ਆਸਟ੍ਰੇਲੀਆ ਵਿਖੇ ਜਾਨਵਰਾਂ ਉੱਪਰ ਕੁਦਰਤੀ ਕਿਆਮਤ ਤੋਂ ਬਾਅਦ ਹੁਣ ਮਨੁੱਖ ਵੀ ਕਹਿਰਵਾਨ ਹੋ ਗਿਆ ਹੈ। ਆਸਟ੍ਰੇਲੀਆ ਸਰਕਾਰ ਵਲੋਂ ਅਗਲੇ ਕੁਝ ਹੀ ਦਿਨਾਂ ਵਿੱਚ 10000 ਜੰਗਲੀ ਊਠਾਂ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਅਣ-ਮਨੁੱਖੀ ਹੁਕਮ ਸੁਣਾਇਆ ਗਿਆ ਹੈ। ਕਤਲ ਹੋਣ ਵਾਲੇ ਊਠਾਂ ਦਾ ਕਸੂਰ ਸਿਰਫ਼ ਏਨਾਂ ਹੈ ਕਿ ਉਹ ਪਾਣੀ ਪੀਂਦੇ ਹਨ। ਸੱਚ-ਮੁੱਚ ਹੀ ਇਹ ਖਬਰ ਪੜ੍ਹ ਕੇ ਮਨ ਬੇਚੈਨ ਹੈ ਅਤੇ ਇਹ ਸਵਾਲ ਬਾਰ-ਬਾਰ ਉੱਠ ਰਿਹਾ ਹੈ ਕਿ ਕੀ ਮਨੁੱਖ ਕਿਸੇ ਜੀਵ ਨੂੰ ਸਿਰਫ ਇਸੇ ਲਈ ਕਤਲ ਕਰ ਦੇਵੇਗਾ ਕਿ ਉਹ ਪਾਣੀ ਪੀਂਦੇ ਹਨ।
ਆਸਟ੍ਰੇਲੀਆ ਸਰਕਾਰ ਵਲੋਂ ਊਠਾਂ ਨੂੰ ਕਤਲ ਕੀਤੇ ਜਾਣ ’ਤੇ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਸੋਕੇ ਕਾਰਨ ਪਾਣੀ ਦੀ ਕਿੱਲਤ ਹੈ ਅਤੇ ਊਠ ਬਹੁਤ ਸਾਰਾ ਪਾਣੀ ਪੀ ਜਾਂਦੇ ਹਨ। ਅਗਲੇ ਦੋ-ਚਾਰ ਦਿਨਾਂ ਵਿੱਚ ਜੰਗਲ ਵਿੱਚ ਘੁੰਮਦੇ ਊਠਾਂ ਨੂੰ ਹੈਲੀਕਾਪਟਰ ਉੱਪਰ ਸਵਾਰ ਨਿਸ਼ਾੇਬਾਜ਼ਾਂ ਵਲੋਂ ਗੋਲੀਆਂ ਮਾਰ-ਮਾਰ ਕੇ ਕਤਲ ਕੀਤਾ ਜਾਵੇਗਾ। ਊਠ ਵਿਚਾਰੇ ਭੋਲੇ ਹਨ ਅਤੇ ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਮਨੁੱਖ ਨੇ ਉਨ੍ਹਾਂ ਦੀ ਮੌਤ ਦੇ ਵਰੰਟ ਜਾਰੀ ਕਰ ਦਿੱਤੇ ਹਨ। ਜੇਕਰ ਕਿਤੇ ਊਠ ਨੂੰ ਸੋਝੀ ਹੁੰਦੀ ਜਾਂ ਉਹ ਆਪਣੇ ਵਿਰੁੱਧ ਇਸ ਫੈਸਲੇ ਦੀ ਪੈਰਵੀ ਕਰ ਸਕਦਾ ਹੁੰਦਾ ਤਾਂ ਉਸਨੇ ਮਨੁੱਖ ਨੂੰ ਚੱਪਣੀ ਵਿੱਚ ਨੱਕ ਡੋਬ ਕੇ ਮਰਨ ਵਾਲੀ ਹਾਲਤ ਪੈਦਾ ਕਰ ਦੇਣੀ ਸੀ। ਊਠ ਨੇ ਮਨੁੱਖ ਨੂੰ ਉਲਟਾ ਸਵਾਲ ਕਰਨਾ ਸੀ…ਕਿ ਕੀ ਤੁਸੀਂ ਪਾਣੀ ਬਰਬਾਦ ਨਹੀਂ ਕਰਦੇ..? ਅਸੀਂ ਊਠ ਤਾਂ ਸਿਰਫ ਪਾਣੀ ਪੀਂਦੇ ਹੀ ਹਾਂ ਅਤੇ ਤੁਹਾਨੂੰ ਇਹ ਵੀ ਹਜ਼ਮ ਨਹੀਂ।
ਮਨੁੱਖ ਨੂੰ ਇਹ ਗੈਰ-ਮਨੁੱਖੀ ਫੈਸਲਾ ਦੇਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਜਰੂਰ ਫੇਰਨਾ ਚਾਹੀਦਾ ਸੀ। ਮਨੁੱਖ ਨਾਲੋਂ ਵੱਧ ਪਾਣੀ ਅਤੇ ਹੋਰ ਕੁਦਰਤੀ ਵਸੀਲਿਆਂ ਦਾ ਨੁਕਸਾਨ ਕਿਸੇ ਜਾਨਵਰ, ਪੰਛੀ, ਜੀਵ-ਜੰਤੂ ਨੇ ਨਹੀਂ ਕੀਤਾ। ਨਾਲੇ ਮਨੁੱਖ ਨੂੰ ਇੱਕ ਗੱਲ ਹੋਰ ਵੀ ਸਮਝ ਲੈਣੀ ਚਾਹੀਦੀ ਹੈ ਕਿ ਧਰਤੀ ਦਾ ਮਾਲਕ ਉਹ ਇਕੱਲਾ ਨਹੀਂ ਹੈ, ਸਾਰੇ ਹੀ ਜੀਵ-ਜੰਤੂਆਂ ਅਤੇ ਜਾਨਵਰਾਂ ਦਾ ਵੀ ਇਸ ਧਰਤੀ ਉੱਪਰ ਓਨਾ ਹੀ ਹੱਕ ਹੈ ਜਿਨ੍ਹਾਂ ਮਨੁੱਖ ਆਪਣਾ ਸਮਝਦਾ ਹੈ। ਪਾਣੀ ਮਨੁੱਖ ਆਪ ਬਰਬਾਦ ਕਰ ਰਿਹਾ ਹੈ ਅਤੇ ਦੋਸ਼ ਊਠਾਂ ਸਿਰ ਮੜ੍ਹ ਕੇ ਉਨ੍ਹਾਂ ਨੂੰ ਕਤਲ ਕਰ ਰਿਹਾ ਹੈ, ਇਹ ਕੀ ਇਨਸਾਫ਼ ਹੋਇਆ ਭਲਾ..?
ਗੱਲ ਆਸਟ੍ਰੇਲੀਆ ਤੋਂ ਆਪਣੇ ਸੂਬੇ ਪੰਜਾਬ ਵੱਲ ਲਿਆਉਂਦਾ ਹਾਂ। ਇਥੇ ਅਸੀਂ ਕਿਨੀ ਪਾਣੀ ਦੀ ਬਰਬਾਦੀ ਕਰਦੇ ਹਾਂ। ਸਾਨੂੰ ਲੱਗਦਾ ਹੈ ਕਿ ਪਾਣੀ ਕਿਹੜਾ ਖਤਮ ਹੋਣ ਵਾਲੀ ਸ਼ੈਅ ਹੈ। ਹਾਲਾਂਕਿ ਪਿਛਲੇ ਕੁਝ ਦਹਾਕਿਆਂ ਤੋਂ ਜ਼ਮੀਨ ਹੇਠਲਾ ਪਾਣੀ ਪਤਾਲਾਂ ਤੱਕ ਡੂੰਘਾ ਚਲਾ ਗਿਆ ਹੈ ਅਤੇ ਸਬਮਰਸੀਬਲ ਮੋਟਰਾਂ ਧਰਤੀ ਹੇਠਲੇ ਪਾਣੀ ਦੀ ਆਖਰੀ ਬੂੰਦ ਤੱਕ ਖਿੱਚਣ ਲਈ ਦਿਨ ਰਾਤ ਚੱਲ ਰਹੀਆਂ ਹਨ। ਪਰ ਪੰਜਾਬੀ ਅਜੇ ਵੀ ਗੇਸਲੇ ਹੋਏ ਬੈਠੇ ਹਨ। ਸੋਚਣ ਵਾਲੀ ਗੱਲ ਹੈ ਕਿ ਜੇ ਪੰਜਾਬ ਦੇ ਲੋਕਾਂ ਨੇ ਆਪਣੇ ਪਾਣੀ ਨੂੰ ਨਾ ਸੰਭਾਲਿਆ ਤਾਂ ਇਹ ਕਿਹੜੇ ਊਠਾਂ ਸਿਰ ਦੋਸ਼ ਮੜ੍ਹ ਕੇ ਉਨ੍ਹਾਂ ਨੂੰ ਕਤਲ ਕਰਨਗੇ।
ਖੈਰ ਆਸਟ੍ਰੇਲੀਆ ਸਰਕਾਰ 10000 ਊਠਾਂ ਨੂੰ ਕਤਲ ਕਰਨ ਦਾ ਫੈਸਲਾ ਲੈ ਚੁੱਕੀ ਹੈ ਅਤੇ ਇਹ ਕਹਿਰ ਊਠਾਂ ਉੱਪਰ ਬਹੁਤ ਜਲਦੀ ਢਹਿਣ ਵਾਲਾ ਹੈ। ਆਸਟ੍ਰੇਲੀਆ ਦੀ ਅੱਗ ਅਤੇ ਊਠਾਂ ਦੇ ਕਤਲ ਤੋਂ ਬਾਅਦ ਜਦ ਕਦੇ ਵੀ ਜੰਗਲ ਵਿੱਚ ਜਾਨਵਰਾਂ ਦੀ ਸਭਾ ਬੈਠੇਗੀ ਤਾਂ ਲਾਜ਼ਮੀ ਤੌਰ ’ਤੇ ਸਾਰੇ ਜਾਨਵਰ ਏਨਾਂ ਦੋਵਾਂ ਕਹਿਰਾਂ ਲਈ ਦੋਸ਼ੀ ਇਨਸਾਨ ਨੂੰ ਹੀ ਠਹਿਰਾਉਣਗੇ।
ਇੰਦਰਜੀਤ ਸਿੰਘ ਬਾਜਵਾ,
ਪਿੰਡ ਹਰਪੁਰਾ,
ਤਹਿਸੀਲ ਬਟਾਲਾ (ਗੁਰਦਾਸਪੁਰ)
-
ਇੰਦਰਜੀਤ ਸਿੰਘ,
isbajwapro@gmail.com
98155-77574
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.