਮੁਹੱਬਤ 'ਚ ਪਰੁੱਚਾ ਹੋਇਆ ਸਤਿਗੁਰ ਨੂੰ 'ਵੇ' ਸ਼ਬਦ ਨਾਲ ਸੰਬੋਧਨ ਹੋ ਰਿਹਾ ਸੀ।
************* ਗਰਮੀ ਦਾ ਕਹਿਰ ਝੁੱਲਿਐ। ਸੰਗੀਤਕਾਰ ਨੂੰ ਲੂਅ ਨੇ ਲੂਹ ਸੁੱਟ੍ਹਿਐ। ਮਰ ਗਿਐ। ਪਿੰਡ 'ਚ ਸਾਰੇ ਰੌਲ਼ਾ ਪੈ ਗਿਐ, "ਮਰ ਗਿਐ ਭਾਈ ਅੱਜ, ਗੁਮੰਤਰੀ... ਬੇਚਾਰਾ ਅੱਖੋਂ ਮੁਨਾਖਾ ਸੀ।" ਕੋਈ ਹੋਰ ਬੋਲਿਆ, "ਅੱਖੋਂ ਮੁਨਾਖਾ ਸੀ ਤਾਂ ਕੀ ਹੋਇਆ, ਤੀਜੀ ਜੋਤ ਉਹਦੇ ਅੰਦਰ ਜੁ ਜਗਦੀ ਸੀ, ਭਾਈ ਤਾਂ ਹੀ ਗਾਉਂਦਾ ਸੀ ਰੱਬ ਦੇ ਘਰ ਦੀਆਂ ਗੱਲਾਂ।" ਪਿੰਡ ਦੀਆਂ ਤੀਮੀਆਂ ਆਪੋ-ਆਪਣੇ ਘਰਾਂ 'ਚੋਂ... ਕੋਈ ਕੰਬਲ, ਕੋਈ ਪੁਰਾਣੀ ਲੱਕੜ ਦਾ ਟੋਟਾ, ਕੋਈ ਚਾਦਰ ਤੇ ਕੋਈ ਪਾਥੀਆਂ ਲਿਆ-ਲਿਆ ਘਰਾਂ ਦੇ ਬੂਹਿਆਂ ਮੂਹਰੇ ਧਰਨ-ਧਰਾਉਣ ਲੱਗੀਆਂ। ਨਿਆਣੇ-ਸਿਆਣੇ ਸਮਾਨ ਇਕੱਠਾ ਕਰ ਰਹੇ ਸਨ। ਤਾਇਆ ਬੰਤਾ ਥਾਲੀ ਵਿੱਚ ਮਿੱਟੀ ਦਾ ਦੀਵਾ ਧਰੀ ਆਉਂਦਾ ਸੀ। ਦੀਵੇ ਵਿੱਚ ਤੇਲ ਸੀ ਤੇ ਰੂੰ ਦੀ ਬੱਤੀ ਵੱਟੀ ਹੋਈ। ਬੋਲਿਆ, "ਏਹ ਗੁਮੰਤਰੀ ਫ਼ਕੀਰ ਲੋਕ ਹੁੰਦੇ ਆ, ਮੈਂ ਤਾਂ ਉਹਦੀ ਚਿਖ਼ਾ ਕੋਲ਼ ਦੀਵਾ ਜਗਾਊਂ, ਕੋਈ ਜਗਾਵੇ...ਚਾਹੇ ਨਾ ਜਗਾਵੇ, ਮੈਂ ਤਾਂ ਦੀਵਾ ਜਗਾਊਂ ਗੁਮੰਤਰੀ ਦੇ ਨਾਂ ਦਾ... ਉਏ ਲੋਕੋ... ਫ਼ਕੀਰ ਸੀ ਉਏ...।" ਉਹਦੀ ਭੁੱਬ ਨਿਕਲੀ। ਆਪ-ਮੁਹਾਰੇ ਬੋਲਦਾ ਤਾਇਆ ਬੰਤਾ ਸਿਵਿਆਂ ਵੱਲ ਚੱਕਵੇਂ ਪੈਰੀਂ ਹੋ ਗਿਆ।
****************** ਕਿੰਨਾ ਵੱਡਾ ਬੰਦਾ ਸੀ ਗੁਮੰਤਰੀ ਕਲਾ ਪੱਖੋਂ! ਨਿੱਕੀਆਂ-ਨਿੱਕੀਆਂ ਖ਼ੁਸ਼ੀਆਂ ਉਹਦੇ ਮਗਰ-ਮਗਰ ਦੌੜਦੀਆਂ ਰਹੀਆਂ, ਉਹ ਡਾਹੀ ਨਹੀਂ ਸੀ ਦਿੰਦਾ, ਉਨ੍ਹਾਂ ਦੇ ਅੱਗੇ-ਅੱਗੇ ਦੌੜਦਾ ਰਿਹਾ, ਖ਼ੁਸ਼ੀਆਂ ਉਹਨੂੰ ਫੜਨ ਲਈ ਤਰਲੋ-ਮੱਛੀ ਹੁੰਦੀਆਂ ਰਹੀਆਂ। ਗ਼ਮਾਂ ਨੂੰ ਗਲਵੱਕੜੀ ਪਾਉਂਦਾ ਰਿਹਾ ਤੇ ਗਮਾਂ ਦੇ ਗੀਤ ਗਾਉਂਦਾ ਰਿਹਾ। ਸੁੱਕੇ ਛੱਪੜ ਦੇ ਪਰਲੇ ਬੰਨੇ, ਸ਼ਾਮਲਾਟ ਦੀ ਥਾਵੇਂ ਉਹਦੀ ਝੁੱਗੀ ਵੱਲ ਕੋਈ ਨਾ ਵਧਿਆ। ਸੂਰਜ ਗੋਡੇ-ਗੋਡੇ ਚੜ੍ਹ ਆਇਆ ਸੀ। ਪਿੰਡ ਦੇ ਦੋ-ਤਿੰਨ ਮੁਹਤਬਰ ਬੰਦੇ ਹਾਲੇ (ਜੋ ਅੱਧ-ਵਿਚਾਲੜੇ ਘਰਾਂ 'ਚੋਂ ਸਨ-ਮੱਧਵਰਗੀ) ਉਹ ਸੁਸਤ ਚਾਲੇ ਝੁੱਗੀ ਵੱਲ ਤੁਰੇ। ਇੱਕ ਨੇ ਅਗਾਂਹ ਹੋ ਕੇ ਉਹਦੇ ਮੂੰਹ ਤੋਂ ਫਟੀ-ਮੈਲ਼ੀ ਚਾਦਰ ਹਟਾਈ। ਦੇਖਿਆ ਕਿ ਗੁਮੰਤਰੀ ਧੁਰ ਦਰਗਾਹ ਵੱਲ ਤੁਰ ਗਿਆ ਸੀ। ਗੁਮੰਤਰੀ ਨੂੰ ਫੂਕਣ ਦੀਆਂ ਤਰਕੀਬਾਂ ਘੜ ਰਹੇ ਲੋਕ ਇੱਕ ਦੂਏ ਨੂੰ ਸਲਾਹਾਂ ਦੇਣ ਲੱਗੇ। "ਮਟੀ ਬਣਾ ਦੇਈਏ ਸਾਰੇ ਰਲ-ਮਿਲ ਕੇ...
ਏਹ ਫ਼ਕੀਰ ਜਿਹੇ ਬੰਦੇ ਸੱਚੀਉਂ ਧੁਰ ਦਰਗਾਹੋਂ ਆਏ ਹੁੰਦੇ ਆ...
ਨਹੀਂ ਤਾਂ ਪਿੰਡ ਨੂੰ ਸਰਾਪ ਲਗਜੂ ਭਾਈ।" "ਆਹੋ...ਆਹੋ ਬਣਾਈਏ... ਬਣਾਈਏ ਮਟੀ... ਭਾਈ ਮਟੀ ਬਣਾਈਏ।" ਪਿੰਡ 'ਇੱਕ ਸੁਰ' ਹੋ ਗਿਆ ਸੀ।
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com>
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.