ਖ਼ਬਰ ਹੈ ਕਿ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਪੁੱਤਰ ਪਰਮਿੰਦਰ ਸਿੰਘ ਨੇ ਕਿਹਾ ਹੈ ਕਿ ਅਕਾਲੀ ਦਲ ਕਿਸੇ ਦੀ ਮਲਕੀਅਤ ਨਹੀਂ ਹੈ। ਪਾਰਟੀ 'ਚ ਸੋਚ 'ਤੇ ਪਹਿਰਾ ਦੇਣ ਵਾਲਾ ਹੀ ਅਕਾਲੀ ਕਹਾ ਸਕਦਾ ਹੈ। ਅਸੀਂ ਅੰਦਰੋਂ ਅਕਾਲੀ ਹਾਂ, ਸਾਡੀ ਭਾਵਨਾ ਵੀ ਅਕਾਲੀ ਹਨ ਅਤੇ ਮਰਦੇ ਦਮ ਤੱਕ ਸਾਡੇ ਵਿੱਚ ਅਕਾਲੀ ਦਲ ਦੀ ਭਾਵਨਾ ਰਹੇਗੀ। ਉਧਰ ਆਪਣੀ ਅਤੇ ਆਪਣੇ ਪੁੱਤਰ ਦੀ ਅਕਾਲੀ ਦਲ 'ਚੋਂ ਮੁਅੱਤਲੀ ਉਤੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਹੁਣ ਰੌਲਾ ਪਾਰਟੀ ਨੂੰ ਬਚਾਉਣ ਦਾ ਹੈ ਨਾ ਕਿ ਸੁਖਬੀਰ ਨੂੰ। ਇਹਨਾ ਕਿਹਾ ਕਿ ਅਕਾਲੀ ਦਲ 'ਚ ਬੈਠੇ ਆਗੂ ਇਸ ਵੇਲੇ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ ਕੋਸ਼ਿਸ਼ ਕਰ ਰਹੇ ਹਨ। ਹੁਣ ਇਹ ਵੇਖਣਾ ਪੰਜਾਬ ਦੇ ਲੋਕਾਂ ਨੇ ਹੈ ਕਿ ਉਹਨਾ ਨੇ ਕੀ ਕਰਨਾ ਹੈ। ਯਾਦ ਰਹੇ 1985 ਵਿੱਚ ਪੰਜਾਬ ਵਿਧਾਨ ਸਭਾ 'ਚ 27 ਅਕਾਲੀ ਵਿਧਾਇਕਾਂ ਵਿੱਚੋਂ ਇੱਕ ਸੁਖਦੇਵ ਸਿੰਘ ਢੀਂਡਸਾ ਸਨ ਜਿਹਨਾ ਨੇ ਬਰਨਾਲਾ ਵਿਰੁੱਧ ਬਗਾਵਤ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਦਾ ਪੱਲਾ ਫੜਿਆ ਸੀ ਅਤੇ ਹੁਣ ਉਹ ਪਿਛਲੇ ਕੁਝ ਸਮੇਂ ਤੋਂ ਬਾਦਲ ਪਰਿਵਾਰ ਤੋਂ ਨਾ ਖੁਸ਼ ਚਲ ਰਹੇ ਹਨ।
ਵੱਡੇ ਬਾਦਲ ਤਾਂ ਛੋਟੇ ਬਾਦਲ ਦੀ ਕਿਰਪਾ ਨਾਲ ਪਿੰਡ ਜਾ ਬੈਠੇ ਆ। ਪਰ ਹਾਲੀ ਵੀ ਖੇਤਾਂ ਦਾ ਗੇੜਾ ਮਾਰਦੇ ਆ, ਫ਼ਸਲ-ਵਾੜੀ ਵੇਖਦੇ ਆ, ਤੇ ਸਕੂਨ ਨਾਲ ਸੌਂ ਜਾਂਦੇ ਆ। ਉਂਜ ਸਾਰੀ ਉਮਰ ਉਹਨਾ ਨਾ ਆਪਣੇ ਸ਼ਰੀਕਾਂ ਨੂੰ ਅਤੇ ਨਾ ਆਪਣੇ ਸਾਥੀਆਂ ਨੂੰ ਸਕੂਨ ਨਾਲ ਸੌਂਣ ਦਿੱਤਾ। ਸਦਾ ਚੰਮ ਦੀਆਂ ਚਲਾਈਆਂ। ਹੈ ਕਿ ਨਾ? ਵੱਡੇ ਬਾਦਲ ਨੇ ਸੰਤ ਲੌਂਗੋਵਾਲ ਪੜ੍ਹਨੇ ਪਾਇਆ। ਬਰਨਾਲੇ ਦੀ ਗੱਦੀ ਖੋਹੀ। ਤਲਵੰਡੀ, ਟੌਹੜੇ ਨੂੰ ਆਪਣੇ ਪਰਿਵਾਰ ਤੋਂ ਉੱਲਟ ਰਾਜਨੀਤੀ ਕਰਦਿਆਂ ਸਬਕ ਸਿਖਾਇਆ। ਮਾਝੇ ਦੇ ਜਰਨੈਲਾਂ ਨੂੰ 'ਪੁੱਤ ਦੀ ਲੀਡਰੀ' ਖਾਤਰ ਘਰੀਂ ਬਿਠਾਇਆ। ਜਿਸ ਵੀ 'ਬਾਦਲਾਂ' ਵਿਰੁੱਧ ਆਵਾਜ਼ ਉਠਾਈ, ਬਸ ਭਾਈ ਬਾਪੂ ਨੇ ਉਸੇ ਨੂੰ ਝਟਕਾਇਆ। ਬੜੇ ਹੀ ਖੇਲ ਖੇਲੇ ਢੀਂਡਸਾ ਨਾਲ, ਪਹਿਲਾਂ ਪੌੜੀ ਲਾ ਚੁਬਾਰੇ ਚੜ੍ਹਾਇਆ, ਫਿਰ ਆਵਾਜ਼ ਲਾਤੀ "ਮਾਰ ਛਾਲ ਥੱਲੇ" ਅਤੇ ਤਿੱਕ ਤੁੜਵਾ ਤਾ। ਕਈ ਵੇਰ ਆਪਣਿਆਂ ਨੂੰ ਆਹਰੇ ਲਾਕੇ ਉਹਨੂੰ ਚੋਣਾਂ 'ਚ ਹਰਾ ਤਾਂ।
ਤੇ ਹੁਣ ਭਾਈ ਏਧਰ ਬਾਦਲ ਪਿਓ-ਪੁੱਤ, ਉਧਰ ਢੀਂਡਸਾ ਪਿਓ-ਪੁੱਤ। ਦੋਹੀਂ ਦਲੀਂ ਮੁਕਾਬਲਾ। ਪਰ ਢੀਂਡਸਾ, ਬਾਦਲ ਦੀ ਸੱਜੀ ਬਾਂਹ, ਬਾਦਲ ਬਾਬੇ ਨੂੰ ਤੋੜ ਵਿਛੋੜਾ ਦੇ ਗਿਆ ਤੇ ਪੰਜਾਬੀ ਦੇ ਗੀਤ ਦੀਆਂ ਸਤਰਾਂ ਉਘਲਾਉਂਦੇ ਬਾਬੇ ਦੇ ਗਲ ਪਾ ਗਿਆ, "ਜਾਤੇ ਜਾਤੇ ਮੀਠਾ ਮੀਠਾ ਗਮ ਦੇ ਗਿਆ"।
ਵੇਲੇ ਵੇਲੇ ਦੀ ਗੱਲ ਹੈ ਯਾਰ ਮੇਰੇ,
ਸਮਾਂ ਬੀਤਿਆ ਧੇਲਿਆਂ, ਆਨਿਆਂ ਦਾ
ਖ਼ਬਰ ਹੈ ਕਿ ਗਾਂਧੀ ਪਰਿਵਾਰ ਤੋਂ ਐਸ.ਪੀ.ਜੀ. ਸੁਰੱਖਿਆ ਛੱਤਰੀ ਹਟਾਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਵੀ ਆਈ ਪੀ ਲੋਕਾਂ ਦੀ ਸੁਰੱਖਿਆ 'ਚ ਲੱਗੇ ਕੌਮੀ ਸੁਰੱਖਿਆ ਗਾਰਡਾਂ (ਐਨ.ਐਸ.ਜੀ.) ਨੂੰ ਪੂਰੀ ਤਰ੍ਹਾਂ ਹਟਾ ਲਿਆ ਜਾਵੇ। ਜਿਹਨਾ ਮਹੱਤਵਪੂਰਨ ਵਿਅਕਤੀਆਂ ਦੀ ਐਸ.ਪੀ.ਜੀ. ਸੁਰੱਖਿਆ ਛੱਤਰੀ ਹਟਾਈ ਗਈ ਹੈ,ਉਹਨਾ ਵਿੱਚ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਮੁਲਾਇਮ ਸਿੰਘ ਯਾਦਵ, ਮਾਇਆਵਤੀ, ਚੰਦਰਬਾਬੂ ਨਾਇਡੂ, ਫਰੂਕ ਅਬਦੂਲਾ, ਸਾਬਕਾ ਪ੍ਰਧਾਨ ਮੰਤਰੀ ਪੰਜਾਬ ਐਲ.ਕੇ. ਅਡਵਾਨੀ, ਰਾਜਨਾਥ ਸਿੰਘ, ਯੋਗੀ ਅਦਿਤਿਆਨਾਥ ਸ਼ਾਮਲ ਹਨ। ਬਲੈਕ ਕੈਟ ਨਾਮ ਨਾਲ ਮਸ਼ਹੂਰ ਇਹ ਕਮਾਂਡੋ ਅੱਤਵਾਦੀਆਂ ਨਾਲ ਲੜਨ ਦੀ ਵਿਸ਼ੇਸ਼ ਮੁਹਾਰਤ ਰੱਖਦੇ ਹਨ। ਹੁਣ ਇਹਨਾ ਵੀ ਆਈ ਪੀ ਲੋਕਾਂ ਦੀ ਸੁਰੱਖਿਆ ਸੀ.ਆਰ.ਪੀ.ਐਫ. ਨੂੰ ਸੌਂਪੀ ਜਾਏਗੀ।
ਤੂਤਨੀ ਬੋਲਦੀ ਆ ਸ਼ਾਹ-ਮੋਦੀ ਦੀ ਦੇਸ਼ ਅੰਦਰ।ਉਨੀ ਕਰਨ ਇੱਕੀ ਕਰਨ। ਕੋਈ ਕਾਨੂੰਨ ਪਾਸ ਕਰਨ। ਕੋਈ ਮੂੰਹੋਂ ਬੋਲ ਬੋਲਣ। ਕੋਈ ਮਤਾ ਪਾਸ ਕਰਨ। ਬੱਸ ਪੱਥਰ 'ਤੇ ਲਕੀਰ ਆ। ਤੁਸੀਂ ਬੋਲਦੇ ਹੋ ਤਾਂ ਬੋਲੋ। ਵਿਰੋਧ ਕਰਦੇ ਹੋ ਤਾਂ ਕਰੋ। ਭਾਈ ਉਹ ਦੇਸ਼ ਦੇ ਤੇਤੀ ਫ਼ੀਸਦੀ ਲੋਕਾਂ ਦੇ ਨੁਮਾਇੰਦੇ ਆ, ਜਿਹੜੇ ਦੇਸ਼ ਦੇ 100 ਫ਼ੀਸਦੀ ਲੋਕਾਂ ਉਤੇ ਰਾਜ ਕਰਨ ਦਾ ਲਸੰਸ ਲੈ ਕੇ ਬੈਠੇ ਆ।
ਵੇਖੋ ਨਾ ਜੀ, ਜੇਬ 'ਚ ਆ ਐਮ.ਪੀ. ਗੁਜਾਰੇ ਜੋਗੇ। ਨੋਟਬੰਦੀ ਕੀਤੀ, ਆਪਣੇ ਖੁਸ਼ ਕੀਤੇ, ਮਾਈਆਂ-ਭਾਈਆਂ ਦੀਆਂ ਜੇਬਾਂ ਲੁੱਟੀਆਂ। ਜੀ.ਐਸ.ਟੀ. ਲਾਗੂ ਕੀਤੀ, ਲੋਕੀਂ ਬੇਰੁਜ਼ਗਾਰ ਕਰਤੇ, ਲਾਲੇ ਪੜ੍ਹਨੇ ਪਾਤੇ। 370 ਲਾਗੂ ਕੀਤੀ ਕਸ਼ਮੀਰੀ ਅੰਦਰੀਂ ਵਾੜ ਤੇ। ਮੰਦਰ ਦਾ ਫ਼ੈਸਲਾ ਹੱਕ 'ਚ ਕੀ ਆਇਆ, ਆਹ ਨਵਾਂ ਕਾਨੂੰਨ ਸੀ.ਏ.ਏ. ਪਾਸ ਕਰਕੇ ਸੰਵਿਧਾਨ ਦੀਆਂ ਚੀਕਾਂ ਕਢਾ ਦਿੱਤੀਆਂ। ਸਭ ਤਾਕਤ ਦੇ ਚਮਤਕਾਰ ਆ। ਹੈ ਕਿ ਨਾ?
ਸ਼ਾਹ-ਮੋਦੀ ਜੋੜੀ ਡਾਹਢੀ ਆ। ਪਰਾਇਆਂ ਨੂੰ ਤਾਂ ਉਸ ਬਖਸ਼ਣਾ ਕੀ ਆ, ਆਪਣੇ ਵੀ ਨਹੀਂਓ ਛੱਡੇ। ਪਹਿਲਾਂ ਗਾਂਧੀ ਪਰਿਵਾਰ, ਫਿਰ ਫਰੂਖ, ਮੁਲਾਇਮ, ਮਾਇਆ, ਨਾਇਡੂ ਦੀ ਇਹ ਆਖਕੇ ਸੁਰੱਖਿਆ ਵਾਪਸ ਲੈ ਲਈ, ਜਾਓ ਭਾਈ ਤੁਹਾਨੂੰ ਕੋਈ ਖ਼ਤਰਾ, ਫਿਰ ਨਾਲ ਹੀ ਆਪਣਾ ਅੰਦਰੂਨੀ ਵਿਰੋਧੀ ਅਡਵਾਨੀ, ਰਾਜਨਾਥ ਇਸੇ ਗੱਡੀ ਚੜ੍ਹਾਤਾ ਤੇ ਆਟੇ ਨੂੰ ਪਲੇਥਣ ਲਾਉਂਦਿਆਂ ਵੱਡੇ ਬਾਦਲ ਨੂੰ ਵੀ ਉਸੇ ਰਾਸਤੇ ਪਾ ਤਾ। ਉਂਜ ਵਕਤ ਬਦਲਦਿਆਂ ਦੇਰ ਥੋੜਾ ਲੱਗਦੀ ਆ, ਜਿਥੇ ਚੜ੍ਹਤਾਂ ਸਨ, ਮੜ੍ਹਕਾਂ ਸਨ, ਹੁਣ ਉਥੇ ਅਲਾਣਾ ਮੰਜਾ ਹੈ, ਉਤੇ ਸਧਾਰਨ ਬਿਸਤਰਾ ਹੈ, ਸਾਹਮਣੇ ਬਾਪੂ ਦੀ ਤਸਵੀਰ ਹੈ ਤੇ ਇਹਨਾ ਨੇਤਾਵਾਂ ਨੂੰ ਆਖਿਆ ਜਾ ਰਿਹਾ , ਜਾਉ ਤੇ ਬਾਬੇ ਦੇ ਗੁਣ ਗਾਓ, "ਵੇਲੇ ਵੇਲੇ ਦੀ ਗੱਲ ਹੈ ਯਾਰ ਮੇਰੇ, ਸਮਾਂ ਬੀਤਿਆ ਧੇਲਿਆਂ, ਆਨਿਆਂ ਦਾ"।
ਸਾਮਰਾਜੀ ਖੜਪੈਂਚ ਚਾਲਾਕ ਡਾਢੇ,
ਨਿੱਤ ਆਪਣੇ ਹਿੱਤ ਦੀਆਂ ਘੜਨ ਖ਼ਬਰਾਂ
ਖ਼ਬਰ ਹੈ ਕਿ ਦੇਸ਼ ਦੀਆਂ ਕਈ ਯੂਨੀਵਰਸਿਟੀਆਂ ਦੇ ਉਪ-ਕੁਲਪਤੀਆਂ ਸਮੇਤ 208 ਸਿੱਖਿਆ ਮਾਹਿਰਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖਕੇ ਖੱਬੇ-ਪੱਖੀ ਸੰਗਠਨਾਂ 'ਤੇ ਵਿਦਿਅਕ ਅਦਾਰਿਆਂ (ਕੈਂਪਸ) 'ਚ ਹਿੰਸਾ ਫੈਲਾਉਣ ਦੇ ਦੋਸ਼ ਲਾਏ ਹਨ। ਇਸ ਪੱਤਰ 'ਚ ਦੋਸ਼ ਲਾਇਆ ਗਿਆ ਹੈ ਕਿ ਖੱਬੇ-ਪੱਖੀ ਕਾਰਕੁਨਾਂ ਦੀਆਂ ਗਤੀਵਿਧੀਆਂ ਕਾਰਨ ਯੂਨੀਵਰਸਿਟੀ ਕੈਂਪਸ ਦਾ ਮਾਹੌਲ ਖਰਾਬ ਹੋ ਰਿਹਾ ਹੈ ਤੇ ਪੜ੍ਹਾਈ 'ਚ ਰੁਕਾਵਟ ਪੈਦਾ ਹੋ ਰਹੀ ਹੈ। ਇਸ ਪੱਤਰ ਉਤੇ ਜਾਮੀਆ, ਜੈ.ਐਨ.ਯੂ. ਤੇ ਜਾਦਵਪੁਰ ਯੂਨੀਵਰਸਿਟੀ 'ਚ ਵਾਪਰੀਆਂ ਘਟਨਾਵਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ।
ਗੋਦੀ ਮੀਡੀਆ ਦੀ ਚੜ੍ਹਤ ਹੈ। ਇੱਕ ਖ਼ਬਰ ਬਣਦੀ ਹੈ, ਦੂਜੀ ਖ਼ਬਰ ਬਣਾਈ ਜਾਂਦੀ ਹੈ ਅਤੇ ਬਿਨ੍ਹਾਂ ਰੋਕੇ ਟੀ.ਵੀ. ਸਕਰੀਨ ਉਤੇ ਚੜ੍ਹਾਈ ਜਾਂਦੀ ਹੈ, ਇੱਕ ਟੰਗੀ ਲੱਤ ਦੌੜ ਵਾਂਗਰ!
ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਨਾਉਣ ਦੀ ਮਸ਼ੀਨ ਬਣ ਗਿਆ ਹੈ ਭਾਈ ਗੋਦੀ ਮੀਡੀਆ। ਧਮਕੀਆਂ ਦੇਣਾ, ਇੱਕ-ਦੂਜੇ ਦੀਆਂ ਲੱਤਾਂ ਖਿੱਚਣਾ ਤੇ ਮੁੜ ਲੋਕਾਂ ਨੂੰ ਗੁੰਮਰਾਹ ਕਰਨਾ "ਕਿੱਤਾ" ਹੈ ਇਸ ਗੋਦੀ ਮੀਡੀਆ ਦਾ।
ਵੇਖੋ ਨਾ ਜੀ, ਵਿੱਦਿਆਰਥੀਆਂ ਦੇ ਪੁਲਿਸ ਨੇ ਹੱਡ ਤੱਤੇ ਕੀਤੇ।। ਉਹਨਾ ਨੂੰ ਕੁੱਟਿਆ, ਦੱਬਿਆ, ਗਾਲੀ-ਗਲੋਚ ਕੀਤਾ ਪਰ ਗੋਦੀ ਮੀਡੀਆ ਚੁੱਪ ਰਿਹਾ। ਲੋਕ ਸੜਕਾਂ ਤੇ ਬੈਠੈ ਹਨ। ਵਿਰੋਧ ਕਰ ਰਹੇ ਹਨ। ਗੋਦੀ ਮੀਡੀਆ ਚੁੱਪ ਹੈ। ਬੋਲੇ ਵੀ ਕਿਵੇਂ ਆਕਾ ਉਹਨਾ ਨੂੰ "ਆਟਾ" ਨਹੀਂ ਦੇਵੇਗਾ ਢਿੱਡ ਭਰਨ ਲਈ! ਤੇ ਉਪਰੋਂ ਆਹ ਵੇਖੋ ਜੀ, ਬੁੱਧੀਜੀਵੀਆਂ ਦੀ ਹੇੜ ਵਿੱਦਿਆਰਥੀਆਂ ਵਿਰੁੱਧ ਤੜਫੀ ਪਈ ਹੈ। ਗੱਲ ਤਾ ਵਿਚੋਂ ਇਹੋ ਆ ਜੀ, "ਸਾਮਰਾਜੀ ਖੜਪੈਂਚ ਚਾਲਾਕ ਡਾਢੇ, ਨਿੱਤ ਆਪਣੇ ਹਿੱਤ ਦੀਆਂ ਘੜਨ ਖ਼ਬਰਾਂ "ਬਾਕੀ ਸਭ ਝੂਠ!! ਹੈ ਕਿ ਨਾ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਅਮਰੀਕਾ ਵਿੱਚ ਰੇਲ ਆਵਾਜਾਈ ਲਈ 2,50,000 ਕਿਲੋਮੀਟਰ ਰੇਲ ਪੱਟੜੀ ਹੈ, ਜਦਕਿ ਚੀਨ ਵਿੱਚ 1,39,000 ਕਿਲੋਮੀਟਰ ਅਤੇ ਭਾਰਤ ਵਿੱਚ 1,21,407 ਕਿਲੋਮੀਟਰ ਰੇਲ ਪੱਟੜੀ ਵਿੱਛੀ ਹੋਈ ਹੈ, ਜਿਸ ਉਤੇ ਢੋਆ-ਢੁਆਈ ਅਤੇ ਯਾਤਰੂ ਰੇਲਾਂ ਚੱਲਦੀਆਂ ਹਨ।
ਇੱਕ ਵਿਚਾਰ
ਰਾਜਨੀਤੀ ਨੂੰ ਸਾਫ਼-ਸੁਥਰਾ ਰੱਖਣ ਦਾ ਇੱਕੋ-ਇੱਕ ਉਦੇਸ਼, ਦੇਸ਼ ਅਤੇ ਉਥੋਂ ਦੇ ਲੋਕਾਂ ਦਾ ਭਲਾ ਕਰਨਾ ਹੈ।.....ਹੈਨਰੀ ਫੋਰਡ
ਗੁਰਮੀਤ ਸਿੰਘ ਪਲਾਹੀ
9815802070
-
ਗੁਰਮੀਤ ਪਲਾਹੀ,
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.