ਗੁਰੂ ਪਿਆਰੇ...
ਸਾਨੂੰ ਆਮ ਬੋਲ ਚਾਲ ਦੀ ਭਾਸ਼ਾ ਵਿੱਚ ਗੁਰੂ ਪਿਆਰਿਓ ਦਾ ਸੰਬੋਧਨ ਅਕਸਰ ਸੁਣਨ ਨੂੰ ਮਿਲਦਾ ਹੈ। ਮੈਂ ਸੋਚ ਰਿਹਾ ਸੀ ਕਿ ਕੀ ਹਰ ਕੋਈ ਗੁਰੂ ਦਾ ਪਿਆਰ ਗ੍ਰਹਿਣ ਕਰ ਕੇ ਗੁਰੂ ਪਿਆਰਾ ਬਣ ਜਾਂਦਾ ਹੈ ਜਾਂ ਫਿਰ ਇਹ ਕੋਈ ਵੱਖਰਾ ਮਾਰਗ ਹੈ ਜਿਸ ਤੇ ਪ੍ਰਾਣੀ ਨੂੰ ਤੁਰਨਾ ਪੈਂਦਾ ਹੈ? ਸਰਹਿੰਦ ਦੀ ਦਾਸਤਾਨ ਮੈਨੂੰ ਇਹ ਜਵਾਬ ਸਪਸ਼ਟ ਰੂਪ ਵਿੱਚ ਦਿੰਦੀ ਪ੍ਰਤੀਤ ਹੋਈ। ਗੁਰੂ ਦਾ ਪਿਆਰਾ ਬਣਨ ਲਈ ਗੁਰੂ ਦੇ ਲਾਲਾਂ ਨੂੰ ਦੁੱਧ ਦੀ ਸੇਵਾ ਕਰਕੇ ਬਾਬਾ ਮੋਤੀ ਰਾਮ ਮਹਿਰਾ ਬਣਨਾ ਪੈਂਦਾ, ਗੁਰੂ ਦਾ ਪਿਆਰਾ ਬਣਨ ਲਈ ਸਾਰੀ ਜਾਇਦਾਦ ਗਵਾ ਕੇ ਦੀਵਾਨ ਟੋਡਰ ਮੱਲ ਹੋਣਾ ਪੈਂਦਾ, ਗੁਰੂ ਦਾ ਪਿਆਰ ਹਾਸਲ ਕਰਨ ਖਾਤਿਰ ਸੱਚ ਹੱਕ ਲਈ ਹਾਅ ਦਾ ਨਾਅਰਾ ਮਾਰ ਕੇ ਨਵਾਬ ਸ਼ੇਰ ਖਾਨ ਬਣਨਾ ਪੈਂਦਾ ਹੈ ਤੇ ਗੁਰੂ ਦਾ ਪਿਆਰਾ ਬਣਨ ਲਈ ਗੁਰਬਖਸ਼ੀਸ਼ ਸਿੰਘ ਹੁੰਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਦਾ ਖਿਤਾਬ ਹਾਸਲ ਕਰਨਾ ਹੁੰਦਾ ਹੈ। ਇਹ ਉਹ ਪੈਂਡਾ ਸੀ ਜਿਸ ਤੇ ਤੁਰਨ ਦਾ ਭਾਵ ਸਪਸ਼ਟ ਰੂਪ ਵਿੱਚ ਆਪਣਾ ਜੀਵਨ ਤਲੀ ਤੇ ਰੱਖਣ ਸਮਾਨ ਸੀ। ਸੀਸ ਧਰ ਕੇ ਤਲੀ ਦੇ ਉੱਤੇ ਆਵੋ, ਲੰਘਣਾਂ ਜੇ ਪ੍ਰੇਮ ਦੀ ਗਲੀ। ਇਹ ਉਹ ਮਾਰਗ ਹੈ ਜਿਸ ਦਾ ਮੁੱਢ ਬੰਨਦੇ ਹੋਏ ਬਾਬੇ ਨਾਨਕ ਨੇ ਕਿਹਾ ਸੀ: ਜੋ ਤੋ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੋਰੀ ਆਓ।
ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣਿ ਨਾ ਕੀਜੈ।
ਅਜਿਹਾ ਪ੍ਰੇਮ ਕਮਾਉਣ ਤੇ ਪਾਉਣ ਨਾਲ ਹੀ ਗੁਰੂ ਪਿਆਰਾ ਬਣਿਆ ਜਾ ਸਕਦਾ ਹੈ। ਅਜਿਹੇ ਪ੍ਰੇਮ ਵਿੱਚ ਗਦ ਗਦ ਹੋਈਆਂ ਰੂਹਾਂ ਲਈ ਦਸ਼ਮੇਸ਼ ਪਿਤਾ ਨੇ ਫੁਰਮਾਨ ਕੀਤਾ ਹੈ: ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰੂ ਪਿਆਰ ਹਾਸਿਲ ਕਰਨ ਲਈ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਹੋਣ ਵਾਲੀ ਸੱਚੀ ਸੁੱਚੀ ਸ਼ਰਧਾ ਅਤੇ ਸੇਵਾ ਵੀ ਇੱਕ ਸੰਕਲਪ ਹੈ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਿੱਖ ਧਰਮ ਅਤੇ ਇਤਿਹਾਸ ਅਜਿਹਾ ਪ੍ਰੇਮ ਕਮਾਉਣ ਵਾਲੇ ਸ਼ਹੀਦਾਂ, ਮੁਰੀਦਾਂ, ਭਗਤਾਂ, ਪੀਰਾਂ, ਪੈਗੰਬਰਾਂ ਅਤੇ ਸੇਵਕਾਂ ਦੀਆਂ ਮਿਸਾਲਾਂ ਨਾਲ ਭਰਪੂਰ ਹੈ। ਆਓ ਪੜ੍ਹੀਏ, ਜਾਣੀਏ, ਪਹਿਚਾਣੀਏ ਅਤੇ ਅਮਲ ਕਰੀਏ। ਫਿਰ ਗੁਰੂ ਦੀ ਮਿਹਰ ਜਰੂਰ ਹੋਵੇਗੀ ਅਤੇ ਅਸੀਂ ਸੱਚ ਅਤੇ ਸੁੱਚ ਦੇ ਮਾਰਗ ਤੇ ਚੱਲਦੇ ਹੋਏ ਗੁਰੂ ਦੇ ਪਿਆਰੇ ਬਣਨ ਲਈ ਥੋੜ੍ਹੀ ਬਹੁਤ ਯੋਗਤਾ ਹਾਸਿਲ ਕਰ ਸਕਾਂਗੇ। ਸਾਰੇ ਹੀ ਮਹਾਨ ਸ਼ਹੀਦਾਂ, ਮੁਰੀਦਾਂ, ਯੋਿਧਆਂ, ਪੀਰਾਂ, ਫਕੀਰਾਂ ਅਤੇ ਮਾਨਵਤਾ ਦੇ ਰਾਖਿਆਂ ਨੂੰ ਕੋਟਿ ਕੋਟਿ ਪ੍ਰਣਾਮ...
ਡਾ. ਧਰਮਿੰਦਰ ਸਿੰਘ ਉਭਾ
9855711380
-
ਧਰਮਿੰਦਰ ਸਿੰਘ ਉਭਾ, ਪ੍ਰਿੰਸੀਪਲ, ਖਾਲਸਾ ਕਾਲਜ ਪਟਿਆਲਾ
******
9855711380
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.