ਭਾਰਤ ਵਿੱਚ ਪ੍ਰਸਿੱਧ ਹਿਸਾਬਦਾਨ ਸ੍ਰੀਨਿਵਾਸ ਰਾਮਾਨੁਜਨ ਦੇ ਜਨਮਦਿਨ ਨੁੂੰ ਹਰ ਸਾਲ ‘ਰਾਸ਼ਟਰੀ ਗਣਿਤ ਦਿਵਸ’ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਸ੍ਰੀਨਿਵਾਸ ਰਾਮਾਨੁਜਨ ਆਧੁਨਿਕ ਕਾਲ ਦੇ ਮਹਾਨਤਮ ਹਿਸਾਬਦਾਨ ਸਨ।ਉਹਨਾਂ ਨੇ ਆਪਣੀ ਬੌਧਿਕ ਅਸਧਾਰਨ ਯਾਦ ਸ਼ਕਤੀ ਅਤੇ ਸੰਖਿਆਵਾਂ ਦੇ ਅਨੰਤ ਗਿਆਨ ਨਾਲ ਆਪਣੇ ਸਮੇਂ ਦੇ ਪ੍ਰਸਿੱਧ ਹਿਸਾਬਦਾਨਾਂ ਨੂੰ ਹੈਰਾਨ ਕਰ ਦਿੱਤਾ ਸੀ।ਗਣਿਤ ਦੇ ਖੇਤਰ ਵਿੱਚ ਉਨ੍ਹਾਂ ਵਲੋਂ ਕੀਤਾ ਖੋਜ ਦਾ ਕੰਮ ਕਈ ਦਹਾਕਿਆਂ ਪਿੱਛੋਂ ਅੱਜ ਵੀ ਕਈ ਵਿਦਵਾਨਾਂ ਦੀ ਸਮਝ ਤੋਂ ਬਾਹਰ ਹੈ।ਉਨ੍ਹਾਂ ਦਾ ਕੰਮ ਵੀਹਵੀਂ ਸਦੀ ਦੀਆਂ ਖੋਜਾਂ ਤੋਂ ਵੀ ਅੱਗੇ ਦਾ ਹੈ।
ਰਾਮਾਨੁਜਨ ਦਾ ਜਨਮ ਤਮਿਲਨਾਡੂ ਵਿੱਚ ਕੁੰਭਕੋਣਮ ਦੇ ਨੇੜੇ ਇਰੋਡ ਨਗਰ ਵਿੱਚ 22 ਦਸੰਬਰ 1887 ਵਿੱਚ ਹੋਇਆ।ਬੇਹੱਦ ਸਧਾਰਨ ਪਰਿਵਾਰ ਵਿੱਚ ਜੰਮੇ ਰਾਮਾਨੁਜਨ ਨੇ ਆਪਣੀ ਮੁੱਢਲੀ ਪ੍ਰਾਇਮਰੀ ਸਿੱਖਿਆ ਪਿੰਡ ਦੇ ਸਕੂਲ ਵਿੱਚੋਂ ਪ੍ਰਾਪਤ ਕੀਤੀ।1898 ਵਿੱਚ ਅੱਗੇ ਦੀ ਪੜ੍ਹਾਈ ਕਰਨ ਲਈ ਉਹਨਾਂ ਕੰਬਕੋਣਮ ਦੇ ਸਰਕਾਰੀ ਹਾਈ ਸਕੂਲ ਵਿੱਚ ਦਾਖਿਲਾ ਲਿਆ।ਬਚਪਨ ਤੋਂ ਹੀ ਵਿੱਲਖਣ ਪ੍ਰਤਿਭਾ ਦੇ ਧਨੀ ਰਾਮਾਨੁਜਨ ਨੇ ਕੇਵਲ 13 ਸਾਲਾਂ ਦੀ ਉਮਰ ਵਿੱਚ ਤਿਕੋਣਮਿਤੀ ਵਿੱਚ ਮੁਹਾਰਤ ਹਾਸਿਲ ਕਰ ਲਈ ਸੀ ਅਤੇ ਖੋਜ ਕੰਮ ਸ਼ੁਰੂ ਕਰ ਦਿੱਤਾ ਸੀ।15 ਸਾਲਾਂ ਦੀ ਉਮਰ ਵਿੱਚ ਉਹਨਾਂ ਜੀ.ਐਸ.ਕਾਰ. ਦੀ ਪੁਸਤਕ ‘ਏ ਸਿਨੋਪਸਿਸ ਆਫ਼ ਐਲੀਮੈਂਟਰੀ ਰਿਜ਼ਲਟਜ਼ ਇਨ ਪਿਓਰ ਐਂਡ ਅਪਲਾਇਡ ਮੈਥੇਮੈਟਿਕਸ’ ਦਾ ਵਿਸਥਾਰ ਵਿੱਚ ਅਧਿਐਨ ਕੀਤਾ।ਉਹਨਾਂ ਦੀ ਗਣਿਤ ਵਿੱਚ ਰੂਚੀ ਪੈਦਾ ਕਰਨ ਵਿੱਚ ਇਸ ਕਿਤਾਬ ਦਾ ਬਹੁਤ ਵੱਡਾ ਯੋਗਦਾਨ ਸੀ।ਗਣਿਤ ਪ੍ਰਤੀ ਰਾਮਾਨੁਜਨ ਦੀ ਰੂਚੀ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਗਣਿਤ ਨੂੰ ਛੱਡ ਕੇ ਬਾਕੀ ਸਾਰੇ ਵਿਸ਼ਿਆਂ ਵਿੱਚ ਉਹ ਅਕਸਰ ਫ਼ੇਲ ਹੋ ਜਾਂਦੇ ਸਨ।
24 ਸਾਲ ਦੀ ਉਮਰ ਵਿੱਚ ਰਾਮਾਨੁਜਨ ਦਾ ਵਿਆਹ ਜਾਨਕੀ ਨਾਮਕ ਇਸਤਰੀ ਨਾਲ ਹੋਇਆ।ਘਰੇਲੂ ਜ਼ਿਮੇਵਾਰੀਆਂ ਨਿਭਾਉਣ ਲਈ ਉਨ੍ਹਾਂ ਨੂੰ ਨੌਕਰੀ ਕਰਨ ਲਈ ਮਜ਼ਬੂਰ ਹੋਣਾ ਪਿਆ।1912 ਵਿੱਚ ੳਹਨਾਂ ਨੂੰ ‘ਮਦਰਾਸ ਪੋਰਟ ਟਰੱਸਟ’ ਦੇ ਦਫ਼ਤਰ ਵਿੱਚ ਕਲਰਕ ਦੀ ਨੌਕਰੀ ਮਿਲ ਗਈ,ਪਰੰਤੂ ਨੈਲੌਰ ਜਿਲ੍ਹੇ ਦੇ ਜੱਜ ਆਰ.ਰਾਮਚੰਦਰ ਰਾਵ ਦੀ ਮਦਦ ਨਾਲ ਉਹਨਾਂ ਗਣਿਤ ਦੀ ਖੋਜ ਚਾਲੂ ਰੱਖੀੇ।ਇਸੇ ਸਮੇਂ ਦੌਰਾਨ ਉਹਨਾਂ ਨੇ ਕੈਂਬ੍ਰਿਜ਼ ਯੂਨੀਵਰਸਟੀ ਦੇ ਪ੍ਰੋਫ਼ੈਸਰ ‘ਜੀ.ਐਚ.ਹਾਰਡੀ’ ਨਾਲ ਪੱਤਰ ਵਿਹਾਰ ਸ਼ੁਰੂ ਕੀਤਾ ਅਤੇ ਆਪਣੀਆਂ ਖੋਜਾਂ ਬਾਰੇ ਵਿਚਾਰ ਵਟਾਂਦਰਾ ਸ਼ੂਰੂ ਕੀਤਾ।ਜਿਸਨੇ ਹਾਰਡੀ ਨੂੰ ਬਹੁਤ ਪ੍ਰਭਾਵਿਤ ਕੀਤਾ।ਰਾਮਾਨੁਜਨ ਦੀ ਪ੍ਰਤਿਭਾ ਨੂੰ ਪਹਿਚਾਣ ਕੇ ਹਾਰਡੀ ਅਤੇ ਉਨ੍ਹਾਂ ਦੇ ਸਾਥੀ ਜੇ.ਈ.ਲਿਟਲਬੁਡ ਨੇ ਰਾਮਾਨੁਜਨ ਨੂੰ ਇੰਗਲੈਂਡ ਬੁਲਾਉਣ ਦੀ ਯੋਜਨਾ ਬਣਾਈ।ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਰਾਮਾਨੁਜਨ ਮਾਰਚ 1914 ਵਿੱਚ ਲੰੰਡਨ ਪਹੁੰਚ ਗਏ ਅਤੇ ਉਹਨਾਂ ਟ੍ਰਿਨਿਟੀ ਯੁਨੀਵਰਸਿਟੀ ਵਿੱਚ ਦਾਖ਼ਲਾ ਲੈ ਲਿਆ।ਅਗਲੇ ਪੰਜ ਸਾਲਾਂ ਵਿੱਚ ਉਹਨਾਂ ਦੀਆਂ ਖੋਜਾਂ ਸੰਬੰਧੀ ਯੂਰਪ ਦੇ ਨਾਮਵਰ ਰਸਾਲਿਆਂ ਨੇ 25 ਲੇਖ ਛਾਪੇੇ।ਰਾਮਾਨੁਜਨ ਨੇ ਗਣਿਤ ਦੇ ਪੇਚੀਦਾ ਵਿਸ਼ਿਆਂ ਕੰਪੋਜ਼ਿਟ ਸੰਖ਼ਿਆਵਾਂ,ਪਾਈ ਦਾ ਨੇੜਲਾ ਮੁੱਲ,ਦੀਰਘ ਚਕਰਾਕਾਰ,ਮੋਡੂਲਸ ਨਾਲ ਸੰਬੰਧਿਤ ਅਜਿਹਾ ਕੰਮ ਕੀਤਾ ਜਿਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।ਉਨ੍ਹਾਂ ਦੀਆਂ ਇਹਨਾਂ ਖ਼ੋਜਾਂ ਨੇ ਪੱਛਮੀ ਜਗਤ ਨੂੰ ਹੈਰਾਨ ਕਰ ਦਿੱਤਾ।28 ਜਨਵਰੀ,2018 ਨੂੰ ਰਾਮਾਨੁਜਨ ਲੰਦਨ ਦੀ ਰਾਇਲ ਸੁਸਾਇਟੀ ਦੇ ਮੈਂਬਰ ਚੁਣੇ ਗਏ।ਸੰਖ਼ਿਆ ਸਿਧਾਂਤ ਵਿੱਚ ਹਾਰਡੀ-ਰਾਮਾਨੁਜਨ-ਲਿਲਟਬੁਡ ਵਲੋਂ ਕੀਤੀ ਗਈ ਸਾਂਝੀ ਖੋਜ ਕੈਂਬ੍ਰਿਜ ਯੂਨਿਵਰਸਿਟੀ ਵਿੱਚ ਉਹਨਾਂ ਦੀ ਵਿਸ਼ੇਸ਼ ਉਪਲਬਧੀ ਸੀ।
27 ਫ਼ਰਵਰੀ,1919 ਨੂੰ ਖ਼ਰਾਬ ਸਿਹਤ ਹੋਣ ਕਾਰਨ ਉਹ ਭਾਰਤ ਵਾਪਸ ਪਰਤ ਆਏ।26 ਅਪ੍ਰੈਲ,1920 ਨੂੰ ਕੇਵਲ 33 ਸਾਲਾਂ ਦੀ ਉਮਰ ਵਿੱਚ ਤਮਿਲਨਾਡੂ ਦੇ ਚੇਟਪੁਟ ਵਿੱਚ ਉਹਨਾਂ ਦੀ ਮੌਤ ਹੋ ਗਈ।ਹਿਸਾਬਦਾਨ ਹੋਣ ਦੇ ਨਾਲ-ਨਾਲ ਰਾਮਾਨੁਜਨ ਇੱਕ ਪ੍ਰਸਿੱਧ ਜੋਤਸ਼ੀ ਅਤੇ ਚੰਗੇ ਵਕਤਾ ਸਨ।ਉਹ ‘ਭਗਵਾਨ,ਸ਼ੂਨਯ,ਅਨੰਤ ………’ ਜਿਹੇ ਵਿਸ਼ਿਆਂ ਤੇ ਭਾਸ਼ਣ ਵੀ ਦਿੰਦੇ ਸਨ।ਮਰਨ ਤੋਂ ਪਹਿਲਾਂ ਉਹਨਾਂ ਦੀ ਮਹਾਨ ਖੋਜ ‘ਮਾਕ ਥੀਟਾ ਫਲਨ’ ਉਹਨਾਂ ਨੇ ਸੰਸਾਰ ਨੂੰ ਦਿੱਤੀ।ਰਾਮਾਨੁਜਨ ਵਲੋਂ ਗਣਿਤ ਲਈ ਪਾਏ ਗਏ ਯੋਗਦਾਨ ਲਈ ਪੂਰਾ ਸੰਸਾਰ ਉਹਨਾਂ ਦਾ ਰਿਣੀ ਰਹੇਗਾ।
-
ਪੰਕਜ ਕੁਮਾਰ ਸ਼ਰਮਾ, ਸਾਇੰਸ ਮਾਸਟਰ ਅਤੇ ਵਿਗਿਆਨ ਸੰਚਾਰਕ
pksasr@gmail.com
9915231591
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.