ਹਰ ਦੁਨੀਆਂ ਨੂੰ ਜਿੱਤਣ ਵਾਲਾ ਇਕ ਦਿਨ ਬਾਜ਼ੀ ਹਾਰ ਗਿਆ। ਠੱਗੀਆਂ ਕਰ ਕਰ ਠੱਗਣ ਵਾਲਾ ਠੱਗਿਆ ਆਖਰਕਾਰ ਗਿਆ। ਝੂਠੇ ਦਾਅਵੇ ਬੰਨਣ ਵਾਲਾ ਰੋਂਦਾ ਛੱਡ ਪ੍ਰੀਵਾਰ ਗਿਆ। ਜਿਨ੍ਹਾਂ ਬਾਝੋਂ ਪਲ ਨਹੀਂ ਸਰਦਾ ਛੱਡ ਜੁੰਡੀ ਯਾਰ ਗਿਆ। ਆਪਣੇ ਹੱਥੀ ਅੱਗ ਲਗਾਕੇ ਆਖਣਗੇ ਦਿਲਦਾਰ ਗਿਆ। ਵਿਚ ਸਿਵਿਆਂ ਦੇ ਵਾਸਾ ਕਰ ਲਿਆ ਉੱਚੇ ਮਹਿਲ ਉਸਾਰ ਗਿਆ। ਇਕ ਦਿਨ ਸੇਖੋਂ ਇਹ ਆਖੂਗਾ ਕਿੱਧਰ ਤੁਰ ਕਰਤਾਰ ਗਿਆ।
ਤੁਰ ਤਾਂ ਆਪਾਂ ਸਾਰਿਆਂ ਹੀ ਜਾਣਾ ਹੈ ਅੱਜ ਜਾਂ ਕੱਲ੍ਹ। ਪਰ ਜੇਕਰ ਸੌਖਿਆਂ ਜਿੰਦਗੀ ਬਤੀਤ ਹੋ ਜਾਏ ਤਾਂ ਵਧੀਆ ਨਹੀਂ ਹੱਡ-ਗੋਡੇ ਰਗੜ ਕੇ ਤਾਂ ਲੰਘਾਉਣੀ ਹੀ ਪੈਣੀ ਹੈ। ਜਦੋਂ ਅਸੀਂ ਬੇਧਿਆਨੇ ਤੁਰਦੇ ਹਾਂ ਤਾਂ ਠੇਡੇ ਵੱਜਦੇ ਹੀ ਵੱਜਦੇ ਹਨ। ਥੋੜਾ ਜਿਹਾ ਧਿਆਨ ਕਰਕੇ ਚੱਲਣ ਨਾਲ ਬਹੁਤੀ ਵਾਰੀ ਆਪਾਂ ਕੱਸੀਆਂ-ਸੂਏ ਵੀ ਟੱਪ ਜਾਂਦੇ ਹਾਂ ਜਾਂ ਪਾਰ ਕਰ ਜਾਂਦੇ ਹਾਂ ਨਹੀਂ ਤਾਂ ਧੜੰਮ ਕਰਕੇ ਵਿਚ ਡਿਗਣਾ ਲਾਜ਼ਮੀ ਹੁੰਦਾ ਹੈ। ਐਸੀਆਂ ਬਹੁਤੀਆਂ ਗਲਤੀਆਂ ਦੇ ਪਿੱਛੇ ਲਾਪਰਵਾਹੀ ਕੰਮ ਕਰ ਰਹੀ ਹੁੰਦੀ ਹੈ। ਭੋਰਾ ਕੁ ਲਾਪਰਵਾਹੀ ਨੇ ਕਈਆਂ ਦੇ ਘਰ ਉਜਾੜੇ, ਰਾਜ-ਭਾਗ ਉਜਾੜੇ। ਫੋਕੀ ਸ਼ੌਹਰਤ ਅਤੇ ਜਿੰਦਗੀ ਦੇ ਕਾਮੁਕ ਚਸਕਿਆਂ ਨੇ ਰਾਜਿਆਂ ਮਹਾਰਾਜਿਆਂ ਨੂੰ ਵੀ ਨਹੀਂ ਬਖਸ਼ਿਆ। ਇੰਗਲੈਂਡ ਦੀ ਰਾਣੀ ਦੇ ਪੁਤਰ ਅਤੇ ਨੂੰਹ ਤੇ ਇਹ ਗੱਲ ਬਿਲਕੁਲ ਸਉਅ ਪਰਸੈਂਟ ਢੁੱਕਦੀ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ:
ਮਤੁ ਜਾਣ ਸਹਿ ਗਲੀ ਪਾਇਆ ॥ ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ ॥੧॥ ਪੰਨਾ 24॥ ਪੈਸੇ ਅਤੇ ਰੂਪ ਦੀ ਸੋਭਾ ਕਰਕੇ ਲੇਡੀ ਡਿਆਨਾ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੀ। ਮਿਲਿਆ ਕੀ? ਕਬਰ ਤੇ ਫੁਲਾਂ ਦਾ ਗੁਲਦਸਤਾ। ਓਹ ਵੀ ਅਗਲੇ ਕੁੱਝ ਸਾਲ ਤੇ ਫਿਰ ਬੱਸ ਚੁਪ-ਚਾਪ। ਨਾ ਕੋਈ ਪੁੱਤ ਨਾ ਧੀ।
1960-62 ਵਿਚ ਜਦੋਂ ਸਕੂਲ ਪੜ੍ਹਦੇ ਸੀ ਤਾਂ ਇਸ ਤਰ੍ਹਾਂ ਦੀ ਇਕ ਵਕਿਤਾ ਹੁੰਦੀ ਸੀ: ਅੱਖਾਂ ਗਈਆਂ ਤਾਂ ਜਹਾਨ ਗਿਆ। ਜੀਭ ਗਈ ਤਾਂ ਸੁਆਦ ਗਿਆ। ਦੰਦ ਗਏ ਤਾਂ...। ਅੱਗੇ ਯਾਦ ਨਹੀਂ। ਪਰ ਇਸ ਗੱਲ ਦੀ ਸੋਝੀ ਹੁਣ 60 ਸਾਲਾਂ ਬਾਅਦ ਆਈ ਹੈ ਕਿ ਚੌਥੀ ਪੰਜਵੀਂ ਜਮਾਤ ਵਿਚ ਪੜ੍ਹਾਈ ਜਾਣ ਵਾਲੀ ਕਵਿਤਾ ਦਾ ਮਤਲਬ ਕੀ ਸੀ। ਅੱਜ ਜਦੋਂ ਮੈਂ ਆਪ ਇਸ ਕਨਾਰੇ ਪਹੁੰਚ ਗਿਆ ਹਾਂ ਤਾਂ ਇਸ ਵਿਸ਼ੇ ਤੇ ਵੀਚਾਰ ਕਰਨ ਦੀ ਸੋਝੀ ਆਈ ਹੈ।
ਪਿਛਲੇ ਕੁੱਝ ਸਾਲਾਂ ਤੋਂ ਮੇਰਾ ਫੈਮਲੀ ਡਾਕਟਰ ਕਹਿ ਰਿਹਾ ਸੀ; “ ਤੇਰਾ ਖੂੰਨ ਗਾੜਾ ਹੈ, ਬਲੱਡ ਕੋਲਿਸਟਰੋਲ ਕਾਫੀ ਜ਼ਿਆਦਾ ਹੈ, 6.59 ਹੈ, ਤੁੰ ਗੋਲੀਆਂ ਲੈਣੀਆਂ ਸ਼ੁਰੂ ਕਰ ਦੇ”। ਪਰ ਮੈਂ ਮਨਾਹ ਹੀ ਕਰਦਾ ਰਿਹਾ। ਕਿਉਂਕਿ ਉਨ੍ਹਾਂ ਗੋਲੀਆਂ ਦੇ ਹੋਰ ਕਈ ਨੁਕਸਾਨ ਵੀ ਹੁੰਦੇ ਹਨ ਤੇ ਮੈਂ ਦੇਸੀ ਘਰੇਲੂ ਨੁਸਖੇ ਲੱਭਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੇ ਜੇਕਰ ਫਾਇਦੇ ਨਹੀਂ ਤਾਂ ਨੁਕਸਾਨ ਵੀ ਕੋਈ ਨਹੀਂ। ਕਈ ਕੁੱਝ ਬਣਾਇਆ ਤੇ ਖਾਦਾ ਪਰ ਜਿਸ ਨਾਲ ਸਫਲਤਾ ਪ੍ਰਾਪਤ ਹੋਈ ਉਹ ਕੁੱਝ ਅੱਜ ਤੁਹਾਡੇ ਨਾਲ ਤੁਹਾਡੇ ਭਲੇ ਲਈ ਸਾਂਝਾ ਕਰਨ ਲੱਗਿਆ ਹਾਂ।
ਲਸਣ ਕਿਵੇਂ ਖਾਈਏ ਤੇ ਫਾਇਦੇ।
ਖੂੰਨ ਦੇ ਗਾੜੇਪਨ (ਬਲੱਡ ਕਲਿਸਟਰੋਲ ਦਾ ਹੋਣਾ) ਨੂੰ ਘੱਟ ਕਰਨ ਕਰਨ ਦੇ ਹੋਰ ਵੀ ਕਈ ਤਰੀਕੇ ਹੋ ਸਕਦੇ ਹਨ, ਲਸਣ ਨੂੰ ਖਾਣ ਦੇ ਹੋਰ ਵੀ ਬਹੁਤ ਢੰਗ ਹੋ ਸਕਦੇ ਹਨ ਪਰ ਜੋ ਮੈਂ ਆਪਣੇ ਤੇ ਅਜਮਾਇਸ਼ ਕਰਕੇ ਦੱਸਣ ਲੱਗਿਆ ਹਾਂ। ਓਹ ਇਹ ਹੈ ਕਿ ਸਵੇਰੇ ਸਵੇਰ ਦੋ ਪੋਥੀਆਂ ਛਿਲ ਕੇ ਕਿਸੇ ਛੋਟੇ ਮਾਮਦਸਤੇ ਵਿਚ ਰਗੜ ਲਓ (ਸਾਡੇ ਇਲਾਕੇ ਵਿਚ ਲਸਣ ਦੇ ਗੰਡੇ ਦੇ ਛੋਟੇ ਛੋਟੇ ਹਿਸਿਆਂ ਨੂੰ ਪੋਥੀਆਂ ਕਹਿੰਦੇ ਹਨ)। ਲਸਣ ਨੂੰ ਚਾਕੂ ਨਾਲ ਕਿਸੇ ਵੀ ਹਾਲਤ ਵਿਚ ਕੱਟਣਾ ਨਹੀਂ। ਮਾਮਦਸਤੇ ਵਿਚੋਂ ਰਗੜੇ ਹੋਏ ਲਸਣ ਨੂੰ ਕਿਸੇ ਵੀ ਕੌਲੀ ਵਿਚ ਕੱਢ ਲਓ ਤੇ ਵਿਚ ਇਕ ਚਮਚਾ ਸ਼ਹਿਦ ਦਾ ਮਿਲਾ ਕੇ ਖਾ ਲਓ। ਫਿਰ ਗਰਮ ਪਾਣੀ ਦਾ ਇਕ ਵੱਡਾ ਗਲਾਸ ਲੈ ਕੇ, ਬੇਸ਼ੱਕ ਇਸ ਨਾਲ ਮਾਮਦਸਤਾ ਵੀ ਧੋ ਕੇ ਵਿਚ ਮਿਲਾ ਲਓ, ਪੀ ਜਾਓ। ਸਿਰਫ ਤਿੰਨ ਕੁ ਹਫਤੇ ਸਵੇਰੇ ਸਵੇਰੇ ਲਸਣ ਖਾਣ ਨਾਲ ਤੁਹਾਡਾ ਬਲੱਡ ਕਲਿਸਟਰੋਲ 5.19 ਜਾਣੀ ਕੇ ਨਾਰਮਲ ਹੋ ਜਾਵੇਗਾ। ਜੋ ਸੱਜਣ ਹਫਤਾ ਹਫਤਾ ਭਰ ਘਰੋਂ ਬਾਹਰ ਰਹਿੰਦੇ ਹਨ ਉਹ ਲਸਣ ਦੀਆਂ 10-12 ਪੋਥੀਆਂ ਛਿਲ ਕੇ ਕੱਚ ਦੀ ਸ਼ੀਸ਼ੀ ਵਿਚ ਪਾ ਲੈਣ ਅਤੇ ਪੰਜ ਸੱਤ ਚਮਚ ਸ਼ਹਿਦ ਦੇ ਮਿਲਾ ਲੈਣ। ਹਰ ਰੋਜ ਸਵੇਰੇ ਉੱਠ ਕੇ ਸ਼ਹਿਦ ਨਾਲ ਲਿਬੜੀਆਂ ਹੋਈਆਂ ਦੋ ਪੋਥੀਆਂ ਨੂੰ ਚੰਗੀ ਤਰ੍ਹਾਂ ਚਬਾ ਕੇ ਅੰਦਰ ਲੰਘਾ ਲੈਣ ਅਤੇ ਉਪਰੋਂ ਗਰਮ ਪਾਣੀ ਦਾ ਇਕ ਵੱਡਾ ਗਲਾਸ ਪੀਣ। 3-4 ਹਫਤਿਆਂ ਵਿਚ ਬਲੱਡ ਕਲਿਸਟਰੋਲ ਨਾਰਮਲ ਹੋ ਜਾਵੇਗਾ। ਛੇ ਕੁ ਮਹੀਨਿਆਂ ਬਾਅਦ ਹੁਣ ਮੈਂ ਫਿਰ ਲਸਣ ਖਾਣ ਦਾ ਇਹੀ ਤਰੀਕਾ ਵਰਤ ਕੇ ਦੋਬਾਰਾ ਆਪਣਾ ਖੂਨ ਟੈਸਟ ਕਰਾਵਾਂਗਾ। ਮੈਨੂੰ ਪੂਰਨ ਉਮੀਦ ਅਤੇ ਯਕੀਨ ਹੈ ਕਿ ਕੋਈ ਅਸਧਾਰਣ ਨਤੀਜਾ ਨਹੀਂ ਨਿਕਲੇਗਾ।
ਅੰਤੜੀਆਂ ਨੂੰ ਖੋਲ੍ਹਣ ਦਾ ਤਰੀਕਾ:
ਦੋ ਪਾਨ ਪੱਤੇ ਬੰਗਾਲੀ ਡੰਡਲ ਸਮੇਤ, ਉਂਗਲੀ ਦੇ ਪੋਟੇ ਜਿਤਨਾ ਅਧਰਕ ਅਤੇ ਦੋ ਪੋਥੀਆਂ ਲਸਣ ਦੀਆਂ ਲੈ ਕੇ ਪੱਥਰ ਦੇ ਕੂੰਡੇ-ਘੋਟਣੇ ਨਾਲ 15 ਕੁ ਮਿੰਟ ਰਗੜੋ। ਜਦੋਂ ਇਹ ਸਾਰਾ ਕੁੱਝ ਬਿਲਕੁਲ ਮਹੀਨ ਹੋ ਜਾਵੇ ਤਾਂ ਦੋ ਚਮਚ ਸ਼ਹਿਦ ਦੇ ਮਿਲਾ ਕੇ ਹੌਲੀ ਹੌਲੀ 40-45 ਮਿੰਟਾਂ ਵਿਚ ਇਸ ਨੂੰ ਉਂਗਲੀ ਨਾਲ ਚੱਟ ਕੇ ਅੰਦਰ ਲੰਘਾਓ। ਇਹ ਕੰਮ ਸਿਰਫ ਦਸ ਦਿਨ ਕਰਨ ਨਾਲ ਅੰਤੜੀਆਂ ਬਿਲਕੁੱਲ ਖੁਲ੍ਹ ਜਾਣਗੀਆਂ। ਸਾਹ ਦਾ ਚੜਨਾ ਵੀ ਬੰਦ ਹੋ ਜਾਵੇਗਾ, ਜਾਣੀਕੇ ਨਾਰਮਲ। ਇਸ ਨਾਲ ਟਰਿਗਲਿਸਰਾਈਡ ਵੀ ਨਾਰਮਲ ਹੁੰਦਾ ਹੈ। ਇਹ ਤਰੀਕਾ ਮੇਰੇ ਹੀ ਕਿਸੇ ਸੱਜਣ-ਮਿਤਰ ਨੇ ਅਜਮਾ ਕੇ ਦੇਖਿਆ ਹੈ।
ਇਕ ਹੋਰ ਵੀ ਤਰੀਕਾ ਹੈ ਅੰਤੜੀਆਂ ਨੂੰ ਖੋਲਣ ਦਾ: ਅਧਰਕ, ਲਸਣ, ਨਿੰਬੂ (ਪੀਲੇ ਵਾਲੇ) ਇਨ੍ਹਾਂ ਦਾ ਰਸ ਇਕੋ ਜਿਨੀ ਮਾਤਰਾ ਵਿਚ ਕੱਢਕੇ ਅਤੇ ਓਨੀ ਹੀ ਮਾਤਰਾ, ਮਤਲਬ ਅਧਰਕ ਜਾਂ ਨਿਬੂੰ ਜਾਂ ਲਸਣ ਦੇ ਰਸ, ਜਿਤਨਾ ਹੀ ਐਪਲ ਸਾਈਡਰ ਵੈਨੀਗਰ ਆਗਾਨਿਕ ਮਿਲਾ ਕੇ ਮੱਠੀ ਮੱਠੀ ਅੱਗ ਤੇ ਓਬਾਲੋ ਜਦੋਂ ਇਕ ਤਿਹਾਈ ਉੱਡ ਜਾਵੇ ਜਾਂ ਜਦੋਂ ਦੋ ਤਿਹਾਈ ਬਾਕੀ ਬੱਚ ਜਾਵੇ ਤਾਂ ਅੱਗ ਬੰਦ ਕਰ ਦਿਓ। ਠੰਡਾ ਹੋਣ ਉਪਰੰਤ ਆਪਣੀ ਮਰਜ਼ੀ ਅਨੁਸਾਰ ਸ਼ਹਿਦ ਮਿਲਾ ਕੇ ਕੱਚ ਦੀ ਬੋਤਲ ਵਿਚ ਪਾ ਲਓ। ਹਰ ਰੋਜ਼ ਸਵੇਰੇ ਸਵੇਰੇ ਨਿਰਣੇ ਕਾਲਜੇ ਦੋ- ਤਿੰਨ ਵੱਡੇ ਚਮਚ ਜਾਂ ਇਕ ਘੁੱਟ ਭਰ ਲਓ। ਇਕ ਜਾਂ ਦੋ ਮਹੀਨਿਆਂ ਬਾਅਦ ਖੂੰਨ ਚੈਕ ਕਰਵਾਓ। ਨਤੀਜਾ ਪਹਿਲੇ ਨਾਲੋਂ ਵਧੀਆ ਹੋਵੇਗਾ।
ਭਾਰ ਘੱਟ ਕਰਨ ਦਾ ਤਰੀਕਾ:
ਜ਼ੀਰਾ, ਅਜਵੈਣ ਅਤੇ ਅਲਸੀ ਦੇ ਬੀਜ਼, ਲਾਲ ਵਾਲੇ। ਜ਼ੀਰਾ ਤੇ ਅਜਵੈਣ ਇਕ ਇਕ ਚਮਚ ਅਤੇ ਅਲਸੀ ਦੇ ਬੀਜ਼ ਡੇਢ ਚਮਚ। ਮਤਲਬ ਅਲਸੀ ਦੀ ਮਾਤਰਾ ਦੂਜੀਆਂ ਦੋ ਚੀਜ਼ਾਂ ਨਾਲੋਂ ਡੇਢੀ ਰੱਖਣੀ ਹੈ। ਜੇਕਰ ਸਾਰੇ ਪ੍ਰੀਵਾਰ ਵਾਸਤੇ ਇਹ ਚੂਰਣ ਬਣਾਉਣਾ ਹੋਵੇ ਤਾਂ ਭਾਂਵੇਂ ਜਿਤਨਾ ਮਰਜ਼ੀ ਬਣਾਓ ਨਹੀਂ ਤਾਂ ਜ਼ੀਰਾ ਅਜਵੈਣ ਦੋ ਵੱਡੇ ਚਮਚ ਅਤੇ ਅਲਸੀ ਤੇ ਤਿੰਨ ਚਮਚ ਫਰਾਈਪੈਨ ਵਿਚ ਪਾ ਕੇ ਗਰਮ ਕਰੋ। ਇਸ ਸਾਰੇ ਕਾਸੇ ਨੂੰ ਭੁੰਨਣਾ ਨਹੀਂ। ਗਰਮ ਕਰਨ ਤੋਂ ਬਾਅਦ ਠੰਡਾ ਹੋਣ ਦਿਓ। ਫਿਰ ਗਰਾਈਂਡਰ ਵਿਚ ਪਾ ਕੇ ਜਿਤਨਾ ਮਹੀਨ ਹੋ ਸਕੇ ਕਰੋ। ਜਾਣੀ ਕੇ ਆਟੇ ਵਰਗਾ ਬਰੀਕ ਕਰ ਲਓ। ਇਸ ਨੂੰ ਕੱਚ ਦੀ ਸ਼ੀਸ਼ੀ ਵਿਚ ਪਾ ਕੇ ਰੱਖੋ। ਕਦੇ ਵੀ ਪਲਾਸਟਿਕ ਦੀ ਸ਼ੀਸ਼ੀ ਵਿਚ ਨਹੀਂ ਪਾਉਣਾ। ਸਵੇਰੇ ਸਵੇਰੇ ਨਿਰਣੇ ਕਾਲਜੇ ਇਕ ਛੋਟਾ ਚਮਚ (ਟੀ ਸਪੂਨ) ਗਰਮ ਗਰਮ ਪਾਣੀ ਦੇ ਵੱਡੇ ਗਲਾਸ ਨਾਲ ਅੰਦਰ ਲੰਘਾ ਲਓ। ਇਸ ਤਰ੍ਹਾਂ ਕੋਈ ਚਾਰ ਕੁ ਹਫਤੇ ਕਰੋ। ਫਿਰ ਦੋ ਹਫਤੇ ਨਹੀਂ ਲੈਣਾ। ਇਹੀ ਪ੍ਰਕ੍ਰਿਆ ਅਗਲੇ ਚਾਰ ਪੰਜ ਮਹੀਨੇ ਕਰੋ। ਪੰਜ ਛੇ ਮਹੀਨਆਂ ਬਾਅਦ 20-25 ਪੌਂਡ ਭਾਰ ਘੱਟ ਜਾਵੇਗਾ। ਸਿਰਫ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਠੰਡਾ ਪਾਣੀ ਅਤੇ ਕੋਲਡ ਡਰਿੰਕਸ ਨਹੀਂ ਲੈਣੀਆਂ। ਕੋਸ਼ਿਸ ਇਹ ਕਰੋ ਕਿ ਫਰਿਜ਼ ਵਿਚੋਂ ਕੱਢ ਕੇ ਕੁੱਝ ਵੀ ਨਹੀਂ ਖਾਣਾ ਪੀਣਾ।
ਜੋੜਾਂ ਦੇ ਦਰਦਾਂ ਇਲਾਜ:
ਜੈਤੂਨ ਦਾ ਤੇਲ (ਆਲੀਵ ਓਇਲ) ਰੀਫਾਇਨਡ ਨਹੀਂ ਲੈਣਾ। 250-300 ਗਰਾਮ ਜੈਤੂਨ ਦਾ ਤੇਲ ਇਕ ਕੱਚ ਦੀ ਸ਼ੀਸੀ ਵਿਚ ਪਾ ਲਓ। ਇਸ ਵਿਚ ਪੀਲੇ ਵਾਲੇ ਤਿੰਨ-ਚਾਰ ਨਿਬੂੰਆਂ ਦੀਆਂ ਸਿਰਫ ਛਿਲਾਂ ਕੱਟ ਕੇ ਪਾਓ। ਨਿਬੂੰਆਂ ਦਾ ਰਸ ਕੱਢ ਕੇ ਵਰਤ ਲਓ। ਮਤਲਬ ਰਸ ਤੇਲ ਵਿਚ ਨਹੀਂ ਪਾਉਣਾ। ਇਸ ਨੂੰ ਤਿੰਨ ਕੁ ਹਫਤੇ ਰਸੋਈ ਵਿਚ ਪਿਆ ਰਹਿਣ ਦਿਓ। ਫਿਰ ਛਾਨਣੀ ਨਾਲ ਛਾਂਣ ਲਓ। ਹੁਣ ਤੇਲ ਵਰਤਣ ਲਈ ਤਿਆਰ ਹੈ। ਤੇਲ ਵਿਚੋਂ ਕੱਢੀਆਂ ਛਿਲਾਂ ਸੁੱਟਣੀਆਂ ਨਹੀਂ। ਪਹਿਲਾਂ ਛਿਲਾਂ ਨੂੰ ਆਪਣੇ ਜੋੜਾਂ ਤੇ ਮਲ ਲਓ ਤੇ ਫਿਰ ਤੇਲ ਦੀ ਵਰਤੋਂ ਕਰੋ। ਹਫਤੇ ਕੁ ਦੇ ਅੰਦਰ ਅੰਦਰ ਇਸ ਦੇ ਨਤੀਜੇ ਤੁਹਾਨੂੰ ਮਹਿਸੂਸ ਹੋਣ ਲੱਗ ਪੈਣਗੇ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ# 647 966 3132, 810 449 1079
-
ਗੁਰਚਰਨ ਸਿੰਘ ਜਿਉਣ ਵਾਲਾ, ਲੇਖਕ
brar_jiwanwala@hotmail.com
647 966 3132
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.