ਸਾਡੀ ਏਧਰਲੇ ਪੰਜਾਬ ਦੀ ਰੇਸ਼ਮਾਂ ਸੀ ਬੀਬੀ ਨੂਰਾਂ। ਜਲੰਧਰ ਦੇ ਮਾਡਲ ਹਾਊਸ ਚ ਵੱਸਦੀ ਸੀ ਉਹ। ਸ ਸ ਮੀਸ਼ਾ ਤੇ ਸ੍ਵ:ਕੁਲਦੀਪ ਤੱਖਰ ਜੀ ਨਾਲ ਮੈਂ 1978 ਚ ਮਿਲਿਆ ਸਾਂ ਉਸ ਦੇ ਘਰ ਜਾ ਕੇ। ਬੜੇ ਮਿੱਠੇ ਗੀਤ ਸੁਣੇ ਉਸ ਤੋਂ ਮੀਸ਼ਾ ਜੀ ਨਾਲ ਮਿਲ ਕੇ ਇੰਟਰਵਿਊ ਰੀਕਾਰਡ ਕੀਤੀ।
ਉਸ ਦੀ ਧੀ ਸਵਰਨ ਨੂਰਾਂ ਸੀ ਜੋ ਸੋਹਣ ਲਾਲ ਨਾਲ ਵਿਆਹੀ ਸੀ। ਸਵਰਨ ਵੀ ਗਾਉਂਦੀ ਸੀ। ਸਵਰਨ ਦਾ ਪੁੱਤਰ ਹੈ ਗੁਲਸ਼ਨ ਮੀਰ ,ਜੋ ਜਯੋਤੀ,ਸੁਲਤਾਨਾ ਤੇ ਰਿਤੂ ਦਾ ਬਾਬਲ ਹੈ। ਆਪ ਵੀ ਸੁਰੀਲਾ ਹੈ ਪਰ ਧੀਆਂ ਦਾ ਤਾਂ ਮੁਕਾਬਲਾ ਹੀ ਕੋਈ ਨਹੀਂ। ਜਯੋਤੀ ਤੇ ਸੁਲਤਾਨਾ ਇਕੱਠੀਆਂ ਗਾਉਂਦੀਆਂ ਨੇ ਪਰ ਰਿਤੂ ਹਾਲੇ ਬੱਚੀ ਹੈ। ਮਸੀਂ 14-15 ਸਾਲ ਦੀ।
ਬਾਬਲ ਪਾਸੋਂ ਸੰਗੀਤ ਦੀ ਤਾਲੀਮ ਪ੍ਰਾਪਤ
ਰਿਤੂ ਮੀਰ ਨੇ ਹੁਣ ਨਾਮ ਨਾਲ ਰਿਤੂ ਨੂਰਾਂ ਕਰ ਲਿਆ ਹੈ। ਚੰਗੀ ਗੱਲ ਹੈ, ਨਾਨੀ ਸਵਰਨ ਦੀ ਮਾਂ ਨੂਰਾਂ ਦਾ ਨਾਮ ਨਾਲ ਤੁਰਿਆ ਰਹੇਗਾ, ਆਸ਼ੀਰਵਾਦੀ ਛਾਂ ਬਣਕੇ।
ਰਿਤੂ ਦੀ ਆਵਾਜ਼ ਵਿੱਚ ਸਰਸਵਤੀ ਦਾ ਨਿਵਾਸ ਹੈ। ਗਾਉਂਦੀ ਹੈ ਤਾਂ ਵੱਡੀ ਭੈਣ ਜਯੋਤੀ ਵਾਂਗ ਚੰਗਿਆੜੇ ਕੱਢਦੀ ਹੈ। ਪੰਜਵੀਂ ਪਾਸ ਕਰਵਾ ਕੇ ਮਾਪਿਆਂ ਨੇ ਪੜ੍ਹਨੋਂ ਹਟਾ ਲਈ ਸੀ ਪਰ ਹੁਣ ਉਸ ਦੇ ਕਦਰਦਾਨ ਅੱਗੇ ਪੜ੍ਹਨ ਲਈ ਪਰੇਰ ਰਹੇ ਹਨ, ਸਣੇ ਮੇਰੇ। ਲਾਇਲਪੁਰ ਖਾਲਸਾ ਕਾਲਿਜ ਦੀ ਪ੍ਰਿੰਸੀਪਲ ਡਾ. ਨਵਜੋਤ ਕੌਰ ਕਹਿ ਰਹੀ ਕਿ ਸਾਡਾ ਕਾਲਿਜ ਇਸ ਸੁਰੀਲੀ ਧੀ ਨੂੰ ਗੋਦ ਲੈ ਕੇ ਅਗਲੇਰੀ ਪੜ੍ਹਾਈ ਦੀ ਜ਼ੁੰਮੇਵਾਰੀ ਓਟ ਸਕਦਾ ਹੈ ਪਰ ਜੇ ਮਾਪੇ ਸਹਿਮਤੀ ਦੇਣ ਤਾਂ।
ਰਿਤੂ ਨੂੰ ਪਿਛਲੇ ਮਹੀਨੇ ਅਸਾਂ ਕੋਟਲਾ ਸ਼ਾਹੀਆ(ਬਟਾਲਾ) ਵਿਖੇ ਸੁਰਜੀਤ ਸਪੋਰਟਸ ਅਸੋਸੀਏਸ਼ਨ ਵੱਲੋਂ ਪਿਰਥੀਪਾਲ ਸਿੰਘ ਹੇਅਰ ਪ੍ਰਧਾਨ ਨੇ ਡਾ. ਸੁਖਪ੍ਰੀਤ ਸਿੰਘ ਉੱਦੋਕੇ ਦੀ ਪ੍ਰੇਰਨਾ ਨਾਲ ਬੁਲਾਇਆ ਤੇ ਵਿਕਾਸ ਪ੍ਰਾਸ਼ਰ ਦੀ ਨਿਰਦੇਸ਼ਤ ਗੁਰੂ ਨਾਨਕ ਦੇਵ ਜੀ ਬਾਰੇ ਸੋਹਣੀ ਫਿਲਮ ਨੂਰ ਏ ਇਲਾਹੀ ਵਿੱਚ ਮੁੱਖ ਗੀਤ ਗਾਉਣ ਕਰਕੇ ਜਾ: ਐੱਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪ੍ਰਬੰਧਕ ਕਮੇਟੀ ਹੱਥੋਂ ਸਨਮਾਨਿਤ ਕਰਵਾਇਆ ਸੀ।
ਮਗਰੋਂ ਜਾਗਰਣ ਪੰਜਾਬੀ ਨੇ ਲਾਇਲਪੁਰ ਖਾਲਸਾ ਕਾਲਿਜ ਫਾਰ ਵਿਮੈੱਨ ਜਲੰਧਰ ਚ ਪੇਸ਼ ਕੀਤੀ। ਦੋਹੀਂ ਥਾਈਂ ਉਸ ਕਮਾਲ ਦਾ ਗਾਇਆ।
ਹੁਣ ਉਸ ਦਾ ਇੱਕ ਗੀਤ
ਮੈਂ ਜਾਣਾ ਜੋਗੀ ਦੇ ਨਾਲ
ਟਾਈਮਜ਼ ਮਿਉਜ਼ਕ ਨੇ ਕੱਲ੍ਹ ਪਰਸੋਂ ਰਿਲੀਜ਼ ਕੀਤਾ ਹੈ। ਜਲੰਧਰ ਵਾਲੇ ਸਰਪੰਚ ਸੰਗੀਤਕਾਰ ਜੱਸੀ ਨਿਹਾਲੂਵਾਲ ਦਾ ਸੰਗੀਤ ਹੈ। ਮ ਸ ਆਬਿਦ ਦੇ ਗੀਤ ਨੂੰ ਸੁਰੀਲੇ ਸੁਰ ਲਾ ਕੇ ਰਿਤੂ ਨੇ ਕਮਾਲ ਕਰ ਵਿਖਾਈ ਹੈ। ਨਜ਼ਰ ਨਾ ਲੱਗੇ ਕਿਸੇ ਬਦਰੂਹ ਦੀ। ਬੱਚੀ ਭਵਿੱਖ ਨਾਲ ਖੂਬਸੂਰਤ ਇਕਰਾਰਨਾਮਾ ਹੈ।
ਮੁਬਾਰਕ!ਮੁਬਾਰਕ! ਮੁਬਾਰਕ!
ਗੁਰਭਜਨ ਗਿੱਲ
11.1.2020
https://youtu.be/avDwGL_gsAw
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.