ਪੰਜਾਬੀ ਰੂਪ: ਗੁਰਭਜਨ ਗਿੱਲ
ਮੇਰਾ ਇੱਕ ਦੋਸਤ ਅਕਸਰ ਕਹਿੰਦਾ ਸੀ
ਕਿ ਕੌਮੀ ਏਕਤਾ ਦੀਆਂ ਗੱਲਾਂ
ਸਿਰਫ਼ ਕਹਿਣ ਵਿੱਚ ਹੀ
ਚੰਗੀਆਂ ਲੱਗਦੀਆਂ ਨੇ।
ਮੁਸਲਮਾਨਾਂ ਦੇ ਮੁਹੱਲੇ ਵਿੱਚ
ਇਕੱਲਾ ਗਿਐਂ ਕਦੇ?
ਜਾ ਕੇ ਵੇਖੀਂ,ਡਰ ਲੱਗਦੈ।
ਉਹ ਮੁਸਲਮਾਨਾਂ ਤੋਂ ਬਹੁਤ ਡਰਦਾ ਸੀ
ਪਰ ਉਹਨੂੰ ਸ਼ਾਹਰੁਖ਼ ਖ਼ਾਨ
ਬਹੁਤ ਪਸੰਦ ਸੀ।
ਉਹਦੀਆਂ ਗੱਲ੍ਹਾਂ ਵਿਚਲਾ ਡੂੰਘ
ਤੇ ਉਸ ਦੀਆਂ ਦੀਵਾਲੀ ਨੂੰ
ਰਿਲੀਜ਼ ਹੋਈਆਂ ਫ਼ਿਲਮਾਂ ਵੀ।
ਦਲੀਪ ਕੁਮਾਰ ਯੂਸਫ਼ ਹੈ
ਉਹ ਨਹੀਂ ਸੀ ਜਾਣਦਾ।
ਉਹਦੀਆਂ ਫ਼ਿਲਮਾਂ ਉਹ
ਸ਼ਿੱਦਤ ਨਾਲ ਵੇਖਦਾ।
ਉਹ ਉਨ੍ਹਾਂ ਤੋਂ ਨਹੀਂ ਸੀ ਡਰਦਾ
ਬੱਸ ਮੁਸਲਮਾਨਾਂ ਤੋਂ ਡਰਦਾ ਸੀ।
ਉਹ ਉਡੀਕਦਾ ਸੀ
ਆਮਿਰ ਖ਼ਾਨ ਦੀ
ਕ੍ਰਿਸਮਿਸ ਵੇਲੇ ਰਿਲੀਜ਼ ਫ਼ਿਲਮ ਦੀ
ਤੇ ਸਲਮਾਨ ਦੀ ਈਦੀ ਦੀ
ਜੇ ਕਿਤੇ ਬਲੈਕ ਵਿੱਚ ਵੀ ਟਿਕਟ ਮਿਲੇ
ਉਹ ਸੀਟੀਆਂ ਮਾਰ ਕੇ ਦੇਖ ਆਉਂਦਾ।
ਉਹ ਉਨ੍ਹਾਂ ਤੋਂ ਨਹੀਂ ਸੀ ਡਰਦਾ
ਬੱਸ ਮੁਸਲਮਾਨਾਂ ਤੋਂ ਡਰਦਾ ਸੀ।
ਉਹ ਮੇਰੇ ਨਾਲ ਇੰਜਨੀਅਰ ਬਣਿਆ
ਵਿਗਿਆਨ ਵਿੱਚ ਉਸਦੀ ਦਿਲਚਸਪੀ ਏਨੀ ਕਿ ਆਖਦਾ ਸੀ
ਅਬਦੁਲ ਕਲਾਮ ਵਾਂਗ
ਮੈਂ ਵੀ ਵਿਗਿਆਨੀ ਬਣਨਾ ਚਾਹੁੰਦਾਂ
ਦੇਸ਼ ਦਾ ਮਾਣ ਵਧਾਉਣਾ ਚਾਹੁੰਦਾ ਹਾਂ।
ਉਹ ਉਸ ਤੋਂ ਨਹੀਂ ਸੀ ਡਰਦਾ
ਬੱਸ ਮੁਸਲਮਾਨਾਂ ਤੋਂ ਡਰਦਾ ਸੀ।
ਉਹ ਕ੍ਰਿਕਟ ਦਾ ਵੀ ਬੜਾ ਸ਼ੌਕੀਨ ਸੀ
ਖ਼ਾਸ ਕਰਕੇ
ਮਨਸੂਰ ਅਲੀ ਖ਼ਾਨ ਪਟੌਦੀ ਦੇ
ਛੱਕਿਆਂ ਦਾ।
ਮੁਹੰਮਦ ਅਜ਼ਹਰੁਦੀਨ ਦੇ ਗੁੱਟ ਦਾ
ਜ਼ਹੀਰ ਖ਼ਾਨ ਤੇ ਇਰਫ਼ਾਨ ਪਠਾਣ ਦੀ
ਲਹਿਰਾਉਂਦੀ ਗੇਂਦ ਦਾ।
ਕਹਿੰਦਾ ਸੀ ਇਹ ਸਾਰੇ ਜਾਦੂਗਰ ਨੇ।
ਇਹ ਖੇਡਣ ਤਾਂ ਅਸੀਂ ਕਦੇ ਨਾ ਹਾਰੀਏ
ਪਾਕਿਸਤਾਨ ਤੋਂ।
ਉਹ ਉਨ੍ਹਾਂ ਤੋਂ ਨਹੀਂ ਸੀ ਡਰਦਾ
ਬੱਸ ਮੁਸਲਮਾਨਾਂ ਤੋਂ ਡਰਦਾ ਸੀ।
ਉਹ ਨਰਗਿਸ ਤੇ ਮਧੂਬਾਲਾ ਦੇ
ਹੁਸਨ ਦਾ ਮੁਰੀਦ ਸੀ
ਉਹ ਉਨ੍ਹਾਂ ਨੂੰ
ਬਲੈਕ ਐਂਡ ਵਾਈਟ ਵਿੱਚ
ਵੇਖਣਾ ਚਾਹੁੰਦਾ ਸੀ।
ਉਹ ਮੁਰੀਦ ਸੀ ਵਹੀਦਾ ਰਹਿਮਾਨ ਦਾ
ਤੇ ਪਰਵੀਨ ਬਾਬੀ ਦੀ ਮੁਹੱਬਤ ਦਾ।
ਉਹ ਉਨ੍ਹਾਂ ਤੋਂ ਨਹੀਂ ਸੀ ਡਰਦਾ
ਸਿਰਫ਼ ਮੁਸਲਮਾਨਾਂ ਤੋਂ ਡਰਦਾ ਸੀ।
ਉਹ ਜਦ ਵੀ ਦੁਖੀ ਹੁੰਦਾ
ਤਾਂ ਮੁਹੰਮਦ ਰਫ਼ੀ ਦੇ ਗਾਏ ਗੀਤ ਸੁਣਦਾ।
ਆਖਦਾ ਕਿ
ਰਫ਼ੀ ਸਾਹਿਬ ਦੇ ਕੰਠ ਚ ਰੱਬ ਰਹਿੰਦੈ।
ਉਹ ਰਫ਼ੀ ਦਾ ਨਾਂ ਸਦਾ
ਕੰਨਾਂ ਤੇ ਹੱਥ ਧਰਕੇ ਲੈਂਦਾ।
ਨਾਮ ਨਾਲ ਹਮੇਸ਼ਾਂ ਸਾਹਿਬ ਲਾਉਂਦਾ।
ਜੇਕਰ ਉਹ ਸਾਹਿਰ ਦੇ ਲਿਖੇ
ਗੀਤ ਗਾ ਦੇਣ ਤਾਂ
ਖ਼ੁਸ਼ੀ ਚ ਰੋਣ ਨੂੰ ਦਿਲ ਕਰਦਾ ਸੀ ਉਹਦਾ।
ਉਹ ਉਨ੍ਹਾਂ ਤੋਂ ਨਹੀਂ ਸੀ ਡਰਦਾ
ਬੱਸ ਮੁਸਲਮਾਨਾਂ ਤੋਂ ਡਰਦਾ ਸੀ।
ਉਹ ਹਰ ਸਾਲ ਛੱਬੀ ਜਨਵਰੀ ਨੂੰ
ਅੱਲਾਮਾ ਇਕਬਾਲ ਦਾ
ਸਾਰੇ ਜਹਾਂ ਸੇ ਅੱਛਾ ਗਾਉਂਦਾ ਸੀ।
ਕਹਿੰਦਾ ਸੀ ਕਿ
ਜੇਕਰ ਕਿਤੇ ਗੀਤ ਨਾਲ
ਬਿਸਮਿੱਲ੍ਹਾ ਖ਼ਾਨ ਦੀ ਸ਼ਹਿਨਾਈ ਹੋਵੇ
ਜ਼ਾਕਿਰ ਹੁਸੈਨ ਦਾ ਤਬਲਾ ਵੱਜੇ
ਤਾਂ ਕਿਆ ਕਹਿਣੇ।
ਉਹ ਉਨ੍ਹਾਂ ਤੋਂ ਨਹੀਂ ਸੀ ਡਰਦਾ
ਸਿਰਫ਼ ਮੁਸਲਮਾਨਾਂ ਤੋਂ ਡਰਦਾ ਸੀ।
ਉਸਨੂੰ ਜਦ ਇਸ਼ਕ ਹੋਇਆ
ਤਾਂ ਕੁੜੀ ਨੂੰ
ਮਿਰਜ਼ਾ ਗ਼ਾਲਿਬ ਦੀ ਗ਼ਜ਼ਲ ਸੁਣਾਉਂਦਾ।
ਫ਼ੈਜ਼ ਦੇ ਸ਼ਿਅਰ ਲਿਖ ਲਿਖ ਭੇਜਦਾ।
ਉਨ੍ਹਾਂ ਉਧਾਰੇ ਉਰਦੂ ਸ਼ਿਅਰਾਂ ਤੇ
ਮਰ ਮਿਟੀ ਉਸ ਦੀ ਮਹਿਬੂਬਾ
ਅੱਜ ਉਹਦੀ ਪਤਨੀ ਹੈ।
ਉਹ ਇਨ੍ਹਾਂ ਸਭ ਸ਼ਾਇਰਾਂ ਤੋਂ
ਨਹੀਂ ਸੀ ਡਰਦਾ
ਬੱਸ ਮੁਸਲਮਾਨਾਂ ਤੋਂ ਡਰਦਾ ਸੀ।
ਬੜਾ ਝੂਠਾ ਸੀ ਮੇਰਾ ਦੋਸਤ
ਬੜਾ ਭੋਲਾ ਵੀ
ਉਹ ਅਣਜਾਣਤਾ ਵਿੱਚ ਹੀ
ਹਰ ਮੁਸਲਮਾਨ ਨਾਲ
ਕਰਦਾ ਸੀ ਏਨਾ ਪਿਆਰ।
ਫਿਰ ਵੀ ਪਤਾ ਨਹੀਂ ਉਹ
ਕਿਉਂ ਕਹਿੰਦਾ ਸੀ
ਕਿ ਉਹ ਮੁਸਲਮਾਨਾਂ ਤੋਂ ਡਰਦਾ ਹੈ।
ਉਹ ਮੁਸਲਮਾਨਾਂ ਦੇ ਦੇਸ਼ ਵਿੱਚ ਰਹਿੰਦੈ
ਖ਼ੁਸ਼ੀ ਖ਼ੁਸ਼ੀ ਮੁਹੱਬਤ ਨਾਲ
ਤੇ ਪਤਾ ਨਹੀਂ
ਮੁਸਲਮਾਨਾਂ ਦੇ
ਕਿਹੜੇ ਮੁਹੱਲੇ ਚ ਰਹਿੰਦਾ ਸੀ ?
ਇਕੱਲ੍ਹੇ ਜਾਣ ਤੋਂ ਡਰਦਾ ਸੀ।
ਅਸਲ ਚ ਉਹ
ਰੱਬ ਦੇ ਬਣਾਏ ਮੁਸਲਮਾਨਾਂ ਤੋਂ
ਨਹੀਂ ਸੀ ਡਰਦਾ
ਸ਼ਾਇਦ ਉਹ ਡਰਦਾ ਸੀ ਤਾਂ
ਸਿਆਸਤ, ਅਖ਼ਬਾਰ,ਤੇ ਚੋਣਾਂ ਦੇ ਬਣਾਏ
ਉਨ੍ਹਾਂ ਮਨੋਕਲਪਿਤ ਮੁਸਲਮਾਨਾਂ ਤੋਂ।
ਜੋ ਕਲਪਨਾ ਵਿੱਚ ਬਹੁਤ ਡਰਾਉਣੇ ਸਨ
ਪਰ ਅਸਲੀਅਤ ਵਿੱਚ
ਈਦ ਦੀਆਂ ਸੇਵੀਆਂ ਤੋਂ
ਜ਼ਿਆਦਾ ਮਿੱਠੇ ਸਨ।
-
ਨਿਖਿਲ ਸਚਾਨ, ਲੇਖਕ
###########
##########
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.