ਤ੍ਰੈਮਾਸਿਕ ਪੱਤਰ : ਹੁਣ ਦੇ ਬਹਾਨੇ ਖ਼ੂਬਸੂਰਤ ਅਰਥ ਰੰਗੀ ਸ਼ਾਮ
ਕਦੇ ਕਦਾਈਂ ਇੰਜ ਵੀ ਹੁੰਦਾ ਹੈ
ਕਿ ਅਚਨਚੇਤ
ਸ਼ਾਮ ਅਰਥਵਾਨ ਹੋ ਜਾਵੇ। ਅੱਜ ਸ਼ਾਮੀਂ ਮੈਂ ਹਾਲੇ ਗੁਰੂ ਗੋਬਿੰਦ ਸਿੰਘ ਕਾਲਿਜ ਦੀ ਪ੍ਰਿੰਸੀਪਲ ਕੰਵਲਪ੍ਰੀਤ ਕੌਰ ਦੇ ਸਪੁੱਤਰ ਦੇ ਵਿਆਹ ਤੋਂ ਪਰਤਿਆ ਹੀ ਸਾਂ ਕਿਸੁਸ਼ੀਲ ਦੋਸਾਂਝ ਦੇ ਫੋਨ ਦੀ ਟੱਲੀ ਖੜਕੀ।
ਕਿੱਥੇ ਹੋ! ਮੈਂ ਕਮਲ ਤੇ ਧੀ ਰਾਣੀ ਮਿਲਣ ਆ ਰਹੇ ਹਾਂ, ਹੁਣ ਦਾ ਸੱਜਰਾ ਪਰਚਾ ਸਾਡੇ ਨਾਲ ਹੈ।
ਸੁਸ਼ੀਲ ਪੰਜਾਬੀ ਰੇਡੀਓ ਯੂ ਐੱਸ ਏ ਲਈ ਵੀ ਕੰਮ ਕਰਦਾ ਹੋਣ ਕਰਕੇ ਮੇਰੇ ਨਾਲ ਹਾਲਾਤੇ ਹਾਜ਼ਰਾ ‘ਤੇ ਗੱਲਾਂ ਵੀ ਰਿਕਾਰਡ ਕਰਨਾ ਚਾਹੁੰਦਾ ਸੀ।
ਅੰਨ੍ਹਾ ਕੀ ਭਾਲੇ ਦੋ ਅੱਖਾਂ।
ਮੈਂ ਕਿਹਾ!
ਅੱਧੇ ਘੰਟੇ ਤੀਕ ਘਰ ਹੀ ਹੋਵਾਂਗਾ, ਆ ਜਾਉ। ਹੁਣ ਦਾ ਸੱਜਰਾ ਪਰਚਾ ਵੇਖ ਕੇ ਪਹਿਲੇ ਪੰਨੇ ‘ਤੇ ਸਵਰਨਜੀਤ ਸਵੀ ਦੀ ਪੇਂਟਿੰਗ ਵੇਖ ਕੇ ਰੂਹ ਦਾ ਚੰਬਾ ਖਿੜ ਗਿਆ। ਇਹ ਪੇਟਿੰਗ ਉਸ ਦੇ ਪੂਰਬਲੇ ਕਾਰਜਾਂ ਤੋਂ ਅਲੱਗ ਹੋਣ ਕਾਰਨ ਮੈਨੂੰ ਬੇਹੱਦ ਚੰਗੀ ਲੱਗਦੀ ਹੈ।
ਹੁਣ ਦੇ 44 ਅੰਕ ਛਪ ਚੁਕੇ ਨੇ। ਚਾਰ ਮਹੀਨਿਆਂ ਬਾਅਦ ਛਪਦੇ ਪਰਚੇ ਦੀ ਉਮਰ ਚੁਤਾਲੀ ਨਾਲ ਗੁਣਾ ਕਰਕੇ ਸਾਲ ਬਣਾ ਲਵੋ। ਲਗਪਗ ਪੰਦਰਾਂ ਸਾਲ ਹੋਣ ਵਾਲੇ ਨੇ। ਮੈਂ ਅੱਜ ਤੀਕ ਸੁੱਚੇ ਮੂੰਹ ਹਾਂ, ਮੇਰਾ ਕਦੇ ਕੁਝ ਨਹੀਂ ਛਪਿਆ, ਨਾ ਕਿਸੇ ਕਿਤਾਬ ਦਾ ਰੀਵੀਊ ਆਦਿ। ਪਰ ਮੈਂ ਸਭ ਪਰਚੇ ਖ਼ਰੀਦ ਕੇ ਪੜ੍ਹੇ ਨੇ। ਇਹ ਸ੍ਵ: ਭਾਜੀ ਅਵਤਾਰ ਜੰਡਿਆਲਵੀ ਤੇ ਸੁਸ਼ੀਲ ਦੀ ਪ੍ਰਾਪਤੀ ਹੈ ਕਿ ਪਰਚਾ ਪੜ੍ਹੇ ਬਿਨ ਰਹਿਣਾ ਮੁਹਾਲ ਹੈ।
ਸੱਜਰਾ ਅੰਕ ਫੋਲ ਰਿਹਾ ਸਾਂ। ਥੋੜੀ ਪਰੁਤੀ ਆਪ ਕਵਿਤਾ ਲਿਖਣ ਕਰਕੇ ਕਵਿਤਾਵਾਂ ਬਾਰੇ ਕੋਈ ਟਿਪਣੀ ਨਹੀਂ ਪਰ ਕਹਾਣੀਆਂ ਚੋਂ ਗੁਰਦੇਵ ਸਿੰਘ ਰੁਪਾਣਾ, ਕ੍ਰਿਪਾਲ ਕਜ਼ਾਕ, ਗੁਲ ਚੌਹਾਨ ਤੇ ਗੁਰਮੀਤ ਕੜਿਆਲਵੀ ਦੀਆਂ ਕਹਾਣੀਆਂ ਛਪਣੀਆਂ ਵੱਡੀ ਗੱਲ ਹੈ। ਕੁਝ ਅਨੁਵਾਦ ਤੇ ਨਵੇਂ ਕਹਾਣੀਕਾਰਾਂ ਦੀਆਂ ਕਿਰਤਾਂ ਵੀ ਸ਼ਾਮਿਲ ਨੇ।
ਭੂਸ਼ਨ ਬਾਰੇ ਪ੍ਰੇਮ ਪ੍ਰਕਾਸ਼ ਦਾ ਲੇਖ ਪੜ੍ਹਨ ਲੱਗਾ ਤਾਂ ਪਹਿਲੇ ਪੰਨੇ ਤੇ ਹੀ ਦੋ ਵੱਡੀਆਂ ਤੱਥ ਮੁਲਕ ਗਲਤੀਆਂ ਨੇ ਮਨ ਖ਼ਰਾਬ ਕਰ ਦਿੱਤਾ। ਭੂਸ਼ਨ ਕਾ ਟੱਬਰ ਧਿਆਨਪੁਰ ਵਾਲੀ ਗੱਦੀ ਦਾ ਮਹੰਤ ਨਹੀਂ ਸੀ, ਪੰਡੋਰੀ ਮਹੰਤਾਂ ਦਾ ਸੀ। ਪ੍ਰੇਮ ਪ੍ਰਕਾਸ਼ ਮੁਤਾਬਕ ਭੂਸ਼ਨ ਦਾ ਅਸਲ ਨਾਮ ਅਵੰਤੀ ਸਰੂਪ ਸੀ, ਇਹ ਵੀ ਠੀਕ ਨਹੀਂ। ਉਸ ਦਾ ਅਸਲ ਨਾਮ ਬੇਅੰਤ ਸਰੂਪ ਸੀ ਪਰ ਪਿੰਡ ਚ ਬੇਨਤੀ ਕਹਿੰਦੇ ਸਨ। ਇਹ ਕੂਕਿਆਂ ਦਾ ਟੱਬਰ ਗਿਣਿਆ ਜਾਂਦਾ ਸੀ। ਪਿਤਾ ਜੀ ਅਮਰ ਨਾਥ ਸ਼ਾਦਾਬ ਕੇਸਾਧਾਰੀ ਸੰਪੂਰਨ ਸਿੱਖ ਵਿਦਵਾਨ ਸਨ। ਸਾਡੇ ਪਿੰਡ ਬਸੰਤਕੋਟ ਤੇ ਧਿਆਨਪੁਰ ਵਿਚਕਾਰਲਾ ਪੈਂਜਾ ਮਸੀਂ ਦੋ ਫਰਲਾਂਗ ਸੀ। ਘਰੀਂ ਪੂਰਾ ਆਉਣ ਜਾਣ ਸੀ। ਪਰ ਬਾਕੀ ਲੇਖ ਬਹੁਤ ਰਸਵੰਤਾ ਹੈ।
ਜਗਵਿੰਦਰ ਜੋਧਾ ਦਾ ਵੀਰ ਸਾਵਰਕਰ ਬਾਰੇ ਲੇਖ ਕਮਾਲ ਹੈ।
ਬਾਕੀ ਪੜ੍ਹ ਕੇ ਗੱਲ ਕਰਾਂਗਾ।
ਪਰਚਾ ਇਸ ਗੱਲੋਂ ਹੋਰ ਵੀ ਮੁੱਲਵਾਨ ਹੋ ਗਿਐ ਕਿ ਇਸ ਚ ਰਾਜਿੰਦਰ ਬਿਮਲ ਦੀਆਂ ਬੇਬਾਕ ਗੱਲਾਂ ਸ਼ਾਮਲ ਹੋ ਗਈਆਂ। ਉਸ ਦੀ ਤੇਜ਼ਾਬੀ ਮੁਲਾਕਾਤ ਕਈਆਂ ਦੇ ਪੋਤੜੇ ਉਧੇੜਦੀ ਹੈ। ਲੇਖਕਾਂ/ਅਲੇਖਕਾਂ ਦੀ ਨਿਸ਼ਾਨਦੇਹੀ ਕਮਾਲ ਹੈ।
ਸੁਸ਼ੀਲ ਤੇ ਕਮਲ ਦੋਸਾਂਝ ਦੀ ਮਿਹਨਤ ਸਿਰ ਚੜ੍ਹ ਬੋਲਦੀ ਹੈ।
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਸਵਰਨਜੀਤ ਸਵੀ ਦੀਆਂ ਪੇਂਟਿੰਗਜ਼ ਦੇ ਰੰਗੀਨ ਚਿਤਰ ਪ੍ਰਕਾਸ਼ਨ ਦੇ ਨਾਲ ਨਾਲ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਮੁੱਢ ਬਣਾਏ ਮਿਊਰਲ ਦਾ ਚਿਤਰ ਵੀ ਪ੍ਰਭਾਵਸ਼ਾਲੀ ਹੈ।
ਬਾਕੀ ਕਦੇ ਫੇਰ ਸਹੀ!
ਮੁਬਾਰਕਾਂ
ਗੁਰਭਜਨ ਗਿੱਲ
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਐਡੀਟਰ ਲਿਟਰੇਰੀ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.