ਮੋਗਾ ਜ਼ਿਲ੍ਹੇ ਦੇ ਪਿੰਡ ਸੇਖਾ ਕਲਾਂ ਦੀਆਂ ਗਲੀਆਂ ਵਿੱਚ ਧੂੜ ਫੱਕਣ ਤੋਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਮਾਣ-ਸਨਮਾਨ ਪ੍ਰਾਪਤ ਕਰਨ ਤੱਕ ਪਹੁੰਚਿਆ ਬਲਜਿੰਦਰ ਸੇਖਾ ਵੀ ਵਿਦੇਸ਼ਾਂ ਵਿੱਚ ਵੱਸਦੇ ਉਹਨਾਂ ਪੰਜਾਬੀਆਂ ਵਿੱਚੋਂ ਹੈ ਜਿਨ੍ਹਾਂ ਨੇ ਆਪਣੀ ਕਲਾਤਮਿਕ ਸੂਝ, ਮਿਹਨਤ ਅਤੇ ਜਜ਼ਬੇ ਨਾਲ ਕਾਮਯਾਬੀ ਵਾਲੇ ਝੰਡੇ ਗੱਡ ਕੇ ਆਪੋ-ਆਪਣੇ ਮੁਲਕਾਂ ਵਿੱਚ ਪੰਜਾਬੀਅਤ ਦਾ ਮਾਣ ਵਧਾਇਆ ਹੈ।
ਪਿੰਡ ਦੇ ਸਰਕਾਰੀ ਸਕੂਲ ਤੋਂ ਦਸਵੀਂ ਕਰਨ ਤੋਂ ਬਾਅਦ ਉਹ ਨਜ਼ਦੀਕੀ ਪਿੰਡ ਮੱਲਕੇ ਵਿਖੇ ਗਿਆਰ੍ਹਵੀਂ ਜਮਾਤ ਵਿੱਚ ਦਾਖ਼ਲ ਹੋਇਆ। ਬਚਪਨ ਤੋਂ ਗਾਇਕੀ ਦਾ ਸ਼ੌਕ ਉਦੋਂ ਹੋਰ ਭਾਰੂ ਹੋ ਗਿਆ ਜਦੋਂ ਉੱਥੇ ਉਹ ਪ੍ਰਸਿੱਧ ਕਲਾਕਾਰ ਰਾਜ ਬਰਾੜ ਦਾ ਹਮਜਮਾਤੀ ਬਣ ਗਿਆ। ਉਪਰੰਤ ਮੋਗਾ ਪੜ੍ਹਦੇ ਸਮੇਂ ਉਹ ਅਦਾਕਾਰੀ ਦੇ ਜੌਹਰ ਵੀ ਦਿਖਾਉਣ ਲੱਗਿਆ। ਉਸ ਨੇ ਪੰਜਾਬੀ ਯੂਨੀਵਰਸਿਟੀ ਤੋਂ ਲਾਇਬ੍ਰੇਰੀ ਸਾਇੰਸ ਦਾ ਡਿਪਲੋਮਾ ਵੀ ਕੀਤਾ। 1995 ਵਿੱਚ ਉਹਨਾਂ ਦੀ ਸਕਿੱਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੂਥ ਫ਼ੈਸਟੀਵਲ ਵਿੱਚ ਫ਼ਸਟ ਆਈ ਤਾਂ ਉਸ ਦੇ ਅੰਦਰਲਾ ਕਲਾਕਾਰ ਹੋਰ ਉੱਡਣ ਲੱਗਿਆ। ਇਸੇ ਦੌਰਾਨ ਉਨ੍ਹਾਂ ਦਾ ਮੇਲ ਜਰਨੈਲ ਘੁਮਾਣ ਨਾਲ ਹੋ ਗਿਆ ਜਿਸ ਨੇ ਰਾਜ ਬਰਾੜ ਦੀ ਕੰਪਨੀ ਆਰਸੀ ਵਿੱਚ ਨਿਰਮਲ ਸਿੱਧੂ ਦੇ ਸੰਗੀਤ ਵਿੱਚ ਦੀ ਸਾਂਝੀ ਕਾਮੇਡੀ ਕੈਸੇਟ 'ਛਿੱਤਰੋ-ਛਿੱਤਰੀ' ਪੇਸ਼ ਕਰ ਦਿੱਤੀ। ਘਰੋਂ ਪੈਰ ਬਾਹਰ ਨਿਕਲਣ ਕਾਰਨ ਆਪਣੇ ਖ਼ਰਚਿਆਂ ਦਾ ਬੋਝ ਵੀ ਖ਼ੁਦ ਚੁੱਕਣਾ ਪੈਣਾ ਸੀ। ਮੰਚ ਸੰਚਾਲਨ ਦਾ ਵੱਲ ਹੋਣ ਕਾਰਨ ਉਹ ਹਰਭਜਨ ਸ਼ੇਰਾ, ਬਲਕਾਰ ਸਿੱਧੂ, ਨਿਰਮਲ ਸਿੱਧੂ ਆਦਿ ਨਾਲ ਸਟੇਜ ਸੈਕਟਰੀ ਵਜੋਂ ਸਟੇਜਾਂ ਕਰਦਾ ਰਿਹਾ।
ਉਪਰੰਤ ਉਹ ਰਾਜ ਬਰਾੜ ਨਾਲ ਚੰਡੀਗੜ੍ਹ ਆ ਗਿਆ ਜਿੱਥੇ ਉਹ ਰਾਜ ਬਰਾੜ ਦੀ ਕੈਸੇਟ 'ਸਾਡੇ ਵਾਰੀ ਰੰਗ ਮੁੱਕਿਆ' ਦੀ ਤਿਆਰ ਵਿੱਚ ਜੁੱਟ ਗਏ। ਕੈਸੇਟ ਆਉਣ ਨਾਲ ਬੇਸ਼ੱਕ ਅੱਗੋਂ ਰਾਜ ਬਰਾੜ ਚਮਕਿਆ ਪਰ ਉਸ ਦਾ ਬੈਕ ਗਰਾਊਂਡ ਤੇ ਸਟੇਜ ਦਾ ਸਾਰਾ ਕੰਮ ਬਲਜਿੰਦਰ ਸੇਖਾ ਸੰਭਾਲ਼ਦਾ ਸੀ । ਕੈਸੇਟ ਚੱਲ ਗਈ ਤੇ ਉਹ ਚਰਚਾ ਵਿੱਚ ਆ ਗਏ, ਪ੍ਰੋਗਰਾਮ ਮਿਲਣ ਲੱਗੇ।
1999 ਵਿੱਚ ਉਸ ਦਾ ਵਿਆਹ ਹੋ ਗਿਆ ਤੇ ਸਾਲ ਬਾਅਦ ਉਹ ਕੈਨੇਡਾ ਚਲਾ ਗਿਆ। ਜਿੱਥੇ ਉਸ ਲਈ ਸਭ ਤੋਂ ਵੱਡੀ ਮੁਸੀਬਤ ਅੰਗਰੇਜ਼ੀ ਭਾਸ਼ਾ ਬਣ ਗਈ। ਜਿਸ ਕਾਰਨ ਉਸ ਨੂੰ ਫ਼ਰਨੀਚਰ ਫ਼ੈਕਟਰੀ ਵਿੱਚ ਮਾਲ ਭਰਨ ਅਤੇ ਉਤਾਰਨ ਜਿਹੇ ਔਖੇ ਕੰਮਾਂ ਲਈ ਮਜ਼ਦੂਰੀ ਕਰਨੀ ਪਈ। ਪਰ ਜਲਦੀ ਉਸ ਦਾ ਤਾਲਮੇਲ 'ਪੰਜਾਬ ਸਟਾਰ' ਅਖ਼ਬਾਰ ਵਾਲੇ ਗੁਰਸਿਮਰਤ ਗਰੇਵਾਲ ਅਤੇ ਲਖਵਿੰਦਰ ਸੰਧੂ ਹੋਰਾਂ ਨਾਲ ਹੋ ਗਿਆ। ਜਿਨ੍ਹਾਂ ਨਾਲ ਉਹ ਅਖ਼ਬਾਰ ਦੇ ਕੰਮਾਂ ਵਿੱਚ ਹੱਥ ਵਟਾਉਣ ਲੱਗਿਆ। ਆਪਣੇ ਮਿਲਾਪੜੇ ਅਤੇ ਹਿੰਮਤੀ ਸੁਭਾਅ ਸਦਕਾ ਉਹ ਜਲਦੀ ਰੇਡੀਉ, ਟੀ.ਵੀ. ਚੈਨਲਾਂ ਉੱਪਰ 'ਭੰਡ ਕੈਨੇਡਾ ਦੇ' ਪ੍ਰੋਗਰਾਮ ਲੈ ਕੇ ਪੇਸ਼ ਹੋਣ ਲੱਗਿਆ। ਕਾਮੇਡੀ ਕਲਾਕਾਰ ਅਤੇ ਮੰਚ ਸੰਚਾਲਕ ਵਜੋਂ ਪਹਿਚਾਣ ਹੋਰ ਗੂੜ੍ਹੀ ਹੋ ਗਈ ਤੇ ਵੀਕ ਐਂਡ 'ਤੇ ਉਸ ਨੂੰ ਪੰਜਾਬੀਆਂ ਦੀਆਂ ਪਾਰਟੀਆਂ ਅਤੇ ਹੋਰ ਸਮਾਗਮਾਂ ਵਿੱਚ ਪ੍ਰੋਗਰਾਮ ਮਿਲਣ ਲੱਗੇ।
ਇਸੇ ਦੌਰਾਨ 2005 ਵਿੱਚ ਉਹ ਸਾਹਿਬ ਸਿੰਘ ਥਿੰਦ ਦੇ ਸਹਿਯੋਗ ਨਾਲ ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਕੈਨੇਡਾ ਨਾਲ ਜੁੜ ਗਿਆ। ਜਿਨ੍ਹਾਂ ਵੱਲੋਂ ਹਰ ਸਾਲ ਮਹਾਨ 'ਗ਼ਦਰੀ ਬਾਬਿਆਂ ਦਾ' ਮੇਲਾ ਲਗਾਇਆ ਜਾਂਦਾ ਹੈ। ਬਲਜਿੰਦਰ ਸੇਖਾ ਵੀ ਇਸ ਮੇਲੇ ਲਈ ਆਪਣਾ ਭਰਵਾਂ ਯੋਗਦਾਨ ਪਾਉਣ ਲੱਗਿਆ। ਮੇਲੇ ਵਿੱਚ ਭਾਰਤੀ ਪੰਜਾਬ ਦੇ ਪ੍ਰਸਿੱਧ ਗਾਇਕਾਂ ਤੋਂ ਇਲਾਵਾ ਪਾਕਿਸਤਾਨ ਤੋਂ ਸ਼ੌਕਤ ਅਲੀ, ਗ਼ੁਲਾਮ ਅਲੀ ਆਦਿ ਜਿਹੇ ਫ਼ਨਕਾਰ ਵੀ ਹੁੰਮ ਹੁਮਾ ਕੇ ਪਹੁੰਚਦੇ ਹਨ।
ਚਾਰ ਕੁ ਸਾਲ ਪਹਿਲਾਂ ਅਚਾਨਕ ਉਸ ਦੀ ਮਾਤਾ ਸ਼੍ਰੀਮਤੀ ਚਰਨਜੀਤ ਕੌਰ ਨੂੰ ਕੈਂਸਰ ਹੋ ਗਿਆ ਤਾਂ ਉਹ ਸਭ ਕੁੱਝ ਛੱਡ ਛੁਡਾ ਕੇ ਮਾਂ ਦੀ ਜ਼ਿੰਦਗੀ ਬਚਾਉਣ ਲਈ ਸਮਰਪਿਤ ਹੋ ਗਿਆ। ਆਰਥਿਕ ਪੱਖੋਂ ਬੇਸ਼ੱਕ ਉਹ ਸੜਕ ਉੱਤੇ ਆ ਗਿਆ ਪਰ ਆਪਣੀ ਮਾਤਾ ਨੂੰ ਬਚਾਅ ਨਾ ਸਕਿਆ। ਬਲਜਿੰਦਰ ਪੜ੍ਹਦੇ ਸਮੇਂ ਤਰਕਸ਼ੀਲ ਆਗੂ ਕ੍ਰਿਸ਼ਨ ਬਰਗਾੜੀ ਦੇ ਮੇਲ-ਜੋਲ ਵਿੱਚ ਵੀ ਰਿਹਾ ਸੀ ਜਿਨ੍ਹਾਂ ਤੋਂ ਕਿਤਾਬਾਂ ਪੜ੍ਹਨ ਦੀ ਪ੍ਰੇਰਨਾ ਲੈ ਕੇ ਤਰਕਸ਼ੀਲ ਵਿਚਾਰਾਂ ਦਾ ਧਾਰਨੀ ਬਣਿਆ ਹੋਇਆ ਹੈ। ਬੇਸ਼ੱਕ ਉਸ ਦੀ ਮਾਤਾ ਦਾ ਸਰੀਰ ਸੌ ਪ੍ਰਤੀਸ਼ਤ ਕੈਂਸਰ ਤੋਂ ਪੀੜਿਤ ਹੋ ਗਿਆ ਸੀ ਪਰ ਅੱਖਾਂ ਬਚ ਗਈਆਂ ਸਨ ਜੋ ਉਸ ਨੇ ਦੋ ਮਾਸੂਮ ਜਿੰਦੜੀਆਂ ਨੂੰ ਦਾਨ ਕਰ ਕੇ ਉਹਨਾਂ ਦੀ ਜ਼ਿੰਦਗੀ ਨੂੰ ਰੌਸ਼ਨੀ ਨਾਲ ਭਰਿਆ। ਅੰਗ ਦਾਨ ਅਤੇ ਹੋਰ ਸਮਾਜਿਕ ਸਹਿਯੋਗ ਦੇ ਖੇਤਰ ਵਿੱਚ ਉਸ ਦੇ ਹੋਰ ਵੀ ਸ਼ਲਾਘਾਯੋਗ ਉਪਰਾਲੇ ਹਨ। ਅੰਗ ਦਾਨ ਕਰਨ ਬਾਰੇ ਉਸ ਨੇ ਇੱਕ ਗੀਤ ਵੀ ਲਿਖ ਕੇ ਦਿਲਖ਼ੁਸ਼ ਥਿੰਦ ਦੇ ਸੰਗੀਤ ਵਿੱਚ ਰਿਕਾਰਡ ਕਰਵਾਇਆ 'ਦੱਸ ਕੀਹਨੂੰ ਆਖਾਂ ਮਾਂ ਨੀ ਤੁਰ ਜਾਣ ਵਾਲੀ ਏ।' ਜਿਸ ਨੂੰ ਕਾਫ਼ੀ ਸਰਾਹਨਾ ਮਿਲੀ ਤਾਂ ਉਸ ਨੇ ਕੈਨੇਡਾ ਦੀ 150 ਵੀਂ ਵਰ੍ਹੇਗੰਢ ਮੌਕੇ ਇੱਕ ਜੁਲਾਈ 2017 ਨੂੰ ਸਪੈਸ਼ਲ ਗੀਤ ਤਿਆਰ ਕਰਨ ਦਾ ਪਲਾਨ ਬਣਾਇਆ। ਉਸ ਨੇ ਗੀਤ ਲਿਖਿਆ 'ਗੋ ਕੈਨੇਡਾ, ਤੂੰ ਮੇਰੀ ਜਾਨ ਕੈਨੇਡਾ, ਤੂੰ ਮੇਰੀ ਸ਼ਾਨ ਕੈਨੇਡਾ' ਜਿਸ ਵਿੱਚ ਕੈਨੇਡਾ ਦੇ ਪੰਜਾਬੀ ਭਾਈਚਾਰੇ ਦੇ ਕੈਨੇਡਾ ਪ੍ਰਤੀ ਸਨਮਾਨ ਭਰੇ ਜਜ਼ਬਾਤਾਂ ਦੀ ਤਰਜਮਾਨੀ ਸੀ। ਦਿਲਖ਼ੁਸ਼ ਥਿੰਦ ਦੇ ਮਿਊਜ਼ਿਕ ਵਿੱਚ ਸ਼ਿੰਗਾਰ ਕੇ ਜਦੋਂ ਇਹ ਗੀਤ ਰਿਕਾਰਡ ਹੋਇਆ ਤਾਂ ਬਹੁਤ ਪਿਆਰਾ ਮਿਲਿਆ। ਜਿਸ ਨੂੰ ਪੰਜਾਬੀ ਭਾਈਚਾਰੇ ਵੱਲੋਂ ਹੀ ਨਹੀਂ ਸਗੋਂ ਕੈਨੇਡਾ ਵਿੱਚ ਅੰਗਰੇਜ਼ੀ ਭਾਸ਼ਾ ਅਤੇ ਕੈਨੇਡਾ ਦੀ ਮੂਲ ਭਾਸ਼ਾ ਫਰੈਂਚ ਵਿੱਚ ਟਰਾਂਸਲੇਟ ਕਰਵਾ ਕੇ ਪੇਸ਼ ਕੀਤਾ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਉੱਥੋਂ ਦੇ ਸਮੁੱਚੇ ਮੀਡੀਏ ਵੱਲੋਂ ਬਹੁਤ ਜ਼ਿਆਦਾ ਸ਼ਾਬਾਸ਼ ਮਿਲੀ। ਜਸ਼ਨਾਂ ਦੇ ਦਿਨ ਨੂੰ ਤਾਂ ਉੱਥੋਂ ਦੇ ਅੰਗਰੇਜ਼ੀ ਮੀਡੀਆ ਵਿੱਚ ਸਿਰਫ਼ ਇੱਕੋ ਗੀਤ 'ਗੋ ਕੈਨੇਡਾ' ਅਤੇ ਇੱਕੋ ਚਿਹਰਾ ਤੇ ਨਾਮ 'ਬਲਜਿੰਦਰ ਸੇਖਾ' ਦਾ ਗੂੰਜ ਰਿਹਾ ਸੀ। ਕੈਨੇਡਾ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਸੀ.ਬੀ.ਸੀ. (ਕੈਨੇਡਾ ਬ੍ਰਾਡਕਾਸਟਿੰਗ ਸਰਵਿਸ) ਕਨੇਡਾ ਵੱਲੋਂ ਪਹਿਲੇ ਪੰਜਾਬੀ ਦੀ ਇੰਟਰਵਿਊ ਤੇ ਗੀਤ ਪੇਸ਼ ਕੀਤਾ ਿਗਆ । ਇਸ ਤੋ ਇਲਾਵਾ ਸੀ.ਪੀ. 24 ਤੇ ਸੀ.ਟੀ.ਵੀ. ਆਦਿ ਅੰਗਰੇਜ਼ੀ ਚੈਨਲਾਂ ਵੱਲੋਂ ਵੀ ਸਰਾਹਨਾ ਹੋ ਰਹੀ ਸੀ ਕਿ ਬਲਜਿੰਦਰ ਸੇਖਾ ਨੇ ਪੰਜਾਬ ਤੋਂ ਆ ਕੇ ਇਸ ਕੰਟਰੀ ਲਈ ਆਪਣਾ ਗੀਤ ਸਮਰਪਣ ਕੀਤਾ ਹੈ। ਇਸ ਗੀਤ ਤੋਂ ਬਾਅਦ ਨਵਦੀਪ ਬੈਂਸ, ਕੇਂਦਰੀ ਮੰਤਰੀ ਅਤੇ ਸਥਾਨਕ ਐੱਮ. ਪੀ. ਤੇ ਐੱਮ.ਐੱਲ.ਏ. ਨੇ ਸ਼ਹਿਰ 'ਚ ਸਨਮਾਨ ਕੀਤਾ ਅਤੇ ਜਸਟਿਸ ਟਰੂਡੋ ਪ੍ਰਧਾਨ ਮੰਤਰੀ ਤੇ ਕੈਨੇਡਾ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਬੁਲਾ ਕੇ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਪਹਿਲੀ ਵਾਰ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਸੰਸਦ ਵਿੱਚ ਬਲਜਿੰਦਰ ਸੇਖਾ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਜਿਸ ਦੀ ਸਾਰੀ ਸੰਸਦ ਨੇ ਖੜ੍ਹੇ ਹੋ ਕੇ ਅਤੇ ਮੇਜ਼ ਥੱਪ ਥਪਾ ਕੇ ਸਰਹਾਣਾ ਕੀਤੀ।
ਪੰਜਾਬੀਆਂ ਦੀ ਬਹੁਗਿਣਤੀ ਵਾਲੇ ਸੂਬੇ ਓਨਟਾਰੀਓ ਵਿੱਚ ਅਪ੍ਰੈਲ ਮਹੀਨੇ ਨੂੰ 'ਸਿੱਖ ਵਿਰਾਸਤ ਮਹੀਨੇ' ਵਜੋਂ ਮਨਾਇਆ ਜਾਂਦਾ ਹੈ। ਬਲਜਿੰਦਰ ਸੇਖਾ ਨੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 'ਸਿੱਖ ਵਿਰਾਸਤ ਮਹੀਨੇ' ਦਾ ਪ੍ਰਤੀਕ ਸਿੱਖ ਇਤਿਹਾਸ ਬਾਰੇ ਬਟਨ (ਟਰੇਡ ਮਾਰਕਾ) ਡਿਜ਼ਾਈਨ ਕੀਤਾ ਗਿਆ ਹੈ ਜਿਹੜਾ ਕਿ ਕੈਨੇਡਾ ਦੇ ਲੋਕ ਸਿੱਖ ਵਿਰਾਸਤ ਮਹੀਨੇ (ਅਪ੍ਰੈਲ )ਦੌਰਾਨ ਆਪਣੇ ਕੋਟ ਉੱਤੇ ਸਜਾ ਕੇ ਰੱਖਦੇ ਹਨ।
ਇਸੇ ਤਰ੍ਹਾਂ 1914 ਦੀ ਕਾਮਾਗਾਟਾ ਮਾਰੂ ਘਟਨਾ ਲਈ ਜਦੋਂ ਪ੍ਰਧਾਨ ਮੰਤਰੀ ਨੇ ਮੁਆਫ਼ੀ ਮੰਗੀ ਤਾਂ ਬਲਜਿੰਦਰ ਸੇਖਾ ਹੋਰਾਂ ਨੇ ਸੋਚਿਆ ਕਿ ਜੇ ਉਹ ਆਪਣੀ ਗ਼ਲਤੀ ਦਾ ਅਹਿਸਾਸ ਕਰਦੇ ਹਨ ਤਾਂ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤੀ ਦੇਣ ਲਈ ਸਾਨੂੰ ਵੀ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਜਿਸ ਲਈ ਜੁਲਾਈ ਮਹੀਨੇ ਸਰੀ ਵਿਖੇ 'ਗ਼ਦਰੀ ਬਾਬਿਆਂ ਦੇ ਮੇਲੇ' ਮੌਕੇ ਧੰਨਵਾਦੀ ਚਿੱਤਰ ਸੇਖਾ ਵੱਲੋਂ ਬਣਾ ਕੇ ਪੇਸ਼ ਕੀਤਾ ਗਿਆ, ਜਿਸ ਨੂੰ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੱਲੋਂ ਜਸਟਿਸ ਟਰੂਡੋ ਲਈ ਪ੍ਰਵਾਨ ਕੀਤਾ।
ਕਿੱਤੇ ਵਜੋਂ ਕਨੇਡਾ ਆਕੇ ਉਸਨੇ ਫਾਈਨੈਸ ਤੇ ਇੰਸੋਰਸ ਵਿੱਚ ਵਿੱਦਿਆ ਹਾਸਿਲ ਕੀਤੀ ਤੇ ਮੁੱਖ ਕਿੱਤੇ ਵਜੋ ਇਸਨੂੰ ਆਪਣਾਇਆ ।ਕਈ ਸੰਸਥਾਵਾਂ ਤੋ ਵੱਧ ਇਕੱਲਾ ਹੀ ਕੰਮ ਕਰਨ ਵਾਲਾ ਹਰ ਖੇਤਰ ਵਿੱਚ ਅਮਿੱਟ ਪੈੜਾ ਪਾ ਰਿਹਾ ਹੈ ।ਆਪਣੇ ਦੋਸਤ ਸਤਪਾਲ ਸੇਖਾ ਦਾ ਆਪਣੀ ਕਲਾਕਾਰੀ ਦੇ ਉਭਾਰ ਵਿੱਚ ਮੁੱਢ ਤੋਂ ਭਾਰੀ ਯੋਗਦਾਨ ਮੰਨਣ ਵਾਲੇ ਪਿਤਾ ਸਰਦਾਰ। ਗੁਰਦੇਵ ਸਿੰਘ ਤੇ ਸਵ.ਚਰਨਜੀਤ ਕੌਰ ਦਾ ਲਾਡਲਾ ਬਲਜਿੰਦਰ ਸੇਖਾ ਆਪਣੇ ਤਾਏ ਤਾਈ ਸਵ.ਹਰਚੰਦ ਸਿੰਘ ਤੇ ਜਗਦੀਸ ਕੌਰ ਨੂੰ ਆਪਣਾ ਮਾਰਗ ਦਰਸ਼ਕ ਸਮਝਦਾ ਹੈ ਤੇ ਸਮੂਹ ਸੇਖਾ ਪਰੀਵਾਰ ਤੇ ਆਪਣੇ ਪਿੰਡ ਤੇ ਸਮੂਹ ਭਾਈਚਾਰੇ ਤੇ ਮੀਡੀਏ ਦਾ ਸਦਾ ਰਿਣੀ ਹੈ ।
ਬਲਜਿੰਦਰ ਸੇਖਾ ਨੇ ਆਪਣੇ ਦਾਦਾ ਜੀ ਮਰਹੂਮ ਸ. ਮੰਦਰ ਸਿੰਘ ਸਰਾਂ ਦੀ ਯਾਦ ਨੂੰ ਸਮਰਪਿਤ ਬਾਬਾ ਜੀ ਇੰਟਰਪ੍ਰਾਈਜਜ ਕੰਪਨੀ ਦਾ ਨਿਰਮਾਣ ਕੀਤਾ ਹੈ ਜਿਸ ਵੱਲੋਂ ਨਵੇਂ ਸਾਲ 'ਤੇ ਦਿਲਖੁਸ਼ ਰਿਕਾਰਡਸ਼ ਦੇ ਵੱਲੋਂ ਕੈਨੇਡਾ ਦੀ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਦੇ ਲੈਵਲ ਦਾ ਸਾਂਝੀ ਬੋਲੀ ਵਿੱਚ ਪੌਪ ਗੀਤ ਤਿਆਰ ਕਰ ਕੇ ਪੇਸ਼ ਕੀਤਾ ਜਾ ਰਿਹਾ ਹੈ ।ਉਮੀਦ ਹੈ ਕਿ ਇਹ ਵੀ ਸੰਗੀਤਕ ਖੇਤਰ ਵਿੱਚ ਧੁੰਮਾ ਪਾਵੇਗਾ ।
'ਨਵੇਂ ਸਾਲ ਦਾ ਦਿਨ ਆਇਆ ਹੈ
ਆਓ ਖ਼ੁਸ਼ੀ ਮਨਾਈਏ।
ਗੁੱਸੇ ਰੰਜਸ਼ ਭੁੱਲ ਕੇ
ਹੱਸੀਏ, ਨੱਚੀਏ, ਗਾਈਏ।
ਜੀਹਨੂੰ ਨੱਚਣਾ ਨਹੀਂ ਆਉਂਦਾ
ਕਰਦੋ ਹੁਣ ਕਲੀਅਰ
ਹੈਪੀ ਨਿਊ ਈਅਰ...।'
ਨਿਰਸੰਦੇਹ ਬਲਜਿੰਦਰ ਸੇਖਾ ਦੀਆਂ ਉਪਰੋਕਤ ਕੋਸ਼ਿਸ਼ਾਂ ਪੰਜਾਬੀ ਭਾਈਚਾਰੇ ਦੀ ਕੈਨੇਡਾ ਵਿੱਚ ਸ਼ਾਨ ਵਧਾ ਰਹੀਆਂ ਹਨ ਜਿਸ ਨਾਲ ਉਹ ਵੱਖ-ਵੱਖ ਭਾਈਚਾਰਿਆਂ ਵਿੱਚ ਇਕਸੁਰਤਾ ਅਤੇ ਸ਼ਾਂਤੀ ਦੇ ਦੂਤ ਦੇ ਪ੍ਰਤੀਕ ਵਜੋਂ ਵੀ ਉੱਭਰ ਰਿਹਾ ਹੈ। ਅਜਿਹੇ ਸਮੇਂ ਜਦੋਂ ਵਿਦੇਸ਼ਾਂ ਵਿੱਚ ਭਾਰਤੀ ਲੋਕ ਖ਼ਾਸ ਕਰ ਕੇ ਪੰਜਾਬੀ ਨਸਲਵਾਦ ਦੇ ਅੱਤਿਆਚਾਰ ਤੋਂ ਤਣਾਅ ਵਿੱਚ ਰਹਿੰਦੇ ਹਨ ਤਾਂ ਅਜਿਹੇ ਯਤਨ ਕੈਨੇਡਾ ਰਹਿੰਦੇ ਵੱਖ-ਵੱਖ ਖ਼ਿੱਤੇ ਦੇ ਲੋਕਾਂ ਵਿੱਚ ਪ੍ਰੇਮ ਦਾ ਸੰਚਾਰ ਕਰਨ ਵਾਲੇ ਹਨ। ਉਮੀਦ ਹੈ ਉਸ ਦੇ ਮਨੁੱਖਤਾ ਨੂੰ ਜੋੜਨ ਵਾਲੇ ਉਪਰਾਲੇ ਇਸੇ ਤਰ੍ਹਾਂ ਜਾਰੀ ਰਹਿਣਗੇ।
-
ਸੁਖਵੀਰ ਜੋਗਾ, ਮੁੱਖ ਸੰਪਾਦਕ (ਦੋ-ਮਾਸਿਕ ਪੰਜਾਬੀ ਰਾਬਤਾ)
*******
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.