ਮੈਂ ਜੰਗ ਬਹਾਦਰ ਗੋਇਲ ਰਚਿਤ ਨਾਵਲ ‘ਵਾਇਆ ਬਠਿੰਡਾ’ ਦੀ ਗੱਲ ਕਰਨਾ ਚਾਹਾਂਗੇ ਜਿਸ ਨੇ ਮੈਨੂੰ ਹਥਲਾ ਕਾਲਮ ਪੁਸਤਕਾਂ ਤੇ ਰਸਾਲਿਆਂ ਨੂੰ ਸਮਰਪਤ ਕਰਨ ਲਈ ਪ੍ਰੇਰਿਆ ਹੈ। ਜੰਗ ਬਹਾਦਰ ਵੀ ਨਰਿੰਦਰ ਸਿੰਘ ਵਾਂਗ ਸੇਵਾ ਮੁਕਤ ਆਈ. ਏ. ਐਸ. ਅਫ਼ਸਰ ਹੈ। ਪਰ ਉਹ ਆਪਣੀਆਂ ਲਿਖਤਾਂ ਵਿਚ ਆਪਣੇ ਨਾਂਅ ਨਾਲ ਆਪਣੀ ਪਦਵੀਂ ਨਹੀਂ ਜੋੜਦਾ। ਮੈਂ ਉਸ ਨੂੰ ਉਸ ਪਾਠਕ ਵਜੋਂ ਜਾਣਦਾ ਹਾਂ ਜਿਸ ਨੇ ਸੰਸਾਰ ਦਾ ਉੱਤਮ ਸਾਹਿਤ ਪੜਿਆ ਹੀ ਨਹੀਂ । ਇਸ ਨੂੰ ਚੰਗੇ ਸਾਹਿਤ ਰਸਾਲਿਆਂ, ਖ਼ਾਸ ਕਰਕੇ ‘ਸਮਕਾਲੀ ਸਾਹਿਤ’ ਰਾਹੀਂ ਪੰਜਾਬੀ ਪਾਠਕਾਂ ਤੱਕ ਪਹੁੰਚਾਇਆ ਹੈ। ਹਰ ਰਚਨਾ ਦਾ ਸਾਰਅੰਸ਼ ਦੇ ਕੇ ਤੇ ਲਿਖਣ ਵਾਲੇ ਦੀ ਜੀਵਨ ਦ੍ਰਿਸ਼ਟੀ ਪੇਸ਼ ਕਰਕੇ।
ਉਹ ਖ਼ਦ ਵੀ ਵਿਸ਼ਾਲ ਤੇ ਉਦਮੀ ਸੋਚ ਦਾ ਮਾਲਿਕ ਹੈ। ਉਸ ਦੀ ਲਿਖਤ ਵਿਚ ਰਸ ਤੇ ਰਵਾਨੀ ਹੈ ਜਿਹੜੀ ਪਾਠਕ ਨੂੰ ਆਪਣੇ ਨਾਲ ਤੋਰੀ ਰੱਖਦੀ ਹੈ। ਮੈਂ ਚੰਗਾ ਪਾੜਾ ਨਹੀਂ ਪਰ ਉਸ ਦੇ ਨਾਵਲ ਨੂੰ ਪੜ੍ਹਨਾ ਸ਼ੁਰੂ ਕਰ ਕੇ ਅੰਤ ਤੱਕ ਪਹੁੰਚੇ ਬਿਨਾਂ ਸਾਹ ਨਹੀਂ ਲਿਆ। ਉਸ ਨੇ ਡੇਢ ਸੌ ਪੰਨੇ ਦੀ ਇਸ ਛੋਟੀ ਤੋਂ ਪੜ੍ਹਨਯੋਗ ਰਚਨਾ ਵਿਚ ਅਨੇਕਾਂ ਪਾਤਰ ਤੇ ਭੋਂਦ੍ਰਿਸ਼ ਪੇਸ਼ ਕੀਤੇ ਹਨ। ਪਾਠਕ ਬਠਿੰਡਾ ਤੇ ਜੈਤੋ ਦੀ ਧਰਤੀ ਤੇ ਲੋਕਾਂ ਦੀ ਜੀਵਨ ਜਾਚ ਤੋਂ ਜਾਣੂ ਹੋ ਜਾਂਦੇ ਹਨ। ਪਾਤਰ ਧੁੰਨ ਦੇ ਪੱਕੇ ਹਨ ਤੇ ਆਪਣੀ ਇੱਛਾ ਦੀ ਪ੍ਰਾਪਤੀ ਲਈ ਅਪਣਾ ਤਨ ਮਨ ਧਨ ਬਾਜ਼ੀ ਤੇ ਲਾ ਦਿੰਦੇ ਹਨ। ਖੂਬੀ ਇਹ ਕਿ ਉਹ ਚੰਗੀਆਂ ਮਾੜੀਆਂ ਹਾਲਤਾਂ ਵਿਚ ਉਮੀਦ ਦਾ ਪੱਲਾ ਨਹੀਂ ਛੱਡਦੇ. ਆਪਣੀ ਜਨਮ ਭੂਮੀ ਤੇ ਕਰਮ ਭੂਮੀ ਨੂੰ ਸੱਚੇ ਦਿਲੋਂ ਅਪਣਾਉਂਦੇ ਤੇ ਮਾਣਦੇ ਹਨ। ਜੰਗ ਬਹਾਦਰ ਆਪਣੇ ਨਾਵਲ ਦਾ ਤਾਣਾ ਬਾਣਾ ਬਠਿੰਡਾ ਸ਼ਹਿਰ ਦੇ ਆਲੇ-ਦੁਆਲੇ ਬੁਣਦਾ ਹੈ ਜਿਹੜਾ ਰੇਲਗੱਡੀ ਰਾਹੀਂ ਸਭ ਥਾਵਾਂ (ਅੰਬਾਲਾ, ਫਾਜ਼ਿਲਕਾ, ਫਿਰੋਜ਼ਪੁਰ, ਸ੍ਰੀਗੰਗਾਨਗਰ , ਜਾਖਲ, ਡੱਬਵਾਲੀ ਤੇ ਸਿਰਸਾ) ਨਾਲ ਜੁੜਿਆ ਹੋਣ ਕਾਰਨ ਵੱਡਾ ਜੰਕਸ਼ਨ ਹੈ।
ਸਿਗਨਲ ਨਾ ਹੋਣ ਦੀ ਸੂਰਤ ਵਿਚ ਕਈ ਵਾਰੀ ਕਿਸੇ ਗੱਡੀ ਨੂੰ ਲੰਮਾ ਸਮਾਂ ਚੰਦ ਭਾਨ ਦੇ ਰੇਲਵੇ ਸਟੇਸ਼ਨ 'ਤੇ ਰੁਕਣਾ ਪੈਂਦਾ ਹੈ। ਅੰਤ ਉਸ ਗੱਡੀ ਦਾ ਚੰਦ ਭਾਨ ਨੂੰ ਅਲਵਿਦਾ ਕਹਿ ਕੇ ਬਠਿੰਡੇ ਪਹੁੰਚਣਾ ਲਾਜ਼ਮੀ ਹੈ। ਲੇਖਕ ਅਪਣੇ ਮੁੱਖ ਪਾਤਰਾਂ ਨੂੰ ਚੰਦ ਭਾਨ ਤੇ ਬਠਿੰਡੇ ਦੇ ਹਵਾਲੇ ਨਾਲ ਤੋਰੀ ਰੱਖਦਾ ਹੈ। ਨਿਰਾਸ਼ ਨਹੀਂ ਹੋਣ ਦਿੰਦਾ। ਉਨ੍ਹਾਂ ਨੇ ਲਾਜ਼ਮੀ ਬਠਿੰਡੇ ਪਹੁੰਚਣਾ ਹੈ ਤੇ ਅਗਲਾ ਸਫ਼ਰ ਜਾਰੀ ਰੱਖਣਾ ਹੈ। ਜੰਗ ਬਹਾਦਰ ਗੋਇਲ ਨੂੰ ਆਪਣੇ ਕਰਮ ਖੇਤਰ ਨਾਲ ਅੰਗਰੇਜ਼ੀ ਨਾਵਲਕਾਰ ਥਾਮਸ ਹਾਰਡੀ ਵਰਗਾ ਮੋਹ ਹੈ। ਪਰ ਖੂਬੀ ਇਹ ਕਿ ਉਸ ਦੇ ਨਾਇਕ ਨਾਇਕਾਵਾਂ ਨਿਰਾਸ਼ਤਾ ਦੀਆਂ ਬੇੜੀਆਂ ਵਿਚ ਬੱਝੇ ਰਹਿਣ ਦੀ ਥਾਂ ਪੈਰੀਂ ਝਾਜਰਾਂ ਪਾ ਕੇ ਆਨ ਤੇ ਸ਼ਾਨ ਨਾਲ ਅੱਗੇ ਵਧਦੇ ਹਨ। ‘ਵਾਇਆ ਬਠਿੰਡਾ’ ਵਿਚ ਉਨ੍ਹਾਂ ਉੱਘੀਆਂ ਰਚਨਾਵਾਂ ਵਾਲਾ ਰਸ ਹੈ ਜਿਨ੍ਹਾਂ ਦਾ ਸਾਰ ਦੇ ਕੇ ਲੇਖਕ ਆਪਣੇ ਪਾਠਕਾਂ ਨੂੰ ਮੰਤਰ ਮੁਗਧ ਕਰਦਾ ਰਿਹਾ ਹੈ ਤੇ ਕਰ ਰਿਹਾ ਹੈ। ਕਾਸ਼ ਮੈਂ ਆਲੋਚਕ ਹੁੰਦਾ ਤੇ ਉਸ ਦੇ ਨਾਵਲ ਦਾ ਠੀਕ ਮੁਲਾਂਕਣ ਕਰ ਸਕਦਾ।
-
ਗੁਲਜ਼ਾਰ ਸਿੰਘ ਸੰਧੂ, ਲੇਖਕ
*****
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.