ਪੱਤਰਕਾਰਤਾ ਦਾ ਕੋਹਿਨੂਰ ਹੀਰਾ-ਸ. ਸ਼ੰਗਾਰਾ ਸਿੰਘ ਭੁੱਲਰ
'ਦਰਬਾਰਾ ਸਿੰਘ ਕਾਹਲੋਂ'
ਸੱਚਮੁੱਚ ਸ. ਸ਼ੰਗਾਰਾ ਸਿੰਘ ਭੁੱਲਰ ਪੱਤਰਕਾਰਤਾ ਖੇਤਰ ਦਾ ਕੋਹਿਨੂਰ ਹੀਰਾ ਸੀ। ਜਿਸ ਸੁਭਾਗੀ ਘੜੀ ਉਨਾਂ ਦੀ ਪੂਜਨੀਕ ਮਾਤਾ ਨੇ 9 ਜਨਵਰੀ, 1946 ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦੇ ਬਟਾਲਾ ਨਜ਼ਦੀਕ ਪਿੰਡ ਭੁੱਲਰ ਅੰਦਰ ਉਨਾਂ ਨੂੰ ਜਨਮ ਦਿਤਾ ਨਿਸ਼ਚਤ ਤੌਰ 'ਤੇ ਐਸੀ ਸੁਭਾਗੀ ਘੜੀ ਕਿਸੇ-ਕਿਸੇ ਵਿਰਲੇ ਵਿਅਕਤੀ ਨੂੰ ਜਨਮ ਲੈਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਸਾਧਾਰਨ ਪਰਿਵਾਰ ਦੇ ਬਾਵਜੂਦ ਉਨਾਂ ਨੂੰ ਬਟਾਲਾ ਦੇ ਨਾਮਵਰ ਬੇਰਿੰਗ ਕਾਲਜ ਅਤੇ ਪ੍ਰਸਿੱਧ ਪੰਜਾਬ ਯੂਨੀਵਰਸਿਟੀ ਵਿਚ ਵਿਦਿਆ ਪ੍ਰਾਪਤ ਕਰਨ ਦਾ ਮੌਕਾ ਹਾਸਿਲ ਹੋਇਆ। ਪੰਜਾਬ ਵਿਸ਼ੇ ਵਿਚ ਐਮ.ਏ. ਕਰਨ ਕਰਕੇ ਸਾਰੀ ਉਮਰ ਉਨਾਂ ਦਾ ਪੰਜਾਬੀ ਸਾਹਿਤ ਅਤੇ ਮਾਂ ਬੋਲੀ ਨਾਲ ਡੂੰਘਾ ਮੋਹ ਰਿਹਾ। ਕੁਝ ਚਿਰ ਐਡਹਾਕ ਲੈਕਚਰਾਰ ਵਜੋਂ ਪੜਾਉਣ ਬਾਅਦ ਉਨਾਂ ਨੂੰ ਨਵਾਂ ਜ਼ਮਾਨਾ ਦੇ ਮਸ਼ਹੂਰ ਫਲਸਫੀ ਸੰਪਾਦਕ ਕਾਮਰੇਡ ਜਗਜੀਤ ਸਿੰਘ ਅਨੰਦ ਦੀ ਦੇਖ-ਰੇਖ ਹੇਠ ਉਪ ਸੰਪਾਦਕ ਵਜੋਂ ਪੱਤਰਕਾਰੀ ਸਬੰਧੀ ਉੱਚ ਪੱਧਰੀ ਨਿਡਰਤਾ ਪੂਰਵਕ ਕਲਮਕਾਰੀ ਦੇ ਮੁੱਢਲੇ ਸਬਕ ਸਿੱਖਣ ਦਾ ਮੌਕਾ ਮਿਲਿਆ ਜਿਨਾਂ ਤੋਂ ਪੂਰਾ ਜੀਵਨ ਇੱਕ ਇੰਚ ਵੀ ਨਹੀਂ ਥਿੜਕੇ।
ਉਪਰੰਤ ਉਹ ਦਿੱਲੀ ਚਲੇ ਗਏ ਜਿਥੇ 'ਜਥੇਦਾਰ' ਅਤੇ ਹੋਰ ਅਦਾਰਿਆਂ ਨਾਲ ਕੰਮ ਕਰਨ ਦੇ ਨਾਲ-ਨਾਲ ਭਾਪਾ ਪ੍ਰੀਤਮ ਸਿੰਘ ਦੀ ਸੰਗਤ ਵਿਚ ਨਾਮਵਰ ਸਾਹਿਤਕਾਰਾਂ ਦੇ ਸੰਪਰਕ ਵਿਚ ਰਹੇ। ਸੰਨ 1978 ਵਿਚ ਟ੍ਰਿਬਿਊਨ ਗਰੁੱਪ ਵਲੋਂ ਪੰਜਾਬੀ ਟ੍ਰਿਬਿਊਨ ਅਖ਼ਬਾਰ ਪਬਲਿਸ਼ ਕਰਨ ਸਮੇਂ, ਜਿਸ ਦੇ ਬਾਨੀ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਸਨ, ਉਨਾਂ ਉੱਪ ਸੰਪਾਦਕ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ। ਬਸ ਫਿਰ ਚਲ ਸੋ ਚਲਾ ਇੰਨੀਂ ਦਿਨੀਂ ਲੇਖਕ ਨਾਲ ਉਨਾਂ ਦਾ ਮਿਲਾਪ ਹੋਇਆ ਜੋ ਅਖ਼ਰੀ ਦਮਾਂ ਤੱਕ ਅਤਿ ਨਿੱਘ, ਸਨਮਾਨ, ਵਿਸ਼ਵਾਸ ਆਧਾਰਿਤ ਕਾਇਮ ਰਿਹਾ।
ਪੱਤਰਕਾਰਾਂ ਦੇ ਪਿਤਾਮਾ ਵਜੋਂ 2006 ਵਿਚ ਪੰਜਾਬੀ ਟ੍ਰਿਬਿਊਨ ਤੋਂ ਸੇਵਾ ਮੁਕਤ ਹੋਣ ਬਾਅਦ ਉਹ ਪਹਿਲਾਂ 'ਦੇਸ਼ ਵਿਦੇਸ਼ ਟਾਈਮਜ਼' ਲੁਧਿਆਣਾ ਅਤੇ ਫਿਰ 'ਪੰਜਾਬੀ ਜਾਗਰਣ' ਅਖ਼ਬਾਰਾਂ ਦੇ ਬਾਨੀ ਸੰਪਾਦਕ ਰਹੇ। ਅੱਜ ਕਲ ਉਹ ਦੇਸ਼-ਵਿਦੇਸ਼ ਅੰਦਰ ਪੰਜਾਬੀ ਦੀ ਮੋਹਾਲੀ ਤੋਂ ਛਪਦੀ ਮਸ਼ਹੂਰ ਅਖ਼ਬਾਰ 'ਰੋਜ਼ਾਨਾ ਸਪੋਕਸਮੈਨ' ਦੇ ਸੰਪਾਦਕ ਵਜੋਂ ਸੇਵਾਵਾਂ ਨਿਭਾ ਰਹੇ ਸਨ ਕਿ ਅਚਾਨਕ ਸੰਖੇਪ ਬੀਮਾਰੀ ਬਾਅਦ ਉਹ ਸੁਰਗਵਾਸ ਹੋ ਗਏ।
ਕੈਨੇਡਾ ਵਿਖੇ ਰਹਿੰਦਿਆਂ ਮੇਰੀ ਅਕਸਰ ਹਫ਼ਤੇ ਵਿਚ ਘੱਟੋ-ਘੱਟ ਇਕ ਵਾਰ ਉਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਪਰ ਉਨਾਂ ਕਦੇ ਮੇਰੇ ਨਾਲ ਆਪਣੀ ਬੀਮਾਰੀ ਬਾਰੇ ਗੱਲ ਸਾਂਝੀ ਨਹੀਂ ਕੀਤੀ ਸੀ। ਗੱਲਬਾਤ ਹਮੇਸ਼ਾ ਚੜਦੀਕਲਾ ਅਤੇ ਪੂਰੇ ਜਾਹੋ ਜਲਾਲ ਵਿਚ ਹੁੰਦੀ ਸੀ। ਪੰਜਾਬੀ ਟ੍ਰਿਬਿਊਨ ਨਾਲ ਮੈਨੂੰ ਡਾ. ਹਮਦਰਦ ਨੇ ਹੀ ਜੋੜਿਆ ਸੀ, ਉਨਾਂ ਨਾਲ ਸਾਂਝ ਉਪਰੰਤ ਇਹ ਸਿਲਸਿਲਾ ਪੂਰੇ ਦਮ-ਖ਼ਮ ਅਤੇ ਬੇਬਾਕੀ ਨਾਲ ਜਾਰੀ ਰਿਹਾ। ਕੁੱਝ ਸਮਾਂ ਇਸ ਅਖ਼ਬਾਰ ਵਿਚ ਕਾਬਜ਼ ਸ਼ਰਾਬੀ ਟੋਲੇ ਦੇ ਬਾਵਜੂਦ ਉਨਾਂ ਮੈਨੂੰ ਸਿੱਧੇ ਉਨਾਂ ਨੂੰ ਲੇਖ ਭੇਜਣ ਲਈ ਕਿਹਾ ਜੋ ਉਨਾਂ ਹਰ ਹਫ਼ਤੇ ਡੱਟ ਕੇ ਮੁੱਖ ਲੇਖ ਵਜੋਂ ਐਡੀਟੋਰੀਅਲ ਸਫ਼ੇ 'ਤੇ ਛਾਪਣੇ। ਆਪਣਾ ਫਰਜ਼ ਨਿਭਾਉਂਦੇ ਸਹੀ ਕਲਮਕਾਰਾਂ ਨੂੰ ਜਨਤਕ ਹਿੱਤ ਵਿਚ ਛਾਪਣ ਲਈ ਉਹ ਖ਼ਬਰ ਵਿਚ ਟੁੰਡੇ ਲਾਟ ਦੀ ਪ੍ਰਵਾਹ ਨਹੀਂ ਸਨ ਕਰਦੇ। ਇਸ ਦਲੇਰੀ ਕਰਕੇ ਉਨਾਂ ਦਾ ਨਿਡਰਤਾ ਭਰਪੂਰ ਮਝੈਲ ਸੁਭਾਅ ਉੱਭਰ ਕੇ ਸਾਹਮਣੇ ਆਉਂਦਾ ਸੀ।
ਚੰਡੀਗੜ ਨੂੰ ਪੰਜਾਬ ਵਿਚ ਸ਼ਾਮਿਲ ਕਰਨਾ, ਇਥੇ ਪੰਜਾਬੀ ਮਾਂ ਬੋਲੀ ਦੇ ਬੋਲਬਾਲੇ ਦੇ ਉਹ ਪੂਰੀ ਤਰਾਂ ਆਖ਼ਰੀ ਸਾਹਾਂ ਤਕ ਮੁੱਦਈ ਰਹੇ। ਇਸ ਦੇ ਸ਼ਾਨਾਮਤੇ ਰੱਖ-ਰਖਾਉ ਅਤੇ ਵਿਲੱਖਣ ਖ਼ੂਬਸੂਰਤੀ ਨੂੰ ਕਾਇਮ ਰੱਖਣ ਲਈ ਉਹ ਨਾਮਵਰ ਪ੍ਰਸ਼ਾਸਕ ਡਾ. ਮਹਿੰਦਰ ਸਿੰਘ ਰੰਧਾਵਾ ਦੇ ਪਦ ਚਿੰਨਾਂ 'ਤੇ ਚਲਦੇ ਰਹੇ। ਪੰਜਾਬ ਦੀਆਂ ਅਤੇ ਪੰਜਾਬੋਂ ਬਾਹਰ ਸੈਂਕੜੇ ਸਾਹਿਤ ਸਭਾਵਾਂ ਵਲੋਂ ਉਨਾਂ ਨੂੰ ਸਨਮਾਨਿਤ ਕੀਤੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਉਨਾਂ ਦਾ ਘਰ ਐਸੀਆਂ ਸਨਮਾਨਿਤ ਸ਼ੀਲਡਾਂ, ਮੋਮੈਂਟੋਆਂ ਅਤੇ ਕਲਾਕ੍ਰਿਤਾਂ ਨਾਲ ਸੱਜਿਆ ਹੋਇਆ ਰਹਿੰਦਾ। ਪੰਜਾਬ ਸਰਕਾਰ ਨੇ ਉਨਾਂ ਨੂੰ ਸ਼੍ਰੋਮਣੀ ਪੱਤਰਕਾਰ ਵਜੋਂ ਸੰਨ 2000 ਵਿਚ ਸਨਮਾਨਿਤ ਕੀਤਾ। ਇਹ ਵੀ ਇਕ ਰੌਚਿਕ ਘਟਨਾ ਹੈ।
ਭੁੱਲਰ ਕਲਮ ਚੁੱਕ ਕੇ ਕਦੇ ਅੰਨਿਆਂ ਨਹੀਂ ਸੀ ਕਰਦੇ ਅਤੇ ਬੇਬਾਕੀ ਨਾਲ ਲਿਖਦੇ ਸਨ। ਇੰਨੀਂ ਦਿਨੀਂ ਉਨਾਂ ਪੰਜਾਬ ਦੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਤੇ ਠੋਸ ਮੁੱਦਿਆਂ 'ਤੇ ਰੱਜ ਕੇ ਛੋਈ ਲਾਹੀ। ਸ. ਬਾਦਲ ਦੇ ਚਹੇਤੇ, ਭਾਸ਼ਾ ਵਿਭਾਗ ਦੇ ਬੋਰਡ ਦੇ ਮੈਂਬਰ ਮਰਹੂਮ ਜਸਬੀਰ ਸਿੰਘ ਆਹਲੂਵਾਲੀਆ ਨੇ ਮੀਟਿੰਗ ਵਿਚ ਉਨਾਂ ਦੇ ਨਾਮ ਦੀ ਵਿਰੋਧਤਾ ਕੀਤੀ। ਉਨਾਂ ਇਸ ਦਾ ਜ਼ਿਕਰ ਮੇਰੇ ਨਾਲ ਕੀਤਾ। ਮੁੱਖ ਮੰਤਰੀ ਉਸ ਸਮੇਂ ਦਿੱਲੀ ਕਪੂਰਥਲਾ ਹਾਊਸ ਠਹਿਰੇ ਹੋਏ ਸਨ ਜੋ ਇਸ ਬੋਰਡ ਦੇ ਚੇਅਰਮੈਨ ਸਨ। ਲੇਖਕ ਨੇ ਤੁਰੰਤ ਉਨਾਂ ਨਾਲ ਸੰਪਰਕ ਕਰਕੇ ਧਿਆਨ ਵਿਚ ਲਿਆਂਦਾ ਕਿ ਐਸੇ ਨਾਮਵਰ, ਬੇਬਾਕ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਹਿਤੂ ਲੇਖਕ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ। ਉਨਾਂ ਨੇ ਸ. ਭੁੱਲਰ ਦੀ ਕਦਰ ਅਤੇ ਮੈਰਿਟ ਕਾਇਮ ਰੱਖੀ।
ਉਨੀਂ ਦਿਨੀਂ ਸ. ਭੁੱਲਰ ਅਤੇ ਲੇਖਕ ਦੇ ਲੇਖ਼ ਨਿਰੰਤਰ ਛਪਦੇ ਹੁੰਦੇ ਸਨ। ਬਲਕਿ ਖ਼ੂਬ ਧਮਾਲ ਪਈ ਰਹਿੰਦੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਕਿਸੇ ਪਦ ਲਈ ਇੰਟਰਵਿਊ ਸੱਦੀ ਗਈ। ਇਕ ਉਮੀਦਵਾਰ ਨੂੰ ਜਦੋਂ ਇੰਟਰਵਿਊ ਪੈਨਲ ਨੇ ਪੰਜਾਬ ਦੇ ਦੋ ਉੱਘੇ ਲੇਖਕਾਂ ਦਾ ਨਾਂ ਪੁੱਛਿਆ ਤਾਂ ਉਸਦਾ ਤਪਾਕ ਉਤਰ ਸੀ, 'ਸ. ਸ਼ੰਗਾਰਾ ਸਿੰਘ ਅਤੇ ਦਰਬਾਰਾ ਸਿੰਘ।' ਪੂਰਾ ਕਮਰਾ ਹਾਸਿਆਂ ਦੀ ਫੁਹਾਰ ਨਾਲ ਭਰ ਗਿਆ। ਹਾਲਾਂਕਿ ਅਸੀਂ ਤਾਂ ਉੱਘੇ ਪੰਜਾਬੀ ਲੇਖਕਾਂ ਸਮਾਨ ਬਿਲਕੁਲ ਤੁੱਛ ਸਾਂ।
ਉਹ ਜਿਸ ਵੀ ਅਖ਼ਬਾਰ ਦੇ ਸੰਪਾਦਕ ਰਹੇ ਉਸਦੀ ਜੀਅ-ਜਾਨ ਨਾਲ ਕੁਲਵੱਕਤੀ ਵਜੋਂ ਸੇਵਾ ਕਰਦੇ ਰਹੇ ਹਾਲਾਂਕਿ ਸਤਿਕਾਰਤ ਭਰਜਾਈ ਜੀ, ਬੀਬੀ ਅਮਰਜੀਤ ਕੌਰ ਨੇ ਕਈ ਵਾਰ ਉਨਾਂ ਨਾਲ ਇਸ ਗੱਲੋਂ ਖਫ਼ਾ ਹੋਣਾ। ਵੈਸੇ ਐਸੇ ਅਹੁਦੇ ਦੀ ਪ੍ਰਾਪਤੀ ਲਈ ਇਕ ਸਾਧਾਰਨ ਪੇਂਡੂ ਪਰਿਵਾਰ ਵਿਚੋਂ ਉੱਠ ਕੇ ਪ੍ਰਾਪਤੀ 'ਤੇ ਉਹ ਮਾਣ ਮਹਿਸੂਸ ਕਰਨ ਦਾ ਜ਼ਿਕਰ ਕਰਦੇ ਹੁੰਦੇ ਸਨ। ਪਰ ਇਸ ਲਈ ਪੂਰੀ ਪ੍ਰਤਿਭਾ ਅਤੇ ਕਾਬਲੀਅਤ ਰੱਖਦੇ ਸਨ। ਆਪਣੀ ਅਖ਼ਬਾਰ ਨਾਲ ਹਮੇਸ਼ਾ ਨਾਮਵਰ, ਤਜ਼ਰਬਾਕਾਰ ਅਤੇ ਉੱਘੇ ਲੇਖਕਾਂ ਨੂੰ ਟੈਲੀਫੋਨ ਕਰਕੇ ਜੋੜਦੇ। ਪਰ ਉਹ ਕਦੇ ਕਿਸੇ ਦੀ ਮੌਲਿਕਤਾ ਅਤੇ ਖ਼ੁਦਮੁਖਤਾਰਤਾ 'ਤੇ ਉਂਗਲ ਨਾ ਉਠਾਉਂਦੇ ਜਿਵੇਂ ਅੱਜ ਕਲ ਸੰਪਾਦਕ ਕਾਰਪੋਰੇਟ ਘਰਾਣਿਆਂ ਦੇ ਪਿੱਠੂਆਂ ਵਜੋਂ ਕਰਦੇ ਹਨ। ਸੰਪਾਦਕ ਵਜੋਂ ਪਰਿਵਾਰ ਦੇ ਮੁਖੀ ਵਜੋਂ ਵਿਚਰਦੇ। ਸਾਰੇ ਸਟਾਫ਼ ਵਿਚ ਹਰਮਨ ਪਿਆਰੇ ਹੁੰਦੇ। ਇਸ ਕਰਕੇ ਸਮੂਹ ਅਦਾਰਿਆਂ ਦੀ ਹਰ ਅੱਖ ਨਮ ਸੀ ਜਿਥੇ-ਜਿਥੇ ਉਨਾਂ ਸੇਵਾਵਾਂ ਨਿਭਾਈਆਂ।
ਸਰਕਾਰਾਂ ਦੇ ਕੰਮ-ਕਾਜ ਦੀ ਬੇਬਾਕ ਅਤੇ ਨਿਰਪੱਖਤਾ ਨਾਲ ਆਲੋਚਨਾਤਮਿਕ ਚੀਰ-ਫਾੜ ਲਈ ਮੈਨੂੰ ਅਕਸਰ ਬੁਲਾਇਆ ਜਾਂਦਾ। ਪੰਜਾਬ ਭਵਨ ਚੰਡੀਗੜ, ਸ਼ਾਮ ਨੂੰ ਸ. ਭੁੱਲਰ ਨੇ ਜ਼ਰੂਰ ਘੰਟਾ-ਦੋ ਘੰਟੇ ਬਤੀਤ ਕਰਨੇ। ਇਥੇ ਮਰਹੂਮ ਵਿੱਤ ਮੰਤਰੀ ਕੈਪਟਨ ਕੰਵਲਜੀਤ ਸਿੰਘ, ਸ. ਗੋਬਿੰਦ ਸਿੰਘ ਕਾਂਝਲਾ, ਜਥੇਦਾਰ ਸੇਵਾ ਸਿੰਘ ਸੇਖ਼ਵਾਂ, ਸ. ਨਿਰਮਲ ਸਿੰਘ ਕਾਹਲੋਂ, ਪ੍ਰੇਮ ਸਿੰਘ ਚੰਦੂਮਾਜਰਾ, ਕੁਝ ਵਿਧਾਇਕਾਂ ਅਕਸ ਆਉਂਦੇ ਰਹਿਣਾ। ਕਈ ਵਾਰ ਸਵੇਰੇ 7 ਵਜੇ ਅਸਾਂ ਸ. ਬਾਦਲ ਨੂੰ ਕੋਠੀ ਮਿਲਣ ਚਲੇ ਜਾਣਾ। ਕੈਪਟਨ ਅਮਰਿੰਦਰ ਸਿੰਘ ਸਰਕਾਰ ਨਾਲ ਵੀ ਉਨਾਂ ਦੇ ਨੇੜਲੇ ਸੰਬੰਧ ਸਨ।
ਕਈ ਵਾਰ ਅਸਹਿਜ ਸੁਭਾਅ ਐਸੀ ਮਜ਼ਾਕੀਆ ਗੱਲ ਕਰਨੀ ਕਿ ਹੱਸ-ਹੱਸ ਵੱਖੀਆਂ ਟੁੱਟ ਜਾਣੀਆਂ। ਚੰਡੀਗੜ ਅਕਸਰ ਮੇਰੇ ਪਰਮ ਮਿੱਤਰ ਪੰਡਤ ਦੇਵ ਰਾਜ ਸ਼ਰਮਾ ਮੇਰੇ ਨਾਲ ਹੁੰਦੇ ਸਾਥ ਲਈ। ਉਹ ਵੀ ਮੁੱਖ ਮੰਤਰੀ ਅਤੇ ਮੰਤਰੀਆਂ ਦੇ ਵਾਕਿਫ ਹੋ ਚੁੱਕੇ ਸਨ। ਖਾਣ-ਪੀਣ ਦੇ ਸ਼ੁਕੀਨ ਸਨ। ਮੰਤਰੀ ਸੇਖਵਾਂ ਸਾਹਿਬ ਨੇ ਬਰੇਕਫਾਸਟ ਲਈ ਸਾਨੂੰ ਸ. ਭੁੱਲਰ ਸਮੇਤ ਸੱਦਾ ਦਿਤਾ। ਟੇਬਲ 'ਤੇ ਢੇਰ ਸਾਰਾ ਮੱਖਣ ਵੀ ਪਿਆ ਹੋਇਆ ਸੀ। ਜਦੋਂ ਸੇਖਵਾਂ ਸਾਹਿਬ ਅਚਾਨਕ ਟੈਲੀਫੋਨ ਸੁਣਨ ਉੱਠੇ ਤਾਂ ਭੁੱਲਰ ਸਾਹਿਬ ਪੰਡਤ ਜੀ ਨੂੰ ਕਹਿਣ ਲੱਗੇ, ''ਪੰਡਤ ਜੀ, ਇਸ ਮੱਖਣ ਦੀਆਂ ਫੱਕੀਆਂ ਉਡਾ ਦੇਵੋ, ਇੰਨਾ ਨੂੰ ਵੀ ਮੁਫ਼ਤ ਹੀ ਮਿਲਿਆ ਹੋਇਆ ਹੈ।'' ਇਸ 'ਤੇ ਖ਼ੂਬ ਹਾਸਾ ਪਿਆ।
ਜਦੋਂ ਵੀ ਚੰਡੀਗੜ ਜਾਣਾ, ਉਨਾਂ ਦੇ ਦਫ਼ਤਰ ਜ਼ਰੂਰ ਜਾਣਾ। ਚਾਹ ਨਾਲ ਮਟਰ ਮੰਗਣਾ ਲੈਣੇ। ਪੰਡਤ ਜੀ ਨੇ ਕਹਿਣਾ ਸਾਡੇ ਹਿੱਸੇ ਇਹ ਮਟਰ ਹੀ ਆਉਂਦੇ ਨੇ। ਉਨਾਂ ਸਹਿਜ ਸੁਭਾ ਕਹਿਣਾ ਪੰਡਤ ਜੀ ਇਥੇ ਬਸ ਇਹੀ ਨਸੀਬ ਹੁੰਦੇ ਹਨ।
ਆਪਣੇ ਅਤਿੰਮ ਸਮੇਂ ਲਿਖਣ ਵਿਚ ਜ਼ਿਆਦਾ ਐਕਟਿਵ ਹੋ ਗਏ ਜਿਵੇਂ ਛੇਤੀ-ਛੇਤੀ ਕੋਈ ਕਾਰਜ ਨਿਪਟਾ ਰਹੇ ਹੋਣ। ਮੈਂ ਵੀ ਦੇਸ਼-ਵਿਦੇਸ਼ ਵਿਚ ਲਗਾਤਾਰ ਐਕਟਿਵ ਰਹਿੰਦਾ ਹਾਂ। ਮੈਨੂੰ ਇਕ ਦਿਨ ਕਹਿਣ ਲੱਗੇ ਕਿ ਕੁਝ ਲੋਕ ਪ੍ਰੇਸ਼ਾਨ ਲਗ ਰਹੇ ਹਨ ਸਾਡੇ ਇਸ ਐਕਟਿਵਪਣ ਤੋਂ। ਅੱਜਕਲ ਪੰਜਾਬੀ ਟ੍ਰਿਬਿਊਨ ਦੇ ਭਵਿੱਖ ਨੂੰ ਲੈ ਕੇ ਵੀ ਚਿੰਤਤ ਸਨ ਜਿਸਦੀ ਅਗਵਾਈ ਉਨਾਂ ਅਨੁਸਾਰ ਇਕ ਚੌਕੜੀ ਹੱਥੇ ਚੜੀ ਹੋਈ ਹੈ। ਕੈਨੇਡਾ, ਇੰਗਲੈਂਡ, ਅਮਰੀਕਾ, ਡੁਬਈ, ਅਰਬ ਅਮੀਰਾਤ ਵਿਚ ਉਨਾਂ ਦੀਆਂ ਯਾਦਾਂ ਕਾਇਮ ਹਨ। ਕਾਰਗਿਲ ਜੰਗ ਨੂੰ ਉਨਾਂ ਪੰਜਾਬੀ ਟ੍ਰਿਬਿਊਨ ਲਈ ਜਾਨ 'ਤੇ ਖੇਡ ਕੇ ਕਵਰ ਕੀਤਾ ਜੋ ਇਕ ਨਿਵੇਕਲਾ ਇਤਿਹਾਸ ਹੈ। ਮੇਰੇ ਨਾਲ ਪੱਛਮੀ ਬੰਗਾਲੀ ਦੀ ਸਰਕਾਰੀ ਯਾਤਰਾ ਅੱਜ ਵੀ ਤਰੋ-ਤਾਜ਼ਾ ਹੈ।
ਉਨਾਂ ਦੇ ਤੁਰ ਜਾਣ ਤੋਂ ਕੁਝ ਦਿਨ ਪਹਿਲਾਂ ਮੈਂ ਟੈਲੀਫੋਨ ਕੀਤਾ ਕਿ ਤਿਆਰ ਹੋ ਜਾਉ। ਮੈਂ ਕੁਝ ਸਮਾਂ ਮੋਹਾਲੀ ਰਹਿਣਾ ਹੈ ਆਪਣੇ ਅਜ਼ੀਜ਼ ਗੁਰਪ੍ਰੀਤ ਬੀਰ ਕੋਲ। ਤੁਹਾਡੇ ਲਈ 'ਮੁਹਾਲੀ ਕਲੱਬ' ਨੂੰ ਬੁੱਕ ਕਰ ਲਿਆ ਹੈ। ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਦੇ ਐਸ.ਈ. ਮੇਰੇ ਅਜ਼ੀਜ਼ ਤੁਹਾਡੀ ਸੇਵਾ ਵਿਚ ਹਾਜ਼ਰ ਰਹਿਣਗੇ।' ਖੂਬ ਹੱਸੇ 'ਤੇ ਕਹਿਣ ਲੱਗੇ ਆ ਜਾਉ ਛੇਤੀ। ਪਰ ਉਹ ਮੈਨੂੰ ਮਿਲੇ ਬਿਨਾਂ ਤੁਰ ਗਏ। ਉਹ ਭੁੱਲਰਾ! ਪੀੜ ਤੇਰੇ ਜਾਣ ਦੀ ਕਿਦਾਂ ਜਰਾਂਗਾ ਮੈਂ? ਸਾਡਾ ਰੰਗਲਾ ਦਿਲਦਾਰ ਇਸ ਫਾਨੀ ਸੰਸਾਰ ਤੋਂ ਰੁਕਸਤ ਹੋ ਗਿਆ। ਦੇਸ਼-ਵਿਦੇਸ਼ ਵਿਚ ਹਜ਼ਾਰਾਂ ਅੱਖਾਂ ਉਸ ਰੰਗਲੇ ਇਨਸਾਨ ਦੀ ਰੁਕਸਤ 'ਤੇ ਨਮ ਸਨ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
kahlondarabrasingh@gmail.com
94170-94034
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.